ਤਾਰਿਆਂ ਦੀ ਮੌਤ :

ਮੇਘ ਰਾਜ ਮਿੱਤਰ

ਜਦੋਂ ਤਾਰਿਆਂ ਵਿੱਚ ਹਾਈਡੋ੍ਰਜਨ ਮੁੱਕਣ ਦੇ ਕਿਨਾਰੇ ਪੁੱਜ ਜਾਂਦੀ ਹੈ ਤਾਂ ਇਸਦੇ ਕੇਂਦਰ ਵਿੱਚ ਹੀਲੀਅਮ ਦੀ ਬਹੁਤਾਤ ਹੋ ਜਾਂਦੀ ਹੈ, ਅਤੇ ਕੇਂਦਰ ਵਿੱਚ ਨਿਊਕਲੀ ਸੰਯੋਜਨ ਦੀ ਕਿਰਿਆ ਰੁਕ ਜਾਂਦੀ ਹੈ।
ਗੁਰੂਤਾ ਆਕਰਸ਼ਣ ਕਾਰਨ ਇਸਦੀ ਕੋਰ ਸੁੰਘੜਨਾ ਸ਼ੁਰੂ ਕਰ ਦਿੰਦੀ ਹੈ। ਪਰ ਸਤ੍ਹਾ ਤੇ ਹਾਈਡੋ੍ਰਜਨ ਦੇ ਹੀਲੀਅਮ ਵਿੱਚ ਬਦਲਣ ਦੀ ਕਿਰਿਆ ਚੱਲਦੀ ਰਹਿੰਦੀ ਹੈ। ਸਿੱਟੇ ਵਜੋਂ ਇਸਦਾ ਬਾਹਰੀ ਭਾਗ ਫੈਲਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਕਿ ਖਾਤਮੇ ਦੇ ਨੇੜੇ ਸਾਡੇ ਸੂਰਜ ਦਾ ਬਾਹਰੀ ਭਾਗ ਵੀ ਫੈਲ ਕੇ ਸਾਡੀ ਧਰਤੀ ਤੱਕ ਪੁੱਜ ਜਾਵੇਗਾ। ਤਾਰੇ ਦੀ ਇਸ ਸਟੇਜ ਨੂੰ ਰੈੱਡ ਜਾਇੰਟ ਫੇਜ਼ ਕਹਿੰਦੇ ਹਨ। ਇਸ ਤੋਂ ਬਾਅਦ ਇਸਨੇ ਭਵਿੱਖ ਵਿੱਚ ਕੀ ਬਨਣਾ ਹੈ ਇਹ ਇਸਦੇ ਮੁੱਢਲੇ ਪੁੰਜ ਤੇ ਨਿਰਭਰ ਕਰਦਾ ਹੈ। ਜੇ ਇਸਦਾ ਪੁੰਜ ਸਾਡੇ ਸੂਰਜ ਦੇ ਪੁੰਜ ਦੇ ਡੇਢ ਗੁਣਾਂ ਤੋਂ ਜ਼ਿਆਦਾ ਹੋਵੇਗਾ ਤਾਂ ਇਸਦੀ ਹੀਲੀਅਮ ਦੀ ਕੋਰ ਸੁੰਘੜਦੀ ਜਾਵੇਗੀ ਅਤੇ ਇਸਦਾ ਤਾਪਮਾਨ ਹੋਰ ਵਧਦਾ ਜਾਵੇਗਾ ਅਤੇ ਇਸ ਦੇ ਬਾਹਰੀ ਭਾਗ ਵਿੱਚ ਵੱਡਾ ਧਮਾਕਾ ਹੋਵੇਗਾ ਜਿਸ ਵਿੱਚੋਂ ਕੁਝ ਦਿਨਾਂ ਲਈ ਇੰਨਾ ਪ੍ਰਕਾਸ਼ ਪੈਦਾ ਹੋਵੇਗਾ ਜਿੰਨਾ ਸੂਰਜ ਨੇ ਇੱਕ ਸੌ ਵਰਿ੍ਹਆਂ ਵਿੱਚ ਪੈਦਾ ਕੀਤਾ ਹੋਵੇਗਾ ਇਸ ਧਮਾਕੇ ਨੂੰ ਸੁਪਰ ਨੋਵਾ ਧਮਾਕਾ ਕਹਿੰਦੇ ਹਨ ਇਸ ਵਿੱਚੋਂ ਗੈਸਾਂ ਦੇ ਬੱਦਲ ਨਿਕਲਦੇ ਹਨ ਤੇ ਪੁਲਾੜ ਵਿੱਚ ਫੈਲ ਜਾਂਦੇ ਹਨ ਅਤੇ ਇਹ ਗੈਸਾਂ ਨਵੇਂ ਤਾਰਿਆਂ ਦੇ ਜਨਮ ਲਈ ਸਹਾਈ ਹੁੰਦੀਆਂ ਹਨ ਅਤੇ ਬਾਕੀ ਬਚੇ ਪਦਾਰਥ ਦੀ ਕੋਰ ਸੁੰਗੜਦੀ ਰਹਿੰਦੀ ਹੈ। ਇਸ ਕੋਰ ਨੂੰ ਨਿਊਟ੍ਰੋਨ ਤਾਰਾ ਕਿਹਾ ਜਾਂਦਾ ਹੈ। ਇੱਥੇ ਇੱਕ ਘਣ ਸੈ: ਮੀ: ਦਾ ਭਾਰ ਲੱਗਭੱਗ ਦਸ ਲੱਖ ਟਨ ਹੁੰਦਾ ਹੈ। ਕਿਉਂਕਿ ਇਹ ਤਾਰਾ ਇਸ ਸਟੇਜ ਵਿੱਚ ਤਰੰਗਾਂ ਛੱਡਦਾ ਰਹਿੰਦਾ ਹੈ ਇਸ ਨੂੰ ਪਲਸਰ ਵੀ ਕਹਿੰਦੇ ਹਨ। ਚੀਨ ਦੇ ਪੁਰਾਣੇ ਰੋਜ਼ਨਾਮਚਿਆਂ ਵਿੱਚ ਦਰਜ ਹੈ ਕਿ 4 ਜੁਲਾਈ 1054 ਈ: ਵਿੱਚ ਇੱਕ ਅਜਿਹਾ ਤਾਰਾ ਅਸਮਾਨ ਵਿੱਚ ਪ੍ਰਗਟ ਹੋਇਆ ਸੀ ਜਿਹੜਾ ਦਿਨੇ ਵੀ ਨਜ਼ਰ ਆਉਂਦਾ ਸੀ। 27 ਜੁਲਾਈ ਤੱਕ ਇਸਦੀ ਚਮਕ ਘਟ ਕੇ ਸ਼ੁੱਕਰ ਗ੍ਰਹਿ ਜਿੰਨੀ ਰਹਿ ਗਈ ਸੀ ਤੇ ਫਿਰ 17 ਅਪਰੈਲ 1056 ਤੋਂ ਬਾਅਦ ਇਹ ਕਦੇ ਵੀ ਨੰਗੀ ਅੱਖ ਨਾਲ ਵਿਖਾਈ ਨਾ ਦਿੱਤਾ। ਅਸਲ ਵਿੱਚ ਇਹ ਇੱਕ ਸੁਪਰ ਨੋਵਾ ਧਮਾਕਾ ਸੀ ਜਿਸਦੇ ਅਵਸ਼ੇਸ਼ ਅੱਜ ਵੀ ਕਰੈਬ ਬੱਦਲੀ ਦੇ ਰੂਪ ਵਿੱਚ ਟਾਉਰਸ ਖਿੱਤੀ ਵਿੱਚ ਨਜ਼ਰ ਆ ਰਹੇ ਹਨ। 1987 ਵਿੱਚ ਵੀ ਇੱਕ ਮਹਾਂ ਨੋਵਾ ਵਿਗਿਆਨਕਾਂ ਨੂੰ ਵਿਖਾਈ ਦਿੱਤਾ ਹੈ। ਇੱਥੇ ਇੱਕ ਗੱਲ ਵੀ ਸਾਫ਼ ਹੋਣੀ ਚਾਹੀਦੀ ਹੈ ਕਿ ਬ੍ਰਹਿਮੰਡ ਵਿੱਚ ਕਿਸੇ ਘਟਨਾ ਦੇ ਵਾਪਰਨ ਅਤੇ ਵਿਖਾਈ ਦੇਣ ਵਿੱਚ ਵੀ ਵੱਡਾ ਅੰਤਰ ਹੁੰਦਾ ਹੈ। 1054 ਵਿੱਚ ਵਿਖਾਈ ਦੇਣ ਵਾਲਾ ਸੁਪਰ ਨੋਵਾ ਧਮਾਕਾ ਸਾਡੀ ਆਕਾਸ਼ ਗੰਗਾ ਦਾ ਇਸ ਘਟਨਾ ਤੋਂ ਛੇ ਹਜ਼ਾਰ ਵਰੇ੍ਹ ਪਹਿਲਾਂ ਫਟਿਆ ਇੱਕ ਤਾਰਾ ਹੀ ਸੀ ਅਤੇ 1987 ਵਿੱਚ ਵਿਖਾਈ ਦੇਣ ਵਾਲਾ ਸੁਪਰ ਨੋਵਾ ਲੱਗਭੱਗ ਇੱਕ ਲੱਖ ਸੱਤਰ ਹਜ਼ਾਰ ਵਰੇ੍ਹ ਪਹਿਲਾਂ ਫਟੇ ਸਂੈਡੁਲੀਕ ਤਾਰੇ ਦਾ ਹੀ ਸੀ। ਸੁਪਰ ਨੋਵਾ ਧਮਾਕੇ ਤੋਂ ਕੁਝ ਸਮੇਂ ਪਹਿਲਾਂ ਹੀ ਤਾਰੇ ਦੇ ਗਰਮ ਭਾਗ ਵਿੱਚ ਪ੍ਰੋਟਾਨ ਅਤੇ ਨਿਊਟ੍ਰੀਨੋ ਪ੍ਰਕਾਸ਼ ਗਤੀ ਨਾਲ ਚਾਰੇ ਪਾਸੇ ਖਿਲਰਣਾ ਸ਼ੁਰੂ ਹੋ ਜਾਂਦੇ ਹਨ। 1987 ਦੇ ਸੈਡੁਲੀਕ ਤਾਰੇ ਦੇ ਮਹਾਂ ਵਿਸਫੋਟ ਸਮੇਂ ਪੈਦਾ ਹੋਏ ਨਿਊਟ੍ਰੀਨੋ ਧਰਤੀ ਤੇ ਸਥਿਤ ਡਿਕਟੈਟਰਾਂ ਨੇ ਚਾਰ ਘੰਟੇ ਪਹਿਲਾਂ ਹੀ ਮਹਿਸੂਸ ਕਰ ਲਏ ਸਨ।

Back To Top