ਭੁੱਖਮਰੀ ਤੇ ਵੱਧ ਖਾਣਾ ਦੋਨੋਂ ਇਨਸਾਨ ਨੂੰ ਮਾਰਦੇ ਹਨ – ਆਓ ਇੱਕ ਝਾਤ ਮਾਰੀਏ

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਭਾਰਤ ਵਿੱਚ 70 ਪ੍ਰਤੀਸ਼ਤ ਦੇ ਕਰੀਬ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਹਨ ਜਿਨ੍ਹਾਂ ਨੂੰ ਲੋੜ ਮੁਤਾਬਕ ਰੱਜਵਾਂ ਖਾਣਾ ਨਹੀਂ ਮਿਲਦਾ l ਇਹੀ ਲੋਕ ਹਨ ਜਿਨ੍ਹਾਂ ਨੂੰ ਲੋੜ ਤੋਂ ਵੱਧ ਕੰਮ ਕਰਨਾ ਪੈਂਦਾ ਹੈ ਅਤੇ ਇਹੀ ਲੋਕ ਮੁਲਕ ਨੂੰ ਚਲਾਉਣ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ l ਭੱਠਿਆਂ, ਫੈਕਟਰੀਆਂ ਅਤੇ ਖੇਤੀ ਦਾ ਸਾਰਾ ਕੰਮ ਵੀ ਇਨ੍ਹਾਂ ਦੇ ਸਹਾਰੇ ਹੀ ਕੀਤਾ ਜਾਂਦਾ ਹੈ l ਕਹਿਣ ਦਾ ਭਾਵ ਕਿ ਇਹ ਵਰਗ ਆਪ ਥੋੜ੍ਹਾ ਖਾ ਕੇ ਵੀ ਦੂਜਿਆਂ ਨੂੰ ਰਜਾਉਣ ਵਿੱਚ ਕਸਰ ਨਹੀਂ ਛੱਡਦਾ l ਇਨ੍ਹਾਂ ਦੇ ਸਖਤ ਕੰਮ ਕਰਕੇ ਇਨ੍ਹਾਂ ਨੂੰ ਵੱਧ ਖਾਣ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਆਪਣੇ ਸਖਤ ਕੰਮ ਦੌਰਾਨ ਵੱਧ ਊਰਜਾ ਇਕਾਈਆਂ (Calories) ਵਰਤਦੇ /ਜਾਲਦੇ (burn) ਹਨ l ਦੂਜਾ ਇਹ ਕਿ ਇਨ੍ਹਾਂ ਨੂੰ ਵੱਧ ਕੈਲਰੀਆਂ ਵਾਲਾ ਖਾਣਾ ਖਾਣ ਨੂੰ ਨਹੀਂ ਮਿਲਦਾ ਕਿਉਂਕਿ ਮਹਿੰਗਾ ਹੁੰਦਾ ਹੈ ਜਿਸ ਤਰਾਂ ਪਨੀਰ ਅਤੇ ਮੀਟ ਆਦਿ l ਜਿਸ ਦੇ ਸਿੱਟੇ ਵਜੋਂ ਇਹ ਕਮਜ਼ੋਰ ਜਾਂ ਘੱਟ ਭਾਰ ਵਾਲੇ (under weight ) ਰਹਿ ਜਾਂਦੇ ਹਨ ਤੇ ਕਈਆਂ ਨੂੰ ਭੁੱਖਮਰੀ ਸਬੰਧਤ ਬਿਮਾਰੀਆਂ ਘੇਰ ਲੈਂਦੀਆਂ ਹਨ l
ਦੂਜੇ ਪਾਸੇ ਉਹ ਵਰਗ ਹੈ ਜਿਸ ਨੂੰ ਸਰੀਰਕ ਕੰਮ ਘੱਟ ਕਰਨਾ ਪੈਂਦਾ ਹੈ l ਉਹ ਵਿਹਲੇ ਰਹਿੰਦੇ ਹਨ ਜਾਂ ਦਫਤਰਾਂ ਵਿੱਚ ਬੈਠ ਕੇ ਕੰਮ ਕਰਦੇ ਹਨ l ਪੈਸੇ ਵੱਧ ਕਮਾਉਂਦੇ ਹਨ l ਇਨ੍ਹਾਂ ਵਿਚੋਂ ਵੀ ਕਈਆਂ ਨੇ ਬਚਪਨ ਵਿੱਚ ਗਰੀਬੀ ਦੇਖੀ ਹੁੰਦੀ ਹੈ l ਹੁਣ ਵਧੀਆ ਨੌਕਰੀ ਜਾਂ ਕਾਰੋਬਾਰ ਚੱਲਣ ਕਰਕੇ ਇਹ ਅਮੀਰਾਂ ਜਾਂ ਮੱਧ ਸ਼੍ਰੇਣੀ ਵਿੱਚ ਆ ਜਾਂਦੇ ਹਨ ਜਿਸ ਕਰਕੇ ਇਨ੍ਹਾਂ ਨੂੰ ਵੱਧ ਖਾਣ ਨੂੰ ਮਿਲਦਾ ਹੈ l ਉਲਟਾ ਇਹਨਾਂ ਦੀਆਂ ਊਰਜਾ ਇਕਾਈਆਂ (Calories) ਘੱਟ ਜਲਦੀਆਂ (Burn) ਹਨ l ਇਨ੍ਹਾਂ ਦਾ ਖਾਣਾ ਵੀ ਵੱਧ ਊਰਜਾ ਇਕਾਈਆਂ (Calories) ਵਾਲਾ ਹੁੰਦਾ ਹੈ ਜਿਸ ਤਰ੍ਹਾਂ ਮੀਟ, ਆਂਡਾ ਅਤੇ ਪਨੀਰ ਆਦਿ l ਘਰਾਂ ਵਿੱਚ ਕੰਮ ਕਰਨ ਵਾਸਤੇ ਇਨ੍ਹਾਂ ਨੇ ਨੌਕਰਾਣੀਆਂ ਰੱਖੀਆਂ ਹੁੰਦੀਆਂ ਹਨ l ਫਿਰ ਇਹ ਤੁਰਨ ਜਾਂ ਸਾਇਕਲ ਤੇ ਜਾਣ ਦੀ ਬਜਾਏ ਕਾਰਾਂ ਵਿੱਚ ਇਧਰ ਉਧਰ ਜਾਂਦੇ ਹਨ ਜਿਸ ਕਰਕੇ ਇਨ੍ਹਾਂ ਦੀ ਕਸਰਤ (Exercise) ਵੀ ਘੱਟ ਹੁੰਦੀ ਹੈ l ਵੱਧ ਵਾਕਫੀ ਕਰਕੇ ਇਨ੍ਹਾਂ ਨੂੰ ਕੁੜਮਾਈਆਂ, ਵਿਆਹ, ਧਾਰਮਿਕ ਸਮਾਗਮ ਅਤੇ ਪਾਰਟੀਆਂ ਤੇ ਵੀ ਵੱਧ ਜਾਣਾ ਪੈਂਦਾ ਹੈ ਜਿਥੇ ਇਹ ਰੱਜ ਰੱਜ ਕੇ ਖਾਂਦੇ ਹਨ l ਉਥੇ ਸ਼ਰਾਬ, ਬੀਅਰ ਤੇ ਵਾਈਨ ਆਦਿ ਦਾ ਪ੍ਰਯੋਗ ਵੀ ਵੱਡੀ ਗਿਣਤੀ ਵਿੱਚ ਹੁੰਦਾ ਹੈ l ਮਠਿਆਈਆਂ ਖਾਣ ਵਿੱਚ ਵੀ ਕਸਰ ਨਹੀਂ ਛੱਡਦੇ l ਘਰਾਂ ਵਿੱਚ ਦੇਸੀ ਘਿਓ ਦੀਆਂ ਪਿੰਨੀਆਂ ਬਣਾ ਕੇ ਵੀ ਖਾਂਦੇ ਹਨ l ਜਿਆਦਾ ਮਿਲਵਰਤਣ ਕਰਕੇ ਲੋਕ ਅਕਸਰ ਇਨ੍ਹਾਂ ਦੇ ਘਰਾਂ ਵਿੱਚ ਖਾਣ ਪੀਣ ਦਾ ਸਮਾਨ ਤੋਹਫੇ ਦੇ ਰੂਪ ਵਿੱਚ ਦੇ ਜਾਂਦੇ ਹਨ l ਇਸ ਵਜ੍ਹਾ ਕਰਕੇ ਪਹਿਲਾਂ ਇਨ੍ਹਾਂ ਦਾ ਭਾਰ ਵਧਣਾ ਸ਼ੁਰੂ ਹੁੰਦਾ ਹੈ, ਬਾਦ ਵਿੱਚ ਸ਼ੂਗਰ, ਹਾਈ ਕੋਲੈਸਟਰਲ, ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ ਅਤੇ ਗੁਰਦਿਆਂ ਸਬੰਧੀ ਬਿਮਾਰੀਆਂ ਹੋ ਜਾਂਦੀਆਂ ਹਨ l ਇਨ੍ਹਾਂ ਵਿਚੋਂ ਜਿਨ੍ਹਾਂ ਨੇ ਬਚਪਨ ਵਿੱਚ ਗਰੀਬੀ ਦੇਖੀ ਹੁੰਦੀ ਹੈ ਤੇ ਹੁਣ ਤਾਜੇ ਅਮੀਰ ਜਾਂ ਮੱਧ ਵਰਗੀ ਹੋਏ ਹੁੰਦੇ ਹਨ l ਉਨ੍ਹਾਂ ਨੂੰ ਜੇਕਰ ਕਿਹਾ ਜਾਵੇ ਕਿ ਲੋੜ ਮੁਤਾਬਕ ਖਾਣਾ ਚਾਹੀਦਾ ਹੈ ਤਾਂ ਉਹ ਕਹਿੰਦੇ ਹਨ ਕਿ ਸਾਨੂੰ ਬਚਪਨ ਵਿੱਚ ਵਧਿਆ ਖਾਣ ਨੂੰ ਨਹੀਂ ਮਿਲਿਆ l ਹੁਣ ਜੇਕਰ ਕਿਸੇ ਖੇਤ ਵਿੱਚ ਦਸ ਸਾਲ ਫਸਲ ਘੱਟ ਹੋਈ ਹੋਵੇ ਤਾਂ ਗਿਆਰਵੇਂ ਸਾਲ ਜੇਕਰ ਖਾਦ ਤੁਸੀਂ ਇਕੱਠੀ ਦਸ ਸਾਲ ਜਿੰਨੀ ਪਾ ਦਿਓ ਤਾਂ ਉਸ ਖੇਤ ਵਿਚੋਂ ਦਸ ਸਾਲ ਜਿੰਨੀਂ ਫਸਲ ਇਕੱਠੀ ਨਹੀਂ ਕੱਢ ਸਕਦੇ l ਸਮੇਂ ਸਿਰ ਪਰਹੇਜ਼ ਕਰਕੇ ਉਪਰੋਕਤ ਬਿਮਾਰੀਆਂ ਨੂੰ ਪਿਛਾਂਹ (reverse) ਵੀ ਮੋੜਿਆ ਜਾ ਸਕਦਾ ਹੈ ਪਰ ਇਸ ਪ੍ਰਤੀ ਬਹੁਤ ਘੱਟ ਲੋਕ ਕੋਸ਼ਿਸ਼ ਕਰਦੇ ਹਨ l
ਨੋਟ :- ਵਿਗਿਆਨਕ ਨਜਰੀਏ ਨਾਲ ਦੇਖਿਆ ਜਾਵੇ ਤਾਂ ਵੱਡੀ ਗਿਣਤੀ ਵਿੱਚ ਬਿਮਾਰੀਆਂ ਵੱਧ ਖਾਣ ਅਤੇ ਕਸਰਤ ਦੀ ਘਾਟ ਕਰਕੇ ਹੁੰਦੀਆਂ ਹਨ l ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਲੋੜ ਮੁਤਾਬਕ ਹੀ ਖਾਇਆ ਜਾਵੇ ਤੇ ਲੋੜ ਮੁਤਾਬਕ ਕਸਰਤ ਵੀ ਕੀਤੀ ਜਾਵੇ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇl

Back To Top