-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਕਾਮਯਾਬੀ (success) ਇਨਸਾਨ ਵੱਖ ਵੱਖ ਖੇਤਰਾਂ ਵਿੱਚ ਹਾਸਲ ਕਰਦਾ ਹੈ l ਕਿਸੇ ਖੇਤਰ ਦੀ ਕਾਮਯਾਬੀ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ l ਹਰ ਕਾਮਯਾਬੀ ਪਿਛੇ ਬਹੁਤ ਸਖਤ ਮਿਹਨਤ ਲੁਕੀ ਹੁੰਦੀ ਹੈ ਪਰ ਜਦੋੰ ਜਿਆਦਾ ਲੋਕ ਕਿਸੇ ਦੀ ਕਾਮਯਾਬੀ ਵੱਲ ਨਿਗ੍ਹਾ ਮਾਰਦੇ ਹਨ ਤਾਂ ਉਸ ਪਿੱਛੇ ਲੁਕੇ ਸੰਘਰਸ਼ ਤੇ ਨਿਗ੍ਹਾ ਨਹੀਂ ਮਾਰਦੇ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਬਹੁਤੇ ਲੋਕ ਦੂਜੇ ਦੀ ਕਾਮਯਾਬੀ ਤੋਂ ਸਿੱਖ ਨਹੀਂ ਸਕਦੇ l ਉਦਾਹਰਣ ਦੇ ਤੌਰ ਤੇ ਜੇ ਤੁਸੀਂ ਕਿਸੇ ਦੀ ਵਧੀਆ ਮਹਿੰਗੀ ਗੱਡੀ ਦੇਖਦੇ ਹੋ ਤਾਂ ਉਸ ਵਿਚੋਂ ਤੁਹਾਡੇ ਸਿੱਖਣ ਲਈ ਕੁੱਝ ਨਹੀਂ ਹੈ ਪਰ ਜੇਕਰ ਤੁਸੀਂ ਉਸ ਵਿਅਕਤੀ ਨੂੰ ਪੁੱਛਦੇ ਹੋ ਕਿ ਇਸ ਮਹਿੰਗੀ ਗੱਡੀ ਨੂੰ ਲੈਣ ਵਾਸਤੇ ਤੈਨੂੰ ਕੀ ਕੀ ਕਰਨਾ ਪਿਆ ਜਾਂ ਤੈਨੂੰ ਇਸ ਵਾਸਤੇ ਕਿਹੜੇ ਸੰਘਰਸ਼ ਵਿਚੋਂ ਲੰਘਣਾ ਪਿਆ ਤਾਂ ਉਸ ਦੇ ਜਵਾਬ ਵਿਚੋਂ ਤੁਹਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ ਜੋ ਕਿ ਤੁਹਾਡੇ ਵਾਸਤੇ ਲਾਹੇਵੰਦ ਸਾਬਤ ਹੋ ਸਕਦਾ ਹੈ l
ਅੱਜ ਆਰਥਿਕ (Financial) ਕਾਮਯਾਬੀ ਦੀ ਗੱਲ ਕਰਦੇ ਹਾਂ ਕਿਉਂਕਿ ਕਮਜ਼ੋਰ ਆਰਥਿਕਤਾ ਬਹੁਤੇ ਲੋਕਾਂ ਦੀ ਸਮੱਸਿਆ ਹੈ l ਬੱਚੇ ਦੇ ਪੈਦਾ ਹੋਣ ਤੋਂ ਬਾਦ ਜਿਸ ਤਰ੍ਹਾਂ ਉਹ ਵੱਡਾ ਹੁੰਦਾ ਜਾਂਦਾ ਹੈ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਆਪਣੇ ਪਰਿਵਾਰ, ਸਕੂਲ ਅਤੇ ਸਮਾਜ ਤੋਂ ਸਿੱਖਦਾ ਹੈ l ਉਹ ਇਹ ਸਾਰੀਆਂ ਚੀਜ਼ਾਂ ਸਿੱਖ ਕੇ ਆਪਣੇ ਆਲੇ ਦੁਆਲੇ ਇੱਕ ਚੱਕਰ (circle) ਬਣਾ ਲੈਂਦਾ ਹੈ ਜਾਂ ਉਸ ਦੇ ਆਲੇ ਦੁਆਲੇ ਉਹ ਚੱਕਰ ਬਣਾ ਦਿੱਤਾ ਜਾਂਦਾ ਹੈ l ਉਸ ਚੱਕਰ ਦੇ ਵਿੱਚ ਰਹਿਣ ਲਈ ਉਸ ਨੂੰ ਕੁੱਝ ਚੀਜ਼ਾਂ ਸਿਖਾਈਆਂ ਜਾਂਦੀਆਂ ਹਨ ਜਿਸ ਤਰਾਂ ਆਹ ਸਾਡਾ ਕਲਚਰ ਹੈ, ਆਹ ਸਾਡੀ ਜਾਤ ਹੈ, ਆਹ ਸਾਡਾ ਧਰਮ ਹੈ, ਇਸ ਤਰ੍ਹਾਂ ਦੇ ਰੱਬ/ਦੇਵਤੇ ਹੁੰਦੇ ਹਨ, ਗੈਬੀ ਸ਼ਕਤੀਆਂ ਦੀ ਹੋਂਦ, ਭੂਤਾਂ ਪ੍ਰੇਤਾਂ ਦੇ ਵਹਿਮ, ਸੁੱਖਾਂ ਸੁਖਣੀਆਂ, ਜੋਤਿਸ਼ ਦੀ ਮਹਾਨਤਾ, ਜਾਦੂ ਟੂਣੇ, ਵਿਆਹ ਦੀ ਉਮਰ, ਮਰਨ ਦੀਆਂ ਰਸਮਾਂ, ਮਾਂ ਪਿਓ ਬਾਰੇ ਜਿਮੇਂਵਾਰੀਆਂ, ਪੜ੍ਹਾਈ ਅਤੇ ਕੰਮ (Job) ਦੀ ਅਹਿਮੀਅਤ ਆਦਿ l ਇਸ ਤੋਂ ਇਲਾਵਾ ਰੀਤੀ ਰਿਵਾਜ਼, ਪੁਰਾਣੀਆਂ ਕਹਾਵਤਾਂ ਅਤੇ ਕੁੱਝ ਹੋਰ ਚੀਜ਼ਾਂ ਸਿਖਾਈਆਂ ਜਾਂਦੀਆਂ ਹਨ l ਬੱਚਾ ਏਨਾ ਕੁੱਝ ਸਿੱਖ ਕੇ ਕਾਫੀ ਭਰਿਆ ਭਰਿਆ ਮਹਿਸੂਸ ਕਰਦਾ ਹੈ l ਹੁਣ ਉਸ ਬੱਚੇ ਦੇ ਆਪਣੇ ਕਰਨ ਲਈ ਬਹੁਤਾ ਕੁੱਝ ਨਹੀਂ ਬਚਦਾ l ਜਨਮ ਤੋਂ ਮਰਨ ਤੱਕ ਦਾ ਸਭ ਕੁੱਝ ਪਹਿਲਾਂ ਹੀ ਸਿਖਾ ਦਿੱਤਾ ਗਿਆ ਜਾਂ ਉਸ ਉੱਪਰ ਥੋਪ ਦਿੱਤਾ ਗਿਆ l ਜਦੋੰ ਬੱਚਾ ਪੈਦਾ ਹੁੰਦਾ ਹੈ ਉਹ ਕੋਰੀ ਕਾਪੀ ਦੀ ਤਰ੍ਹਾਂ ਹੁੰਦਾ ਹੈ l ਉਸ ਨੂੰ ਜੋ ਸਿਖਾਓਗੇ ਉਸ ਵਾਸਤੇ ਉਹੀ ਸੱਚ ਹੋਵੇਗਾ l ਇਸ ਤਰਾਂ ਉਹ ਨਵੀਆਂ ਚੀਜ਼ਾਂ ਸਿੱਖਣ ਦੀ ਬਜਾਏ ਉਸੇ ਬਣਾਏ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ
ਇਸ ਤੋਂ ਵੀ ਖਤਰਨਾਕ ਪੱਖ ਹੈ ਕਿ ਜਦੋੰ ਬੱਚਾ ਇਸ ਸਭ ਕੁੱਝ ਨੂੰ ਸੱਚ ਮੰਨ ਲੈਂਦਾ ਹੈ ਤਾਂ ਜੇਕਰ ਕੋਈ ਉਸ ਦੇ ਚੱਕਰ ਪ੍ਰਤੀ ਵੱਖਰੀ ਜਾਂ ਉਲਟ ਗੱਲ ਕਰਦਾ ਹੈ ਤਾਂ ਉਸ ਨੂੰ ਉਹ ਗੱਲ ਜਾਂ ਵਿਅਕਤੀ ਵਿਰੋਧੀ ਲੱਗਣ ਲੱਗ ਪੈਂਦਾ ਹੈ l ਉਹ ਫਿਰ ਉਸ ਵਿਅਕਤੀ ਜਾਂ ਉਸ ਵਿਅਕਤੀ ਦੇ ਵਿਚਾਰਾਂ ਦੀ ਵਿਰੋਧਤਾ ਕਰਦਾ ਹੈ ਭਾਵ ਉਸ ਦੀ ਸਾਰੀ ਉਮਰ ਆਪਣੇ ਚੱਕਰ ਨੂੰ ਡਿਫੈਂਡ (defend) ਕਰਨ ਵਿੱਚ ਬੀਤਦੀ ਹੈ ਭਾਵੇਂ ਕਿ ਚੱਕਰ ਵਿੱਚ ਸਿਖਾਈਆਂ ਬਹੁਤੀਆਂ ਗੱਲਾਂ ਦਾ ਕੋਈ ਸਬੂਤ ਵੀ ਨਹੀਂ ਹੁੰਦਾ l
ਜੇਕਰ ਕੋਈ ਵਿਅਕਤੀ ਉਸ ਚੱਕਰ ਤੋਂ ਬਾਹਰ ਨਿਕਲ ਕੇ ਕੁੱਝ ਕਰੇ ਜਾਂ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਦੇ ਘਰਦਿਆਂ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਲੱਗਣ ਲੱਗ ਪੈਂਦਾ ਹੈ ਕਿ ਇਹ ਬਾਗੀ ਹੋ ਗਿਆ ਹੈ ਜਾਂ ਸਾਡਾ ਕਹਿਣਾ ਨਹੀਂ ਮੰਨਦਾ ਜਾਂ ਆਪਣੀ ਮਰਜ਼ੀ ਕਰਦਾ ਹੈ ਅਤੇ ਕਈਆਂ ਨੂੰ ਤਾਂ ਲੱਗਣ ਲਗਦਾ ਹੈ ਕਿ ਇਹ ਤਾਂ ਸਾਡਾ ਨੱਕ ਵਢਾ ਦੇਵੇਗਾ l ਫਿਰ ਸਾਰੇ ਇਕੱਠੇ ਹੋ ਕੇ ਚੱਕਰ ਤੋਂ ਬਾਹਰ ਨਿਕਲੇ ਵਿਅਕਤੀ ਨੂੰ ਸਮਝਾਉਣ ਲੱਗ ਪੈਂਦੇ ਹਨ l ਉਸ ਦਾ ਮਤਲਬ ਹੁੰਦਾ ਹੈ ਕਿ ਉਹ ਵਾਪਿਸ ਚੱਕਰ ਵਿੱਚ ਆ ਜਾਵੇl ਜਿਆਦਾ ਵਿਅਕਤੀ ਫਿਰ ਚੱਕਰ ਵਿੱਚ ਵਾਪਿਸ ਆ ਜਾਂਦੇ ਹਨ l
ਚੱਕਰ ਵਿੱਚ ਰਹਿਣ ਦੀ ਮੁਸੀਬਤ ਇਹ ਹੈ ਕਿ ਉਸ ਤਰਾਂ ਦੇ ਚੱਕਰਾਂ ਵਿੱਚ ਬਹੁਤ ਲੋਕ ਰਹਿੰਦੇ ਹੋਣ ਕਰਕੇ ਆਰਥਿਕ ਤਰੱਕੀ ਦੇ ਮੌਕੇ ਘਟ ਜਾਂਦੇ ਹਨ ਕਿਉਂਕਿ ਉਹ ਸਾਰੇ ਲੋਕਾਂ ਦੀਆਂ ਆਦਤਾਂ ਤੇ ਕੰਮ ਇਕੋ ਜਿਹੇ ਹੁੰਦੇ ਹਨ ਜਿਸ ਕਰਕੇ ਆਪਸ ਵਿੱਚ ਮੁਕਾਬਲਾ ਹੋ ਜਾਂਦਾ ਹੈ ਤੇ ਫਾਇਦਾ (margin) ਘਟ ਜਾਂਦਾ ਹੈ l
ਇਸ ਚੱਕਰ ਵਿੱਚ ਰਹਿਣ ਦੀ ਸਭ ਤੋਂ ਵੱਡੀ ਮੁਸੀਬਤ ਹੁੰਦੀ ਹੈ ਕਿ ਤੁਹਾਡੇ ਬਹੁਤੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਦੀ ਆਰਥਿਕ ਹਾਲਤ ਇਕੋ ਜਿਹੀ ਹੁੰਦੀ ਹੈ, ਤਕਰੀਬਨ ਸੋਚ ਵੀ ਮਿਲਦੀ ਜੁਲਦੀ ਹੁੰਦੀ ਹੈ ਅਤੇ ਇਨ੍ਹਾਂ ਸਭ ਦੀਆਂ ਮੁਸੀਬਤਾਂ ਵੀ ਥੋੜ੍ਹੇ ਫਰਕ ਨਾਲ ਇਕੋ ਜਿਹੀਆਂ ਹੁੰਦੀਆਂ ਹਨ l
ਹੁਣ ਸੋਚ ਕੇ ਦੇਖੋ ਜੇ ਤੁਹਾਨੂੰ ਆਰਥਿਕ (financial) ਸਮੱਸਿਆ ਹੈ ਤੇ ਤੁਸੀਂ ਆਪਣੇ ਚੱਕਰ (circle) ਵਿਚੋਂ ਇਸ ਦਾ ਹੱਲ ਪੁੱਛਦੇ ਹੋ ਤਾਂ ਉਹ ਤੁਹਾਨੂੰ ਬਹੁਤ ਹਾਲਾਤਾਂ ਵਿੱਚ ਇਸ ਦਾ ਹੱਲ ਨਹੀਂ ਦੱਸ ਸਕਦੇ ਕਿਉਂਕਿ ਉਨ੍ਹਾਂ ਨੂੰ ਆਪ ਇਹੀ ਸਮੱਸਿਆ ਹੈ l ਉਦਾਹਰਣ ਦੇ ਤੌਰ ਤੇ ਜੇ ਤੁਸੀਂ ਕੋਈ ਬਿਜਨਸ ਕਰਨਾ ਚਾਹੁੰਦੇ ਹੋ ਤੇ ਤੁਸੀਂ ਆਪਣੇ ਚੱਕਰ (circle) ਵਿਚੋਂ ਕਿਸੇ ਦੀ ਸਲਾਹ ਲੈਂਦੇ ਹੋ l ਉਨ੍ਹਾਂ ਵਿਚੋਂ ਬਹੁਤੇ ਜੌਬਾਂ ਕਰਨ ਵਾਲੇ ਹੋਣ ਕਰਕੇ ਉਹ ਕਹਿਣਗੇ ਬਿਜਨਸ ਨਾਂ ਕਰੀਂ ਮਾਰਿਆ ਜਾਵੇਂਗਾ l ਉਹ ਤੁਹਾਨੂੰ ਇਹ ਸਲਾਹ ਮੁਫ਼ਤ ਦੇਣਗੇ ਜਿਸ ਵਿੱਚ ਉਨ੍ਹਾਂ ਦਾ ਕੋਈ ਤਜਰਬਾ ਨਹੀਂ ਹੁੰਦਾ ਪਰ ਇਹੋ ਜਿਹੀ ਮੁਫ਼ਤ ਦੀ ਸਲਾਹ ਤੁਹਾਨੂੰ ਸਭ ਤੋਂ ਮਹਿੰਗੀ ਸਾਬਤ ਹੁੰਦੀ ਹੈ ਕਿਉਂਕਿ ਤੁਸੀਂ ਹਰ ਵੇਲੇ ਮਿਲੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹੋ l
ਇਸ ਕਰਕੇ ਜੇ ਤੁਸੀਂ ਆਪਣੇ ਚੱਕਰ ਦੇ ਲੋਕਾਂ ਤੋਂ ਵੱਧ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਮੁਫ਼ਤ ਦੀ ਸਲਾਹ ਲੈਣ ਦੀ ਬਜਾਏ ਚੱਕਰ ਤੋਂ ਬਾਹਰ ਵਾਲੇ ਲੋਕਾਂ ਦੀ ਸਲਾਹ ਲਈ ਜਾ ਸਕਦੀ ਹੈ ਜਿਨ੍ਹਾਂ ਨੇ ਉਸ ਤਰ੍ਹਾਂ ਦੇ ਕੰਮ ਆਪ ਕੀਤੇ ਹੋਣ l
ਅੰਗਰੇਜ਼ੀ ਵਿੱਚ ਕਹਾਵਤ ਹੈ ‘ If you do what you have always done you will get what you have always got’. ਜਿਸ ਦਾ ਮਤਲਬ ਹੈ ਕਿ ਜੇ ਤੁਸੀਂ ਉਹ ਕੁੱਝ ਕਰਦੇ ਰਹਿੰਦੇ ਹੋ ਜੋ ਪਹਿਲਾਂ ਕਰਦੇ ਸੀ ਤਾਂ ਤੁਸੀਂ ਉਹੀ ਪ੍ਰਾਪਤ ਕਰੋਗੇ ਜੋ ਪਹਿਲਾਂ ਪ੍ਰਾਪਤ ਕਰਦੇ ਸੀ l
ਨੋਟ :-ਵੱਖਰੇ ਨਤੀਜੇ ਲਿਆਉਣ ਲਈ ਵੱਖਰੇ ਕੰਮ ਕਰਨੇ ਪੈਂਦੇ ਹਨ l ਇਸ ਕਰਕੇ ਕਾਮਯਾਬੀ ਚੱਕਰ (circle) ਦੇ ਬਾਹਰ ਹੈ l
