ਕਰੋਨਾ ਵਾਇਰਸ ਜਿਸਨੂੰ ਵਿਗਿਆਨਕ ਤੌਰ ਤੇ ਕੋਵਿਡ-19 ਦਾ ਨਾਮ ਦਿੱਤਾ ਗਿਆ। ਜਿਸਦੇ ਚੱਲਦਿਆਂ ਸਮੁਚੇ ਸੰਸਾਰ ਦੀ ਅਰਥ ਵਿਵਸਥਾ ਦਾ ਚੱਕਾ ਰੁਕਦਾ ਰੁਕਦਾ ਪੂਰੀ ਤਰਾਂ ਰੁਕ ਗਿਆ ।ਇਸ ਸਾਰੇ ਵਰਤਾਰੇ ਇਚੋਂ ਉਪਜੇ ਲੌਕ ਡੌਨ /ਕਰਫਿਊ ਦੌਰਾਨ ਆਮ ਲੋਕਾਂ ਦੀ ਜਿੰਦਗੀ ਮੁਹਾਲ ਹੁੰਦੀ ਨਜ਼ਰ ਆਈ l ਜਿਸ ਦੌਰਾਨ ਸਭ ਤੋਂ ਵੱਧ ਪ੍ਰਭਾਵ ਉਨ੍ਹਾਂ ਲੋਕਾਂ ਤੇ ਪਿਆ ਜਿਹੜੇ ਹਰ ਰੋਜ਼ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦੇ ਸਨ l
ਬਾਕੀ ਮੁਸ਼ਕਲਾਂ ਦੇ ਨਾਲ ਨਾਲ ਉਨ੍ਹਾਂ ਨੂੰ ਆਪਣਾ ਰੋਟੀ ਪਾਣੀ ਚਲਾਉਣ ਲਈ ਵੀ ਜੱਦੋ ਜਹਿਦ ਕਰਨੀ ਪੈ ਰਹੀ ਹੈ l ਇਸ ਸਾਰੇ ਵਰਤਾਰੇ ਨੂੰ ਦੇਖਦਿਆਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਵੱਲੋਂ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆਂ ਵਿਚਾਰਕ ਪਹੁੰਚ ਦੇ ਨਾਲ ਨਾਲ ਸਮਾਜਿਕ ਤੇ ਭਾਈਚਾਰਕ ਪਹੁੰਚ ਅਪਨਾਉਣ ਦਾ ਫੈਸਲਾ ਕੀਤਾ । ਜਿਸਦੇ ਤਹਿਤ ਨਿਊਜ਼ੀਲੈਂਡ ਵਿੱਚ ਲੌਕ ਡੌਨ ਸ਼ੁਰੂ ਹੁੰਦਿਆਂ ਲੋੜਵੰਦਾਂ ਲਈ ਮੁਫ਼ਤ ਫੋਨ ਨੰਬਰ 0800MANAVTA (08006262882) ਜਾਰੀ ਕੀਤਾ ਗਿਆ ਤਾਂ ਕਿ ਜਿਹੜੇ ਲੋੜਵੰਦਾਂ ਨੂੰ ਨਿਊਜ਼ੀਲੈਂਡ ਵਿੱਚ ਖਾਣੇ ਦੀ ਸਮੱਸਿਆ ਹੈ , ਉਨ੍ਹਾਂ ਨੂੰ ਖਾਣਾ ਪਹੁੰਚਾਇਆ ਜਾ ਸਕੇ । ਇਥੇ ਜਿਕਰਯੋਗ ਹੈ ਕਿ ਪਹਿਲਾ ਉਕਤ ਨੰਬਰ ਨਿਊਜ਼ੀਲੈਂਡ ਭਰ ‘ਚ ਲੋਕਾਂ ਨੂੰ ਕਿਤਾਬਾਂ ਅਤੇ ਹੋਰ ਉਸਾਰੂ ਸਾਹਿਤ ਪਹੁੰਚਦਾ ਕਰਨ ਲਾਇ ਵਰਤਿਆਂ ਜਾਂਦਾ ਸੀ , ਅਵਤਾਰ ਤਰਕਸ਼ੀਲ ਅਨੁਸਾਰ ਸਮੇਂ ਨਾਲ ਸੰਸਥਾਵਾਂ ਲਈ ਆਪਣੇ ਰੋਲ ਬਦਲਣੇ ਜ਼ਰੂਰੀ ਹੁੰਦੇ ਹਨ । ਇਸ ਕਰਕੇ ਕਿਤਾਬਾਂ ਦੇ ਨਾਲ ਨਾਲ ਬੁਨਿਆਦੀ ਸਹੂਲਤ ਭੋਜਨ ਮੁਹੱਈਆਂ ਕਰਵਾਉਣ ਦਾ ਟਰੱਸਟ ਨੇ ਫੈਸਲਾ ਲਿਆ । ਜਿਸ ਤਹਿਤ ਜਿੰਨੇ ਲੋਕਾਂ ਨੇ ਇਸ ਨੰਬਰ ਤੇ ਸੰਪਰਕ ਕੀਤਾ ਉਨ੍ਹਾਂ ਨੂੰ ਨਿਊਜ਼ੀਲੈਂਡ ਵਿੱਚ ਇਕ ਮਹੀਨੇ ਦਾ ਰਾਸ਼ਣ ਉਸੇ ਦਿਨ ਪਹੁੰਚਦਾ ਕੀਤਾ ਗਿਆ l ਸੰਸਥਾ ਵਲੋਂ ਇਕੱਲੇ ਆਕਲੈਂਡ ‘ਚ ਹੀ ਨਹੀਂ ਸਗੋਂ ਪੂਰੇ ਨਿਊਜ਼ੀਲੈਂਡ ਭਰ ਵਿਚ ਦਰਜਨਾਂ ਲੋੜਵੰਦ ਪਰਿਵਾਰਾਂ ਨੂੰ ਇਸ ਦੌਰ ‘ਚ ਸੇਵਾਵਾਂ ਦਿੱਤੀਆਂ ।
ਐਨਾ ਹੀ ਨਹੀਂ ਜਦੋਂ ਖਬਰਾਂ ਤੇ ਭਾਈਚਾਰੇ ਰਾਹੀਂ ਸਾਹਮਣੇ ਆਇਆ ਕਿ ਭਾਰਤ ਵਿੱਚ ਇਹ ਕੋਵਿਡ -19 ਦੀ ਸਮੱਸਿਆ ਹੋਰ ਵੀ ਗੰਭੀਰ ਹੋ ਰਹੀ ਆਈ ਤਾਂ ਸੰਸਥਾ ਵਲੋਂ ਅਤੇ ਸੰਸਥਾ ਦੇ ਟਰੱਸਟੀ ਅਵਤਾਰ ਤਰਕਸ਼ੀਲ ਵਲੋਂ ਭਰਾਤਰੀ ਸੰਸਥਾਵਾਂ ਨਾਲ ਸੰਪਰਕ ਸਾਧਕੇ ਨਿਊਜ਼ੀਲੈਂਡ ਦੇ ਸਾਥੀਆਂ ਦੀ ਮੱਦਦ ਨਾਲ ਯਤਨ ਵਿੱਢੇ l ਸੰਸਥਾ ਨੇ ਨੌਜਵਾਨ ਸਭਾ ਭਾਰਤ ਲੁਧਿਆਣਾ ਨੂੰ ਆਰਥਿਕ ਮੱਦਦ ਦੇ ਕੇ ਲੁਧਿਆਣਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਲੋੜਵੰਦਾਂ ਨੂੰ ਖਾਣਾ ਪਹੁੰਚਾਉਣ ਦੀ ਮੁਹਿੰਮ ਚਲਾਈ ਜਿਸ ਨੂੰ ਹੋਰ ਲੋਕ ਪੱਖੀ ਸੰਸਥਾਵਾਂ ਤੋਂ ਵੀ ਖੂਬ ਹੁੰਗਾਰਾ ਮਿਲਿਆ l
ਸੰਸਥਾ ਵਲੋਂ ਡਾਕਟਰ ਬੀ ਆਰ ਅੰਬੇਡਕਰ ਭਵਨ ਵੈਲਫੇਅਰ ਸੋਸਾਇਟੀ ਫਗਵਾੜਾ ਨਾਲ ਆਰਥਿਕ ਸਹਿਯੋਗ ਕਰਕੇ 28 ਮਾਰਚ ਤੋਂ 14 ਅਪ੍ਰੈਲ ਤੱਕ ਲੋੜਵੰਦਾਂ ਤੱਕ ਖਾਣਾ ਪਹੁੰਚਾਇਆ ਗਿਆ l ਇਸ ਵਿੱਚ ਹੋਰ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਤੇ ਲੋਕਲ ਵਿਅਕਤੀਆਂ ਵਲੋਂ ਵੀ ਸਹਿਯੋਗ ਮਿਲਿਆ l
ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਖਜ਼ਾਨਚੀ/ਟਰੱਸਟੀ ਤੇ ਸਮਾਜ ਸੇਵਕ ਅਵਤਾਰ ਤਰਕਸ਼ੀਲ ਤੇ ਉਨ੍ਹਾਂ ਦੇ ਹੋਰ ਨਿਊਜ਼ੀਲੈਂਡ ਵਸਦੇ ਪੇਂਡੂ ਵੀਰਾਂ ਤੇ ਦੋਸਤਾਂ ਵਲੋਂ ਆਪਣੇ ਜੱਦੀ ਪਿੰਡ ਖੁਰਦਪੁਰ (ਆਦਮਪੁਰ ਦੋਆਬਾ ਦੇ ਨੇੜੇ ) ਜਿਲ੍ਹਾ ਜਲੰਧਰ ਵਿੱਚ ਸਾਰੇ ਲੋੜਵੰਦਾਂ ਤੱਕ ਰਾਸ਼ਣ ਪਹੁੰਚਾਇਆ ਗਿਆ l ਸਥਾਨਿਕ ਵਾਸੀ ਅਮਰਜੀਤ ਸਿੰਘ ਅਟਵਾਲ ਦੇ ਨਾਲ ਨਾਲ ਹੋਰ ਸਥਾਨਿਕ ਵਲੰਟੀਅਰਾ ਨੇ ਖਾਣਾ ਵੰਡਣ ਵਿੱਚ ਸਹਿਯੋਗ ਦਿੱਤਾ l ਇਥੇ ਜਿਕਰਯੋਗ ਹੈ ਕਿ ਪਿੰਡ ਖੁਰਦਪੁਰ ਵਿੱਚ ਬਹੁਤ ਸਾਰੇ ਸਥਾਈ ਮਜ਼ਦੂਰਾਂ ਦੇ ਨਾਲ ਨਾਲ ਪ੍ਰਵਾਸੀ ਮਜ਼ਦੂਰ ਵੀ ਰਹਿੰਦੇ ਹਨ l
ਪਿੰਡ ਦਿਹਾਣਾ (ਜਿਲ੍ਹਾ ਹੁਸ਼ਿਆਰਪੁਰ) ਜੋ ਕਿ ਅਵਤਾਰ ਤਰਕਸ਼ੀਲ ਦੇ ਸਹੁਰਿਆਂ ਦਾ ਪਿੰਡ ਹੈ l ਇਸ ਪਿੰਡ ਵਿੱਚ ਵੀ ਅਵਤਾਰ ਤਰਕਸ਼ੀਲ ਵਲੋਂ ਲੋੜਵੰਦਾਂ ਨੂੰ ਰਾਸ਼ਣ ਪਹੁੰਚਾਇਆ ਗਿਆ l ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਹੋਰ ਮੈਂਬਰਾਂ ਤੇ ਸਹਿਯੋਗੀਆਂ ਨੇ ਆਪੋ ਆਪਣੇ ਪਿੰਡਾਂ ਵਿੱਚ ਲੋੜਵੰਦਾਂ ਤੱਕ ਰਾਸ਼ਣ ਪਹੁੰਚਾਇਆ l ਸੰਸਥਾ ਵਲੋਂ ਆਪਣੇ ਮੈਂਬਰਾਂ ਤੇ ਸਹਿਯੋਗੀਆਂ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਭਾਰਤ ਵਿੱਚ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਕੰਮ ਕਰਦੇ ਮਜਦੂਰਾਂ ਦੀ ਕਰਫਿਊ ਦੌਰਾਨ ਤਨਖਾਹ ਬੰਦ ਨਾਂ ਕੀਤੀ ਜਾਵੇ ਤਾਂ ਕਿ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਅਸਾਨੀ ਨਾਲ ਕਰ ਸਕਣ l ਇਥੇ ਇਹ ਗੱਲ ਵਰਨਣਯੋਗ ਹੈ ਕਿ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਪਿਛਲੇ ਬਾਰਾਂ ਸਾਲਾਂ ਦੇ ਦੌਰਾਨ ਸਲਾਨਾਂ ਸੈਮੀਨਾਰ ਕਰਕੇ ਬਹੁਤ ਸਾਰੀਆਂ ਲੋਕਪੱਖੀ ਸ਼ਖਸ਼ੀਅਤਾਂ ਨੂੰ ਵੱਖ ਵੱਖ ਮੁਲਕਾਂ ਤੋਂ ਬੁਲਾ ਕੇ ਲੋਕਾਂ ਦੇ ਰੂਬਰੂ ਕਰ ਚੁੱਕੀ ਹੈ ਤੇ ਬਹੁਤ ਸਾਰੇ ਭਖਦੇ ਮਸਲਿਆਂ ਤੇ ਕੰਮ ਕਰ ਚੁੱਕੀ ਹੈ l ਇੱਥੇ ਜਿਕਰਯੋਗ ਹੈ ਕਿ ਸੰਸਥਾ ਦੇ ਖਜ਼ਾਨਚੀ/ਟਰੱਸਟੀ ਅਵਤਾਰ ਤਰਕਸ਼ੀਲ ਪਿਛਲੇ ਪੱਚੀ ਸਾਲ ਤੋਂ ਵੱਧ ਸਮੇਂ ਤੋਂ ਕਈ ਲਾਇਬ੍ਰੇਰੀਆਂ ਤੇ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਕਿਤਾਬਾਂ ਪਹੁੰਚਾ ਚੁੱਕੇ ਹਨ ਤੇ ਨਿਊਜ਼ੀਲੈਂਡ ਵਿੱਚ ਵੀ ਆਪਣੇ ਘਰੋਂ ਪੱਚੀ ਸਾਲਾਂ ਤੋਂ ਲਾਇਬ੍ਰੇਰੀ ਵੀ ਚਲਾ ਰਹੇ ਹਨ ।