ਮੇਘ ਰਾਜ ਮਿੱਤਰ
ਰਾਜੂ ਦੀ ਪਤਨੀ ਮਮਤਾ ਕਹਿਣ ਲੱਗੀ ਕਿ ‘‘ਅੰਕਲ ਜੀ ਮੈਨੂੰ ਕਿਸੇ ਜੌਤਸ਼ੀ ਨੇ ਦੱਸਿਆ ਸੀ ਕਿ ਰਾਜੂ ਦੇ ਉਪਰ ਸ਼ਨੀ ਦਾ ਕਹਿਰ ਹੈ ਇਸ ਲਈ ਮੈਂ ਹਰ ਰੋਜ ਇਸਦੀ ਕਾਰ ਦੇ ਚਾਰੇ ਟਾਇਰਾਂ ਤੇ ਤੇਲ ਪਾਉਂਦੀ ਰਹੀ ਹਾਂ ਅੱਜ ਤਾਂ ਦਿਵਾਲੀ ਵਾਲੇ ਦਿਨ ਵੀ ਸਾਡੇ ਘਰ ਵਿਚੋਂ ਮਾਤਾ ਜੀ ਨੂੰ ਪੂਜਾ ਕਰਨ ਲਈ ਹੱਟੜੀ ਵੀ ਨਹੀਂ ਲੱਭਦੀ।’’
ਅਵਤਾਰ ਦੀ ਪਤਨੀ ਮਨਜੀਤ ਕਹਿਣ ਲੱਗੀ ਕਿ ‘‘ਮੈਂ ਪਹਿਲੀ ਵਾਰ ਤਰਕਸ਼ੀਲਾਂ ਦਾ ਨਾਂ ਪੱਦੀ ਮਟਵਾਲੀ ਵਿਖੇ ਸੁਣਿਆ ਸੀ। ਮੇਰੇ ਉਸ ਪਿੰਡ ਨਾਨਕੇ ਹਨ। ਜਦੋਂ ਤਰਕਸ਼ੀਲ ਉਸ ਪਿੰਡ ਵਿਚੋਂ ਸੱਪ ਇੱਕਠੇ ਕਰਨ ਗਏ ਸਨ ਤਾਂ ਮੈਂ ਉਸ ਸਮੇਂ ਛੱਤ ਤੇ ਚੜ੍ਹ ਕੇ ਉਹਨਾਂ ਨੂੰ ਵੇਖਿਆ ਸੀ।’’
ਮੁਖਤਿਆਰ ਦੀ ਪਤਨੀ ਮੋਨਾ ਕਹਿਣ ਲੱਗੀ ‘‘ਅੰਕਲ ਜੀ ਮੈਂ ਪੱਕੀ ਤਰਕਸ਼ੀਲ ਤਾਂ ਨਹੀਂ ਹਾਂ ਪਰ ਸਾਡੇ ਘਰ ਵਿੱਚ ਵਾਪਰੀ ਇੱਕ ਸੱਚੀ ਘਟਨਾ ਮੇਰੇ ਮਨ ਵਿਚ ਵਾਰ ਵਾਰ ਸੁਆਲ ਖੜ੍ਹੇ ਕਰਦੀ ਰਹਿੰਦੀ ਹੈ। ਮੇਰਾ ਚਾਚਾ ਪੱਕਾ ਰਾਧਾ ਸੁਆਮੀ ਸੀ ਤੇ ਉਸਨੇ ਅਬੋਹਰ ਵਿਖੇ ਰਹਾਇਸ਼ ਰੱਖੀ ਹੋਈ ਸੀ। ਸਾਰਾ ਦਿਨ ਉਸਦੀ ਸੁਰਤੀ ਰਾਧਾ ਸੁਆਮੀਆਂ ਨਾਲ ਜੁੜੀ ਰਹਿੰਦੀ ਸੀ। ਨਾਮ ਲੈਣ ਤੋਂ ਠੀਕ ਡੇਢ ਸਾਲ ਬਾਅਦ ਹੀ ਉਹ ਸਾਨੂੂੰ ਸਦੀਵੀ ਵਿਛੋੜਾ ਦੇ ਗਿਆ। ਫੁੱਲ ਪਾਉਣ ਦੀ ਕਿਰਿਆ ਨਿਭਾਉਣ ਗਏ ਉਸਦੇ ਸਾਲੇ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਉਸਦੀ ਬਾਂਹ ਟੁੱਟ ਗਈ। ਮਕਾਨਾਂ ਵਾਲੇ ਦਿਨ ਫਿਰ ਕਾਰ ਦੁਰਘਟਨਾ ਹੋ ਗਈ ਮੇਰੇ ਬਾਪ ਦੇ ਸੱਟਾਂ ਲੱਗ ਗਈਆਂ। ਫਿਰ ਭੋਗ ਵਾਲੇ ਦਿਨ ਦੁਰਘਟਨਾ ਵਾਪਰ ਗਈ ਡ੍ਰਾਈਵਰ ਸਮੇਤ ਉਸਦੇ ਇੱਕ ਸਾਲੇ ਦੀ ਮੌਤ ਹੋ ਗਈ ਅਤੇ ਦੂਜੇ ਦੀਆਂ ਦੋਵੇਂ ਲੱਤਾਂ ਬਾਹਾਂ ਟੁੱਟ ਗਈਆਂ। ਐਨਾ ਕੁਝ ਉਸ ਦੀ ਮੌਤ ਬਾਅਦ ਦਸ ਦਿਨਾਂ ਦੇ ਅੰਦਰ ਅੰਦਰ ਕਿਉਂ ਵਾਪਰਿਆ?’’
‘ਤਾਂਡਵ’ ਨਾਵਲ ਦੇ ਰੁਚੇਤਾ ਕੇਵਲ ਕਲੋਟੀ ਦਾ ਬੇਟਾ ਭਾਰਤੀ ਕਲੌਟੀ ਵੀ ਨਿਊਜੀਲੈਂਡ ਵਿੱਚ ਹੈ ਉਸਦੀ ਪਤਨੀ ਅਨੂ ਕਲੋਟੀ ਹੈ। ਅਨੂ ਵੀ ‘‘ਸੋਚ ਦੇ ਸਫਰ’’ ਵਾਲੇ ਪੂਰਨ ਸਿੰਘ ਦੀ ਭਤੀਜੀ ਹੈ। ਅਨੂ ਇੰਗਲੈਂਡ ਦੀ ਜਮਪਲ ਹੈ। ਇਸ ਪਰਿਵਾਰ ਕੋਲ ਬਿਜਲੀ ਦੇ ਯੰਤਰ ਐਨੇ ਜਮਾਂ ਸਨ ਕਿ ਪੰਜਾਬ ਦੇ ਕਿਸੇ ਬਿਜਲੀ ਦੀ ਦੁਕਾਨ ਤੇ ਐਨਾ ਸਮਾਨ ਉਪਲਬਧ ਨਹੀਂ ਹੋਵੇਗਾ। ਕੇਵਲ ਕਿੱਤੇ ਵਜੋਂ ਘੁਰਾੜੇ ਮਾਰਨ ਸਮੇਂ ਲੋਕਾਂ ਦੀ ਸਾਹ ਕਿਰਿਆ ਚਾਲੂ ਰੱਖਣ ਵਾਲੀ ਮਸ਼ੀਨ ਦੀ ਫੈਕਟਰੀ ਦਾ ਇੱਕ ਇੰਜਨੀਅਰ ਹੈ। ਉਹ ਆਪਣੇ ਘਰ ਵਿੱਚ ਹੀ ਆਪਣੀਆਂ ਕਾਰਾਂ ਦੀ ਸਰਵਿਸ ਤੇ ਮੁਰੰਮਤ ਵੀ ਕਰ ਲੈਂਦਾ ਹੈ। ਮੇਰੀ ਸਮਝ ਅਨੁਸਾਰ ਬਹੁਤ ਸਾਰੇ ਗੁਣਾਂ ਦਾ ਮਾਲਕ ਹੋਣ ਦੇ ਨਾਤੇ ਉਸਨੇ ਆਪਣੇ ਘਰ ਨੂੂੰੰ ਇੱਕ ਕੁਦਰਤ ਪ੍ਰੇਮੀ ਬਣਾਇਆ ਹੋਇਆ ਹੈ। ਆਪਣੇ ਘਰ ਵਿੱਚ ਉਸਨੇ ਸਾਬਣਾਂ, ਟੁੱਥ ਪੇਸਟ ਆਦਿ ਸਭ ਦੇਸੀ ਰੱਖੇ ਹੋਏ ਹਨ। ਆਧੁਨਿਕ ਸਾਬਣਾਂ ਪੇਸਟਾਂ ਤੋਂ ਉਸਨੂੰ ਸਖ਼ਤ ਨਫ਼ਰਤ ਹੈ।
ਚਿਕਨ ਦਾ ਵਧੀਆ ਕੁੱਕ ਹੋਣ ਕਰਕੇ ਸਾਡੀਆਂ ਕਈ ਮਹਿਫਲਾਂ ਵਿੱਚ ਕੁਕਿੰਗ ਦੀ ਡਿਊਟੀ ਉਸ ਨੇ ਹੀ ਨਿਭਾਈ। ਭਾਰਤੀ ਨੇ ਮੈਨੂੰ ਅਜਿਹੀਆਂ ਸੀਡੀਆਂ ਵੀ ਮੁਹੱਈਆ ਕੀਤੀਆਂ ਜਿਨ੍ਹਾਂ ਵਿੱਚ ਈਸਾ ਮਸੀਹ ਦੇ ਜਨਮ ਵਾਲੇ ਦਿਨ ਹੀ ਜਨਮੇ ਕਈ ਪ੍ਰਾਚੀਨ ਦੇਵਤਿਆਂ ਦਾ ਜਿਕਰ ਹੈ। ਇਹਨਾਂ ਸੀਡੀਆਂ ਵਿੱਚ ਇਕ ਤਾਂ ਇਹ ਵੀ ਦਰਸਾਉਂਦੀ ਹੈ ਕਿ ਅਮਰੀਕਾ ਵਾਲਿਆਂ ਨੇ ਕਿਸੇ ਇੱਕ ਸਾਜਿਸ਼ ਰਾਹੀਂ ਆਪਣੇ ਟਾਵਰਾਂ ਨੂੰ ਖੁਦ ਹੀ ਡੇਗਿਆ ਹੈ ਤਾਂ ਜੋ ਉਹ ਇਰਾਨ ਇਰਾਕ ਦੇ ਤੇਲ ਭੰਡਾਰਾਂ ਤੇ ਕਾਬਜ ਹੋ ਸਕਣ।