48. ਕਿੱਕਰ `ਤੇ ਬੈਠੀ ਹੈ

– ਮੇਘ ਰਾਜ ਮਿੱਤਰ
ਨੱਥੋਵਾਲ
27.9.86
ਸਤਿ ਸ੍ਰੀ ਅਕਾਲ।
ਬੜੀ ਪ੍ਰੇਸ਼ਾਨੀ ਦੀ ਹਾਲਤ ਵਿਚ ਲਿਖਣ ਲੱਗਾ ਹਾਂ। ਆਪ ਦੀ ਛਪਵਾਈ ਹੋਈ ਕਿਤਾਬ ਵੀ ਪੜ੍ਹੀ ਹੈ। ਪੜ੍ਹਨ ਦੇ ਬਾਵਜੂਦ ਸਾਡਾ ਮਨ ਵਹਿਮਾਂ ਭਰਮਾਂ ਵਿਚ ਹੀ ਪਿਆ ਹੈ। ਭੂਤਾਂ-ਪ੍ਰੇਤਾਂ ਵਿਚ ਵਿਸ਼ਵਾਸ ਕਰਦੇ ਹਾਂ। ਕਿਉਂਕਿ ਸਾਡੀ ਲੜਕੀ ਜਿਸ ਦੀ ਉਮਰ ਦਸ ਸਾਲ ਹੈ ਅਤੇ ਚੌਥੀ ਜਮਾਤ ਵਿਚ ਪੜ੍ਹਦੀ ਹੈ। ਉਸ ਦੀਆਂ ਅੱਖਾਂ ਵਿਚ ਕਣ ਪੈਂਦੇ ਹਨ। ਇਕ ਵਾਰ ਕੱਢ ਕੇ ਹੱਟਦੇ ਸਾਰ ਹੀ ਹੋਰ ਪੈ ਜਾਂਦੇ ਹਨ। ਇਸ ਕਰਾਮਾਤ ਨੂੰ ਤਕਰੀਬਨ ਇਕ ਮਹੀਨੇ ਤੋਂ ਉੱਪਰ ਹੋ ਗਿਆ ਹੈ। ਅਸੀਂ ਸਾਰੇ ਪਰਿਵਾਰ ਵਾਲੇ ਇਸ ਕਾਰਨ ਬਹੁਤ ਜ਼ਿਆਦਾ ਔਖੇ ਹਾਂ। ਵਿਚਕਾਰ ਦੀ ਤਾਂ ਉਸਨੂੰ ਕੁਝ ਵਿਖਾਈ ਵੀ ਦੇ ਰਿਹਾ ਸੀ ਉਸਨੂੰ ਸਾਹਮਣੇ (ਘਰ ਦੇ) ਵਾਲੀ ਕਿੱਕਰ ਦੇ ਬੈਠੀ ਵਿਖਾਈ ਦਿੰਦੀ ਸੀ। ਉਸਦੇ ਕੋਈ ਕੱਪੜੇ ਨਹੀਂ ਸਨ। ਉਸਦੇ ਪੂਛ ਲੱਗੀ ਹੋਈ ਸੀ। ਸਿਰ ਚਿੱਟਾ ਸੀ। ਭੂਤ ਪਿੱਛੇ ਤੋਂ ਹੀ ਦਿਖਾਈ ਦਿੰਦੀ ਸੀ। ਪਰ ਹੁਣ ਇਸ ਵਕਤ ਕੁਝ ਵੀ ਵਿਖਾਈ ਨਹੀਂ ਦਿੰਦਾ। ਪਰ ਕਣਾਂ ਦਾ ਪੂਰਾ ਜ਼ੋਰ ਹੈ। ਕਣਾਂ ਦੀ ਗਿਣਤੀ ਪੰਜ ਛੇ ਵੀ ਹੁੰਦੀ ਹੈ ਜੋ ਇਕੋ ਸਮੇਂ ਕੱਢੇ ਜਾਂਦੇ ਹਨ। 15 ਮਿੰਟ ਬਾਅਦ ਦੁਬਾਰਾ ਪੈ ਜਾਂਦੇ ਹਨ। ਅਸੀਂ ਕਈ ਜਗ੍ਹਾ ਸਿਆਣਿਆਂ ਕੋਲ ਵੀ ਗਏ ਪਰ ਕੋਈ ਮੋੜ ਨਹੀਂ ਪਿਆ। ਅਸੀਂ ਦੁੱਖੀ ਹਾਂ। ਕੁਝ ਖਾਣ ਪੀਣ ਨੂੰ ਨਾ ਹੀ ਕੰਮ ਕਰਨ ਨੂੰ ਦਿਲ ਕਰਦਾ ਹੈ। ਇਹ ਸਿਰਫ਼ ਦਿਨ ਨੂੰ ਹੀ ਪੈਂਦੇ ਹਨ, ਰਾਤ ਨੂੰ ਡਰ ਲੱਗਦਾ ਹੈ। ਕਈ ਜਗ੍ਹਾ ਜਿਵੇਂ ਬਾਬੇ ਦੇ ਡੇਰੇ, ਜਿਵੇਂ ਪੌਲੀ ਸਾਹਿਬ ਤੇ ਚੜ੍ਹਾਵਾ ਕਰਨ ਦੇ ਬਾਵਜੂਦ ਕੋਈ ਫ਼ਰਕ ਨਹੀਂ ਪਿਆ।
ਸਾਨੂੰ ਇਸ ਬਾਰੇ ਜ਼ਰੂਰ ਦੱਸੋ ਕਿ ਇਸਦਾ ਕੀ ਕਾਰਨ ਹੈ? ਕੀ ਅਸੀਂ ਆਪ ਨੂੰ ਮਿਲੀਏ ਜਾਂ ਤੁਸੀਂ ਆਉਣ ਦਾ ਕੋਈ ਸਮਾਂ ਦੇਵੋਗੇ। ਸਾਨੂੰ ਇਸ ਬਾਰੇ ਚਿੱਠੀਆਂ ਵਿਚ ਪੂਰਾ ਪਤਾ ਦਿਉ।
ਤੁਹਾਡਾ ਪ੍ਰਸ਼ੰਸਕ
ਗੁਰਦੇਵ ਸਿੰਘ
ਕਿਸੇ ਵੀ ਵਿਅਕਤੀ ਦੀਆਂ ਅੱਖਾਂ ਵਿਚ ਕਣ ਆਪਣੇ ਆਪ ਐਨੀ ਵੱਡੀ ਮਾਤਰਾ ਵਿਚ ਤੇ ਹਰ ਰੋਜ਼ ਹੀ ਨਹੀਂ ਪੈ ਸਕਦੇ। ਇਹ ਸਿਰਫ਼ ਇਕ ਭਰਮ ਹੀ ਹੁੰਦਾ ਹੈ। ਕਈ ਵਾਰੀ ਤਾਂ ਇਹ ਕਣ ਸੰਬੰਧਿਤ ਵਿਅਕਤੀ ਆਪਣੇ ਆਪ ਹੀ ਪਾ ਲੈਂਦਾ ਹੈ ਅਤੇ ਕਈ ਵਾਰੀ ਕਣ ਕੱਢਣ ਵਾਲੀਆਂ ਔਰਤਾਂ ਹੀ ਇਹ ਭਰਮ ਖੜ੍ਹਾ ਕਰ ਦਿੰਦੀਆਂ ਹਨ। ਅੱਖਾਂ ਵਿਚ ਕੁਕਰੇ ਹੋਣ `ਤੇ ਵੀ ਦਿਮਾਗੀ ਬਿਮਾਰੀ ਦੇ ਸ਼ਿਕਾਰ ਕਿਸੇ ਵਿਅਕਤੀ ਨੂੰ ਇਹ ਭਰਮ ਖੜ੍ਹਾ ਹੋ ਸਕਦਾ ਹੈ।

Back To Top