– ਮੇਘ ਰਾਜ ਮਿੱਤਰ
ਫਾਜ਼ਿਲਕਾ
27.7.87
ਪਿਆਰ ਭਰੀ ਸਤਿ ਸ੍ਰੀ ਅਕਾਲ
ਸ੍ਰੀਮਾਨ ਜੀ ਵੈਸੇ ਤਾਂ ਮੈਂ ਤਰਕਸ਼ੀਲ ਸੁਸਾਇਟੀ ਬਣਨ ਦੇ ਵਕਤ ਤੋਂ ਹੀ ਇਸਦਾ ਪ੍ਰਸ਼ੰਸਕ ਅਤੇ ਤੁਹਾਡਾ ਹਮ ਵਿਚਾਰ ਰਿਹਾ ਹਾਂ। ਪਰ ਪੱਤਰ ਅੱਜ ਪਹਿਲੀ ਵਾਰ ਲਿਖ ਰਿਹਾ ਹਾਂ। ਮੈਂ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਸਾਰੀਆਂ ਪੁਸਤਕਾਂ ਪੜ੍ਹ ਚੁੱਕਾ ਹਾਂ ਅਤੇ ਹੁਣ ਸੁਸਾਇਟੀ ਦਾ ਰਸਾਲਾ ਵੀ ਪੜ੍ਹਦਾ ਹਾਂ। ਆਪ ਜੀ ਵੱਲੋਂ ਪ੍ਰਕਾਸ਼ਿਤ ਸਾਰੀਆਂ ਪੁਸਤਕਾਂ ਨੂੰ ਪੜ੍ਹ ਕੇ ਖੁਸ਼ੀ ਵੀ ਹੋਈ ਅਤੇ ਮਨ ਨੂੰ ਸ਼ਾਂਤੀ ਵੀ ਮਿਲੀ ਕਿ ਇਸ ਹਨੇਰੇ ਵਿਚ ਗੁਆਚੇ ਸਮਾਜ ਨੂੰ ਕੱਢਣ ਲਈ ਵਿਗਿਆਨਕ ਵਿਚਾਰ ਰੱਖਣ ਵਾਲੇ ਲੋਕ ਵੀ ਹਨ। ਤੁਹਾਡੇ ਇਸ ਉਠਾਏ ਗਏ ਲੋਕ ਭਲਾਈ ਕੰਮ ਲਈ ਮੈਂ ਤੁਹਾਨੂੰ ਮੁਬਾਰਕ ਦਿੰਦਾ ਹਾਂ।
ਅੱਜ ਤੁਹਾਨੂੰ ਪੱਤਰ ਲਿਖਣ ਦਾ ਇਕ ਵੱਡਾ ਕਾਰਨ ਹੈ। ਅੱਜ ਸਾਡੇ ਪਿੰਡ ਅਤੇ ਨਾਲ ਲੱਗਦੇ ਪਿੰਡ ਤੋਂ ਪੰਜ ਕੁ ਆਦਮੀ ਸਾਡੇ ਘਰ ਆਏ ਜਿਹੜੇ ਕਿ ਤਕਰੀਬਨ ਪੜ੍ਹੇ ਲਿਖੇ ਸਨ ਪਰ ਉਨ੍ਹਾਂ ਵਿਚੋਂ ਇਕ ਬਜ਼ੁਰਗ ਵੀ ਸੀ। ਸੁਸਾਇਟੀ ਦੀਆਂ ਕਿਤਾਬਾਂ ਬਾਹਰ ਵੇਖ ਕੇ ਭੂਤਾਂ-ਪ੍ਰੇਤਾਂ ਦੀ ਹੋਂਦ ਬਾਰੇ ਬਹਿਸ ਚੱਲ ਪਈ। ਸਾਰਿਆਂ ਨੇ ਇਹੀ ਕਿਹਾ ਕਿ ਭੂਤ-ਪ੍ਰੇਤ ਹੁੰਦੇ ਹਨ। ਪਰ ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਸੀ। ਇਸ ਲਈ ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਤਾਂ ਸਿਰਫ਼ ਵਹਿਮ ਹੁੰਦਾ ਹੈ। ਪਰ ਉਹ ਨਾ ਮੰਨੇ। ਇਕ ਤਾਂ ਮੈਂ ਇਕੱਲਾ ਸੀ ਤੇ ਦੂਸਰਾ ਮੈਂ 17-18 ਕੁ ਸਾਲ ਦਾ ਕਾਲਜ ਦਾ ਵਿਦਿਆਰਥੀ ਹਾਂ। ਕਾਫ਼ੀ ਦੇਰ ਬਹਿਸ ਚੱਲਦੀ ਰਹੀ। ਅੰਤ ਵਿਚ ਇਹ ਫ਼ੈਸਲਾ ਹੋਇਆ ਕਿ ਮੈਂ ਜਾਂ ਤੁਹਾਡੀ ਸੁਸਾਇਟੀ ਸਿਰਫ਼ ਦੋ ਕੰਮ ਕਰੇ ਤਾਂ ਉਹ ਸਭ ਭੂਤਾਂ `ਤੇ ਵਿਸ਼ਵਾਸ ਕਰਨਾ ਛੱਡ ਦੇਣਗੇ। ਮੈਂ ਉਹ ਦੋਵੇਂ ਕੰਮ ਕਬੂਲ ਕਰ ਲਏ ਹਨ। ਪਹਿਲਾ ਇਹ ਹੈ ਕਿ ਫਿਰੋਜ਼ਪੁਰ ਐੱਸ. ਐੱਸ. ਪੀ. ਦੀ ਕੋਠੀ ਕੋਲ ਸ਼ੇਰ-ਸ਼ਾਹ ਬਲੀ ਦੀ ਸਮਾਧ ਹੈ। ਉਸ ਸਮਾਧ ਦੀ ਕੰਧ ਵਿਚ ਵਲ ਹੈ। ਇਹ ਕੰਧ ਢਾਅ ਕੇ ਸਿੱਧੀ ਕੰਧ ਕੱਢਣੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਕਿਸੇ ਨੇ ਇਹ ਕੰਧ ਢਾਅ ਕੇ ਸਿੱਧੀ ਕੀਤੀ ਸੀ ਅਤੇ ਫਿਰ ਉਹ ਬੁੜਕਨ ਲੱਗ ਪਿਆ ਤੇ ਜਦੋਂ ਕੰਧ ਪਹਿਲਾਂ ਦੀ ਤਰ੍ਹਾਂ ਹੀ ਕੱਢੀ ਗਈ ਤਾਂ ਉਹ ਠੀਕ ਹੋ ਗਿਆ ਸੀ। ਹਾਲਾਂਕਿ ਇਹ ਬੁੜਕਣ ਵਾਲੀ ਗੱਲ ਹਾਸੋ ਹੀਣੀ ਸੀ ਪਰ ਉਨ੍ਹਾਂ ਨੇ ਮੈਨੂੰ ਤੇ ਸੁਸਾਇਟੀ ਨੂੰ ਚੈਲੇਂਜ ਕੀਤਾ ਹੈ।
ਦੂਸਰਾ ਕੰਮ ਇਹ ਹੈ ਕਿ ਸਾਡੇ ਪਿੰਡ ਟਾਹਲੀ ਵਾਲਾ ਜੱਟਾ ਦੇ ਨਾਲ ਅਸਨਾਮ ਵਾਲਾ ਪਿੰਡ ਹੈ। ਉਸ ਪਿੰਡ ਕੋਲ ਕੋਈ ਟਿੱਬਾ ਹੈ। ਇਹ ਕੰਮ ਕਰਨ ਲਈ ਤਾਂ ਮੈਂ ਇਕੱਲਾ ਹੀ ਤਿਆਰ ਹਾਂ ਪਰ ਤੁਹਾਡੀ ਮਦਦ ਜ਼ਰੂਰ ਲੈਣਾ ਚਾਹੁੰਗਾ। ਉਸ ਟਿੱਬੇ ਉੱਤੇ ਕਿਸੇ ਫ਼ਕੀਰ ਦੀ ਸਮਾਧ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਉਸ ਟਿੱਬੇ ਤੋਂ ਸਮਾਧ ਦੀਆਂ ਦੋ ਇੱਟਾਂ ਅਤੇ ਇਕ ਹਰਾ ਕੱਪੜਾ ਜਿਹੜਾ ਉਥੋਂ ਦੀ ਨਿਸ਼ਾਨੀ ਹੈ, ਚੁੱਕ ਕੇ ਲਿਆ ਕੇ ਦਿਖਾਵਾਂ ਅਤੇ ਨਾਲ ਹੀ ਇਕ ਰਾਤ ਉੱਥੇ ਪਵਾਂ।
ਸ੍ਰੀਮਾਨ ਜੀ ਜਿਹੜੀਆਂ ਦੋਵੇਂ ਗੱਲਾਂ ਲਿਖੀਆਂ ਹਨ ਉਸ ਲਈ ਮੈਂ ਤੁਹਾਡੀ ਮਦਦ ਲੈਣੀ ਚਾਹੁੰਦਾ ਹਾਂ। ਪੱਤਰ ਦਾ ਜਵਾਬ ਜਲਦੀ ਦੇਣਾ। ਜੇ ਕੋਈ ਗਲਤੀ ਹੋਵੇ ਤਾਂ ਅਣਜਾਣ ਸਮਝ ਕੇ ਮਾਫ਼ ਕਰ ਦੇਣਾ।
ਆਪ ਦਾ ਹਮਵਿਚਾਰ
ਰਾਜਦਵਿੰਦਰ ਸਿੰਘ
ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਦੀ ਕੋਠੀ ਕੋਲ ਜੋ ਸ਼ੇਰਸ਼ਾਹ ਬੜੀ ਦੀ ਸਮਾਧ ਹੈ ਉਸ ਬਾਰੇ ਵਹਿਮ ਫਿਰੋਜ਼ਪੁਰ ਵਿਚ ਨਹੀਂ ਹੈ ਸਗੋਂ ਉਸ ਤੋਂ ਬਾਹਰਲੇ ਇਲਾਕਿਆਂ ਵਿਚ ਵੀ ਹੈ। ਆਮ ਤੌਰ `ਤੇ ਵਹਿਮਾਂ ਭਰਮਾਂ ਬਾਰੇ ਇਹ ਵੀ ਵੇਖਣ ਵਿਚ ਆਇਆ ਹੈ ਕਿ ਜਿਸ ਇਲਾਕੇ ਨਾਲ ਉਹ ਸੰਬੰਧਿਤ ਹੁੰਦੇ ਹਨ ਉੱਥੇ ਉਨ੍ਹਾਂ ਬਾਰੇ ਕੋਈ ਚਰਚਾ ਨਹੀਂ ਹੁੰਦੀ ਪਰ ਦੂਰ ਉਨ੍ਹਾਂ ਬਾਰੇ ਬਹਿਸ ਚੱਲਦੀ ਰਹਿੰਦੀ ਹੈ। ਠੀਕ ਇਹੀ ਗੱਲ ਸਾਧਾਂ ਸੰਤਾਂ `ਤੇ ਢੁੱਕਦੀ ਹੈ। ਜਿਸ ਪਿੰਡ ਵਿਚ ਉਨ੍ਹਾਂ ਦਾ ਡੇਰਾ ਹੁੰਦਾ ਹੈ ਉਥੋਂ ਦਾ ਕੋਈ ਵਿਰਲਾ ਵਿਅਕਤੀ ਹੀ ਉਨ੍ਹਾਂ ਪਾਸ ਜਾਂਦਾ ਹੈ ਪਰ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਉਨ੍ਹਾਂ ਪਾਸ ਜਾਂਦੇ ਹਨ। ਜੇ ਫਿਰੋਜ਼ਪੁਰ ਦੇ ਲੋਕ ਚਾਹੁੰਦੇ ਹੋਣ ਤਾਂ ਸੁਸਾਇਟੀ ਨਾਲ ਸੰਪਰਕ ਕਰ ਸਕਦੇ ਹਨ। ਸੁਸਾਇਟੀ ਆਪਣੇ ਮੈਂਬਰਾਂ ਰਾਹੀਂ ਕੰਧ ਸਿੱਧੀ ਕੱਢ ਕੇ ਵਿਖਾ ਸਕਦੀ ਹੈ।
