ਮੇਘ ਰਾਜ ਮਿੱਤਰ
ਜਵਾਬ :- ਚੀਨ ਦੀ ਰਾਜਧਾਨੀ ਬੀਜਿੰਗ ਦੇ ਤਿਆਨਮਿਨ ਚੌਕ ਵਿੱਚ ਚਾਰ ਵਿਅਕਤੀਆਂ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ। ਇਹਨਾਂ ਵਿੱਚੋਂ ਤਿੰਨ ਦੀ ਤਾਂ ਥਾਂ ਤੇ ਹੀ ਮੌਤ ਹੋ ਗਈ। ਚੌਥੀ ਲੜਕੀ ਜੋ ਅਜੇ ਸਹਿਕਦੀ ਸੀ ਨੂੰ ਚੁੱਕ ਕੇ ਪੁਲੀਸ ਹਸਪਤਾਲ ਲੈ ਗਈ। ਇਸ 16 ਸਾਲਾਂ ਲੜਕੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਤੂੰ ਆਪਣੇ ਆਪ ਨੂੰ ਅੱਗ ਕਿਉਂ ਲਾਈ ਹੈ, ਤਾਂ ਉਸਦਾ ਜੁਆਬ ਸੀ ਕਿ ਮੇਰੇ ਗੁਰੂ ਜੀ ਨੇ ਮੈਨੂੰ ਕਿਹਾ ਸੀ ਕਿ ਅੱਗ ਲਾ ਕੇ ਮਰਨ ਵਾਲੇ ਸਵਰਗ ਵਿੱਚ ਚਲੇ ਜਾਂਦੇ ਹਨ। ਇਹ ਕਹਿਕੇ ਉਹ ਲੜਕੀ ਮਰ ਗਈ।
ਇਸ ਘਟਨਾਂ ਤੇ ਚੀਨੀ ਕਮਿਊਨਿਸਟ ਪਾਰਟੀ ਦੇ ਪੋਲਿਟ ਬਿਉਰੇ ਦੀ ਮੀਟਿੰਗ ਹੋਈ। ਜਿਸ ਵਿੱਚ ਇਸ ਘਟਨਾਂ ਦੀ ਗੰਭੀਰਤਾ ਤੇ ਵਿਚਾਰ ਕੀਤਾ ਗਿਆ। ਚੀਨੀ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਦਾ ਵਿਚਾਰ ਸੀ ਕਿ ਜਿਵੇਂ ਜਿਵੇਂ ਚੀਨ ਦੀ ਮੰਡੀ ਦਾ ਵਿਸ਼ਵੀਕਰਨ ਹੋ ਰਿਹਾ ਹੈ ਤਾਂ ਦੂਸਰੇ ਦੇਸ਼ਾਂ ਦੇ ਅੰਧ ਵਿਸ਼ਵਾਸ ਵੀ ਉਹਨਾਂ ਦੇ ਦੇਸ਼ ਵਿੱਚ ਆ ਰਹੇ ਹਨ। ਅੱਗ ਲਾ ਕੇ ਮੱਚਣ ਵਾਲੇ ਚਾਰੇ ਵਿਅਕਤੀ ਫਾਲੁਨ ਗੌਂਗ ਦੇ ਚੇਲੇ ਸਨ। ਇਸ ਲਈ ਚੀਨੀ ਸਰਕਾਰ ਨੇ ਮਹਿਸੂਸ ਕੀਤਾ ਕਿ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਦੀ ਗਿਣਤੀ ਤਾਂ ਪੰਜ ਕਰੋੜ ਤੀਹ ਲੱਖ ਹੈ ਪਰ ਫਾਲੁਨ ਗੌਂਗ ਦੇ ਮੈਂਬਰਾਂ ਦੀ ਗਿਣਤੀ ਅੱਠ ਕਰੋੜ ਤੋਂ ਉਪਰ ਹੋ ਚੁੱਕੀ ਹੈ। ਸੋ ਚੀਨ ਦੀ ਸਰਕਾਰ ਨੇ ਫਾਲੂਨ ਗੌਂਗ ਨੂੰ ਚੀਨ ਵਿਚੋਂ ਗੈਰ ਕਾਨੂੰਨੀ ਕਰਾਰ ਦੇ ਦਿੱਤਾ। ਆਪਣੀ ਸਾਰੀ ਫੌਜ, ਪੁਲਸ, ਪਾਰਟੀ, ਯੂਨੀਵਰਸਿਟੀਆਂ ਤੇ ਟੈਲੀਵਿਜਨ ਨੂੰ ਫਾਲੁਨ ਗੌਂਗ ਨੂੰ ਕੁਚਲਣ ਲਈ ਸਰਗਰਮ ਕਰ ਦਿੱਤਾ ਗਿਆ। ਉਹਨਾਂ ਦੀਆਂ ਸੀਡੀਆਂ, ਕਿਤਾਬਾਂ ਤੇ ਬੁਲਡੋਜਰ ਚਾੜ ਦਿੱਤੇ ਗਏ। ਲੋਕਾਂ ਦੀ ਸੋਚ ਵਿਗਿਆਨਕ ਬਣਾਉਣ ਲਈ ਦੁਨੀਆ ਦੇ ਕਈ ਪ੍ਰਸਿੱਧ ਤਕਰਸ਼ੀਲਾਂ ਨੂੰ ਬੀਜਿੰਗ ਬੁਲਾ ਕੇ ਸੀ. ਸੀ. ਟੀ. ਵੀ. ਤੋਂ ਬੋਲਣ ਲਈ ਕਿਹਾ ਗਿਆ। ਮੈਨੂੰ ਇਸੇ ਮੰਤਵ ਲਈ ਬੁਲਾਇਆ ਗਿਆ ਸੀ ਤੇ ਮੈਂ ਤਿੰਨ ਵਾਰ 45-45 ਮਿੰਟ ਲਈ ਸੀ. ਸੀ. ਟੀ. ਵੀ. ਤੋਂ ਹਿੰਦੀ ਵਿੱਚ ਬੋਲਿਆ। ਉਹਨਾਂ ਵਲੋਂ ਦਿੱਤੇ ਗਏ ਦੁਭਾਸ਼ੀਏ ਨੇ ਮੇਰੀਆਂ ਗੱਲਾਂ ਦਾ ਅਨੁਵਾਦ ਚਾਈਨੀਜ਼ ਵਿੱਚ ਕੀਤਾ।