– ਮੇਘ ਰਾਜ ਮਿੱਤਰ
ਬੱਸੀ ਗੁਲਾਮ ਹੁਸੈਨ
31.5.86
ਲਾਲ ਸਲਾਮ
ਆਪ ਦਾ ਪੱਤਰ ਅਤੇ ਪ੍ਰਣ ਪੱਤਰ ਸਾਨੂੰ ਪ੍ਰਾਪਤ ਹੋ ਗਿਆ ਹੈ। ਪਰ ਕਾਫੀ ਦੇਰ ਨਾਲ ਮਿਲਿਆ ਹੈ। ਅਸੀਂ ਦੋਵੇਂ ਪ੍ਰਣ ਪੱਤਰ ਭਰ ਕੇ ਇਸ ਪੱਤਰ ਦੇ ਨਾਲ ਹੀ ਭੇਜ ਰਹੇ ਹਾਂ ਅਤੇ ਦੋਵਾਂ ਦੀ ਮੈਂਬਰਸ਼ਿਪ ਫੀਸ 20 ਰੁਪਏ ਅੱਜ ਹੀ 31.5.86 ਨੂੰ ਆਪ ਨੂੰ ਭੇਜ ਰਹੇ ਹਾਂ।
ਸਾਥੀ ਜੀ ਅਸੀਂ ਪੱਤਰ ਵਿਚ ਜਿਸ ਵਿਅਕਤੀ ਬਾਰੇ ਲਿਖਿਆ ਸੀ ਉਸ ਨਾਲ ਸਾਡੀ ਟੱਕਰ ਆਪ ਨੂੰ ਪੱਤਰ ਲਿਖਣ ਤੋਂ ਤਿੰਨ ਦਿਨ ਬਾਅਦ ਹੀ ਹੋ ਗਈ ਸੀ। ਭਾਵੇਂ ਅਸੀਂ ਕੁਝ ਡਰਦੇ ਸਾਂ ਕਿ ਅਸੀਂ ਟੱਕਰ ਤਦ ਹੀ ਲਈਏ ਜਦੋਂ ਆਪ ਵੱਲੋਂ ਸਾਨੂੰ ਪੱਤਰ ਰਾਹੀਂ ਕੁਝ ਨੁਕਤੇ ਮਿਲ ਜਾਣ, ਪਰ ਉਸ ਨਾਲ ਟੱਕਰ 6-5-86 ਨੂੰ ਹੋਈ ਸੀ। ਘਟਨਾ ਕੁਝ ਇਸ ਤਰ੍ਹਾਂ ਹੋਈ :-
ਸ਼ਾਮ ਨੂੰ ਜਦੋਂ ਉਹ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਅਸੀਂ ਉਸਨੂੰ ਪਿੰਡ ਦੇ ਬਜ਼ਾਰ ਵਿਚ ਹੀ ਰੋਕ ਲਿਆ। ਉਸਦਾ ਨਾਂ ਕ੍ਰਿਸ਼ਨ ਲਾਲ ਹੈ। ਪਿੰਡ-ਚੱਕ ਸਾਦੂ ਹੈ। ਮੈਂ ਉਸਨੂੰ ਪਹਿਲਾ ਸੁਆਲ ਇਹ ਕੀਤਾ ਕਿ ਤੁਸੀਂ ਕੋਈ ਹੱਥ ਦੀ ਸਫਾਈ ਕਰਦੇ ਹੋ ਜਾਂ ਕੋਈ ਗੈਬੀ ਸ਼ਕਤੀ ਤੁਹਾਡੇ ਕੋਲ ਹੈ ਤਾਂ ਉਸ ਨੇ ਕਿਹਾ ਕਿ ਮੈਂ 25 ਸਾਲ ਤਪ ਕੀਤਾ ਹੈ। ਮੇਰੇ ਕੋਲ ਗੈਬੀ ਸ਼ਕਤੀਆਂ ਹਨ। ਮੈਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਤੁਹਾਡੇ ਕਿਸੇ ਵੀ ਰਿਸ਼ਤੇਦਾਰ ਨੂੰ ਜਾਂ ਕਿਸੇ ਵੀ ਵਸਤੂ ਨੂੰ ਨਹੁੰ ਵਿਚ ਵਿਖਾ ਸਕਦਾ ਹਾਂ ਜਿਸ ਹਾਲਤ ਵਿਚ ਵੀ ਉਹ ਹੋਵੇ। ਜਾਂ ਘਰ ਦਾ ਕੋਈ ਵੀ ਵਿਅਕਤੀ ਜਿਸਨੂੰ 20 ਸਾਲ ਤੱਕ ਮਰੇ ਹੋਏ ਹੋ ਗਏ ਹੋਣ। ਉਸਨੂੰ ਜਿਉਂ ਦਾ ਤਿਉਂ ਦਿਖਾ ਸਕਦਾ ਹਾਂ। ਸਾਥੀ ਜੀ ਉਹ ਗੱਲਾਂਬਾਤਾਂ ਤੋਂ ਬਹੁਤ ਹੀ ਚਲਾਕ ਕਿਸਮ ਦਾ ਆਦਮੀ ਹੈ। ਹਰ ਗੱਲ ਨਾਲ 100% ਸੱਚ ਜ਼ਰੂਰ ਕਹਿੰਦਾ ਸੀ।
ਅਸੀਂ ਫਿਰ ਉਸ ਨੂੰ ਸਾਫ ਕਹਿ ਦਿੱਤਾ ਕਿ ਅਸੀਂ ਤੇਰੀ ਪਰਖ ਕਰਨੀ ਚਾਹੁੰਦੇ ਹਾਂ ਤਾਂ ਉਹ ਕਹਿਣ ਲੱਗਾ ਕਿ ਮੈਂ ਹਰ ਪਰਖ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਤੁਸੀਂ ਪ੍ਰਸ਼ਨ ਪੁੱਛ ਸਕਦੇ ਹੋ?
ਮੈਂ ਉਸਨੂੰ ਕਿਹਾ ਕਿ ਮੇਰੀ ਜੇਬ ਵਿਚ ਇਕ ਪੰਜ ਰੁਪਏ ਦਾ ਨੋਟ ਹੈ। ਤੁਸੀਂ ਉਸਦਾ ਨੰਬਰ ਦੱਸਣਾ (ਨੰਬਰ ਨੋਟ ਕਰਨ ਲਈ ਕਾਗਜ਼ ਅਤੇ ਪੈਨ ਲਿਆਂਦਾ ਗਿਆ) ਇਸ ਪ੍ਰਸ਼ਨ ਤੋਂ ਉਹ ਘਬਰਾ ਗਿਆ ਅਤੇ ਗੱਲ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਕਦੀ ਕਹੇ ਮੇਰੀ ਸਿਹਤ ਠੀਕ ਨਹੀਂ। ਕਦੀ ਕਹੇ ਮੈਂ ਅਗਲੇ ਮੰਗਲਵਾਰ ਕਰਾਂਗਾ। ਪਰੂੰਤ ਉੱਥੇ ਹਾਜ਼ਰ 50-60 ਨੌਜਵਾਨ ਅਤੇ ਕੁਝ ਹੋਰ ਸਿਆਣੇ ਆਦਮੀਆਂ ਨੇ ਉਸ ਨੂੰ ਕਿਹਾ ਕਿ ‘‘ਬਾਬਾ ਜੀ ਤੁਸੀਂ ਇਨ੍ਹਾਂ ਦੀ ਸ਼ੰਕਾ ਦੂਰ ਕਰੋ। ਤੁਹਾਡੇ ਲਈ ਤਾਂ ਇਹ ਮਾਮੂਲੀ ਗੱਲ ਹੈ।’’ ਫਿਰ ਉਹ ਸ਼ਰਮ ਦਾ ਮਾਰਿਆ ਮੰਨ ਗਿਆ ਕਿ ਆਉ ਮੈਂ ਹੁਣੇ ਹੀ ਕਰਕੇ ਦੱਸ ਦਿੰਦਾ ਹਾਂ। ਉੱਥੇ ਹੀ ਅਸੀਂ ਉਸਨੂੰ ਇੱਕ ਕਮਰੇ ਵਿਚ ਵਾੜ ਲਿਆ। ਕਮਰੇ ਵਿਚ ਹਨੇਰਾ ਸੀ। ਅਸੀਂ ਲਾਈਟ ਜਗਾ ਲਈ ਪਰ ਉਸਨੇ ਲਾਈਟ ਬੰਦ ਕਰਵਾ ਦਿੱਤੀ ਕਿ ਹਨੇਰੇ ਵਿਚ ਚੰਗਾ ਵਿਖਾਈ ਦਿੰਦਾ ਹੈ ਅਤੇ ਉਸ ਨੇ 20 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਦੀ ਮੰਗ ਕੀਤੀ ਜਿਨ੍ਹਾਂ ਦੇ ਨਹੁੰ ਪਾਲਿਸ਼ ਲਾਈ ਜਾਵੇ। ਅਸੀਂ ਦੋ ਲੜਕੇ ਆਪਣੇ ਵੱਲੋਂ ਦਿੱਤੇ। ਪਰ ਉਹ ਵਾਰ-ਵਾਰ ਉਸ 9-10 ਸਾਲ ਦੇ ਅਨਪੜ੍ਹ ਬੱਚੇ ਨੂੰ ਲਿਆਉਣ ਦੀ ਮੰਗ ਕਰਦਾ ਰਿਹਾ (ਜਿਨ੍ਹਾਂ ਦੇ ਘਰ ਉਸਦਾ ਆਉਣਾ ਜਾਣਾ ਹੈ ਭਾਵ ਕਿ ਉਹ ਉਸਦੇ ਏਜੰਟ ਹਨ) ਅਸੀਂ ਉਹ ਬੱਚਾ ਵੀ ਮੰਗਵਾ ਲਿਆ। ਨਹੁੰ ਪਾਲਿਸ਼ ਲਾਈ ਗਈ। ਬੱਚਿਆਂ ਨੂੰ ਆਪਣੇ ਸਾਹਮਣੇ ਬਿਠਾ ਕੇ ਉਨ੍ਹਾਂ ਉੱਪਰ ਫੂਕਾਂ ਮਾਰਨ ਲੱਗਾ। ਫਿਰ ਉਸਨੇ ਆਪਣੇ ਬੈਗ ਵਿੱਚੋਂ ਇੱਕ ਡੱਬੀ ਕੱਢੀ ਉਸ ਵਿੱਚੋਂ ਛੋਟੀਆਂ ਛੋਟੀਆਂ ਪੁੜੀਆਂ ਜਿਹੀਆਂ ਕੱਢੀਆਂ ਅਤੇ ਬੱਚਿਆਂ ਦੀ ਹਥੇਲੀ `ਤੇ ਰੱਖਕੇ ਦੂਸਰੇ ਹੱਥ ਵਾਲਾ ਨਹੁੰ ਪਾਲਿਸ਼ ਵਾਲਾ ਅੰਗੂਠਾ ਉਸ ਪੁੜੀ ਉੱਪਰ ਰਖਵਾ ਦਿੱਤਾ। ਉਸੇ ਵਕਤ ਅਸੀਂ ਪੁੱਛਿਆ ਕਿ ਇਹ ਕੀ ਹੈ। ਤਾਂ ਉਹ ਕਹਿਣ ਲੱਗਾ ਕਿ ਇਹ ਕਾਗਜ਼ `ਤੇ ਬਣੇ ਹੋਏ (ਤਬੀਤ) ਹਨ। ਮੈਂ ਉਸਨੂੰ ਕਿਹਾ ਕਿ ਅਗਰ ਇਹ ਕਾਗਜ਼ ਤੋਂ ਬਣੇ ਹੋਏ ਤਬੀਤ ਹਨ ਤਾਂ ਮੈਨੂੰ ਵਿਖਾਏ ਜਾਣ ਜਾਂ ਬੁੱਝ ਕੇ ਰੱਖ ਲਏ ਜਾਣ। ਉਸ ਨੇ ਝੱਟ ਪੱਟ ਉਹ ਪੁੜੀਆਂ ਬੱਚਿਆਂ ਤੋਂ ਲੈ ਕੇ ਆਪਣੀ ਡੱਬੀ ਵਿਚ ਰੱਖ ਲਈਆਂ। ਫਿਰ ਮੰਤਰ ਪੜ੍ਹਨ ਲੱਗਾ ਅਤੇ ਬੱਚਿਆਂ ਨੂੰ ਆਪਣੇ ਪਿੱਛੇ ਬੋਲਣ ਲਈ ਕਿਹਾ। ਜੋ ਕਿ ਇਸ ਤਰ੍ਹਾਂ ਹੈ:-
‘‘ਝਾੜੂ ਦੇਣੇ ਵਾਲੇ, ਝਾੜੂ ਦੇ ਕਰ ਚਲੇ ਜਾਉ, ਦਰੀਆਂ ਵਿਛਾਉਣ ਵਾਲੇ ਦਰੀਆਂ ਵਿਛਾ ਕੇ ਚਲੇ ਜਾਉ। ਜਿੰਨੋਂ ਕੇ ਬਾਦਸ਼ਾਹ ਜਲਦੀ ਚਲੇ ਜਾਉ, ਦਰਬਾਰ ਲਗਾਉ। ਬਾਬਾ ਜੀ ਇਸਦਾ ਪ੍ਰਸ਼ਨ ਹੈ। ਇਸ ਦੀ ਜੇਬ `ਚ (ਅਮਰਜੀਤ ਸਿੰਘ ਦੀ ਜੇਬ) ਵਿੱਚ ਪੰਜਾਂ ਦਾ ਨੋਟ ਹੈ। ਉਸਦਾ ਨੰਬਰ ਲਾਈਟ ਮਾਰ ਕੇ ਵਿਖਾਉਣਾ ਹੈ।’’
ਫਿਰ ਉਹ ਚੁੱਪ ਕਰ ਗਿਆ ਅਤੇ ਬੱਚਿਆਂ ਨੂੰ ਕਹਿਣ ਲੱਗਾ ਕਿ ਵੇਖੋ ਕਿ ਨਜ਼ਰ ਆਉਂਦਾ ਹੈ? ਸਾਡੇ ਵੱਲੋਂ ਬਿਠਾਏ ਹੋਏ ਬੱਚਿਆਂ ਨੂੰ ਕੁਝ ਵੀ ਨਜ਼ਰ ਨਹੀਂ ਆਇਆ ਪਰ ਉਹ ਬੱਚਾ (ਜਿਸ ਦੀ ਉਹ ਮੰਗ ਕਰ ਰਿਹਾ ਸੀ) ਕਹਿਣ ਲੱਗਾ ਕਿ ਮੈਨੂੰ ਨਜ਼ਰ ਆ ਰਿਹਾ ਹੈ। ਪਰ ਜਦੋਂ ਅਸੀਂ ਇੱਕ ਦਬਕਾ ਮਾਰਿਆ ਤਾਂ ਉਸਨੂੰ ਵੀ ਨਜ਼ਰ ਆਉਣੋਂ ਹਟ ਗਿਆ ਤੇ ਅਸੀਂ ਬਾਬੇ `ਤੇ ਚੜ੍ਹਾਈ ਕਰ ਦਿੱਤੀ। ਬਾਬੇ ਨੇ ਦੁਆਰਾ ਮੰਤਰ ਪੜ੍ਹਿਆ ਪਰ ਫਿਰ ਵੀ ਉਹੀ ਕੁਝ ਹੋਇਆ। ਅਸੀਂ ਕਿਹਾ ‘‘ਸਾਨੂੰ ਪੱਕਾ ਯਕੀਨ ਸੀ ਕਿ ਤੂੰ ਕੁਝ ਵੀ ਨਹੀਂ ਵਿਖਾ ਸਕਦਾ ਤੂੰ ਪਾਖੰਡੀ ਏਂ। ਤੈਨੂੰ ਮੰਨਣਾ ਪਵੇਗਾ।’’ ਫਿਰ ਉਸ ਨੇ ਇੱਕ ਹੋਰ ਬਹਾਨਾ ਮਾਰਿਆ ਕਿ ਨਮਾਜ਼ ਪੜ੍ਹ ਰਹੇ ਹੋਣ ਇਸ ਕਰਕੇ ਨਹੀਂ ਆਏ। ਪਰ ਅਸੀਂ ਉਸਨੂੰ ਕਿਹਾ ਕਿ ਤੂੰ ਪਹਿਲਾਂ ਤਾਂ ਕਹਿੰਦਾ ਸੀ ਕਿ ਮੈਂ ਰਾਤ ਦੇ ਗਿਆਰਾਂ ਵਜੇ ਤੱਕ ਪੀਰ ਨਾਲ ਸਿੱਧਾ ਸੰਪਰਕ ਕਰ ਸਕਦਾ ਹਾਂ। ਇਸ `ਤੇ ਉਹ ਉੱਠ ਕੇ ਦੁਕਾਨ ਤੋਂ ਬਾਹਰ ਆ ਗਿਆ ਪਰ ਆਪਣੀ ਹਾਰ ਨਹੀਂ ਮੰਨ ਰਿਹਾ ਸੀ। ਕਿਉਂਕਿ ਕੁਝ ਆਦਮੀ ਉਸਦੀ ਹਮਾਇਤ `ਤੇ ਵੀ ਸਨ। ਜੋ ਕਿ ਸਾਡੇ ਨਾਲ ਕਾਫੀ ਗਰਮ ਹੋਏ। ਪਰ ਮੈਂ ਉਸਨੂੰ ਫਿਰ ਇਹ ਵੀ ਕਿਹਾ ਕਿ ਤੂੰ ਮੈਨੂੰ ਦੋ ਘੰਟੇ ਦੇ ਅੰਦਰ ਅੰਦਰ ਕੋਈ ਸਰੀਰਕ ਨੁਕਸਾਨ ਪਹੁੰਚਾ ਕੇ ਵਿਖਾ। ਪਰ ਉਹ ਨਾ ਮੰਨਿਆ, ਤੇ ਕਹਿਣ ਲੱਗਾ ਕਿ ਮੈਂ ਅੱਜ ਰਾਤ ਇੱਥੇ ਹੀ ਰਹਾਂਗਾ। ਤੁਸੀਂ ਮੇਰੇ ਕੋਲ ਆਉ ਤੇ ਮੈਂ ਤੁਹਾਡੀ ਤਸੱਲੀ ਕਰਾਂਗਾ। ਪਰ ਅਸੀਂ ਉਸਨੂੰ ਕਿਹਾ ਕਿ ਤੂੰ ਸਾਡੇ ਨਾਲ ਲਿਖਤੀ ਰੂਪ ਵਿਚ ਗੱਲ ਕਰ ਅਤੇ 1000 ਰੁਪਏ ਸਕਿਉਰਟੀ ਜਮ੍ਹਾਂ ਕਰਾਉਣ ਦੀ ਗਾਰੰਟੀ ਦੇ ਤਾਂ ਅਸੀਂ ਆਪਣੇ ਪ੍ਰਧਾਨ ਨੂੰ ਲਿਆਵਾਂਗੇ। ਪਰ ਉਹ ਜ਼ਬਾਨੀ ਮੰਨਦਾ ਸੀ। ਆਖਰ ਅਸੀਂ ਉਸ ਨਾਲ ਹੋਰ ਬਹਿਸ ਕਰਨੀ ਠੀਕ ਨਹੀਂ ਸਮਝੀ ਅਤੇ ਉੱਥੇ ਹਾਜ਼ਰ 60-70 ਵਿਅਕਤੀਆਂ ਵਿੱਚੋਂ (5-7) ਨੂੰ ਛੱਡ ਕੇ, ਬਾਕੀਆਂ ਨੂੰ ਯਕੀਨ ਕਰਨਾ ਪਿਆ ਕਿ ਇਹ ਸਾਧ ਪਾਖੰਡੀ ਹੈ। ਉਹ ਹੁਣ ਵੀ ਪਿੰਡ ਆਉਂਦਾ ਹੈ। ਪਰ ਉਸਦੀ ਗਾਹਕੀ ਘੱਟ ਗਈ ਹੈ।
ਅੰਤ ਵਿੱਚ ਅਸੀਂ ਆਪ ਤੋਂ ਆਸ ਕਰਦੇ ਹਾਂ ਕਿ ਭਵਿੱਖ ਵਿਚ ਕਿਸੇ ਵੀ ਅਜਿਹੀ ਘਟਨਾ ਵਿਚ ਸਾਨੂੰ ਕੋਈ ਸਹਾਇਤਾ ਦੀ ਲੋੜ ਪਵੇ ਤਾਂ ਅਸੀਂ ਆਪ ਤੋਂ ਵਿਚਾਰਾਧਾਰਕ ਸਹਾਇਤਾ ਲੈ ਸਕੀਏ। ਜਾਂ ਕੋਈ ਹੋਰ ਕਿਤਾਬ ਤੁਸੀਂ ਛਪਵਾਉ ਤਾਂ ਸਾਨੂੰ ਸੂਚਿਤ ਕਰੋਗੇ।
ਆਪ ਦੇ ਵਿਸ਼ਵਾਸ ਪਾਤਰ,
ਅਮਰਜੀਤ ਸਿੰਘ,
ਸੂਰਤ ਸਿੰਘ
ਹਜ਼ਰਾਇਤ ਰਾਹੀਂ ਜੋ ਕੁਝ ਵਿਖਾਇਆ ਜਾਂਦਾ ਹੈ ਉਸਦਾ ਹਕੀਕਤ ਨਾਲ ਕੋਈ ਸੰਬੰਧ ਨਹੀਂ ਹੁੰਦਾ ਹੈ। ਇਸ ਸੰਬੰਧੀ ਸੰਖੇਪ ਜਾਣਕਾਰੀ ਪਹਿਲੇ ਪੱਤਰ ਵਿਚ ਦਿੱਤੀ ਜਾ ਚੁੱਕੀ ਹੈ।
