– ਮੇਘ ਰਾਜ ਮਿੱਤਰ
ਨਕੋਦਰ
12-8-87
ਨਮਸਕਾਰ
ਮੈਂ ਤੁਹਾਡੀ ਸੰਸਥਾ ਦੁਆਰਾ ਪ੍ਰਕਾਸ਼ਤ ਪੁਸਤਕਾਂ ਬੜੀ ਰੁਚੀ ਨਾਲ ਪੜ੍ਹ ਰਿਹਾ ਹਾਂ। ਜਿਵੇਂ ਰੌਸ਼ਨੀ, ਤਰਕਬਾਣੀ, ਦੇਵ ਦੈਂਤ ਤੇ ਰੂਹਾਂ, …..ਤੇ ਦੇਵ ਪੁਰਸ਼ ਹਾਰ ਗਏ ਆਦਿ ਪੜ੍ਹੀਆਂ। ਮੈਨੂੰ ਇਹ ਕਿਤਾਬਾਂ ਬਹੁਤ ਚੰਗੀਆਂ ਲੱਗੀਆਂ। ਮੈਂ ਇਹ ਕਿਤਾਬਾਂ ਆਪਣੇ ਸਾਥੀਆਂ ਨੂੰ ਵੀ ਪੜ੍ਹਾਈਆਂ ਅਤੇ ਵਹਿਮਾਂ-ਭਰਮਾਂ ਤੋਂ ਦੂਰ ਕੀਤਾ ਅਤੇ ਉਨ੍ਹਾਂ ਦੀ ਰੁਚੀ ਨੂੰ ਆਪਣੀ ਕੋਸ਼ਿਸ਼ ਦੁਆਰਾ ਆਪ ਦੀ ਸੰਸਥਾ ਵੱਲ ਵਧਾਇਆ। ਮੈਂ ਇਹ ਪੱਤਰ ਆਪ ਨੂੰ ਆਪਣੀ ਮੁਸ਼ਕਿਲ ਹੱਲ ਕਰਨ ਲਈ ਲਿਖ ਰਿਹਾ ਹਾਂ। ਮੇਰੀ ਮੁਸ਼ਕਿਲ ਇਹ ਹੈ ਕਿ ਅਮਰਨਾਥ ਦੀ ਯਾਤਰਾ ਜੋ ਕਿ ਹਰ ਆਦਮੀ ਜਾਣਦਾ ਹੈ। ਇਹ ਯਾਤਰਾ ਜੋ ਇਸਤਰੀ, ਪੁਰਸ਼, ਬੱਚਾ ਤੇ ਬੁੱਢਾ ਕਰਦਾ ਹੈ ਉਹ ਅਮਰ ਰਹਿੰਦਾ ਹੈ। ਅਮਰਨਾਥ ਦੀ ਯਾਤਰਾ ਦੇ ਬਾਰੇ ਜੋ ਗੱਲਾਂ ਆਪ ਨੂੰ ਲਿਖ ਰਿਹਾ ਹਾਂ, ਉਹ ਮੇਰੇ ਸਾਹਮਣੇ ਇਕ ਚੁਣੌਤੀ ਹਨ। ਕਿਉਂਕਿ ਕਾਫ਼ੀ ਪੜ੍ਹੇ-ਲਿਖੇ ਲੋਕਾਂ ਦੇ ਅਮਰਨਾਥ ਦੀ ਯਾਤਰਾ ਦੇ ਬਾਰੇ ਸੁਆਲ ਮੇਰੇ ਸਾਹਮਣੇ ਹਨ। ਜਿਨ੍ਹਾਂ ਦਾ ਮੇਰੇ ਕੋਲ ਉਨ੍ਹਾਂ ਨੂੰ ਸੰਤੁਸ਼ਟ ਕਰਨ ਦਾ ਕੋਈ ਉੱਤਰ ਨਹੀਂ ਹੈ। ਸੁਆਲ ਹੇਠ ਲਿਖੇ ਹਨ ਇਨ੍ਹਾਂ ਦਾ ਜਵਾਬ ਜਲਦੀ ਤੋਂ ਜਲਦੀ ਭੇਜ ਦੇਣਾ ਤਾਂ ਕਿ ਮੈਂ ਲੋਕਾਂ ਨੂੰ ਇਸ ਦਾ ਸਹੀ ਉੱਤਰ ਦੇ ਸਕਾਂ।
1. ਰਾਖੀ ਵਾਲੇ ਦਿਨ ਰਾਤ ਨੂੰ ਸ਼ਿਵਲਿੰਗ ਬਰਫ਼ ਦਾ ਬਣਦਾ ਹੈ ਤੇ ਉਸੀ ਰਾਤ ਨੂੰ ਇਕ ਕਬੂਤਰਾਂ ਦਾ ਜੋੜਾ ਆਉਂਦਾ ਹੈ?
2. ਉੱਥੇ ਅਮਰਨਾਥ ਦਾ ਨਾਂ ਆਪਣੇ ਆਪ ਲਿਖਿਆ ਜਾਂਦਾ ਹੈ?
3. ਸ਼ਿਵ ਜੀ ਨੇ ਆਪਣੀ ਅਮਰ ਕਹਾਣੀ ਪਾਰਵਤੀ ਨੂੰ ਸੁਣਾਈ ਪਰੰਤੂ ਉਹ ਤਾਂ ਕਦੇ ਵਾਪਸ ਨਹੀਂ ਆਈ ਜਿਵੇਂ ਕਬੂਤਰ ਹਰ ਸਾਲ ਆਉਂਦੇ ਹਨ।
4. ਅਮਰਨਾਥ ਦੀ ਯਾਤਰਾ ਵਿਚ ਜੋ ਮਰ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ ਭਾਵ ਕਿਸੇ ਦੂਜੀ ਆਤਮਾ ਵਿਚ ਪ੍ਰਵੇਸ਼ ਕਰ ਜਾਂਦਾ ਹੈ।
ਆਪ ਦਾ ਸ਼ੁਭ ਚਿੰਤਕ
ਰਜਨੀਸ਼ ਕੁਮਾਰ
ਜਦੋਂ ਕਿਸੇ ਥਾਂ `ਤੇ ਤਾਪਮਾਨ ਸਿਫ਼ਰ ਦਰਜੇ ਤੋਂ ਘਟ ਜਾਂਦਾ ਹੈ ਤਾਂ ਪਾਣੀ ਦੀ ਉਪਰਲੀ ਤਹਿ ਜੰਮ ਜਾਂਦੀ ਹੈ। ਬਰਫ਼ ਪਾਣੀ ਤੋਂ ਹਲਕੀ ਹੁੰਦੀ ਹੈ ਇਸ ਲਈ ਇਹ ਪਾਣੀ ਦੇ ਉੱਪਰ ਹੀ ਤੈਰਦੀ ਰਹਿੰਦੀ ਹੈ ਅਤੇ ਹੇਠਲਾ ਪਾਣੀ ਨਹੀਂ ਜੰਮਦਾ ਹੈ। ਹੁਣ ਇਹ ਪਾਣੀ ਕਿਸੇ ਚਟਾਨ ਵਿਚੋਂ ਤੁਪਕਾ-ਤੁਪਕਾ ਕਰਕੇ ਰਿਸਦਾ ਹੈ ਤਾਂ ਇਹ ਹੇਠਾਂ ਪਈ ਬਰਫ਼ `ਤੇ ਆ ਡਿੱਗਦਾ ਹੈ ਇੱਥੇ ਤਾਪਮਾਨ ਸਿਫ਼ਰ ਤੋਂ ਹੇਠਾਂ ਹੋਣ ਕਰਕੇ ਇਹ ਜੰਮ ਜਾਂਦਾ ਹੈ। ਇਹ ਵਰਤਾਰੇ ਦੁਨੀਆ ਦੀਆਂ ਹੋਰ ਬਹੁਤ ਸਾਰੀਆਂ ਗੁਫ਼ਾਵਾਂ ਵਿਚ ਵੀ ਪਾਏ ਜਾਂਦੇ ਹਨ। ਇਸਨੂੰ ਭਾਰਤ ਵਿਚ ਸ਼ਿਵਲਿੰਗ ਕਹਿ ਕੇ ਪੂਜਿਆ ਜਾਂਦਾ ਹੈ। ਕਈ ਵਾਰੀ ਤਾਂ ਪੁਜਾਰੀ ਪੈਸੇ ਬਣਾਉਣ ਲਈ ਨਕਲੀ ਢੰਗ ਨਾਲ ਵੀ ਅਜਿਹਾ ਸ਼ਿਵਲਿੰਗ ਬਣਾ ਲੈਂਦੇ ਹਨ। ਅਜਿਹੇ ਸਥਾਨਾਂ `ਤੇ ਜਦੋਂ ਯਾਤਰੀ ਜਾਣ ਲੱਗ ਜਾਂਦੇ ਹਨ ਤਾਂ ਉਹ ਖਾਣ-ਪੀਣ ਦਾ ਸਮਾਨ ਵੀ ਆਪਣੇ ਨਾਲ ਲਿਜਾਣ ਲੱਗ ਜਾਂਦੇ ਹਨ। ਸੋ ਜਾਨਵਰਾਂ ਨੂੰ ਖੁਰਾਕ ਮਿਲਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਕੁਝ ਜਾਨਵਰ ਵੀ ਰਹਿਣਾ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਗੱਲਾਂ ਦਾ ਰੱਖੜੀਆਂ ਦਾ ਤਿਉਹਾਰ ਨਾਲ ਸੰਬੰਧ ਸਿਰਫ਼ ਐਨਾ ਹੀ ਹੁੰਦਾ ਹੈ ਕਿ ਇਨ੍ਹਾਂ ਦਿਨਾਂ ਵਿਚ ਹੀ ਇਹ ਰਸਤਾ ਖੁੱਲ੍ਹਦਾ ਹੈ। ਅਮਰਨਾਥ ਦਾ ਨਾਂ ਆਪਣੇ ਆਪ ਨਹੀਂ ਲਿਖਿਆ ਜਾਂਦਾ ਹੈ ਸਗੋਂ ਪੁਜਾਰੀ ਅਜਿਹਾ ਜਾਣ ਬੁੱਝ ਕੇ ਕਰਦੇ ਹਨ। ਸ਼ਿਵ ਜੀ, ਪਾਰਬਤੀ ਦੀ ਕਹਾਣੀ ਮਿਥਿਹਾਸ ਹੈ। ਅਸਲੀਅਤ ਨਾਲ ਇਸ ਦਾ ਕੋਈ ਸੰਬੰਧ ਨਹੀਂ। ਦੁਨੀਆ ਦੀ ਕਿਸੇ ਲਾਇਬ੍ਰੇਰੀ ਵਿਚ ਚਲੇ ਜਾਓ ਜਿੱਥੇ ਹਿੰਦੂ ਧਰਮ ਨਾਲ ਸੰਬੰਧਤ ਕਿਤਾਬਾਂ ਪਈਆਂ ਹੋਣਗੀਆਂ ਉੱਥੇ ਮੋਟੇ ਅੱਖਰਾਂ ਵਿਚ ਸ਼ਬਦ ਹਿੰਦੂ ਮਿਥਉਲੋਜੀ ਲਿਖਿਆ ਹੋਵੇਗਾ। ਜਿਸਦਾ ਸਪੱਸ਼ਟ ਅਰਥ ਹੈ ਹਿੰਦੂ ਮਿਥਿਹਾਸ।
ਜਦੋਂ ਸਰੀਰ ਵਿਚ ਆਤਮਾ ਹੀ ਨਹੀਂ ਹੁੰਦੀ ਤਾਂ ਅਮਰ ਹੋਣਾ ਵੀ ਸਿਰਫ਼ ਕਲਪਨਾ ਹੀ ਰਹਿ ਜਾਂਦੀ ਹੈ।
