ਮੇਘ ਰਾਜ ਮਿੱਤਰ
ਮਨੁੱਖ ਨੇ ਹਰੇਕ ਅੰਗ ਤੋਂ ਵੱਖਰਾ ਵੱਖਰਾ ਕੰਮ ਲੈਣ ਦਾ ਢੰਗ ਸਿੱਖਿਆ। ਉਦਾਹਰਣ ਦੇ ਤੌਰ ਤੇ ਜੇ ਤੁਹਾਥੋਂ ਸੂਈ ਥੱਲੇ ਡਿੱਗ ਪਏ ਤੇ ਤੁਸੀਂ ਇਸਨੂੰ ਅੰਗੂਠੇ ਦੀ ਸਹਾਇਤਾ ਤੋਂ ਬਗੈਰ ਉਂਗਲੀਆਂ ਨਾਲ ਚੁੱਕਣ ਦਾ ਯਤਨ ਕਰੋ ਤਾਂ ਤੁਹਾਨੂੰ ਇਸ ਵਿੱਚ ਮੁਸ਼ਕਲ ਆਵੇਗੀ।
ਇਵੇਂ ਹੀ ਜੇ ਤੁਸੀਂ ਆਪਣੀ ਇੱਕ ਅੱਖ ਬੰਦ ਕਰਕੇ ਸੂਈ ਵਿੱਚ ਧਾਗਾ ਪਾਉਣ ਦਾ ਯਤਨ ਕਰੋ ਤਾਂ ਤੁਸੀਂ ਇਸ ਵਿੱਚ ਸਫ਼ਲ ਨਹੀਂ ਹੋਵੋਗੇ। ਮਨੁੱਖ ਨੇ ਹੋਰ ਬਹੁਤ ਸਾਰੀਆਂ ਗੱਲਾਂ ਆਪਣੇ ਅਨੁਭਵਾਂ ਅਤੇ ਤਜਰਬਿਆਂ ਰਾਹੀਂ ਸਿੱਖੀਆਂ ਹੋਣਗੀਆਂ, ਉਦਾਹਰਣ ਦੇ ਤੌਰ ਤੇ ਪਹਿਲਾ ਤਾਂ ਉਸਨੇ ਪੈਰ ਦਾ ਠੁੱਡਾ ਵੱਜ ਕੇ ਟੀਸੀ ਤੋਂ ਹੇਠਾਂ ਡਿੱਗਦਾ ਪੱਥਰ ਵੇਖਿਆ ਹੋਵੇਗਾ। ਫਿਰ ਉਸ ਡਿੱਗਦੇ ਪੱਥਰ ਤੋਂ ਡਰ ਕੇ ਭੱਜਦਾ ਹੋਇਆ ਜੰਗਲੀ ਜਾਨਵਰ ਵੀ ਤੱਕਿਆ ਹੋਵੇਗਾ। ਇਸ ਤਰ੍ਹਾਂ ਉਸਦੇ ਇਹ ਅਨੁਭਵ ਨੇ ਉਸਨੂੰ ਜਾਨਵਰਾਂ ਦਾ ਪੱਥਰਾਂ ਨਾਲ ਸ਼ਿਕਾਰ ਕਰਨਾ ਸਿਖਾਇਆ ਹੋਏਗਾ। ਫਿਰ ਇਸ ਤਰ੍ਹਾਂ ਸ਼ਿਕਾਰ ਕਰਦੇ ਹੋਏ ਛੱਡਿਆ ਹੋਇਆ ਪੱਥਰ ਕਿਸੇ ਹੋਰ ਪੱਥਰ ਨਾਲ ਜਾ ਟਕਰਾਇਆ ਹੋਵੇਗਾ ਤਾਂ ਇਸ ਤਰ੍ਹਾਂ ਪੈਦਾ ਹੋਈ ਚੰਗਿਆੜੀ ਨੇ ਉਸਨੂੰ ਪੱਥਰਾਂ ਨੂੰ ਇੱਕ ਦੂਜੇ ਨਾਲ ਟਕਰਾਂ ਨੇ ਅੱਗ ਪੈਦਾ ਕਰਨ ਦੀ ਵਿਉਂਤ ਸਿਖਾਈ ਹੋਵੇਗੀ।
ਅਸਮਾਨੀ ਬਿਜਲੀ ਨਾਲ ਜੰਗਲ ਵਿੱਚ ਲੱਗੀ ਅੱਗ ਵਿੱਚ ਭੁਜੇ ਜਾਨਵਰਾਂ ਦਾ ਮਾਸ ਉਸਨੂੰ ਦੂਜੇ ਮਾਸ ਨਾਲੋਂ ਖਾਣ ਵਿੱਚ ਨਰਮ ਲੱਗਿਆ ਹੋਵੇਗਾ। ਸਿੱਟੇ ਵਜੋਂ ਉਹਨੇ ਮਾਸ ਨੂੰ ਅੱਗ ਤੇ ਪਕਾਉਣਾ ਸਿੱਖਿਆ ਹੋਵੇਗਾ। ਲੂਣ ਦੀਆਂ ਪਹਾੜੀਆਂ ਤੇ ਮਰੇ ਜਾਨਵਰ ਦੇ ਲੂਣੇ ਮਾਸ ਨੇ ਉਸਨੂੰ ਲੂਣ ਵਰਤਣ ਦੀ ਵਿਧੀ ਦੀ ਜਾਂਚ ਸਿਖਾਈ ਹੋਏਗੀ। ਇਸ ਤਰ੍ਹਾਂ ਹੀ ਜਾਨਵਰਾਂ ਦੁਆਰਾ ਖਾਧੇ ਫਲਾਂ ਦੇ ਬੀਜਾਂ ਤੋਂ ਪੈਦਾ ਹੋਏ ਬੂਟਿਆਂ ਤੋਂ ਬਾਗਵਾਨੀ ਦਾ ਅਤੇ ਜ਼ਹਿਰੀਲੇ ਅਤੇ ਸੁਆਦਲੇ ਫ਼ਲਾਂ ਦੀ ਪਹਿਚਾਣ ਦਾ ਢੰਗ ਉਸਨੇ ਸਿੱਖਿਆ ਹੋਵੇਗਾ।
ਪਹਿਲਾਂ ਉਹ ਝੁਕ ਕੇ ਜਾਨਵਰਾਂ ਦੀ ਤਰ੍ਹਾਂ ਪਾਣੀ ਪੀਂਦਾ ਸੀ। ਇਸ ਤੋਂ ਬਾਅਦ ਉਸਨੇ ਹੱਥਾਂ ਦੀਆਂ ਚੂਲੀਆਂ ਰਾਹੀਂ ਪਾਣੀ ਪੀਣਾ ਸਿੱਖਿਆ ਫਿਰ ਉਸਨੇ ਬਾਂਸਾਂ ਦੀਆਂ ਖਾਲੀ ਪੋਰੀਆਂ ਵਰਤੋਂ ਵਿੱਚ ਲਿਆਂਦੀਆਂ।
ਇਸ ਤਰ੍ਹਾਂ ਹੀ ਉਸਨੇ ਆਪਣੇ ਦੁਆਰਾ ਇਕੱਠੇ ਕੀਤੇ ਸ਼ਿਕਾਰ ਨੂੰ ਅਤੇ ਫਲਾਂ ਨੂੰ ਸਾਂਭਣ ਲਈ ਪਹਿਲਾਂ ਪਹਿਲ ਬਾਂਸ ਦੀਆਂ ਜਾਂ ਪੱਤਿਆਂ ਦੀਆਂ ਟੋਕਰੀਆਂ ਬਣਾਈਆਂ ਹੋਣਗੀਆਂ ਤੇ ਫਿਰ ਇਹਨਾਂ ਟੋਕਰੀਆਂ ਨੂੰ ਮਜ਼ਬੂਤ ਅਤੇ ਚੀਜ਼ਾਂ ਨੂੰ ਕਿਰਨ ਤੋਂ ਬਚਾਉਣ ਲਈ ਇਹਨਾਂ ਉੱਪਰ ਮਿੱਟੀ ਦੀ ਪਰਤ ਚੜ੍ਹਾਈ ਹੋਵੇਗੀ। ਇਸ ਤੋਂ ਬਾਅਦ ਇਸ ਤਰ੍ਹਾਂ ਕਰਦੇ ਹੋਏ ਉਸਨੇ ਮਿੱਟੀ ਦੇ ਬਰਤਨ ਬਣਾਉਣੇ ਸਿੱਖ ਲਏ ਹੋਣਗੇ। ਮਿੱਟੀ ਦੇ ਬਰਤਨਾਂ ਵਾਲੀ ਕੁੱਲੀ ਨੂੰ ਲੱਗੀ ਅੱਗ ਨੇ ਉਹਨੂੰ ਸਮਝਾ ਦਿੱਤਾ ਹੋਵੇਗਾ ਕਿ ਅੱਗ ਵਿੱਚ ਰੱਖੇ ਹੋਏ ਮਿੱਟੀ ਦੇ ਬਰਤਨ ਹੋਰ ਵੱਧ ਮਜ਼ਬੂਤ ਹੋ ਜਾਂਦੇ ਹਨ। ਇਸ ਤਰ੍ਹਾਂ ਉਹਨੇ ਬਰਤਨਾਂ ਨੂੰ ਅੱਗ ਵਿੱਚ ਪਕਾਉਣ ਦੀ ਵਿਧੀ ਵਿਕਸਿਤ ਕਰ ਲਈ ਹੋਵੇਗੀ। ਇਸ ਤੋਂ ਹੀ ਹੌਲੀ ਹੌਲੀ ਉਹ ਚੀਕਣੀ ਮਿੱਟੀ ਦੇ ਸੁੰਦਰ ਬਰਤਨ ਬਣਾਉਣਾ ਸਿੱਖ ਗਿਆ ਹੋਵੇਗਾ। ਝੌਂਪੜੀ ਦੀ ਅੱਗ ਨੇ ਇੱਟਾਂ ਪਕਾਉਣ ਦਾ ਢੰਗ ਅਤੇ ਲੱਕੜ ਤੋਂ ਕੋਇਲਾ ਬਣਾਉਣ ਦਾ ਢੰਗ ਵੀ ਮਨੁੱਖ ਨੂੰ ਜ਼ਰੂਰ ਸਮਝਾਇਆ ਹੋਵੇਗਾ।