ਨਿਊਜ਼ੀਲੈਂਡ ਦੀਆਂ ਵੇਖਣਯੋਗ ਥਾਂਵਾਂ

ਮੇਘ ਰਾਜ ਮਿੱਤਰ

ਕੈਲੀ ਟਾਰਟਨ
ਇਹ ਸਮੁੰਦਰ ਵਿਚਲੀ ਦੁਨੀਆਂ ਦਾ ਮਿਉਜੀਅਮ ਹੈ। ਇਹ ਨਿਉਜੀਲੈਂਡ ਦੇ ਪ੍ਰਸਿੱਧ ਗੋਤਾਖੋਰ ਅਤੇ ਖੋਜੀ ਕੈਲੀ ਟਾਰਟਨ ਦੀ ਯਾਦ ਵਿੱਚ 1985 ਵਿੱਚ ਬਣਾਇਆ ਗਿਆ ਸੀ। ਇਸਦਾ ਨਿਰਮਾਣ ਨਾ ਵਰਤਣਯੋਗ ਸੀਵਰੇਜ ਦੀਆਂ ਟੈਂਕੀਆਂ ਨਾਲ ਕੀਤਾ ਗਿਆ ਹੈ। ਐਕਰੀਲਿਕ ਦੀਆਂ ਸੀਟਾਂ ਨੂੰ ਮੋੜ ਕੇ ਇਸ ਤਰ੍ਹਾਂ ਦੀ 110 ਮੀਟਰ ਲੰਬੀ ਸੁਰੰਗ ਤਿਆਰ ਕੀਤੀ ਗਈ ਹੈ ਕਿ ਤੁਹਾਨੂੰ ਸਮੁੰਦਰੀ ਜੀਵਾਂ ਦੇ ਦਰਸ਼ਨ ਹੋ ਸਕਣ। ਮੈਨੂੰ ਇਸ ਸਮੁੰਦਰੀ ਦੁਨੀਆਂ ਦੀ ਯਾਤਰਾ ਨਿਉਜੀਲੈਂਡ ਦੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੀ ਸਰਗਰਮ ਮੈਂਬਰ ਮਮਤਾ ਵਲੋਂ ਕਰਵਾਈ ਗਈ। ਮਮਤਾ ਖੁਦ ਆਕਲੈਂਡ ਵਿੱਚ ਸਰਕਾਰੀ ਸਕੂਲ ਦੀ ਅਧਿਆਪਕਾ ਹੈ। ਸਭ ਤੋਂ ਪਹਿਲਾਂ ਸਾਨੂੰ ਐਂਟਰਾਟਿਕਾ ਦੀ ਠੰਡ ਵਿੱਚ ਰਹਿਣ ਵਾਲੇ ਜੀਵਾਂ ਪੈਂਗੁਅਨਾਂ ਦੇ ਦਰਸ਼ਨ ਕਰਵਾਏ ਗਏ। ਬਰਫ ਵਿੱਚ ਬੈਠੇ ਪੈਂਗੁਅਨ ਬਹਤ ਹੀ ਸੁੰਦਰ ਦਿਖਾਈ ਦੇ ਰਹੇ ਹਨ। ਕੁਝ ਪੈਂਗੁਅਨ ਸਮੁੰਦਰ ਵਿੱਚ ਵੀ ਗੋਤੇ ਲਾ ਰਹੇ ਸਨ। ਇਸ ਅਕੁਏਰੀਅਮ ਵਿੱਚ 1800 ਕਿਸਮ ਦੇ ਸਮੁੰਦਰੀ ਜੀਵ ਹਨ। ਇਹਨਾਂ ਸਾਰੇ ਜੀਵਾਂ ਲਈ ਲੋੜੀਂਦਾ ਤਾਪਮਾਨ ਰੋਸ਼ਨੀ, ਖੁਰਾਕ ਅਤੇ ਵਾਤਾਵਰਣ ਉਪਲਬਧ ਕਰਵਾਉਣਾ ਪ੍ਰਬੰਧਕਾਂ ਦੀ ਡਿਉਟੀ ਹੈ। ਕਿਸੇ ਜੀਵ ਨੂੰ ਖੁਰਾਕ ਕਿੰਨੇ ਸਮੇਂ ਬਾਅਦ ਦੇਣੀ ਹੈ ਦਵਾਈ ਲਈ ਡਾਕਟਰ ਉਪਲਬਧ ਕਰਵਾਉਣੇ ਕੋਈ ਸੁਖਾਲਾ ਕੰਮ ਨਹੀਂ। 1911 ਵਿੱਚ ਜਿਹੜੀ ਮੁਹਿੰਮ ਐਂਟਰਾਟਿਕਾ ਗਈ ਸੀ। ਉਸਨੇ ਉਥੇ ਰਹਿਣ ਲਈ ਇੱਕ ਆਸਰਾ ਘਰ ਬਣਾਇਆ ਸੀ ਜਿਸ ਵਿੱਚ ਖਾਣ-ਪੀਣ ਦੇ ਸਮਾਨ ਦੇ ਨਾਲ-ਨਾਲ ਉਹਨਾਂ ਦੀ ਪ੍ਰਯੋਗਸ਼ਾਲਾ ਵੀ ਸੀ। ਠੀਕ ਅਜਿਹੀ ਹੀ ‘ਸਕਾਟ ਹੱਟ’ ਦਰਸ਼ਕਾਂ ਦੇ ਵੇਖਣ ਲਈ ਇਹਨਾਂ ਨੇ ਬਣਾਈ ਹੋਈ ਹੈ।
ਡਾਇਨਾਸੋਰਾਂ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਦੇ ਜੀਵ ਜੈਲੀਫਿਸ ਦੇ ਤੈਰਣ ਦੇ ਨਜ਼ਾਰੇ ਵੀ ਵੇਖਣ ਯੋਗ ਸਨ। ਵੱਡੀਆਂ-ਵੱਡੀਆਂ ਸ਼ਾਰਕਾਂ ਨੂੰ ਜਿਉਂਦਿਆਂ ਫੜ ਕੇ ਲਿਆਉਣਾ ਤੇ ਕੁਝ ਸਮੇਂ ਲਈ ਕੰਟਰੋਲਡ ਵਾਤਾਵਰਣ ਅਤੇ ਥਾਂ ਤੇ ਰੱਖਣਾ ਸੁਖਾਲਾ ਕੰਮ ਤਾਂ ਨਹੀਂ ਹੁੰਦਾ ਪਰ ਦਰਸ਼ਕਾਂ ਲਈ ਇਹਨਾਂ ਨੂੰ ਇਹ ਵੀ ਕਰਨਾ ਪੈਂਦਾ ਹੈ। ਇੱਕ-ਇੱਕ ਮੀਟਰ ਲੰਬੀਆਂ ਕਰੇਬ ਮੱਛੀਆਂ ਤੁਹਾਡੇ ਵੱਲ ਜਦੋਂ ਆਉਂਦੀਆਂ ਹਨ ਤਾਂ ਤੁਹਾਨੂੰ ਕੁੱਝ ਡਰ ਤਾਂ ਲੱਗਦਾ ਹੀ ਹੈ। ਇੱਕ ਪਤੰਗ ਵਰਗੀ ਪੂਛ ਵਾਲੀ ਮੱਛੀ ਪਿਛਲੇ 27 ਸਾਲ ਤੋਂ ਇੱਥੇ ਹੈ। ਹੁਣ ਤਾਂ ਉਸਨੇ ਆਪਣੇ 65 ਬੱਚੇ ਵੀ ਪੈਦਾ ਕਰ ਲਏ ਹਨ। ਇਸ ਦਾ ਭਾਰ 240 ਕਿਲੋ ਦੇ ਲਗਭੱਗ ਹੋ ਚੁੱਕਿਆ ਹੈ।
ਸਮੁੰਦਰੀ ਘੋੜਿਆਂ ਵਰਗੇ ਬਹੁਤ ਸਾਰੇ ਜੀਵ ਵੇਖਣ ਯੋਗ ਹਨ। ਸ਼ੇਰ ਵਰਗੀਆਂ ਧਾਰੀ ਵਾਲੀਆਂ ਮੱਛੀਆਂ ਰੰਗ ਬਰੰਗੀਆਂ ਵੀ ਸਨ। ਕੁਲ ਮਿਲਾਕੇ ਮੇਰੇ ਲਈ ਜਮੀਨ ਤੇ ਜੀਵ ਜੰਤੂਆਂ ਦੇ ਆਉਣ ਤੋਂ ਪਹਿਲਾਂ ਦੀ ਇਹ ਦੁਨੀਆਂ ਵੇਖਣਾ ਬਹੁਤ ਹੀ ਗਿਆਨਵਰਧਕ ਸੀ।

Back To Top