ਨੱਕੇ ਵਾਲਾ ਬਾਬਾ ਨੱਕੇ ਵਿੱਚ ਹੀ ਰੁੜ ਗਿਆ

ਮੇਘ ਰਾਜ ਮਿੱਤਰ, ਸੰਸਥਾਪਕ ਤਰਕਸ਼ੀਲ ਸੁਸਾਇਟੀ
ਭ੍ਰਿਗੂ ਗ੍ਰੰਥ ਦੀ ਅਸਲੀਅਤ ਵਾਲਾ ਲੇਖ ਪੜਕੇ ਇੱਕ ਸ਼ਰਧਾਲੂ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦਾ ਇਕ ਕਸਬਾ ਹੈ, ‘ਮੂਨਕ’ ਇੱਥੋਂ ਦੀ ਟੋਹਾਣਾ ਰੋੜ ਤੇ ਬਾਬਾ ਨੱਕੇ ਵਾਲੇ ਦੀ ਯਾਦ ਵਿੱਚ ਇੱਕ ਡੇਰੇ ਦੀ ਉਸਾਰੀ ਕਰਵਾਈ ਗਈ ਹੈ। 93-94 ਦੀ ਗੱਲ ਹੈ ਕਿ ਡੇਰੇ ਵਿੱਚ ਦੀਵਾਨ ਸਜਿਆ ਹੋਇਆ ਸੀ। ਪਾਖੰਡੀ ਸਾਧ ਸ਼ਬਦ ਗਾ ਰਿਹਾ ਸੀ, ਹੜ੍ਹ ਕਿਵੇਂ ਆਜੂਗਾ? ”ਬਾਬਾ ਨੱਕੇ ਵਾਲੇ ਨੇ ਨੱਕਾ ਮੋੜ ਦਿੱਤਾ।” ਇਸੇ ਸਮੇਂ ਦੌਰਾਨ ਉੱਥੇ ਹੜ ਆ ਗਿਆ, ਪਾਖੰਡੀ ਸਾਧ ਦਾ ਬਾਜਾ ਸਮੇਤ ਉਸਦੇ ਢੋਲਕ ਦੇ ਪਾਣੀ ਵਿੱਚ ਰੁੜਦਾ ਜਾਂਦਾ ਨਜ਼ਰ ਆ ਰਿਹਾ ਸੀ।
ਰੋਜ਼ਾਨਾ ਸਪੋਕਸਮੈਨ ਦੇ ਇੱਕ ਪਾਠਕ ਨੇ ਦੱਸਿਆ ਕਿ ਕਿਵੇਂ ਪਹੇਵੇ ਵਿਖੇ ਇੱਕ ਬਹੁਤ ਵੱਡੇ ਜੋਤਿਸ਼ ਦਾ ਦਫ਼ਤਰ ਹੈ। ਇਸ ਦਫ਼ਤਰ ਦਾ ਮੁਖੀ ਬਲਰਾਜ ਤਿਲਕ ਅਮਰ ਗਿਰੀ ਹੈ। ਹਰ ਵੇਲੇ 100-200 ਵਿਅਕਤੀ ਇਸ ਵਿੱਚ ਆਪਣੀਆਂ ਭਵਿੱਖਬਾਣੀਆਂ ਬਾਰੇ ਜਾਨਣ ਲਈ ਇਥੇ ਬੈਠੇ ਰਹਿੰਦੇ ਹਨ।
ਸਪੋਕਸਮੈਨ ਦੇ ਪਾਠਕ ਨੇ ਇਸ ਡੇਰੇ ਦੇ ਮਾਲਕ ਨੂੰ ਪੁੱਛਿਆ ਕਿ ਤੁਸੀਂ ਕਿੰਨੇ ਕੁ ਸਮੇਂ ਲਈ ਭਵਿੱਖਬਾਣੀ ਕਰ ਦਿੰਦੇ ਹੋ। ਜੋਤਿਸ਼ੀ ਜੀ ਕਹਿਣ ਲੱਗੇ ਕਿ ਮੈਂ ਆਉਣ ਵਾਲੇ 100 ਸਾਲ ਤੱਕ ਦੀ ਭਵਿੱਖਬਾਣੀ ਆਰਾਮ ਨਾਲ ਕਰ ਸਕਦਾ ਹਾਂ।”
ਠੀਕ ਵੀਹ ਦਿਨਾਂ ਪਿੱਛੋਂ ਹੀ ਉਸਦਾ ਹੋਣਹਾਰ ਸਪੁੱਤਰ ਮੋਟਰ ਸਾਈਕਲ ਦੇ ਐਕਸੀਡੈਂਟ ਨਾਲ ਸਦਾ ਦੀ ਨੀਂਦ ਸੋ ਗਿਆ। ਪਾਠਕ ਨੇ ਗਿਰੀ ਜੀ ਨੂੰ ਕਿਹਾ ”ਤੁਸੀਂ ਤਾਂ ਕਹਿੰਦੇ ਸੀ, ਮੈਂ 100 ਸਾਲ ਦੀ ਭਵਿੱਖਬਾਣੀ ਕਰ ਸਕਦਾ ਹਾਂ ਪਰ ਤੁਸੀਂ ਤਾਂ 20 ਦਿਨ ਦੀ ਭਵਿੱਖਬਾਣੀ ਵੀ ਨਾ ਕਰ ਸਕੇ।”
ਜੋਤਿਸ਼ੀ ਜੀ ਨੂੰ ਡੁੱਬ ਮਰਨ ਲਈ ਥਾਂ ਨਹੀਂ ਸੀ ਲੱਭ ਰਹੀ।
ਦਸਤਾਨੇ: ਅਮਰੀਕਾ ਤੋਂ ਇੱਕ ਮਿੱਤਰ ਦਲਜੀਤ ਸਿੰਘ ਦਾ ਫੋਨ ਆਇਆ ਕਹਿਣ ਲੱਗਿਆ, ”ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਚਾਹੁੰਦਾ ਹਾਂ, ਜੋ ਤਰਕਸ਼ੀਲਾਂ ਦੇ ਕੰਮ ਦੀ ਹੈ।” ਮੈਂ ਕਿਹਾ, ਸੁਣਾ!
”ਇਕ ਵਾਰ ਇੱਕ ਸੰਤ ਕੁਝ ਚੇਲਿਆਂ ਨਾਲ ਸਮੁੰਦਰ ਦੇ ਕਿਨਾਰੇ ਦੀ ਸੈਰ ਕਰ ਰਿਹਾ ਸੀ। ਅਚਾਨਕ ਉਸ ਨੂੰ ਨਜ਼ਰ ਆਇਆ ਕਿ ਇੱਕ ਠੂੰਹਾਂ ਪਾਣੀ ਵਿੱਚ ਡੁੱਬ ਰਿਹਾ ਹੈ, ਉਸ ਸੰਤ ਨੇ ਹੱਥ ਪਾਇਆ ਤੇ ਠੂੰਹੇ ਨੂੰ ਬਾਹਰ ਕੱਢ ਦਿੱਤਾ ਪਰ ਠੂੰਹੇ ਨੇ ਉਸਦੇ ਹੱਥ ਤੇ ਹੀ ਡੰਗ ਮਾਰ ਦਿੱਤਾ। ਸੰਤ ਜੀ ਨੇ ਦੋ ਚਾਰ ਵਾਰ ਅਜਿਹਾ ਹੀ ਵੇਖਿਆ ਤੇ ਜਦੋਂ ਉਹ ਉਹਨਾਂ ਨੂੰ ਬਾਹਰ ਕੱਢਦੇ ਉਹ ਡੰਗ ਮਾਰ ਦਿੰਦਾ। ਪੰਜਵੀਂ ਕੁ ਵਾਰ ਜਦੋਂ ਸੰਤ ਜੀ ਫਿਰ ਠੂੰਹੇ ਨੂੰ ਡੁਬਣੋਂ ਬਚਾਉਣ ਲਈ ਹੱਥ ਵਧਾਉਣ ਲੱਗੇ ਤਾਂ ਇੱਕ ਸਰਧਾਲੂ ਨੇ ਉਹਨਾਂ ਨੂੰ ਰੋਕ ਲਿਆ ਕਹਿਣ ਲੱਗਾ ”ਲਉ ਪਲਾਸਟਿਕ ਦਾ ਦਸਤਾਨਾ। ਇਹ ਪਹਿਣ ਲਵੋ ਹੁਣ ਠੂੰਹੇ ਤੁਹਾਡੇ ਡੰਗ ਨਹੀਂ ਮਾਰਨਗੇ। ਸੋ ਤਰਕਸ਼ੀਲਾਂ ਨੂੰ ਚਾਹੀਦਾ ਹੈ ਕਿ ਉਹ ਵੀ ਦਸਤਾਨਿਆਂ ਦਾ ਇਸਤੇਮਾਲ ਸਿੱਖ ਲੈਣ।” ਮੈਂ ਉਸਨੂੰ ਗੱਲ ਹੋਰ ਸਪਸ਼ਟ ਕਰਨ ਲਈ ਕਿਹਾ ਤਾਂ ਉਹ ਕਹਿਣ ਲੱਗਿਆ ਕਿ ਤਰਕਸ਼ੀਲ ਜਦੋਂ ਇਹ ਕਹਿ ਦਿੰਦੇ ਨੇ ਕਿ ਰੱਬ ਦੀ ਕੋਈ ਹੋਂਦ ਨਹੀਂ ਤਾਂ ਲੋਕ ਉਹਨਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਣਾ ਸ਼ੁਰੂ ਕਰ ਦਿੰਦੇ ਹਨ। ਜੇ ਉਹ ਇਹ ਕਹਿ ਦਿਆ ਕਰਨ ਕਿ ”ਰੱਬ ਨਿਰ ਅਕਾਰ ਹੈ ਤੇ ਤਰਕਸ਼ੀਲ ਸਮੁੱਚੇ ਬ੍ਰਹਿਮੰਡ ਨੂੰ ਚਲਾਉਣ ਵਾਲੀ ਸ਼ਕਤੀ ਨੂੰ ਹੀ ਰੱਬ ਕਹਿੰਦੇ ਹਨ। ਤਾਂ ਲੋਕ ਤਰਕਸ਼ੀਲਾਂ ਨੂੰ ਮਾਨ ਨਾਲ ਦੇਖਣਾ ਸ਼ੁਰੂ ਕਰ ਦੇਣਗੇ।” ਭਾਵੇਂ ਮੈਂ ਉਸਨੂੰ ਇਹ ਕਹਿਕੇ ਗੱਲ ਖ਼ਤਮ ਕਰ ਦਿੱਤੀ ਕਿ ਤਰਕਸ਼ੀਲ ਕਿਸੇ ਕਿਸਮ ਦੀ ਕੋਈ ਵੀ ਮੌਕਾਪ੍ਰਸਤੀ ਨਹੀਂ ਕਰਨਗੇ। ਆਪਣੀ ਗੱਲ ਨੂੰ ਸਪਸ਼ਟ ਲੋਕਾਂ ਵਿੱਚ ਲਿਜਾਣਗੇ। ਇਸ ਲਈ ਉਹਨਾਂ ਨੂੰ ਭਾਵੇਂ ਕੋਈ ਵੀ ਕੀਮਤ ਤਾਰਨੀ ਪਵੇ।

Back To Top