47. ਪੰਜਾਹ ਕਿਲੋ ਆਟੇ ਦੀਆਂ ਰੋਟੀਆਂ

– ਮੇਘ ਰਾਜ ਮਿੱਤਰ
ਬੰਗੀ ਦੀਪਾ ਸਿੰਘ
22.4.86
ਸਤਿ ਸ੍ਰੀ ਅਕਾਲ
ਅਸੀਂ ਆਪ ਜੀ ਦੀ ਜੱਥੇਬੰਦੀ ਤਰਕਸ਼ੀਲ ਸੁਸਾਇਟੀ ਦੇ ਅਤਿ ਧੰਨਵਾਦੀ ਹਾਂ ਅਸੀਂ ਆਪ ਜੀ ਦੀਆਂ ਪ੍ਰਕਾਸ਼ਿਤ ਕੀਤੀਆਂ ਤਿੰਨੇ ਕਿਤਾਬਾਂ ‘……ਤੇ ਦੇਵ ਪੁਰਸ਼ ਹਾਰ ਗਏ’, ਦੇਵ ਦੈਂਤ ਤੇ ਰੂਹਾਂ, ਰੌਸ਼ਨੀ ਪੜ੍ਹੀਆਂ ਜਿਨ੍ਹਾਂ ਤੋਂ ਸਾਨੂੰ ਬਹੁਤ ਜਾਣਕਾਰੀ ਮਿਲੀ। ਅਸੀਂ ਭੂਤਾਂ ਨੂੰ ਤਾਂ ਪਹਿਲਾਂ ਵੀ ਨਹੀਂ ਸਾਂ ਮੰਨਦੇ ਪਰ ਜਿਉਂ ਹੀ ਕਿਤਾਬਾਂ ਪੜ੍ਹੀਆਂ ਸਾਨੂੰ ਯਕੀਨ ਹੋ ਗਿਆ ਹੈ ਕਿ ਬਿਲਕੁਲ ਕੋਈ ਭੂਤ-ਪ੍ਰੇਤ ਨਹੀਂ। ਸਿਰਫ਼ ਇਹ ਤਾਂ ਮਨਾਂ ਦੇ ਵਹਿਮ ਹਨ।
ਅਸੀਂ ਤੁਹਾਡੀਆਂ ਇਨ੍ਹਾਂ ਕਿਤਾਬਾਂ `ਤੇ ਯਕੀਨ ਕਰਕੇ ਇਕ ਤਜਰਬਾ ਕੀਤਾ ਹੈ ਜੋ ਕਿ ਹੇਠ ਲਿਖਿਆ ਹੈ। ਮਿਤੀ 19.9.86 ਨੂੰ ਸ਼ਾਮ ਦੇ ਵੇਲੇ ਤਕਰੀਬਨ 8/9 ਵਜੇ ਦੀ ਗੱਲ ਹੈ ਕਿ 30/35 ਬੰਦਿਆਂ ਦਾ ਇਕੱਠ ਸੀ ਜਿਸ ਵਿਚ ਅਸੀਂ ਵੀ ਸ਼ਾਮਿਲ ਸੀ ਸਾਡੇ ਹੀ ਪਿੰਡ ਦਾ ਇਕ ਮਹਿਰਾ ਸਿੱਖ ਜੋ ਕਿ ਚੇਲਾ ਹੈ ਅਤੇ ਕਾਲਾ ਇਲਮ ਟੂਣੇ-ਟਾਮਣ ਵਿਚ ਮਸ਼ਹੂਰ ਹੈ ਆਮ ਲੋਕ ਉਸ ਉੱਪਰ ਪੂਰਾ ਯਕੀਨ ਕਰਦੇ ਸਨ। ਅਚਾਨਕ ਭੂਤਾਂ ਦੀਆਂ ਗੱਲਾਂ ਚੱਲ ਪਈਆਂ ਤੇ ਚੇਲੇ ਨੇ ਬਹਿਸ ਕੀਤੀ ਕਿ ਜਿਸ ਚੀਜ਼ ਦਾ ਨਾਂ ਟਿਕ ਗਿਆ ਹੈ ਉਹ ਹਰ ਚੀਜ਼ ਸਾਬਤ ਹੈ ਪਰ ਅਸੀਂ ਭੂਤ-ਪ੍ਰੇਤ ਦੀਆਂ ਗੱਲਾਂ ਤੋਂ ਸਾਫ਼ ਇਨਕਾਰ ਕੀਤਾ ਲਾਲ ਸਿੰਘ ਚੇਲੇ ਨੇ ਕਿਹਾ ਕਿ ਮੈਂ 50 ਕਿਲੋ ਆਟੇ ਦੀਆਂ ਰੋਟੀਆਂ ਖਾ ਜਾਵਾਂਗਾ। ਅਸੀਂ ਕਿਹਾ ਕਿ ਤੁੂੰ ਕਿਵੇਂ ਖਾ ਜਾਵੇਗਾ? ਤਾਂ ਉਸ ਨੇ ਕਿਹਾ ਕਿ ਮੈਂ ਨਹੀਂ ਖਾਣੀਆਂ ਇਹ ਤਾਂ ਭੂਤ ਹੀ ਖਾਣਗੇ ਤਾਂ ਉਸ ਨੇ ਸਾਨੂੰ ਡਰਾਉਣ ਲਈ ਕਿਹਾ ਕਿ ਮੈਂ ਬਾਹਰਲਾ ਬੰਦਾ ਕੋਈ ਨਹੀਂ ਪਾਉਣਾ ਤੇ ਇਕ ਹਜ਼ਾਰ ਰੁਪਏ ਦੀ ਸ਼ਰਤ ਲਾਵਾਂਗਾ। ਅਸੀਂ ਇਸ ਚੈਲੰਜ ਨੂੰ ਕਬੂਲਦੇ ਹੋਏ ਭਰੀ ਪੰਚਾਇਤ ਵਿਚ ਆਖਿਆ ਕਿ ਇਕ ਹਜ਼ਾਰ ਅਸੀਂ ਤੇ ਇਕ ਹਜ਼ਾਰ ਤੈਨੂੰ ਰੱਖਣਾ ਪਵੇਗਾ ਅਤੇ ਸੱਥ ਵਿਚ ਤੈਨੂੰ ਇਹ ਕਰਾਮਾਤ ਵਿਖਾਉਣੀ ਪਵੇਗੀ। ਜੇ ਤੂੰ ਹਾਰ ਗਿਆ ਤਾਂ ਤੇਰਾ 1000 ਰੁਪਏ ਜ਼ਬਤ ਹੋ ਜਾਣਗੇ ਤਾਂ ਉਹ ਵੱਧਦੇ ਮਾਮਲੇ ਤੋਂ ਇਹ ਕਹਿੰਦੇ ਹੋਏ ਤੁਰ ਗਿਆ ਕਿ ਤੁਸੀਂ ਮੈਨੂੰ ਪਿੰਡ ਵਿਚ ਵੱਸਣ ਦੇਣਾ ਹੈ ਜਾਂ ਨਹੀਂ। ਤਾਂ ਸਾਡੀ ਗੱਲ ਸੁਣ ਕੇ ਕੁਝ ਲੋਕਾਂ ਨੂੰ ਵਿਸ਼ਵਾਸ ਹੋ ਗਿਆ। ਅਸੀਂ ਤੁਹਾਡੀਆਂ ਕਿਤਾਬਾਂ `ਤੇ ਯਕੀਨ ਕਰਕੇ ਆਮ ਲੋਕਾਂ ਵਿਚ ਬਹਿਸ ਕਰਦੇ ਰਹਿੰਦੇ ਹਾਂ ਕਿ ਕੋਈ ਭੂਤ ਪ੍ਰੇਤ ਨਹੀਂ ਪਰ ਅਸੀਂ ਤੁਹਾਡੇ ਨਾਲ ਰਹਿ ਕੇ ਤਜ਼ਰਬਾ ਕਰਨਾ ਚਾਹੁੰਦੇ ਹਾਂ ਜੋ ਕਿ ਅਗਾਂਹ ਜ਼ਿੰਦਗੀ ਵਾਸਤੇ ਲੋਕਾਂ ਨੂੰ ਅੰਧ-ਵਿਸ਼ਵਾਸ ਵਿਚੋਂ ਕੱਢ ਕੇ ਸਿੱਧੇ ਰਾਹ ਪਾ ਸਕੀਏ।
ਅਸੀਂ ਤੁਹਾਡੀ ਜੱਥੇਬੰਦੀ ਦੇ ਮੈਂਬਰ ਬਣਨਾ ਚਾਹੁੰਦੇ ਹਾਂ ਸਾਨੂੰ ਯਕੀਨ ਹੈ ਕਿ ਤੁਸੀਂ ਸਾਡਾ ਖ਼ਤ ਪੜ੍ਹਦੇ ਸਾਰ ਹੀ ਇਸ ਦਾ ਜਵਾਬ ਦਿਉਗੇ।
ਤੁਹਾਡੇ ਖਤ ਦੇ ਉਡੀਕਵਾਨ
ਸਵਰਨਜੀਤ ਸਿੰਘ ਸਿੱਧੂ,
ਗੁਰਮੀਤ ਸਿੰਘ ਸਿੱਧੂ
ਅਖੌਤੀ ਸਿਆਣੇ ਇਹ ਗੱਲ ਤਾਂ ਜਾਣਦੇ ਹੀ ਹੁੰਦੇ ਹਨ ਕਿ ਕਿਹੜੀ ਗੱਲ ਸੰਭਵ ਹੈ ਜਾਂ ਨਹੀਂ। ਸਿਰਫ਼ ਆਮ ਵਿਅਕਤੀਆਂ `ਤੇ ਰੋਹਬ ਪਾਉਣ ਲਈ ਹੀ ਉਹ ਅਜਿਹਾ ਕਰਦੇ ਹਨ ਤਾਂ ਜੋ ਆਲੇ ਦੁਆਲੇ ਸੁਣ ਰਹੇ ਲੋਕ ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਉਨ੍ਹਾਂ ਦੇ ਸ਼ਰਧਾਲੂ ਬਣ ਜਾਣ। ਜਦੋਂ ਲੋਕ ਉਨ੍ਹਾਂ ਦੀ ਚੁਣੌਤੀ ਕਬੂਲ ਕਰ ਲੈਂਦੇ ਹਨ ਤਾਂ ਉਹ ਖੁਦ ਭੁੱਲ ਜਾਂਦੇ ਹਨ।

Back To Top