ਤਾਰਿਆਂ ਦਾ ਜਨਮ :

ਮੇਘ ਰਾਜ ਮਿੱਤਰ

ਜਦੋਂ ਕਿਸੇ ਸਥਾਨ ਤੇ ਹਾਈਡੋ੍ਰਜਨ ਗੈਸ ਦੇ ਅਣੂਆਂ ਦਾ ਬੱਦਲ ਸੰਘਣਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਵੱਡੇ ਬੱਦਲਾਂ ਦਾ ਆਕਾਰ ਲੱਗਭੱਗ ਇੱਕ ਪ੍ਰਕਾਸ਼ ਵਰੇ੍ਹ ਦੇ ਲੱਗਭੱਗ ਹੁੰਦਾ ਹੈ। ਇਹ ਬੱਦਲ ਮੁੱਖ ਤੌਰ ਤੇ ਹਾਈਡੋ੍ਰਜਨ ਅਤੇ ਹੀਲੀਅਮ ਗੈਸਾਂ ਦੇ ਹੁੰਦੇ ਹਨ। ਜਿਹਨਾਂ ਦਾ ਤਾਪਮਾਨ -173 ਡਿਗਰੀ ਸੈਲਸੀਅਸ ਹੁੰਦਾ ਹੈ। ਅਸੀਂ ਜਾਣਦੇ ਹਾਂ ਕਿ ਨਿਊਟਨ ਦੇ ਗੁਰੂਤਾ ਖਿੱਚ ਦੇ ਨਿਯਮ ਅਨੁਸਾਰ ਹਰ ਵਸਤੂ ਦੂਸਰੀ ਨੂੰ ਆਪਣੇ ਵੱਲ ਖਿੱਚਦੀ ਹੈ। ਇਸ ਲਈ ਇਹ ਅਣੂ ਸੰਘਣੇ ਹੋਣ ਕਾਰਨ ਇਹਨਾਂ ਵਿੱਚ ਖਿੱਚ ਸ਼ਕਤੀ ਵਧੇਰੇ ਹੋ ਜਾਂਦੀ ਹੈ ਇਸ ਤਰ੍ਹਾਂ ਇਹ ਬੱਦਲ ਸੁੰਘੜਨੇ ਸ਼ੁਰੂ ਕਰ ਦਿੰਦੇ ਹਨ। ਇਸ ਸੁੰਘੜ ਰਹੇ ਬੱਦਲ ਨੂੰ ਪੋ੍ਰਟੋਸਟਾਰ ਕਹਿੰਦੇ ਹਨ। ਇਸ ਸਮੇਂ ਇਹਨਾਂ ਵਿੱਚੋਂ ਇਨਫਰਾਰੈੱਡ ਪ੍ਰਕਾਸ਼ ਕਿਰਨਾਂ ਪੈਦਾ ਹੁੰਦੀਆਂ ਹਨ। ਜਿਵੇਂ ਜਿਵੇਂ ਪ੍ਰੋਟੋਸਟਾਰ ਸੁੰਘੜਨਾ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਵਿਚਲੇ ਅਣੂਆਂ ਦੀਆਂ ਟੱਕਰਾਂ ਵਧ ਜਾਂਦੀਆਂ ਹਨ ਜਿਸ ਕਾਰਨ ਇਸਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਹੌਲੀ-ਹੌਲੀ ਇਹ ਤਾਪਮਾਨ ਇੱਕ ਕਰੋੜ ਦਰਜੇ ਸੈਲਸੀਅਸ ਤੇ ਪੁੱਜ ਜਾਂਦਾ ਹੈ। ਲੱਗਭੱਗ ਦਸ ਲੱਖ ਵਰੇ੍ਹ ਇਹ ਪ੍ਰੋਟੋਸਟਾਰ ਸੁੰਘੜਦਾ ਰਹਿੰਦਾ ਹੈ ਅਤੇ ਇਸਦਾ ਤਾਪਮਾਨ ਵਧਦਾ ਰਹਿੰਦਾ ਹੈ। ਜਦੋਂ ਇਸਦਾ ਤਾਪਮਾਨ ਇੱਕ ਕਰੋੜ ਦਰਜੇ ਤੇ ਪਹੁੰਚ ਜਾਂਦਾ ਹੈ ਤਾਂ ਇਸ ਸਟੇਜ ਤੇ ਇਸ ਵਿੱਚ ਨਿਊਕਲੀ ਸੰਯੋਜਨ ਦੀ ਕਿਰਿਆ ਸ਼ੁਰੂ ਹੋ ਜਾਂਦੀ ਹੈ। ਹਾਈਡੋ੍ਰਜਨ ਦੇ ਪ੍ਰਮਾਣੂ ਹੀਲੀਅਮ ਦੇ ਪ੍ਰਮਾਣੂਆਂ ਦੇ ਵਿੱਚ ਬਦਲਣਾ ਸ਼ੁਰੂ ਹੋ ਜਾਂਦੇ ਹਨ। ਇਸ ਸਟੇਜ ਤੇ ਪ੍ਰੋਟੋਸਟਾਰ ਦੱਗਣਾ ਸ਼ੁਰੂ ਕਰ ਦਿੰਦਾ ਹੈ। ਇਸ ਵਿੱਚ ਦੋ ਬਲ ਕੰਮ ਕਰਦੇ ਹਨ। ਗੁਰੂਤਾ ਆਕਰਸ਼ਣ ਬਲ ਜਿਹੜਾ ਇਸਦੇ ਸਾਰੇ ਅਣੂਆਂ ਨੂੰ ਆਪਣੇ ਕੇਂਦਰ ਵੱਲ ਖਿੱਚਦਾ ਹੈ ਨਿਊਕਲੀ ਸੰਯੋਜਨ ਕਾਰਨ ਪੈਦਾ ਹੋਈ ਊਰਜਾ ਅਣੂਆਂ ਨੂੰ ਬਾਹਾਰ ਨੂੰ ਧੱਕਦੀ ਹੈ। ਤਾਰੇ ਵਿੱਚ ਇਹਨਾਂ ਦੋਹਾਂ ਬਲਾਂ ਵਿੱਚ ਸੰਤੁਲਨ ਪੈਦਾ ਹੋ ਜਾਂਦਾ ਹੈ। ਇਹ ਸੰਤੁਲਨ ਅਰਬਾਂ ਵਰੇ੍ਹ ਕਾਇਮ ਰਹਿੰਦਾ ਹੈ। ਇਸ ਤਰ੍ਹਾਂ ਹੀ ਸਾਡਾ ਸੂਰਜ ਅੱਜ ਤੋਂ ਪੰਜ ਸੌ ਕਰੋੜ ਵਰੇ੍ਹ ਪਹਿਲਾਂ ਦਗਣਾ ਸ਼ੁਰੂ ਹੋਇਆ ਸੀ ਤੇ ਲੱਗਭੱਗ ਇਹ ਹੋਰ ਪੰਜ ਸੌ ਕਰੋੜ ਵਰੇ੍ਹ ਦਗਦਾ ਰਹੇਗਾ। ਜਦੋਂ ਤੱਕ ਇਸ ਵਿਚਲੀ ਸਾਰੀ ਹਾਈਡੋ੍ਰਜਨ ਹੀਲੀਅਮ ਵਿੱਚ ਨਹੀਂ ਬਦਲ ਜਾਂਦੀ।

Back To Top