ਚਣੌਤੀ

ਚਣੌਤੀ ਕਬੂਲ ਕਰੋ ਇੱਕ ਕਰੋੜ ਰੁਪਏ ਜਿੱਤੋ

ਚਣੌਤੀ

ਮੈਂ ਇਹ ਘੋਸ਼ਣਾ ਕਰਦਾ ਹਾਂ ਕਿ ਇੱਕ ਕਰੋੜ ਰੁਪਏ ਦਾ ਇਨਾਮ ਦੁਨੀਆਂ ਦੇ ਕਿਸੇ ਅਜਿਹੇ ਵਿਅਕਤੀ ਨੂੰ ਦੇਣ ਲਈ ਤਿਆਰ ਹੈ, ਜਿਹੜਾ ਅਜਿਹੀਆਂ ਹਾਲਤਾਂ ਵਿੱਚ ਜਿੱਥੇ ਧੋਖਾ ਨਾ ਹੋ ਸਕਦਾ ਹੋਵੇ ਕੋਈ ਚਮਤਕਾਰੀ ਜਾਂ ਅਲੌਕਿਕ ਸ਼ਕਤੀ ਦਾ ਵਿਖਾਵਾ ਕਰ ਸਕਦਾ ਹੋਵੇ। ਇਹ ਪੇਸ਼ਕਸ਼ ਮੈਨੂੰ ਪਹਿਲਾ ਇਨਾਮ ਜੇਤੂ ਮਿਲਣ ਤੱਕ ਖੁੱਲ੍ਹੀ ਹੋਵੇਗੀ। ਦੇਵ ਪੁਰਸ਼, ਸੰਤ, ਯੋਗੀ, ਸਿੱਧ, ਗੁਰੂ, ਸਵਾਮੀ ਅਤੇ ਹੋਰ ਦੂਸਰੇ ਜਿਨ੍ਹਾਂ ਨੇ ਆਤਮਿਕ ਕਸਰਤਾਂ ਰਾਹੀਂ ਜਾਂ ਪ੍ਰਮਾਤਮਾ ਦੀ ਭਗਤੀ ਨਾਲ ਸ਼ਕਤੀ ਪ੍ਰਾਪਤ ਕੀਤੀ ਹੈ। ਇਸ ਇਨਾਮ ਨੰੂ ਹੇਠਾਂ ਲਿਖੇ ਚਮਤਕਾਰਾਂ ਵਿੱਚੋਂ ਕਿਸੇ ਇੱਕ ਦਾ ਵਿਖਾਵਾ ਕਰਕੇ ਜਿੱਤ ਸਕਦੇ ਹਨ।

1. ਜਿਹੜਾ ਸੀਲ ਬੰਦ ਕਰੰਸੀ ਨੋਟ ਦਾ ਲੜੀ ਨੰਬਰ ਪੜ੍ਹ ਸਕਦਾ ਹੋਵੇ।

2. ਜਿਹੜਾ ਕਰੰਸੀ ਨੋਟ ਦੀ ਠੀਕ ਨਕਲ ਉਸੇ ਸਮੇਂ ਪੈਦਾ ਕਰ ਸਕਦਾ ਹੋਵੇ।

3. ਅਜਿਹੀ ਵਸਤੂ ਜੋ ਮੈਂ ਮੰਗਾਂ, ਹਵਾ ਵਿੱਚੋਂ ਪੇਸ਼ ਕਰ ਸਕਦਾ ਹੋਵੇ।

4. ਜਿਹੜਾ ਯੋਗਿਕ ਸ਼ਕਤੀ ਨਾਲ ਹਵਾ ਵਿੱਚ ਉੱਡ ਸਕੇ।

5. ਪਾਣੀ ਉੱਤੇ ਪੈਦਲ ਤੁਰ ਸਕੇ।

6. ਜਿਹੜਾ ਬਲਦੀ ਹੋਈ ਅੱਗ ਤੇ ਬਗੈਰ ਜਲੇ ਆਪਣੇ ਦੇਵਤੇ ਦੀ ਸਹਾਇਤਾ ਨਾਲ ਅੱਧੇ ਮਿੰਟ ਲਈ ਖੜ੍ਹ ਸਕਦਾ ਹੋਵੇ।

7. ਯੋਗਿਕ ਸ਼ਕਤੀ ਨਾਲ ਦਸ ਮਿੰਟ ਲਈ ਆਪਣੀ ਨਬਜ ਰੋਕ ਸਕੇ।

8. ਅਧਿਆਤਮਕ ਸ਼ਕਤੀ ਨਾਲ ਕਿਸੇ ਵਸਤੂ ਨੂੰ ਹਿਲਾ ਦੇਵੇ ਜਾਂ ਮੋੜ ਦੇਵੇ।

9. ਟੈਲੀ ਪੈਥੀ ਰਾਹੀਂ ਕਿਸੇ ਦੂਸਰੇ ਵਿਅਕਤੀ ਦੇ ਵਿਚਾਰ ਪੜ੍ਹ ਕੇ ਦੱਸ ਸਕਦਾ ਹੋਵੇ।

10. ਪ੍ਰਾਰਥਨਾ ਰਾਹੀਂ, ਭਗਤੀ ਰਾਹੀਂ, ਗੰਗਾ ਜਲ ਨਾਲ, ਜਾਂ ਪਵਿੱਤਰ ਰਾਖ ਨਾਲ ਸ਼ਰੀਰ ਦੇ ਕੱਟੇ ਹੋਏ ਅੰਗ ਨੂੰ ਇੱਕ ਇੰਚ ਵਧਾ ਸਕੇ।

11. ਆਪਣਾ ਸਰੀਰ ਇੱਕ ਥਾਂ ਛੱਡ ਦੂਜੀ ਥਾਂ ਜਾ ਹਾਜ਼ਰ ਹੋਵੇ।

12. ਯੋਗਿਕ ਸ਼ਕਤੀ ਨਾਲ 30 ਮਿੰਟ ਲਈ ਆਪਣੀ ਸਾਹ-ਕਿਰਿਆ ਰੋਕ ਦੇਵੇ।

13. ਪੁਨਰ ਜਨਮ ਦੇ ਤੌਰ ’ਤੇ ਕੋਈ ਅਨੋਖੀ ਭਾਸ਼ਾ ਬੋਲਸਕੇ।

14. ਅਜਿਹੇ ਪ੍ਰੇਤ ਜਾਂ ਆਤਮਾ ਨੂੰ ਪ੍ਰਗਟ ਕਰੇ ਜਿਸਦੀ ਫੋਟੋ ਖਿੱਚੀ ਜਾ ਸਕਦੀ ਹੋਵੇ।

15. ਜਿੰਦਾ ਲੱਗੇ ਕਮਰੇ ਵਿੱਚੋਂ ਜਾਂ ਪੇਟੀ ਵਿੱਚੋਂ ਅਲੌਕਿਕ ਸ਼ਕਤੀ ਨਾਲ ਬਾਹਰ ਨਿਕਲ ਸਕੇ।

16. ਕਿਸੇ ਵਸਤੂ ਦਾ ਭਾਰ ਵਧਾ ਸਕੇ।

17. ਪਾਣੀ ਨੂੰ ਸ਼ਰਾਬ, ਪੈਟਰੋਲ ਜਾਂ ਖੂਨ ਵਿੱਚ ਬਦਲ ਸਕੇ।

18. ਛੁਪੀ ਹੋਈ ਜਾਂ ਗੁਆਚੀ ਹੋਈ ਚੀਜ਼ ਨੂੰ ਲੱਭ ਸਕੇ।

19. ਟੂਣੇ, ਸਿੱਟ ਜਾਂ ਮੰਤਰ ਨਾਲ ਮੈਨੂੰ ਨਿਸ਼ਚਿਤ ਸਮੇਂ ਦੇ ਅੰਦਰ ਅੰਦਰ ਸਰੀਰਕ ਤੌਰ ’ਤੇ ਨੁਕਸਾਨ ਪੁਚਾ ਸਕੇ।

20. ਆਦਮੀ ਨੂੰ ਕੁੱਤੇ ਵਿੱਚ ਜਾਂ ਕੁੱਤੇ ਨੂੰ ਕਿਸੇ ਹੋਰ ਜਾਨਵਰ ਵਿੱਚ ਯੋਗਿਕ ਸ਼ਕਤੀ ਨਾਲ ਬਦਲ ਸਕੇ।

21. ਕਿਸੇ ਸੰਗੀਤ ਪੈਦਾ ਕਰਨ ਵਾਲੇ ਯੰਤਰ ਬੀਨ, ਵਾਜੇ, ਢੋਲ ਅਤੇ ਬੰਸਰੀ ਨੂੰ ਮੰਤਰ ਰਾਹੀਂ ਬੰਦ ਕਰ ਦੇਵੇ।

22. ਘਰਾਂ ਵਿੱਚ ਇੱਟਾਂ ਡਿੱਗਣ, ਕੱਪੜਿਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਪਿੱਛੇ ਗੈਬੀ ਸ਼ਕਤੀ ਦਾ ਹੱਥ ਸਿੱਧ ਕਰ ਸਕੇ।

23. ਅਜਿਹੇ ਜੋਤਸ਼ੀ, ਪਾਂਡੇ ਅਤੇ ਮੁਫਤ ਹੱਥ ਦੇਖਣ ਵਾਲੇ ਜਿਹੜੇ ਇਹ ਕਹਿ ਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ ਕਿ ਜੋਤਸ਼ ਅਤੇ ਹੱਥ-ਰੇਖਾ ਵਿਗਿਆਨਕ ਹਨ। ਮੇਰੇ ਇਨਾਮ ਨੂੰ ਜਿੱਤ ਸਕਦੇ ਹਨ, ਜੇਕਰ ਉਹ ਦਸ ਜਨਮ-ਪੱਤਰੀਆਂ ਜਾਂ ਦਸ ਹੱਥ ਚਿੱਤਰ ਵੇਖ ਕੇ ਆਦਮੀਆਂ ਅਤੇ ਔਰਤਾਂ ਦੀ ਗਿਣਤੀ ਦੱਸ ਸਕਣ ਜਾਂ ਜਨਮ ਦਾ ਠੀਕ ਸਮਾਂ ਅਤੇ ਸਥਾਨ ਸਮੇਤ ਅਖਸ਼ਾਸ਼ਾਂ ਅਤੇ ਰੇਖਾਸ਼ਾਂ ਦੇ ਮਿਲਣ ਤੇ ਠੀਕ ਠੀਕ ਦੱਸ ਸਕਣ। ਇਸ ਵਿੱਚ ਪੰਜ ਪ੍ਰਤੀਸ਼ਤ ਗਲਤੀ ਮੁਆਫ ਹੋਵੇਗੀ।

 

ਇਹ ਚਣੌਤੀ ਹੇਠ ਲਿਖੀਆਂ ਸ਼ਰਤਾਂ ਨਾਲ ਲਾਗੂ ਹੋਵੇਗੀ?

1. ਜਿਹੜਾ ਆਦਮੀ ਮੇਰੀ ਇਸ ਚਣੌਤੀ ਨੂੰ ਕਬੂਲ ਕਰਦਾ ਹੈ। ਬੇਸ਼ੱਕ ਉਹ ਇਨਾਮ ਜਿੱਤਣਾ ਚਾਹੁੰਦਾ ਹੈ ਜਾਂ ਨਹੀਂ ਉਸਨੂੰ ਮੇਰੇ ਕੋਲ ਜਾਂ ਮੇਰੇ ਨਾਮਜ਼ਦ ਕੀਤੇ ਆਦਮੀ ਕੋਲ ਪੰਜ ਹਜ਼ਾਰ ਰੁਪਏ ਬਤੌਰ ਜਮਾਨਤ ਜਮ੍ਹਾਂ ਕਰਵਾਉਣੇ ਪੈਣਗੇ। ਇਹ ਰਕਮ ਜਿੱਤਣ ਦੀ ਹਾਲਤ ਵਿੱਚ ਵਾਪਸ ਕਰ ਦਿੱਤੀ ਜਾਵੇਗੀ। ਇਹ ਪੈਸੇ ਅਜਿਹੇ ਲੋਕਾਂ ਨੂੰ ਦੂਰ ਭਜਾਉਣ ਲਈ ਹਨ, ਜਿਹੜੇ ਕਿ ਸਸਤੀ ਸ਼ੁਹਰਤ ਭਾਲਦੇ ਹਨ। ਨਹੀਂ ਤਾਂ ਅਜਿਹੇ ਲੋਕ ਸਾਡੇ ਰੁਪਏ, ਤਾਕਤ ਅਤੇ ਕੀਮਤੀ ਸਮੇਂ ਨੂੰ ਫਜੂਲ ਨਸ਼ਟ ਕਰਨਗੇ। 2. ਜਮਾਨਤ ਜਮ੍ਹਾਂ ਕਰਵਾਉਣ ਤੋਂ ਬਾਅਦ ਕਿਸੇ ਆਦਮੀ ਦੇ ਚਮਤਕਾਰਾਂ ਨੂੰ ਪਹਿਲਾਂ ਮੇਰੇ ਦੁਆਰਾ ਨਾਮਜ਼ਦ ਮੈਂਬਰ ਕਿਸੇ ਨਿਯਤ ਦਿਨ ਤੇ ਪਰਖਣਗੇ। 3. ਜੇ ਚਣੌਤੀ ਕਬੂਲ ਕਰਨ ਵਾਲਾ ਪਰਖ ਦਾ ਸਾਹਮਣਾ ਨਹੀਂ ਕਰਦਾ ਜਾਂ ਮੁੱਢਲੀ ਪਰਖ ਵਿੱਚ ਅਸਫਲ ਹੋ ਜਾਂਦਾ ਹੈ ਤਾਂ ਉਸਦੀ ਜਮਾਨਤ ਜਬਤ ਹੋ ਜਾਵੇਗੀ। 4. ਜੇਕਰ ਆਦਮੀ ਮੁਢਲੀ ਪਰਖ ਵਿੱਚ ਜਿੱਤ ਜਾਂਦਾ ਹੈ। ਆਖਰੀ ਪਰਖ ਸਾਡੇ ਦੁਆਰਾ ਲੋਕਾਂ ਦੀ ਹਾਜਰੀ ਵਿੱਚ ਕੀਤੀ ਜਾਵੇਗੀ। 5. ਜੇਕਰ ਕੋਈ ਆਦਮੀ ਆਖਰੀ ਪਰਖ ਵਿੱਚ ਜਿੱਤ ਜਾਂਦਾ ਹੈ ਤਾਂ ਉਸ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਸਮੇਤ ਜਮਾਨਤ ਦੇ ਦਿੱਤਾ ਜਾਵੇਗਾ। 6. ਸਾਰੀਆਂ ਪਰਖਾਂ, ਧੋਖਾ ਨਾ ਹੋਣ ਵਾਲੀਆਂ ਹਾਲਤਾਂ ਵਿੱਚ ਮੇਰੀ ਪੂਰਨ ਤਸੱਲੀ ਤੱਕ ਕੀਤੀਆਂ ਜਾਣਗੀਆਂ।

– ਮੇਘ ਰਾਜ ਮਿੱਤਰ

ਸਰਪ੍ਰਸਤ, ਤਰਕਸ਼ੀਲ ਸੁਸਾਇਟੀ ਭਾਰਤ (ਰਜਿ.)

ਤਰਕਸ਼ੀਲ ਨਿਵਾਸ, ਸਟਰੀਟ ਨੰ. 8,

ਕੱਚਾ ਕਾਲਜ ਰੋਡ, ਬਰਨਾਲਾ (ਪੰਜਾਬ)

Back To Top