ਇਹ ਘਟਨਾ ਤਕਰੀਬਨ ਸੰਨ 2001 ਦੀ ਹੈ ਜਦੋੰ ਮੈਂ ਇੱਕ ਔਕਲੈਂਡ ਦੀ ਸਭ ਤੋਂ ਵੱਡੀ ਕੀਵੀ ਫਰੂਟ ਪੈਦਾ ਕਰਨ ਵਾਲੀ ਕੰਪਨੀ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਸੀ l ਕੰਪਨੀ ਵੱਡੀ ਹੋਣ ਕਰਕੇ ਸੈਂਕੜੇ ਕਾਮੇ ਉਸ ਵਿੱਚ ਕੰਮ ਕਰਦੇ ਸੀ l ਮੇਰੇ ਕੋਲ ਜਦੋੰ ਵੀ ਸਮਾਂ ਹੋਵੇ ਮੈਂ ਇਕੱਲੇ ਇਕੱਲੇ ਕਾਮੇ ਨੂੰ ਮਿਲ ਕੇ ਉਸ ਦਾ ਤੇ ਉਸ ਦੇ ਪਰਿਵਾਰ ਦਾ ਹਾਲ ਚਾਲ ਜ਼ਰੂਰ ਪੁੱਛਦਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣ ਲੈਂਦਾ l ਜਿੰਨੀਆਂ ਕੁ ਸਮੱਸਿਆਵਾਂ ਮੇਰੇ ਹੱਲ ਕਰਨ ਵਾਲੀਆਂ ਹੁੰਦੀਆਂ ਉਹ ਹੱਲ ਵੀ ਕਰ ਦਿੰਦਾ ਸੀ l ਇਸ ਤਰ੍ਹਾਂ ਕਾਮਿਆਂ ਨਾਲ ਮੇਰੀ ਬਹੁਤ ਨੇੜਤਾ ਬਣੀ ਹੋਈ ਸੀ l
ਉਨ੍ਹਾਂ ਵਿਚੋਂ ਇੱਕ ਕਾਮਾਂ ਜਿਸ ਨੇ ਅਜੇ ਦੋ ਕੁ ਦਿਨ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਸੀ ਉਸ ਨੂੰ ਮੈਂ ਪਹਿਲਾਂ ਵੀ ਜਾਣਦਾ ਸੀ l ਉਹ ਦੋ ਡਾਲਰ ਸਟੋਰ ਚਲਾਉਂਦਾ ਹੁੰਦਾ ਸੀ ਜੋ ਉਸ ਦਾ ਆਪਣਾ ਸੀ l ਉਸ ਸਟੋਰ ਵਿੱਚ ਚੀਨ ਦਾ ਬਣਿਆ ਸਮਾਨ ਵੇਚਿਆ ਜਾਂਦਾ ਸੀ ਤੇ ਸਟੋਰ ਹਰ ਰੋਜ਼ ਖੋਲ੍ਹਣਾ ਪੈਂਦਾ ਸੀ l ਕੰਮ ਕਰਨ ਦੇ ਘੰਟੇ ਵੀ ਬਹੁਤ ਲੰਮੇ ਹੁੰਦੇ ਸੀ l ਮੈਂ ਉਸ ਨੂੰ ਪੁੱਛਿਆ ਕਿ ਉਹ ਆਪਣਾ ਚੱਲਦਾ ਕਾਰੋਬਾਰ ਛੱਡ ਕੇ ਕੀਵੀ ਫਰੂਟ ਵਿੱਚ ਦਿਹਾੜੀਆਂ ਕਿਉਂ ਕਰਨ ਲੱਗ ਪਿਆ ? ਉਹ ਮੈਨੂੰ ਕਹਿਣ ਲੱਗਾ ਕਿ ਮੇਰੇ ਤੇ ਕਿਸੇ ਨੇ ਭੂਤ ਛੱਡਿਆ ਹੋਇਆ ਹੈ ਤੇ ਉਹ ਭੂਤ ਮੇਰੀ ਦੁਕਾਨ ਦੀ ਤਜ਼ੋਰੀ ਵਿੱਚ ਗੰਦ ਸੁੱਟ ਦਿੰਦਾ ਹੈ l ਉਹ ਕਹਿੰਦਾ ਕਿ ਮੈਂ ਕਈ ਸਾਧਾਂ, ਸੰਤਾਂ ਤੇ ਜੋਤਸ਼ੀਆਂ ਤੋਂ ਉਪਾਅ ਵੀ ਕਰਵਾਏ ਪਰ ਕੋਈ ਫਰਕ ਨਹੀਂ ਪਿਆ l ਉਸ ਨੇ ਦੱਸਿਆ ਕਿ ਇੱਕ ਜੋਤਸ਼ੀ ਨੇ ਸੁਝਾਅ ਦਿੱਤਾ ਸੀ ਕਿ ਜੇ ਤੂੰ ਦੁਕਾਨ ਵੇਚ ਦੇਵੇਂ ਤਾਂ ਗੰਦ ਡਿਗਣਾ ਹਟ ਜਾਵੇਗਾ l ਨਾਲ ਹੀ ਜੋਤਸ਼ੀ ਨੇ ਕਿਹਾ ਕਿ ਨਵਾਂ ਕੰਮ ਦੋ ਸਾਲਾਂ ਬਾਦ ਸ਼ੁਰੂ ਕਰੀਂ l ਉਹ ਕਹਿੰਦਾ ਇਸ ਕਰਕੇ ਮੈਨੂੰ ਹੁਣ ਦੋ ਸਾਲ ਕੀਵੀ ਫਰੂਟ ਦਾ ਕੰਮ ਹੀ ਕਰਨਾ ਪੈਣਾ l ਮੈਂ ਉਸ ਨੂੰ ਕਿਹਾ ਕਿ ਭੂਤ ਤਾਂ ਹੁੰਦੇ ਨਹੀਂ ਫਿਰ ਉਹ ਗੰਦ ਕਿਸ ਤਰਾਂ ਸੁੱਟ ਸਕਦੇ ਹਨ ? ਉਸ ਨੇ ਅੱਗੇ ਦੱਸਿਆ ਕਿ ਉਸ ਕੋਲ ਘਰ ਵਿੱਚ ਵੀ ਇੱਕ ਤਜ਼ੋਰੀ ਹੈ ਉਸ ਵਿੱਚ ਵੀ ਗੰਦ ਡਿਗਦਾ ਹੈ l ਉਸ ਨੇ ਮੈਨੂੰ ਕਿਹਾ ਕਿ ਜੇਕਰ ਕੋਈ ਇਲਾਜ ਹੋ ਸਕਦਾ ਤਾਂ ਜ਼ਰੂਰ ਕਰੋ l ਮੈਂ ਬਹੁਤ ਦੁਖੀ ਹਾਂ ਤੇ ਉਪਾਅ ਕਰਾ ਕਰਾ ਕੇ ਪੈਸੇ ਵੀ ਬਹੁਤ ਗੁਆ ਚੁੱਕਾ ਹਾਂ l ਮੈਂ ਉਸ ਨੂੰ ਕਿਹਾ ਕਿ ਤੂੰ ਰਾਤ ਨੂੰ ਤਜ਼ੋਰੀ ਨੂੰ ਜਿੰਦਾ ਲਗਾ ਦੇਵੀਂ ਤੇ ਚਾਬੀ ਆਪਣੇ ਕੋਲ ਰੱਖੀਂ ਫਿਰ ਗੰਦ ਨਹੀਂ ਡਿੱਗੇਗਾ l ਉਹ ਅਗਲੇ ਦਿਨ ਕਹਿੰਦਾ ਕਿ ਮੈਂ ਇਸ ਤਰਾਂ ਵੀ ਕੀਤੀ ਪਰ ਫਿਰ ਵੀ ਗੰਦ ਡਿਗਿਆ l ਉਹ ਬਹੁਤ ਡਰਿਆ ਹੋਇਆ ਸੀ l ਮੈਂ ਉਸ ਨੂੰ ਕਿਹਾ ਡਰਨ ਦੀ ਲੋੜ ਨਹੀਂ ਮੈਨੂੰ ਪੱਕਾ ਪਤਾ ਭੂਤ ਨਹੀਂ ਹੁੰਦੇ l ਜੇ ਤੂੰ ਚਾਹੇਂ ਮੈਂ ਤੁਹਾਡੇ ਘਰ ਰਾਤ ਨੂੰ ਸੌਂ ਵੀ ਸਕਦਾ ਹਾਂ l ਮੈਂ ਕਿਹਾ ਤੂੰ ਰਾਤ ਨੂੰ ਨਵਾਂ ਜਿੰਦਾ ਲਾ ਦੇਵੀਂ ਤੇ ਚਾਬੀ ਆਪਣੇ ਕੋਲ ਰੱਖੀਂ l ਮੈਨੂੰ ਆਸ ਸੀ ਕਿ ਹੋ ਸਕਦਾ ਪੁਰਾਣੇ ਜਿੰਦੇ ਦੀ ਇੱਕ ਚਾਬੀ ਕਿਸੇ ਹੋਰ ਘਰਦੇ ਸਰੀਰ ਕੋਲ ਹੋਵੇ ਜੋ ਉਸ ਨਾਲ ਲੌਕ ਖੋਲ੍ਹ ਕੇ ਗੰਦ ਸੁੱਟਦਾ ਹੋਵੇ l ਅਗਲੀ ਰਾਤ ਨੂੰ ਉਸ ਨੇ ਨਵਾਂ ਜਿੰਦਾ ਲਾਇਆ ਤੇ ਮੈਨੂੰ ਆ ਕੇ ਦੱਸਿਆ ਕਿ ਗੰਦ ਫਿਰ ਵੀ ਤਜ਼ੋਰੀ ਵਿੱਚ ਆ ਕੇ ਡਿਗਿਆ l ਉਸ ਤੋਂ ਮੈਨੂੰ ਅੰਦਾਜ਼ਾ ਹੋ ਗਿਆ ਕਿ ਜਾਂ ਤਾਂ ਇਹ ਖੁਦ ਗੰਦ ਸੁੱਟਦਾ ਹੈ ਤੇ ਜਾਂ ਕੋਈ ਘਰਦਾ ਸਰੀਰ ਇਸ ਦੇ ਸੁਤੇ ਦੀ ਚਾਬੀ ਚੁੱਕ ਕੇ ਲੌਕ ਖੋਲ੍ਹ ਕੇ ਗੰਦ ਸੁੱਟਦਾ ਹੈ l ਹੁਣ ਮੈਂ ਦੋਂ ਵਿਚੋਂ ਇੱਕ ਬੰਦਾ ਲੱਭਣਾ ਸੀ l ਮੈਂ ਉਸ ਨੂੰ ਕਿਹਾ ਕਿ ਮੈਂ ਇੱਕ ਹੋਰ ਕੋਸ਼ਿਸ਼ ਕਰਦਾ ਹਾਂ ਗੰਦ ਰੋਕਣ ਦੀ ਪਰ ਜੇ ਗੰਦ ਨਾਂ ਰੁਕਿਆ ਤਾਂ ਫਿਰ ਮੈਨੂੰ ਘਰ ਜਾ ਕੇ ਹਟਾਉਣਾ ਪਊ l ਉਸ ਨੂੰ ਮੈਂ ਕਿਹਾ ਕਿ ਪਰਿਵਾਰ ਦੇ ਸਾਰੇ ਸਰੀਰ ਇਕੱਠੇ ਕਰਕੇ ਬਿਠਾ ਲਵੀਂ l ਉਨ੍ਹਾਂ ਨੂੰ ਇਹ ਕਹਿਣਾ ਹੈ ਕਿ ਅਵਤਾਰ ਤਰਕਸ਼ੀਲ ਮੇਰਾ ਦੋਸਤ ਹੈ ਉਹ ਕਹਿੰਦਾ ਹੈ ਕਿ ਇਸ ਤਰਾਂ ਦੇ ਕੰਮ ਕੋਈ ਭੂਤ ਨਹੀਂ ਕਰਦਾ l ਘਰ ਦਾ ਕੋਈ ਬੰਦਾ ਕਰਦਾ ਹੈ l ਜੇਕਰ ਉਹ ਗੰਦ ਸੁੱਟਣੋ ਨਾਂ ਹਟਿਆ ਤਾਂ ਉਹ ਘਰ ਆ ਕੇ ਬੰਦੇ ਦਾ ਨਾਮ ਵੀ ਦੱਸ ਦੇਵੇਗਾ ਤੇ ਨਾਲ ਹੀ ਉਨ੍ਹਾਂ ਨੂੰ ਦੱਸ ਦੇਵੀਂ ਕਿ ਤਰਕਸ਼ੀਲ ਸੁਸਾਇਟੀ ਇਸ ਤਰਾਂ ਦੇ ਹਜ਼ਾਰਾਂ ਕੇਸ ਹੱਲ ਕਰ ਚੁੱਕੀ ਹੈ l ਉਸ ਨੂੰ ਇਹ ਵੀ ਕਹਿ ਦਿੱਤਾ ਕਿ ਤਜ਼ੋਰੀ ਨੂੰ ਉਸ ਰਾਤ ਲੌਕ ਵੀ ਨਹੀਂ ਲਗਾਉਣਾ l ਉਸ ਨੇ ਇਸ ਤਰ੍ਹਾਂ ਹੀ ਕੀਤਾ l ਉਸ ਦਿਨ ਤੋਂ ਬਾਦ ਉਨ੍ਹਾਂ ਦੇ ਘਰ ਕਦੇ ਗੰਦ ਨਹੀਂ ਡਿਗਿਆ ਸੀ l ਉਸ ਨੂੰ ਮੈਂ ਦੱਸ ਦਿੱਤਾ ਸੀ ਕਿ ਤੂੰ ਦੁਕਾਨ ਸੱਤੇ ਦਿਨ ਖੋਲ੍ਹਦਾ ਸੀ ਤੇ ਪਰਿਵਾਰ ਵਾਸਤੇ ਤੇਰੇ ਕੋਲ ਸਮਾਂ ਨਹੀਂ ਸੀ l ਇੱਕ ਦਿਨ ਛੁੱਟੀ ਕਰਕੇ ਘੁੰਮ ਫਿਰ ਲਿਆ ਕਰੋ l ਇਸ ਸੁਝਾਅ ਨੂੰ ਅਮਲ ਵਿੱਚ ਲਿਆ ਕੇ ਉਹ ਅਖੌਤੀ ਭੂਤ ਤੋਂ ਸਦਾ ਲਈ ਛੁਟਕਾਰਾ ਪਾ ਗਿਆ ਸੀ l
ਨੋਟ :-ਜਦੋੰ ਪਰਿਵਾਰ ਦੇ ਕਿਸੇ ਮੈਂਬਰ ਦੇ ਚਾਅ ਜਾਂ ਸਪਨੇ ਅਧੂਰੇ ਰਹਿ ਜਾਣ ਤਾਂ ਉਹ ਇਸ ਤਰਾਂ ਦੀਆਂ ਹਰਕਤਾਂ ਕਰਨ ਲੱਗ ਪੈਂਦਾ ਹੈ l ਸਾਧ ਸੰਤ ਇਸ ਤਰਾਂ ਦੇ ਕੇਸ ਨੂੰ ਹੋਰ ਵਿਗਾੜ ਦਿੰਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
