ਬਹੁਤੀ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਪੈਸੇ ਬਚਾਉਣ ਦੀ ਆਦਤ ਹੁੰਦੀ ਹੈ l ਇਸ ਦੇ ਮੁਕਾਬਲੇ ਗੋਰਿਆਂ ਵਿੱਚ ਇਹ ਆਦਤ ਬਹੁਤ ਘੱਟ ਹੁੰਦੀ ਹੈ l ਭਾਰਤੀਆਂ ਨੂੰ ਪੈਸੇ ਬਚਾਉਣ ਦੀ ਕੋਈ ਟ੍ਰੇਨਿੰਗ ਦੀ ਲੋੜ ਨਹੀਂ ਪੈਂਦੀ l ਇਹ ਆਦਤ ਉਨ੍ਹਾਂ ਵਿੱਚ ਬਚਪਨ ਤੋਂ ਹੀ ਪੈ ਜਾਂਦੀ ਹੈ l ਉਸ ਦੇ ਮੁਕਾਬਲੇ ਜਿਆਦਾ ਗੋਰਿਆਂ ਨੂੰ ਇਸ ਪ੍ਰਤੀ ਟ੍ਰੇਨਿੰਗ ਲੈਣੀ ਪੈਂਦੀ ਹੈ l ਕਈ ਗੋਰਿਆਂ ਨੂੰ ਤਾਂ ਘਰ ਦਾ ਬੱਜਟ ਬਣਾਉਣ ਦੀ ਵੀ ਟ੍ਰੇਨਿੰਗ ਲੈਣੀ ਪੈਂਦੀ ਹੈ l ਮੈਨੂੰ ਲਗਦਾ ਹੈ ਕਿ ਭਾਰਤੀਆਂ ਨੂੰ ਭਾਰਤ ਵਿੱਚ ਹੁੰਦਿਆਂ ਲੋੜ ਵੇਲੇ ਜਾਂ ਕੁਦਰਤੀ ਆਫਤਾਂ ਵੇਲੇ ਸਰਕਾਰਾਂ ਵਲੋਂ ਕੋਈ ਖਾਸ ਮੱਦਦ ਨਹੀਂ ਮਿਲਦੀ ਇਸ ਕਰਕੇ ਉਨ੍ਹਾਂ ਨੂੰ ਆਪਣੇ ਆਉਣ ਵਾਲੇ ਸਮੇਂ ਵਾਸਤੇ ਪੈਸੇ ਨੂੰ ਬਚਾ ਕੇ ਰੱਖਣਾ ਪੈਂਦਾ ਹੈ l ਇਸ ਦੇ ਮੁਕਾਬਲੇ ਗੋਰਿਆਂ ਨੂੰ ਔਖੇ ਵੇਲੇ ਸਰਕਾਰਾਂ ਮੱਦਦ ਕਰ ਦਿੰਦੀਆਂ ਹਨ ਜਿਸ ਕਰਕੇ ਉਨ੍ਹਾਂ ਨੂੰ ਬੱਚਤ ਦੀ ਆਦਤ ਨਹੀਂ ਪੈਂਦੀ l ਭਾਰਤੀ ਵਿਦੇਸ਼ਾਂ ਵਿੱਚ ਵੀ ਚਲੇ ਜਾਣ ਤਾਂ ਵੀ ਉਨ੍ਹਾਂ ਦੀ ਇਹ ਆਦਤ ਨਹੀਂ ਜਾਂਦੀ ਭਾਵੇਂ ਕਿ ਭਾਰਤੀਆਂ ਨੂੰ ਗੋਰਿਆਂ ਵਾਲੀਆਂ ਸਹੂਲਤਾਂ ਵੀ ਮਿਲਣ ਲੱਗ ਪੈਣ l
ਜਿਸ ਤਰ੍ਹਾਂ ਭਾਰਤੀ ਸੋਚਦੇ ਹਨ ਕਿ ਇਸ ਹਫਤੇ ਅਸੀਂ ਕਿੰਨੇ ਡਾਲਰ ਬਚਾਉਣੇ ਹਨ ? ਇਸੇ ਤਰਾਂ ਗੋਰੇ ਸੋਚਦੇ ਹਨ ਕਿ ਸਾਡੇ ਕੋਲ ਏਨੇ ਪੈਸੇ ਬਚੇ ਹਨ ਇਹ ਕਿਸ ਚੀਜ਼ ਤੇ ਖਰਚਣੇ ਹਨ ? ਭਾਵ ਜਿਆਦਾ ਗੋਰੇ ਅਗਲੀ ਤਨਖਾਹ ਆਉਣ ਤੱਕ ਵਿਹਲੇ ਹੋ ਜਾਂਦੇ ਹਨ l
ਅੱਜ ਦੇਖਦੇ ਹਾਂ ਕਿ ਅਸੀਂ ਪੀੜ੍ਹੀਆਂ ਤੋਂ ਬੱਚਤ ਕਰਦੇ ਆਏ ਹਾਂ ਤੇ ਉਸ ਤੋਂ ਬਾਦ ਉਹ ਬੱਚਤ ਪੀੜ੍ਹੀ ਦਰ ਪੀੜ੍ਹੀ ਆਪਣੇ ਨਿਆਣਿਆਂ, ਪੋਤੇ, ਪੋਤੀਆਂ ਨੂੰ ਦਿੰਦੇ ਆਏ ਹਾਂ ਪਰ ਫਿਰ ਵੀ ਅਸੀਂ ਅਮੀਰ ਕਿਉਂ ਨਹੀਂ ਹੋਏ ? ਸੜਕਾਂ ਤੇ ਗੋਰੇ ਸਾਡੇ ਨਾਲੋਂ ਵੱਧ ਖੁਸ਼ ਘੁੰਮਦੇ ਹਨ l
ਜਦੋੰ ਕੋਈ ਕਾਮਾਂ ਐਮਪਲੋਈ (employee) ਦੇ ਤੌਰ ਤੇ ਕੰਮ ਕਰਦਾ ਹੈ ਤਾਂ ਯੂਰਪੀਅਨ ਮੁਲਕਾਂ ਵਿੱਚ ਪਹਿਲਾਂ ਤਨਖਾਹ ਵਿਚੋਂ ਟੈਕਸ ਕੱਟਿਆ ਜਾਂਦਾ ਹੈ l ਬਚੇ ਹੋਏ ਪੈਸਿਆਂ ਨੂੰ ਜਦੋੰ ਕਾਮਾਂ ਕਿਸੇ ਵੀ ਥਾਂ ਤੇ ਖਰਚਦਾ ਹੈ ਤਾਂ ਉਸ ਉੱਪਰ ਜੀ. ਐਸ. ਟੀ. ਦੇਣੀ ਪੈਂਦੀ ਹੈ l ਇਸ ਤਰ੍ਹਾਂ ਕਾਮਾਂ ਸਾਰੇ ਥਾਈਂ ਪੈਸੇ ਖਰਚ ਕੇ ਤੇ ਟੈਕਸ ਦੇ ਕੇ ਜੇ ਕੁੱਝ ਬਚਾ ਲਵੇ ਤਾਂ ਉਹ ਆਪਣੀ ਬੈਂਕ ਵਿੱਚ ਖੋਲ੍ਹੇ ਬੱਚਤ ਖਾਤੇ ਵਿੱਚ ਜਮ੍ਹਾਂ ਕਰਾ ਦਿੰਦਾ ਹੈ l ਜਿਹੜਾ ਉਸ ਪੈਸੇ ਤੇ ਵਿਆਜ ਮਿਲਦਾ ਹੈ ਉਹ ਬਹੁਤ ਥੋੜ੍ਹਾ ਹੁੰਦਾ ਹੈ l ਉਸ ਵਿਆਜ ਵਿਚੋਂ ਬੈਂਕ ਦੀ ਫੀਸ ਕੱਟੀ ਜਾਂਦੀ ਹੈ l ਬਚੇ ਵਿਆਜ ਦੇ ਪੈਸਿਆਂ ਤੇ ਫਿਰ ਟੈਕਸ ਪੈਂਦਾ ਹੈ l ਏਨੇ ਥਾਈਂ ਟੈਕਸ ਕਟਾ ਕੇ ਤੁਸੀਂ ਦੇਖ ਲਵੋ ਕਿ ਕਿੰਨੇ ਕੁ ਪੈਸੇ ਬਚ ਸਕਦੇ ਹਨ ?
ਇਸ ਦੇ ਨਾਲ ਇੱਕ ਹੋਰ ਪੱਖ ਕਿ ਜੇ ਤੁਸੀਂ 10 ਲੱਖ ਡਾਲਰ ਬੈਂਕ ਦੇ ਬੱਚਤ ਖਾਤਾ ਵਿੱਚ ਜਮ੍ਹਾਂ ਕਰਾ ਦਿੰਦੇ ਹੋ ਤੇ ਉਸ ਦਾ ਵਿਆਜ ਖਾਂਦੇ ਰਹਿੰਦੇ ਹੋ ਤਾਂ ਤਕਰੀਬਨ ਸੌ ਸਾਲ ਬਾਦ ਉਸ ਦਸ ਲੱਖ ਦੀ ਕੀਮਤ ਤਕਰੀਬਨ 50 ਹਜ਼ਾਰ ਡਾਲਰ ਰਹਿ ਜਾਂਦੀ ਹੈ l ਮਤਲਬ ਪੈਸੇ ਦੀ ਕੀਮਤ ਸੌ ਸਾਲ ਵਿੱਚ ਸਾਢੇ ਨੌਂ ਲੱਖ ਡਾਲਰ ਘਟ ਗਈ l
ਇਸ ਦੇ ਬਾਵਯੂਦ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੱਚਤ ਦੀ ਸਲਾਹ ਦਿੰਦੇ ਹਾਂ l ਮਤਲਬ ਅਸੀਂ ਇਤਿਹਾਸ ਤੋਂ ਕੁੱਝ ਸਿੱਖਦੇ ਨਹੀਂ l
ਦੂਜੇ ਪਾਸੇ ਤੁਹਾਡੇ ਵਲੋਂ ਬੈਂਕ ਵਿੱਚ ਜਮ੍ਹਾਂ ਕਰਾਏ ਪੈਸਿਆਂ ਦਾ ਦਸ ਗੁਣਾਂ ਵੱਧ ਬੈਂਕ ਸਰਮਾਏਦਾਰਾਂ ਜਾਂ ਬਿਜ਼ਨਸਮੈਨਾਂ ਨੂੰ ਕਰਜ਼ਾ ਦੇ ਦਿੰਦੀ ਹੈ l ਉਹ ਸਰਮਾਏਦਾਰ ਜਾਂ ਬਿਜਨਸਮੈਨ ਉਸ ਕਰਜ਼ੇ ਨਾਲ ਨਵਾਂ ਕਾਰੋਬਾਰ ਖੋਲ੍ਹ ਕੇ ਤੁਹਾਡੀ ਅਗਲੀ ਪੀੜ੍ਹੀ ਨੂੰ ਨੌਕਰੀਆਂ ਦੇ ਕੇ ਸਦਾ ਲਈ ਗੁਲਾਮ ਬਣਾ ਲੈਂਦੇ ਹਨ l ਇਸ ਦਾ ਸਿੱਟਾ ਇਹ ਹੁੰਦਾ ਹੈ ਕਿ ਅਸੀਂ ਸਿਸਟਮ ਨੂੰ ਸਮਝਣ ਦੀ ਬਜਾਏ ਕਹਿੰਦੇ ਹਾਂ ਕਿ ਸਾਡੀ ਕਿਸਮਤ ਹੀ ਮਾੜੀ ਹੈ ਜਾਂ ਰੱਬ ਨੇ ਸਾਡੀ ਕਿਸਮਤ ਵਿੱਚ ਹੀ ਇਹ ਲਿਖਿਆ ਹੋਇਆ ਹੈ ਜਾਂ ਇਹ ਸਾਡੇ ਪਿਛਲੇ ਕਰਮਾਂ ਦਾ ਫ਼ਲ ਹੈ ਜਾਂ ਜੋ ਰੱਬ ਨੇ ਲਿਖਿਆ ਉਹ ਮਿਲ ਹੀ ਜਾਣਾ ਹੈ l ਜਦੋੰ ਅਸੀਂ ਧਾਰਮਿਕ ਅਸਥਾਨਾਂ ਤੇ ਜਾਂਦੇ ਹਾਂ ਤਾਂ ਉਥੇ ਵੀ ਸਾਨੂੰ ਕਿਹਾ ਜਾਂਦਾ ਹੈ ਕਿ ਰੱਬ ਗਰੀਬੀ ਦਾਵੇ ਮਿਲਦਾ ਹੈ ਜਾਂ ਇਹ ਸਾਡੇ ਪਿਛਲੇ ਜਨਮਾਂ ਦਾ ਫ਼ਲ ਹੈ l ਅਸੀਂ ਹੱਥ ਜੋੜ ਕੇ ਸੁਣ ਕੇ ਆ ਜਾਂਦੇ ਹਾਂ ਤੇ ਇਹ ਵੀ ਨਹੀਂ ਸੋਚਦੇ ਕਿ ਜੇ ਰੱਬ ਗਰੀਬੀ ਦਾਵੇ ਮਿਲਦਾ ਹੈ ਤਾਂ 70 ਪ੍ਰਤੀਸ਼ਤ ਭਾਰਤ ਦੀ ਅਬਾਦੀ ਨੂੰ ਤਾਂ ਹੁਣ ਤੱਕ ਮਿਲ ਜਾਣਾ ਚਾਹੀਦਾ ਸੀ ਕਿਉਂਕਿ ਉਹ ਗਰੀਬੀ ਵਿੱਚ ਹੀ ਰਹਿੰਦੇ ਹਨ l
ਜੇ ਕਿਤੇ ਕੋਈ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਕਿ ਇਹ ਰੱਬ ਵਲੋਂ ਨਹੀਂ ਲਿਖਿਆ ਹੋਇਆ l ਇਹ ਸਭ ਮਾੜੇ ਸਰਕਾਰੀ ਪ੍ਰਬੰਧ ਦੀ ਨਿਸ਼ਾਨੀ ਹੈ ਤਾਂ ਸਾਡੀਆਂ ਭਾਵਨਾਵਾਂ ਭੜਕ ਜਾਂਦੀਆਂ ਹਨ ਕਿ ਇਹ ਤਾਂ ਰੱਬ ਨੂੰ ਨਹੀਂ ਮੰਨਦਾ l
ਇਹ ਸਭ ਵਾਸਤੇ ਸੋਚਣ ਦਾ ਵਿਸ਼ਾ ਹੈ ਕਿ ਇਹ ਰੱਬ ਵਲੋਂ ਇਸ ਤਰਾਂ ਲਿਖਿਆ ਹੋਇਆ ਹੈ ਜਾਂ ਮਾੜੇ ਸਰਕਾਰੀ ਪ੍ਰਬੰਧ ਦੀ ਨਿਸ਼ਾਨੀ ਹੈ ਜਾਂ ਸਾਡੇ ਬੰਦ ਦਿਮਾਗ ਦੀ ਨਿਸ਼ਾਨੀ ? ਫੈਸਲਾ ਸਭ ਨੇ ਆਪ ਕਰਨਾ ਹੈ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਫੈਸਲਾ ਇਕੋ ਜਿਹਾ ਹੋਵੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
