ਮੇਘ ਰਾਜ ਮਿੱਤਰ
ਇਸ ਤਰ੍ਹਾਂ ਦੇ ਦੌਰ ਵਿੱਚ ਮਾਹੌਲ ਨੂੰ ਬਦਲਣ ਲਈ ਮੈਂ ਉਹਨਾਂ ਸਾਹਮਣੇ ਆਪਣੇ ਨਾਲ ਵਾਪਰੀ ਇੱਕ ਘਟਨਾ ਵੀ ਸੁਣਾਈ। ਪੰਜ ਕੁ ਵਰ੍ਹੇ ਪਹਿਲਾਂ ਮੈਂ ਤੇ ਮੇਰਾ ਬੇਟਾ ਅਮਿੱਤ ਰਾਤੀਂ 8 ਕੁ ਵਜੇ ਕਾਰ ਤੇ ਮੋਗੇ ਤੋਂ ਬਰਨਾਲੇ ਨੂੰ ਆ ਰਹੇ ਸਾਂ। ਸੜਕ ਤੇ ਇੱਕ ਪਿੰਡ ਆਸਾ ਬੁੱਟਰ ਲੰਘਣ ਸਾਰ ਸਾਡੀ ਗੱਡੀ ਅਚਾਨਕ ਹੀ ਕਰੰਟ ਛੱਡ ਗਈ। ਧੱਕ ਕੇ ਗੱਡੀ ਸੜਕ ਦੇ ਕਿਨਾਰੇ ਤੇ ਕੀਤੀ ਤੇ ਪਿੰਡ ਵਿਚੋਂ ਕਿਸੇ ਕਾਰ ਦੇ ਮਕੈਨਿਕ ਨੂੰ ਲੱਭਣ ਲਈ ਯਤਨ ਕਰਨ ਲੱਗ ਪਏ। ਐਨੇ ਨੂੰ ਇਕ ਵਿਅਕਤੀ ਟਾਰਚ ਲੈ ਕੇ ਸੜਕੋਂ ਸੜਕ ਤੁਰਿਆ ਆ ਰਿਹਾ ਸੀ। ਅਸੀਂ ਉਸ ਨੂੰ ਆਪਣੀ ਸਮੱਸਿਆ ਦੱਸੀ ਤਾਂ ਉਹ ਕਹਿਣ ਲੱਗਿਆ ਪਹਿਲਾਂ ਤੁਸੀਂ ਇਹ ਦੱਸੋ ਤੁਸੀਂ ਕੌਣ ਹੋ? ਜਦੋਂ ਮੈਂ ਉਸਨੂੰ ਇਹ ਦੱਸਿਆ ਕਿ ਮੇਰਾ ਨਾਂ ਮੇਘ ਰਾਜ ਮਿੱਤਰ ਹੈ ਤੇ ਮੈਂ ਬਰਨਾਲੇ ਨਾਲ ਸਬੰਧਤ ਹਾਂ। ਤਾਂ ਉਸਨੂੰ ਮੇਰੇ ਬਾਰੇ ਹੋਰ ਜਾਣ ਪਹਿਚਾਣ ਦੀ ਲੋੜ ਨਾ ਰਹੀ। ਤਾਂ ਉਹ ਕਹਿਣ ਲੱਗਿਆ ਪਹਿਲਾਂ ਤੁਸੀਂ ਮੇਰੇ ਇੱਕ ਸੁਆਲ ਦਾ ਜੁਆਬ ਦੇਵੋ। ਸਾਡੇ ਪਿੰਡ ਵਿੱਚ ਇੱਕ ਤਰਕਸ਼ੀਲ ਮੁੰਡੇ ਨੇ ਆਪਣੇ ਬਜੁਰਗ ਦੀ ਯਾਦ ਵਿੱਚ ਇੱਕ ਗੇਟ ਬਣਵਾਇਆ ਹੈ। ਮਿਸਤਰੀ ਨੇ ਉਸ ਗੇਟ ਉਤੇ ‘ਓਕਾਂਰ’ ਸ਼ਬਦ ਉਕਰ ਦਿੱਤਾ। ਹੁਣ ਉਹ ਵਿਅਕਤੀ ਮਿਸਤਰੀ ਨੂੰ ਗੇਟ ਬਣਾਉਣ ਦੀ ਉਜਰਤ ਨਹੀਂ ਦੇ ਰਿਹਾ ਹੈ। ਆਖ ਰਿਹਾ ਹੈ ਕਿ ਪਹਿਲਾਂ ਤੂੰ ‘ਓਂਕਾਰ’ ਸ਼ਬਦ ਮਿਟਾ। ਮਿਸਤਰੀ ਵੀ ਜਿੱਦੀ ਹੈ ਉਹ ਕਹਿੰਦਾ ਹੈ ਮੈਂ ਆਪਣੇ ਹੱਥੀਂ ਲਿਖਿਆ ਸ਼ਬਦ ‘ਓਕਾਂਰ’ ਨਹੀਂ ਮਿਟਾਵਾਂਗਾ। ਹੁਣ ਤੁਸੀਂ ਦੱਸੋਂ ਕੌਣ ਦਰੁਸਤ ਹੈ? ਮੈਂ ਉਸ ਭਲੇ ਪੁਰਖ ਨੂੰ ਕਿਹਾ ਕਿ ਜੇ ਤੂੰ ਆਪਣੇ ਘਰ ਵਿੱਚ ਕਿਸੇ ਮਿਸਤਰੀ ਨੂੰ ਰਸੋਈ ਬਣਾਉਣ ਲਈ ਆਖੇ ਤੇ ਉਹ ਮਿਸਤਰੀ ਤੇਰੇ ਘਰ ਵਿੱਚ ਗੁਸਲਖਾਨਾ ਬਣਾ ਦੇਵੇ ਕੀ ਤੂੰ ਉਸਨੂੰ ਲੇਬਰ ਦੇਵੇਗਾ? ਖੈਰ ਉਸਦੀ ਤਸੱਲੀ ਨਾ ਹੋਈ ਪਰ ਉਸਨੇ ਯਤਨ ਕਰਕੇ ਪਿੰਡ ਵਿਚੋਂ ਮਿਸਤਰੀ ਲੱਭ ਲਿਆਂਦਾ। ਉਸ ਨੇ ਕਾਰ ਦੀ ਬੈਟਰੀ ਦੀਆਂ ਢਿੱਲੀਆਂ ਹੋਈਆਂ ਤਾਰਾਂ ਨੂੰ ਕੱਸ ਦਿੱਤਾ। ਕਾਰ ਸਟਾਰਟ ਹੋ ਗਈ ਤੇ ਅਸੀਂ ਬਰਨਾਲੇ ਨੂੰ ਚੱਲ ਪਏ।
ਇਸ ਤੋਂ ਬਾਅਦ ਮੈਂ ਇਹ ਸੁਆਲ ਆਪਣੇ ਮੈਗਜ਼ੀਨ ‘ਵਿਗਿਆਨ ਜੋਤ’ ਵਿੱਚ ਛਾਪ ਦਿੱਤਾ ਅਤੇ ਪਾਠਕਾਂ ਨੂੰ ਇਸਦਾ ਜੁਆਬ ਦੇਣ ਦੀ ਬੇਨਤੀ ਕੀਤੀ। ਬਹੁਤ ਸਾਰੇ ਪਾਠਕਾਂ ਨੇ ਇਸਦੇ ਜੁਆਬ ਦਿੱਤੇ। ਪਰ ਕਿਸੇ ਪਾਠਕ ਨੇ ਲਿਖਿਆ ਕਿ ਜਿਹੜੇ ਵਿਅਕਤੀ ਨੇ ਆਪਣੇ ਪਿਤਾ ਦੀ ਯਾਦ ਵਿੱਚ ਗੇਟ ਦੀ ਉਸਾਰੀ ਕੀਤੀ ਉਹ ਤਰਕਸ਼ੀਲ ਹੋ ਹੀ ਨਹੀਂ ਸਕਦਾ। ਕਿਉਂਕਿ ਗੇਟ ਨਾ ਤਾਂ ਮੀਂਹ ਤੇ ਨਾ ਹੀ ਧੁੱਪ ਰੋਕਦਾ ਹੈ ਇਸਦਾ ਆਮ ਜਨਤਾ ਨੂੰ ਕੀ ਫਾਇਦਾ।
ਟਰੱਸਟ ਦੇ ਮੈਂਬਰਾਂ ਵਿੱਚ ਨੋਕ ਝੋਕ ਹਰ ਵੇਲੇ ਜਾਰੀ ਰਹਿੰਦੀ ਹੈ। ਮੁਖਤਿਆਰ ਰਾਜੂ ਨੂੂੰ ਇਹ ਕਹਿਕੇ ਛੇੜਦਾ ਰਹਿੰਦਾ ਹੈ ਕਿ ‘‘ਤੇਰੇ ਬਜੁਰਗ ਸਰਾਧਾਂ ਸਮੇਂ ਮੇਰੇ ਬਾਬੇ ਦੀ ਗਾਂ ਲੈ ਗਏ ਸਨ ਉਹ ਗਾਂ ਮੈਂ ਹੁਣ ਮੁੜਵਾ ਕੇ ਹੀ ਹਟਾਂਗਾ।’’
ਇਸ ਤਰ੍ਹਾਂ ਹੀ ਮਹਿਫਲ ਜਾਰੀ ਸੀ ਇੱਕ ਹੋਰ ਮੈਂਬਰ ਕਹਿਣ ਲੱਗਿਆ ਕਿ ਇਕ ਵਾਰ ਸਵਰਗ ਤੇ ਨਰਕ ਵਿਚਕਾਰਲੀ ਕੰਧ ਹੀ ਢਹਿ ਢੇਰੀ ਹੋ ਗਈ। ਦੋਵੇਂ ਹੀ ਧਿਰਾਂ ਕੰਧ ਬਣਾਉਣ ਲਈ ਤਿਆਰ ਨਹੀਂ ਹਨ। ਮੁਆਮਲਾ ਧਰਮ ਰਾਜ ਦੀ ਕਚਹਿਰੀ ਵਿੱਚ ਚਲਾ ਗਿਆ। ਧਰਮ ਰਾਜ ਸਵਰਗ ਦੇ ਵਸਨੀਕਾਂ ਨੂੰ ਕਹਿਣ ਲੱਗਿਆ ਕਿ ‘‘ਤੁਸੀਂ ਆਪਣਾ ਮੁਕੱਦਮਾ ਵਾਪਸ ਲੈ ਲਵੋ। ਤੁਹਾਡੀ ਇੱਥੇ ਦਾਲ ਨਹੀਂ ਗਲਣੀ।’’ ਸਵਰਗ ਦੇ ਵਸਨੀਕ ਕਾਰਨ ਪੁੱਛਣ ਲੱਗੇ ਤਾਂ ਧਰਮ ਰਾਜ ਬੋਲਿਆ। ‘‘ਸਾਰੇ ਵਕੀਲ ਤੇ ਸਾਰੇ ਜੱਜ ਨਰਕ ਦੇ ਵਸਨੀਕ ਹਨ ਤੁਹਾਡੀ ਇੱਥੇ ਸੁਣੇਗਾ ਕੌਣ?’’