ਬਿਨਾਂ ਹੱਥ ਜੋੜਨ ਤੋਂ ਅਤੇ ਬਿਨਾਂ ਮੱਥਾ ਰਗੜਨ ਤੋਂ ਨਾਸਤਿਕਾਂ ਦੇ ਮੁਲਕ ਨਿਊਜ਼ੀਲੈਂਡ ਨੇ ਕਰੋਨਾ ਵਾਇਰਸ ਨੂੰ ਪਾਈ ਨੱਥ

*ਮੁਲਕ ਦੇ ਸਭ ਹਸਪਤਾਲ ਮਰੀਜ਼ਾਂ ਤੋਂ ਮੁਕਤ*

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਨਿਊਜ਼ੀਲੈਂਡ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਕਿਸੇ ਵੀ ਰੱਬ ਜਾਂ ਧਰਮ ਨੂੰ ਨਹੀਂ ਮੰਨਦੇ l ਇਸ ਕਰਕੇ ਦੁਨੀਆਂ ਦੇ ਬਹੁਤ ਲੋਕ ਇਸ ਨੂੰ ਨਾਸਤਿਕਾਂ ਦਾ ਮੁਲਕ ਕਹਿੰਦੇ ਹਨ l ਭਾਵੇਂ ਇਥੇ ਰਹਿਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਨਾਸਤਿਕ ਹਨ ਪਰ ਇਨ੍ਹਾਂ ਦਾ ਇਨਸਾਨਾਂ ਪ੍ਰਤੀ ਜੋ ਪਿਆਰ ਹੈ ਉਹ ਬੇਮਿਸਾਲ ਹੈ l ਜਦੋਂ ਕਿਸੇ ਨੂੰ ਮੁਸੀਬਤ ਹੋਵੇ ਤਾਂ ਉਸ ਨੂੰ ਮੁਸੀਬਤ ਵਿਚੋਂ ਕੱਢਣ ਲਈ ਸਾਰਾ ਮੁਲਕ ਤਤਪਰ ਹੋ ਜਾਂਦਾ ਹੈ l
ਗੱਲ ਭਾਵੇਂ ਇਥੇ ਦੇ ਸ਼ਹਿਰ ਕ੍ਰਿਸਚਰਚ ਦੀ ਹੋਵੇ ਜਿਥੇ ਅੱਤਵਾਦੀ ਹਮਲਾ ਹੋਇਆ ਸੀ ਅਤੇ ਭਾਵੇਂ ਇਸੇ ਸ਼ਹਿਰ ਵਿੱਚ ਕਈ ਭੁਚਾਲ ਆਏ ਸਨ l ਹਰ ਵਾਰ ਇਸ ਮੁਲਕ ਦੇ ਲੋਕ ਦੂਜਿਆਂ ਨੂੰ ਬਚਾਉਣ ਲਈ ਪੱਬਾਂ ਭਾਰ ਹੋ ਗਏ ਸਨ l ਕ੍ਰਿਸਚਰਚ ਸ਼ਹਿਰ ਵਿੱਚ ਹਮਲਾ ਹੋਣ ਤੋਂ ਬਾਦ ਵਿਧਵਾ ਹੋਈਆਂ ਮੁਸਲਿਮ ਔਰਤਾਂ ਨੂੰ ਜਿਸ ਤਰ੍ਹਾਂ ਕਲਾਵੇ ਵਿੱਚ ਲੈ ਕੇ ਇਥੇ ਦੀ ਪ੍ਰਧਾਨ ਮੰਤਰੀ ਜਸਿੰਦਾ ਅਰਡਨ ਨੇ ਹੰਝੂ ਵਹਾਏ ਉਸ ਦੀ ਮਿਸਾਲ ਸ਼ਾਇਦ ਹੀ ਦੁਨੀਆਂ ਵਿੱਚ ਕਿਤੇ ਮਿਲੇ l
ਜਿਸ ਤਰ੍ਹਾਂ ਧਾਰਮਿਕ ਦੇਸ਼ ਆਪਣੇ ਧਾਰਮਿਕ ਹੋਣ ਤੇ ਮਾਣ ਕਰਦੇ ਹਨ ਇਸੇ ਤਰ੍ਹਾਂ ਇਹ ਲੋਕ ਆਪਣੇ ਨਾਸਤਿਕ ਹੋਣ ਤੇ ਮਾਣ ਕਰਦੇ ਹਨ l ਨਾਸਤਿਕ ਹੋਣ ਦਾ ਵੱਡਾ ਫਾਇਦਾ ਇਨ੍ਹਾਂ ਨੂੰ ਇਹ ਹੈ ਕਿ ਇਨ੍ਹਾਂ ਨੂੰ ਰੋਜ਼ਾਨਾ ਘੰਟਿਆਂ ਬੱਧੀ ਕਿਸੇ ਰੱਬ ਦੀ ਭਗਤੀ ਵਿੱਚ ਹੱਥ ਜੋੜ ਕੇ ਨਹੀਂ ਬੈਠਣਾ ਪੈਂਦਾ l ਹੱਥ ਜੋੜ ਕੇ ਬੈਠਣ ਦੀ ਬਜਾਏ ਇਹ ਕੰਮ ਕਰਨਾਂ ਪਸੰਦ ਕਰਦੇ ਹਨ ਜਿਸ ਨਾਲ ਮੁਲਕ ਦੀ ਤਰੱਕੀ ਹੁੰਦੀ ਹੈ ਤੇ ਲੋਕਾਂ ਦੀ ਆਰਥਿਕਤਾ ਵਧੀਆ ਹੁੰਦੀ ਹੈ l ਇਹ ਉੱਚੀ ਉੱਚੀ ਸਪੀਕਰ ਲਗਾ ਕੇ ਜ਼ਬਰਦਸਤੀ ਲੋਕਾਂ ਦੇ ਕੰਨਾਂ ਵਿੱਚ ਰੱਬ ਦਾ ਨਾਮ ਪਾ ਕੇ ਲੋਕਾਂ ਦੀ ਨੀਂਦ ਜਾਂ ਪੜ੍ਹਾਈ ਵੀ ਖਰਾਬ ਨਹੀਂ ਕਰਦੇ l ਜਿਸ ਤਰ੍ਹਾਂ ਧਾਰਮਿਕ ਲੋਕ ਆਪਣੇ ਮੁਲਕ ਵਿੱਚ ਵੱਧ ਧਾਰਮਿਕ ਅਸਥਾਨ, ਦੇਵਤਿਆਂ ਦੀ ਗਿਣਤੀ ਅਤੇ ਧਾਰਮਿਕ ਵਿਅਕਤੀਆਂ ਦੀ ਗਿਣਤੀ ਦੱਸ ਕੇ ਆਪਣੀ ਮਹਾਨਤਾ ਦੱਸਦੇ ਹਨ ਇਸੇ ਤਰ੍ਹਾਂ ਇਹ ਮੁਲਕ ਆਪਣੇ ਮੁਲਕ ਵਿੱਚ ਵੱਧ ਵਿਦਿਅਕ ਅਦਾਰੇ, ਹਸਪਤਾਲ ਅਤੇ ਸਾਇੰਸਦਾਨਾਂ ਦੀ ਗਿਣਤੀ ਦੱਸ ਕੇ ਆਪਣੀ ਮਹਾਨਤਾ ਦਰਸਾਉਂਦੇ ਹਨ l
ਪਿਛਲੇ ਕੁੱਝ ਮਹੀਨਿਆਂ ਵਿੱਚ ਕਰੋਨਾ ਵਾਇਰਸ ਨੇ ਦੁਨੀਆਂ ਦੇ ਕਈ ਮੁਲਕਾਂ ਵਿੱਚ ਤਬਾਹੀ ਮਚਾਈ ਹੈ l ਹਰ ਮੁਲਕ ਆਪੋ ਆਪਣੇ ਤਰੀਕਿਆਂ ਨਾਲ ਇਸ ਵਾਇਰਸ ਨਾਲ ਲੜ ਰਿਹਾ ਹੈ l ਇਸ ਵਾਇਰਸ ਨੇ ਦੁਨੀਆਂ ਦੇ ਸਭ ਤੋਂ ਤਾਕਤਵਰ ਮੰਨੇ ਜਾਂਦੇ ਮੁਲਕ ਵੀ ਬੁਰੀ ਤਰ੍ਹਾਂ ਹਿਲਾ ਦਿੱਤੇ ਹਨ l
ਨਿਊਜ਼ੀਲੈਂਡ ਨੇ ਇਸ ਵਾਇਰਸ ਦਾ ਡਟ ਕੇ ਮੁਕਾਬਲਾ ਕੀਤਾ l ਜਿਥੇ ਪੁਕੀਕੋਹੀ ਸ਼ਹਿਰ ਵਿੱਚ ਮੇਰਾ ਘਰ ਹੈ ਉਥੇ ਅਸੀਂ ਆਲੇ ਦੁਆਲੇ ਦੀਆਂ ਚਾਰ ਸੜਕਾਂ ਤੇ ਰਹਿੰਦੇ ਲੋਕਾਂ ਦੀਆਂ ਸੂਚੀਆਂ ਬਣਾ ਕੇ ਉਨ੍ਹਾਂ ਨੂੰ ਇੱਕ ਈ-ਮੇਲ ਗਰੁੱਪ ਵਿੱਚ ਸ਼ਾਮਿਲ ਕਰ ਲਿਆ ਸੀ ਜਿਸ ਵਿੱਚ ਸਭ ਦੇ ਫੋਨ ਨੰਬਰ ਇੱਕ ਦੂਜੇ ਨੂੰ ਦੇ ਦਿੱਤੇ ਸੀ ਤਾਂ ਕਿ ਲੋੜ ਪੈਣ ਤੇ ਲੌਕ ਡੌਨ ਦੌਰਾਨ ਇੱਕ ਦੂਜੇ ਦੀ ਮੱਦਦ ਕੀਤੀ ਜਾ ਸਕੇ l
ਸਰਕਾਰ ਦੇ ਉਦਮਾਂ ਦੇ ਨਾਲ ਨਾਲ ਸਥਾਨਕ ਲੋਕਾਂ ਨੇ ਵੀ ਬਣਾਏ ਨਿਯਮਾਂ ਦੀ ਪਾਲਣਾ ਕੀਤੀ ਅਤੇ ਅਜੇ ਵੀ ਕਰ ਰਹੇ ਹਨ l ਜਿਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਉਨ੍ਹਾਂ ਨੂੰ ਸੁਧਰਨ ਦੀ ਵਾਰਨਿੰਗ ਦਿੱਤੀ ਗਈ ਅਤੇ ਦੁਬਾਰਾ ਗਲਤੀ ਕਰਨ ਤੇ ਜੁਰਮਾਨੇ ਕੀਤੇ ਗਏ l ਇੱਕ ਮਨਿਸਟਰ ਦੁਆਰਾ ਨਿਯਮਾਂ ਦੀ ਉਲੰਘਣਾ ਹੋਣ ਕਰਕੇ ਉਸ ਨੂੰ ਰੈਂਕ ਵਿੱਚ ਥੱਲੇ ਲਿਆਂਦਾ ਗਿਆ l ਇਨ੍ਹਾਂ ਸਾਰੇ ਉਪਰਾਲਿਆਂ ਦੀ ਬਦੌਲਤ ਕਿਹਾ ਜਾ ਸਕਦਾ ਹੈ ਕਿ ਕਰੋਨਾ ਨੂੰ ਹੁਣ ਇਸ ਮੁਲਕ ਨੇ ਨੱਥ ਪਾ ਲਈ ਹੈ l
ਇਸ ਸਮੇਂ ਮੁਲਕ ਲੌਕ ਡੌਨ ਲੈਵਲ 2 ਵਿੱਚ ਹੈ ਜਿਸ ਵਿੱਚ ਤਕਰੀਬਨ ਸਭ ਕੁੱਝ ਖੁਲ੍ਹ ਗਿਆ ਹੈ ਪਰ ਕੁੱਝ ਨਿਯਮਾਂ ਦਾ ਖਿਆਲ ਰੱਖਣਾ ਪੈਂਦਾ ਹੈ l
ਮੁਲਕ ਵਿੱਚ ਹੁਣ ਤੱਕ 1504 ਕਰੋਨਾ ਵਾਇਰਸ ਪੀੜ੍ਹਤ ਹੋਏ ਜਿਨ੍ਹਾਂ ਵਿਚੋਂ 21 ਵਿਅਕਤੀਆਂ ਦੀ ਮੌਤ ਹੋਈ ਅਤੇ 8 ਵਿਅਕਤੀ ਸੈਲਫ ਆਈਸੋਲੇਸ਼ਨ ਵਿੱਚ ਹਨ l ਬਾਕੀ ਸਭ ਠੀਕ ਹੋ ਚੁੱਕੇ ਹਨ l ਕੋਈ ਵੀ ਵਿਅਕਤੀ ਕਿਸੇ ਵੀ ਹਸਪਤਾਲ ਵਿੱਚ ਨਹੀਂ ਹੈ l ਮੇਰੇ ਰਿਹਾਇਸ਼ੀ ਸ਼ਹਿਰ ਪੁਕੀਕੋਹੀ ਵਿੱਚ ਕੋਈ ਵੀ ਕਰੋਨਾ ਵਾਇਰਸ ਦਾ ਕੇਸ ਨਹੀਂ ਆਇਆ l ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਉਨ੍ਹਾਂ ਵਾਸਤੇ ਮੈਂ ਡੂੰਘਾ ਦੁੱਖ ਪ੍ਰਗਟ ਕਰਦਾ ਹਾਂ ਕਿ ਅਸੀਂ ਉਨ੍ਹਾਂ ਨੂੰ ਬਚਾ ਨਹੀਂ ਸਕੇ l ਉਨ੍ਹਾਂ ਦੇ ਪਰਿਵਾਰਾਂ ਨਾਲ ਮੈਨੂੰ ਡੂੰਘੀ ਹਮਦਰਦੀ ਹੈ l
ਇਥੇ ਇਸ ਗੱਲ ਦੀ ਸਾਂਝ ਪਾਉਣੀ ਚਾਹਾਂਗਾ ਕਿ ਸਰਕਾਰ ਦੇ ਉੱਦਮ ਸਦਕਾ ਅਤੇ ਹੋਰ ਲੋਕ ਪੱਖੀ ਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਸਦਕਾ ਨਿਊਜ਼ੀਲੈੰਡ ਵਿੱਚ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੁੱਤਾ l
ਮੈਂ ਆਪਣੇ ਹੋਰ ਸਾਥੀਆਂ ਨਾਲ ਰਲਕੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ 2008 ਤੋਂ ਨਿਊਜ਼ੀਲੈਂਡ ਵਿੱਚ ਚਲਾਉਂਦਾ ਹਾਂ ਜਿਸ ਵਿੱਚ ਅਣਗਿਣਤ ਲੋਕ ਪੱਖੀ ਸਰਗਰਮੀਆਂ ਕੀਤੀਆਂ ਜਾਂਦੀਆਂ ਹਨ l ਇਸ ਮੁਸੀਬਤ ਦੀ ਘੜੀ ਵਿੱਚ ਇਸ ਸੰਸਥਾ ਵਲੋਂ ਭਾਰਤ ਤੋਂ ਇਲਾਵਾ ਸਾਰੇ ਨਿਊਜ਼ੀਲੈਂਡ ਵਿੱਚ ਲੋੜਵੰਦਾਂ ਨੂੰ ਰਾਸ਼ਣ ਪਹੁੰਚਾਉਣ ਲਈ ਮੁਫ਼ਤ ਫੋਨ 0800MANAVTA (08006262882) ਸ਼ੁਰੂ ਕੀਤਾ ਸੀ l ਜਿਸ ਉੱਪਰ ਲੋੜਵੰਦ ਜਿਨ੍ਹਾਂ ਨੂੰ ਰਾਸ਼ਣ ਦੀ ਲੋੜ ਹੁੰਦੀ ਸੀ ਉਹ ਫੋਨ ਕਰ ਦਿੰਦੇ ਸੀ ਅਤੇ ਇੱਕ ਘੰਟੇ ਦੇ ਵਿੱਚ ਲੋੜਵੰਦ ਦੇ ਘਰ ਇੱਕ ਮਹੀਨੇ ਦਾ ਰਾਸ਼ਣ ਇਸ ਸੰਸਥਾ ਵਲੋਂ ਸਾਰੇ ਮੁਲਕ ਵਿੱਚ ਪਹੁੰਚਾ ਦਿੱਤਾ ਜਾਂਦਾ ਸੀ l ਇਹ ਫੋਨ ਮੇਰੇ ਕੋਲ ਹੀ ਆਉਂਦਾ ਹੈ l ਇਸ ਸੰਸਥਾ ਦੇ ਸਾਰੇ ਮੈਂਬਰ ਤੇ ਸਹਿਯੋਗੀ ਬਿਨਾਂ ਕੋਈ ਤਨਖਾਹ ਲਏ ਤੋਂ ਕੰਮ ਕਰਦੇ ਹਨ l
*ਅੱਜ ਸਾਨੂੰ ਆਪਣੇ ਨਾਸਤਿਕ ਮੁਲਕ ਤੇ ਮਾਣ ਹੈ ਅਤੇ ਆਪਣੇ ਨਾਸਤਿਕ ਹੋਣ ਤੇ ਵੀ ਮਾਣ ਹੈ l ਇਸ ਦੇ ਨਾਲ ਨਾਲ ਨਾਸਤਕ ਸਾਥੀਆਂ ਤੇ ਮਾਣ ਹੈ ਜਿਹੜੇ ਬਿਨਾਂ ਤਨਖਾਹ ਲਿਆਂ ਲੋਕਾਂ ਦੀ ਸੇਵਾ ਕਰਦੇ ਹਨ l *

Back To Top