– ਮੇਘ ਰਾਜ ਮਿੱਤਰ
ਸੰਗਲ ਸੋਹਲ
6.8.87
ਮੈਂ ਅੱਜ ਹੀ ਦਸ ਰੁਪਏ ਦਾ ਮਨੀਆਰਡਰ ਭੇਜ ਰਿਹਾ ਹਾਂ ਅਤੇ ਮੈਂਬਰਸ਼ਿਪ ਹਾਸਿਲ ਕਰ ਰਿਹਾ ਹਾਂ। ਫਾਰਮ ਭਰ ਕੇ ਤੁਹਾਨੂੰ ਭੇਜ ਰਿਹਾ ਹਾਂ ਅਤੇ ਪੁੱਜਣ ਤੇ ਪਤਾ ਦੇਣਾ। ਅਗਰ ਜਲੰਧਰ ਫੇਰੀ ਮਾਰੋ ਤਾਂ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨਾ। ਮੈਂ (ਪੰਜਾਬੀ) ਵਿਚ ਡੀ. ਏ. ਵੀ. ਕਾਲਜ ਵਿਚ ਦਾਖਲਾ ਲੈ ਲਿਆ ਹੈ। ਅਜੇ ਵੀ ਕਈ ਸਾਧ ਮੈਨੂੰ ਚੱਕਰ ਵਿਚ ਪਾ ਜਾਂਦੇ ਹਨ। ਜਿਹੜੇ ਸਾਧ ਕਿਸੇ ਅੰਦਰਲੀ ਚੀਜ਼ ਨੂੰ ਬੁਝਾ ਦਿੰਦੇ ਹਨ, ਉਹ ਕਿਵੇਂ ਕਰਦੇ ਹਨ? ਜਾਂ ਕੋਈ ਪਤਲਾ ਜਿਹਾ ਕਮਜ਼ੋਰ ਆਦਮੀ ‘ਹਵਾ’ ਆਉਣ `ਤੇ ਦਸ-ਦਸ ਬੰਦਿਆਂ ਨੂੰ ਨੇੜੇ ਨਹੀਂ ਲੱਗਣ ਦਿੰਦਾ। ਇਸਦੀ ਸਮਝ ਨਹੀਂ ਆਉਂਦੀ। ਇਕ ਕੇਸ ਤਾਂ ਮੈਂ ਖੁਦ ਦੇਖ ਚੁੱਕਾ ਹਾਂ, ਦੱਸਣ ਦੀ ਕ੍ਰਿਪਾਲਤਾ ਕਰਨਾ।
ਇਕ ਜ਼ਰੂਰੀ ਗੱਲ :-
ਮੇਰੇ ਪਿਤਾ ਜੀ ਨੇ ਸੰਤ ਪ੍ਰਤਾਪ ਸਿੰਘ ਨੂੰ ਗੁਰੂ ਬਣਾਇਆ ਸੀ। ਉਸ ਦੀ ਮੌਤ ਨੂੰ ਦੋ ਕੁ ਸਾਲ ਹੋ ਗਏ। ਉਸ ਦੀ ਖਾਸੀਅਤ ਸੀ ਕਿ ਉਹ ਹਰ ਨਵੇਂ ਆਏ ਚੇਲੇ ਜਾਂ ਗ੍ਰਾਹਕ ਨੂੰ ਅੱਖਾਂ ਮੀਟ ਕੇ ਤੇ ਫੇਰ ਮੰਤਰ ਪੜ੍ਹਨ ਤੋਂ ਬਾਅਦ ਨਵੇਂ ਚੇਲੇ ਦੇ ਘਰ ਦੇ ਦਰਵਾਜ਼ੇ ਦੱਸ ਦਿੰਦਾ ਸੀ। ਅੱਖੀਂ ਦੇਖੀ ਸੁਣੀ ਗੱਲ ਹੈ। ਦੱਸਣ ਦੀ ਕ੍ਰਿਪਾਲਤਾ ਕਰਨਾ।
ਆਪ ਦਾ ਸ਼ੁਭਚਿੰਤਕ
ਸੁਰਿੰਦਰ ਸੋਹਲ
ਜੇ ਕੋਈ ਬੱਚਾ ਜਿੱਦ ਪੈ ਜਾਵੇ ਤਾਂ ਕਈ ਵਾਰੀ ਉਹ ਵੀ ਚਾਰ-ਚਾਰ ਬੰਦਿਆਂ ਨੂੰ ਨੇੜੇ ਨਹੀਂ ਲੱਗਣ ਦਿੰਦਾ। ਠੀਕ ਇਸੇ ਤਰ੍ਹਾਂ ਹੀ ਜਦੋਂ ਕਿਸੇ ਦਿਮਾਗੀ ਖਰਾਬੀ ਵਾਲੇ ਵਿਅਕਤੀ ਨੂੰ ‘ਹਵਾ’ ਆ ਜਾਂਦੀ ਹੈ ਤਾਂ ਉਹ ਵੀ ਆਪਣੀਆਂ ਸਾਰੀਆਂ ਲੱਤਾਂ, ਬਾਹਵਾਂ ਸਿਰ ਅਤੇ ਹੋਰ ਅੰਗਾਂ ਨੂੰ ਬੇਲੋੜਾ ਹੀ ਹਿਲਾਉਣਾ ਸ਼ੁਰੂ ਕਰ ਦਿੰਦਾ ਹੈ। ਜਿਨ੍ਹਾਂ ਚਿਰ ਕੁਝ ਤਕੜੇ ਵਿਅਕਤੀ ਯੋਜਨਾਬੱਧ ਢੰਗ ਨਾਲ ਉਸਦੇ ਸਾਰੇ ਅੰਗਾਂ `ਤੇ ਕਾਬੂ ਨਹੀਂ ਪਾ ਲੈਂਦੇ ਉਹ ਅਜਿਹਾ ਕੁਝ ਕਰਦਾ ਹੀ ਰਹਿੰਦਾ ਹੈ। ਜਿਵੇਂ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ ਕਿ ਹਵਾ ਆਉਣ ਦਾ ਕਾਰਨ ਉਸ ਵਿਅਕਤੀ ਦਾ ਭੂਤਾਂ-ਪ੍ਰੇਤਾਂ ਵਿਚ ਵਿਸ਼ਵਾਸ ਹੀ ਹੁੰਦਾ ਹੈ ਇਸੇ ਵਿਸ਼ਵਾਸ ਕਰਕੇ ਹੀ ਉਸਦੇ ਆਲੇ-ਦੁਆਲੇ ਦੇ ਲੋਕ ਹੀ ਉਸ ਨੂੰ ਇਕ ਮਾਨਸਿਕ ਭਰਮ ਪੈਦਾ ਕਰ ਦਿੰਦੇ ਹਨ ਜਿਸ ਦੇ ਪ੍ਰਭਾਵ ਅਧੀਨ ਉਹ ਅਜਿਹੀਆਂ ਹਰਕਤਾਂ ਸ਼ੁਰੂ ਕਰ ਦਿੰਦਾ ਹੈ। ਉਸ ਵਿਅਕਤੀ ਦੇ ਕਾਬੂ ਨਾ ਆਉਣ ਦਾ ਦੂਜਾ ਕਾਰਨ ਫੜਨ ਵਾਲੇ ਵਿਅਕਤੀਆਂ ਦੇ ਮਨਾਂ ਅੰਦਰ ਵਸਿਆ ਹੋਇਆ ਭੂਤਾਂ-ਪ੍ਰੇਤਾਂ, ‘ਹਵਾਵਾਂ’ ਆਦਿ ਦਾ ਡਰ ਉਨ੍ਹਾਂ ਦੀ ਸ਼ਕਤੀ ਨੂੰ ਨਕਾਰਨ ਵਿਚ ਕਾਰਗਰ ਹੁੰਦਾ ਹੈ। ਇਸ ਦਾ ਇਕ ਕਾਰਨ ਇਹ ਵੀ ਹੁੰਦਾ ਹੈ ਕਿ ਇਸ ਹਾਲਤ ਵਿਚ ਪ੍ਰਭਾਵਿਤ ਵਿਅਕਤੀ ਰੀਜਰਵ ਬਲ ਤੇ ਆਪਣਾ ਆਮਬਲ ਵਰਤੋਂ ਵਿਚ ਲਿਆ ਰਿਹਾ ਹੁੰਦਾ ਹੈ ਜਿਸ ਕਰਕੇ ਉਸ ਦੀ ਤਾਕਤ ਵਿਚ ਅਥਾਹ ਵਾਧਾ ਹੋ ਜਾਂਦਾ ਹੈ।
ਜ਼ਰੂਰ ਹੀ ਉਪਰੋਕਤ ਸੰਤ ਬਹੁਤ ਚਲਾਕ ਕਿਸਮ ਦਾ ਆਦਮੀ ਸੀ। ਉਹ ਇਹ ਚਲਾਕੀ ਦੇ ਢੰਗਾਂ ਨਾਲ ਕਰਦਾ ਹੋਵੇਗਾ। ਪਹਿਲੇ ਢੰਗ ਅਨੁਸਾਰ ਤਾਂ ਉਸਨੇ ਕੁਝ ਆਪਣੇ ਏਜੰਟ ਰੱਖੇ ਹੋਣਗੇ ਜੋ ਉਸ ਨੂੰ ਹਰ ਆਏ-ਗਏ ਵਿਅਕਤੀ ਬਾਰੇ ਅਜਿਹੀ ਜਾਣਕਾਰੀ ਮੁਹੱਈਆ ਕਰਦੇ ਹੋਣਗੇ। ਦੂਸਰੀ ਹਾਲਤ ਵਿਚ ਸੰਤ ਕਿਸੇ ਦੇ ਘਰ ਦੇ ਬੂਹੇ ਤੇ ਦਰਵਾਜ਼ੇ ਆਪਣੇ ਹੀ ਅੰਦਾਜ਼ੇ ਨਾਲ ਦੱਸ ਦਿੰਦਾ ਹੋਵੇਗਾ। ਸੰਬੰਧਿਤ ਵਿਅਕਤੀ ਸੰਤਾਂ ਦੀ ਗੱਲ ਨੂੰ ਅਣਜਾਣਪੁਣੇ ਵਿਚ ਹੀ ਠੀਕ ਬਿਠਾਉਣ ਲਈ ਆਪਣੇ ਬਾਹਰਲੇ ਘਰ ਦੇ ਆਪਣੇ ਭਰਾਵਾਂ ਦੇ ਘਰ ਦੇ ਦਰਵਾਜ਼ੇ ਤੇ ਖਿੜਕੀਆਂ ਵਿਚ ਗਿਣ ਲੈਂਦਾ ਹੋਵੇਗਾ ਜਾਂ ਛੱਡ ਜਾਂਦਾ ਹੋਵੇਗਾ। ਸਾਡੇ ਵੇਖਣ ਵਿਚ ਆਇਆ ਹੈ ਪੰਜਾਬ ਵਿਚ ਤਾਂ ਅਜਿਹੀਆਂ ਚਲਾਕੀਆਂ ਪਿਛਲੇ ਢੰਗ ਨਾਲ ਹੀ ਕੀਤੀਆਂ ਜਾਂਦੀਆਂ ਹਨ। ਕਿਉਂਕਿ ਲੋਕ ਖਾਸ ਘਰ ਜਾਂ ਖਾਸ ਕਮਰੇ ਦੇ ਦਰਵਾਜ਼ੇ ਜਾਂ ਖਿੜਕੀਆਂ ਪੁੱਛਣ ਦੇ ਆਦਿ ਨਹੀਂ। ਕਈ ਵਾਰੀ ਜੇ ਇਕ ਦੋ ਦਾ ਫ਼ਰਕ ਵੀ ਹੋ ਜਾਵੇ ਤਾਂ ਵੀ ਉਹ ਸੰਤ ਦੀ ਦੱਸੀ ਹੋਈ ਗੱਲ ਠੀਕ ਨਿਕਲਣ ਦਾ ਪ੍ਰਚਾਰ ਹੀ ਕਰਦੇ ਹਨ। ਪਰ ਜੇ ਕਿਸੇ ਸੰਤ ਦੀ ਗੱਲ ਝੂਠ ਨਿਕਲ ਜਾਵੇ ਤਾਂ ਉਹ ਚੁੱਪ ਕਰਕੇ ਆਪਣੇ ਘਰ ਵੜ ਕੇ ਉਸ ਗੱਲ ਨੂੰ ਦੱਬ ਹੀ ਲੈਂਦੇ ਹਨ ਅਤੇ ਕਦੇ ਵੀ ਉਸਦਾ ਪ੍ਰਚਾਰ ਅੱਗੇ ਨਹੀਂ ਕਰਦੇ। ਇਹ ਸਾਡੇ ਲੋਕਾਂ ਦੀ ਮਾਨਸਿਕ ਕਮਜ਼ੋਰੀ ਹੈ ਜਿਹੜੀ ਸਾਡੇ ਸਮਾਜ ਲਈ ਘਾਤਕ ਸਿੱਧ ਹੋ ਰਹੀ ਹੈ। ਚਾਹੀਦਾ ਇਹ ਹੈ ਕਿ ਜਦੋਂ ਕਿਸੇ ਸੰਤ ਜਾਂ ਜੋਤਸ਼ੀ ਦੀ ਗੱਲ ਗਲਤ ਨਿਕਲੇ ਤਾਂ ਉਸਦੇ ਗਲ ਵਿਚ ਸਾਫ਼ਾ ਪਾ ਕੇ ਉਸਨੂੰ ਸੱਥ ਵਿਚ ਖੜ੍ਹਾ ਕੇ ਉਸਦਾ ਸਪੱਸ਼ਟੀ ਕਰਨ ਮੰਗਿਆ ਜਾਵੇ।