ਮੇਘ ਰਾਜ ਮਿੱਤਰ
ਸੀਨੇ ਤੇ ਜਖਮਾਂ ਨੂੰ ਵੀ ਇਹਨਾਂ ਨੇ ਯਾਦਾਂ ਦੇ ਰੂਪ ਵਿੱਚ ਰੱਖਿਆ ਹੋਇਆ ਹੈ। ਅੰਗਰੇਜ਼ਾਂ ਤੇ ਮੌਰੀਆ ਵਿੱਚ ਲੜਾਈ ਦੀਆਂ ਨਿਸ਼ਾਨੀਆਂ ਬੰਦੂਕਾਂ ਤੇ ਤੋਪਾਂ ਵੀ ਇਹਨਾਂ ਨੇ ਸਾਂਭੀਆਂ ਹੋਈਆਂ ਹਨ। ਪਹਿਲੀ ਸੰਸਾਰ ਜੰਗ ਵਿੱਚ ਨਿਊਜੀਲੈਂਡ ਦੇ 18166 ਫੌਜੀ ਸ਼ਹੀਦ ਹੋ ਗਏ ਸਨ। ਇਹਨਾਂ ਵਿੱਚ ਆਕਲੈਂਡ ਰਾਜ ਦੇ ਸਾਰੇ ਸ਼ਹੀਦਾਂ ਦੇ ਨਾਂ ਇੱਕ ਹਾਲ ਵਿੱਚ ਉਕਰੇ ਹੋਏ ਹਨ। ਇਹਨਾਂ ਲਿਸਟਾਂ ਦੇ ਨਾਲ-ਨਾਲ ਫੌਜੀਆਂ ਦਾ ਜੰਗ ਵਿੱਚ ਵਰਤਿਆ ਗਿਆ ਸਮਾਨ ਵੀ ਸਜਾਇਆ ਹੋਇਆ ਹੈ। ਫੌਜੀਆਂ ਦੇ ਬੈਂਡ, ਝੰਡੇ ਟੋਪੀਆਂ ਪਈਆਂ ਹਨ। ਜੰਗ ਵਿੱਚ ਨਸ਼ਟ ਹੋਏ ਜਹਾਜ, ਤੇ ਤੋਪਾਂ ਇੱਕ ਕਹਾਣੀ ਦਰਸਾ ਰਹੀਆਂ ਹਨ। ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ 11671 ਫੌਜੀਆਂ ਦੀ ਲਿਸਟ ਵੀ ਇੱਕ ਦੂਜੇ ਹਾਲ ਵਿੱਚ ਕੰਧਾਂ ਤੇ ਉਕਰੀ ਹੈ।
ਸਾਨੂੰ ਪਤਾ ਹੈ ਧਰਤੀ ਦੇ ਇਤਿਹਾਸ ਵਿੱਚ ਕੁਝ ਜੀਵ ਅਜਿਹੇ ਹਨ ਜਿਹੜੇ ਕਿਸੇ ਵੇਲੇ ਧਰਤੀ ਤੇ ਚਹਿਲ-ਪਹਿਲ ਕਰ ਰਹੇ ਸਨ ਉਹਨਾਂ ਵਿੱਚੋਂ ਕੁਝ ਦੀਆਂ ਹੱਡੀਆਂ ਇੱਥੇ ਸਜਾ ਕੇ ਰੱਖੀਆਂ ਹੋਈਆਂ ਹਨ। ਨਿਊਜੀਲੈਂਡ ਵਿੱਚ ਮਿਲਦੇ ਪਸ਼ੂ ਪੰਛੀ ਵੀ ਇੱਥੇ ਫਾਰਮੇਲਡੀਹਾਈਡ ਨਾਂ ਦੇ ਰਸਾਇਣ ਵਿੱਚ ਪਾਕੇ ਸੜਨੋ ਬਚਾ ਕੇ ਸੁਰੱਖਿਅਤ ਰੱਖੇ ਹੋਏ ਹਨ। ਡਾਇਨਾਸੌਰਾਂ ਦੇ ਪੂਰੇ ਵੱਡੇ ਪਥਰਾਟ ਇੱਥੇ ਪਏ ਹਨ। ਜੋ ਇਸ ਗੱਲ ਦਾ ਸਬੂਤ ਹਨ ਕਿ ਬੀਤੇ ਸਮੇਂ ਵਿੱਚ ਪਸ਼ੂ ਪੰਛੀਆਂ ਦੇ ਆਕਾਰ ਵੱਡੇ ਸਨ।