49. ਲੜਕਾ ਅਵਤਾਰ ਹੈ

– ਮੇਘ ਰਾਜ ਮਿੱਤਰ
ਤਲਵੰਡੀ
8.10.86
ਸਤਿ ਸ੍ਰੀ ਅਕਾਲ।
ਬੇਨਤੀ ਹੈ ਕਿ ਆਪ ਜੀ ਦੀ ਲਿਖੀ ਕਿਤਾਬ ਰੌਸ਼ਨੀ ਪੜ੍ਹੀ। ਜਿਸ ਵਿਚ ਹਰੇਕ ਪ੍ਰਕਾਰ ਦਾ ਠੱਗੀ ਚੋਰੀ, ਭਰਮ-ਭੁਲੇਖੇ-ਭੂਤ ਆਦਿ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਸੋ ਇਹ ਇਕ ਭੁਲੇਖਾ ਜਾਂ ਹੇਰਾ-ਫੇਰੀ ਦੀ ਸਹੀ ਜਾਂਚ ਕਰਕੇ ਦਾਸ ਨੂੰ ਸੂਚਿਤ ਕਰਨਾ ਜੀ। ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਤਲਵੰਡੀ ਵਿਚ ਜਗਦੀਸ਼ ਸਿੰਘ ਪਿਤਾ ਰਾਮ ਸਿੰਘ ਜੀ ਦੇ ਘਰ ਇਕ ਲੜਕਾ ਜੰਮਿਆ ਹੈ। ਘਰਦਿਆਂ ਦੇ ਕਹਿਣ ਅਨੁਸਾਰ ਇਕ ਸੰਤ ਹਰਬੰਸ ਸਿੰਘ ਮੁਹੱਲਾ ਸ਼ਿਮਲਾ ਪੁਰੀ ਲੁਧਿਆਣਾ ਤੋਂ ਬੱਸ ਲੈ ਕੇ ਉਨ੍ਹਾਂ ਦੇ ਘਰ ਪੁੱਜਾ ਤੇ ਉਸ ਲੜਕੇ ਦੇ ਦਰਸ਼ਨ ਕੀਤੇ ਤੇ ਇਕ ਪੱਗ ਤੇ 1100 ਰੁਪਏ ਰੱਖ ਕੇ ਮੱਥਾ ਟੇਕਿਆ ਤੇ ਕਿਹਾ ਕਿ ਇਹ ਲੜਕਾ 12 ਸਾਲ ਦਾ ਹੋ ਕੇ ਬੜਾ ਹੋਣਹਾਰ ਤੇ ਅਵਤਾਰ ਹੋਵੇਗਾ। ਇਸਦਾ ਮੂੰਹ ਨਹੀਂ ਫਿਟਕਾਰਨਾ ਤੇ ਉਹ ਲੜਕਾ ਸਤੰਬਰ ਵਿਚ ਅਸੀਂ ਵੇਖਿਆ ਘਰ ਦੇ ਕਹਿੰਦੇ ਹਨ ਇਹ 9-10 ਮਹੀਨੇ ਦਾ ਹੈ ਤੇ ਤੁਰਿਆ ਫਿਰਦਾ ਹੈ ਕੋਈ-ਕੋਈ ਦੰਦ ਵੀ ਕੱਢ ਲਏ ਹਨ। ਲੋਕ ਰੋਜ਼ਾਨਾ ਉਸ ਨੂੰ ਵੇਖਣ ਆਉਂਦੇ ਹਨ। ਸਾਨੂੰ ਕਿਸੇ ਗੱਲ ਦੀ ਵੀ ਤਸੱਲੀ ਨਹੀਂ ਹੋਈ ਇਸ ਵਿਚ ਕੀ ਰਾਜ਼ ਹੋਵੇਗਾ। ਖੋਜ ਜ਼ਰੂਰ ਕਰਨੀ ਦਾਸ ਧੰਨਵਾਦੀ ਹੋਵੇਗਾ। ਘਰ ਵਾਲੇ ਕਹਿੰਦੇ ਹਨ ਕਿ ਸਾਨੂੰ ਕੁਝ ਨਹੀਂ ਪਤਾ ਉਹ ਸੰਤ ਹੀ ਜਾਣਦਾ ਹੋਵੇਗਾ।
ਆਪ ਦਾ ਦਾਸ
ਜੰਗੀਰ ਸਿੰਘ
ਸਾਧ ਸੰਤ ਬਹੁਤ ਹੀ ਚਲਾਕ ਕਿਸਮ ਦੇ ਆਦਮੀ ਹੁੰਦੇ ਹਨ। ਕਿਸੇ ਸਧਾਰਨ ਮੁੰਡੇ ਨੂੰ ਅਵਤਾਰ ਬਣਾ ਕੇ ਲੋਕਾਂ ਵਿਚ ਪੇਸ਼ ਕਰਨਾ ਉਨ੍ਹਾਂ ਦੀ ਖੱਬੇ ਹੱਥ ਦੀ ਖੇਡ ਹੁੰਦੀ ਹੈ। ਉਪਰੋਕਤ ਕੇਸ ਵਿਚ ਵੀ ਕਿਸੇ ਸੰਤ ਨੇ ਇਕ ਲੜਕੇ ਰਾਹੀਂ ਆਪਣਾ ਜਾਲ ਵਿਛਾਇਆ ਹੈ। ਇਕ ਸਾਲ ਦੀ ਉਮਰ ਵਿਚ ਵੀਹ ਪ੍ਰਤੀਸ਼ਤ ਬੱਚੇ ਤੁਰਨ ਲੱਗ ਪੈਂਦੇ ਹਨ ਤੇ ਕੋਈ-ਕੋਈ ਦੰਦ ਵੀ ਕੱਢ ਲੈਂਦੇ ਹਨ ਇਸ ਵਿਚ ਕੋਈ ਅਚੰਭਾ ਨਹੀਂ ਹੈ।

Back To Top