ਮਾਨਸਿਕ ਰੋਗ

*ਜਦੋੰ ਵਹਿਮ ਕਰਕੇ ਬਲੱਡ ਪ੍ਰੈਸ਼ਰ ਵਧਿਆ ਤੇ ਵਹਿਮ ਦੂਰ ਕਰਨ ਨਾਲ ਠੀਕ ਹੋਇਆ – ਸੱਚ ਤੇ ਅਧਾਰਤ *

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਬਹੁਤ ਸਾਰੇ ਸਰੀਰਕ ਰੋਗ ਸਾਨੂੰ ਗਲਤ ਖਾਣੇ, ਗਲਤ ਜਾਣਕਾਰੀ, ਨਾ ਸਮਝੀ ਅਤੇ ਕੀਤੀ ਹੋਈ ਅਣਗਿਹਲੀ ਨਾਲ ਲਗਦੇ ਹਨ l ਜੋ ਸਰੀਰਕ ਰੋਗ ਲਗਦੇ ਹਨ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਮਰੀਜ਼ ਸੌਖਿਆਂ ਹੀ ਸਮਝ ਲੈਂਦੇ ਹਨ ਕਿਉਂਕਿ ਮਰੀਜ਼ ਨੂੰ ਉਨ੍ਹਾਂ ਦੇ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ l ਇਸ ਕਰਕੇ ਬਹੁਤੇ ਮਰੀਜ਼ ਆਪ ਹੀ ਆਪਣੇ ਇਲਾਜ ਵਾਸਤੇ ਡਾਕਟਰ ਦੇ ਚਲੇ ਜਾਂਦੇ ਹਨ ਜਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਹਿੰਦੇ ਹਨ ਕਿ ਮੈਨੂੰ ਡਾਕਟਰ ਦੇ ਲੈ ਜਾਓl
ਮਾਨਸਿਕ ਰੋਗਾਂ ਵਿੱਚ ਇਸ ਤਰਾਂ ਘੱਟ ਹੁੰਦਾ ਹੈ l ਮਾਨਸਿਕ ਰੋਗ ਹੋਣ ਵੇਲੇ ਜਿਆਦਾਤਰ ਮਰੀਜ਼ ਨੂੰ ਰੋਗ ਬਾਰੇ ਘੱਟ ਪਤਾ ਲਗਦਾ ਹੈ ਪਰ ਦੂਜਿਆਂ ਨੂੰ ਪਤਾ ਲੱਗਣ ਲੱਗ ਪੈਂਦਾ ਹੈ l ਜੇ ਦੂਜੇ ਮਰੀਜ਼ ਨੂੰ ਕਹਿਣ ਕਿ ਤੈਨੂੰ ਇਹ ਬਿਮਾਰੀ ਹੈ ਤਾਂ ਕਈ ਵਾਰੀ ਮਰੀਜ਼ ਮੰਨਣ ਨੂੰ ਵੀ ਤਿਆਰ ਨਹੀਂ ਹੁੰਦਾ ਕਿ ਉਸ ਨੂੰ ਕੁੱਝ ਹੋਇਆ ਹੈ l ਜੇ ਮਰੀਜ਼ ਡਾਕਟਰ ਦੇ ਚਲਿਆ ਵੀ ਜਾਵੇ ਤਾਂ ਉਹ ਆਪਣੀ ਬਿਮਾਰੀ ਬਾਰੇ ਕਈ ਵਾਰੀ ਆਪ ਨਹੀਂ ਦੱਸ ਸਕਦਾ ਸਗੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਣਾ ਪੈਂਦਾ ਹੈ ਕਿ ਉਨ੍ਹਾਂ ਨੂੰ ਮਰੀਜ਼ ਵਿੱਚ ਕੀ ਕੀ ਬਦਲਾ ਦਿਸ ਰਹੇ ਹਨ ਤੇ ਕਦੋਂ ਤੋਂ ਹਨ ? ਇਨ੍ਹਾਂ ਰੋਗਾਂ ਦਾ ਇਲਾਜ ਕਰਨਾ ਵੀ ਔਖਾ ਹੁੰਦਾ ਹੈ ਕਿਉਂਕਿ ਇਹ ਰੋਗ ਇਕੱਲੀ ਦਵਾਈ ਨਾਲ ਠੀਕ ਨਹੀਂ ਹੁੰਦੇ ਸਗੋਂ ਕਈ ਵਾਰ ਡਾਕਟਰ ਨੂੰ ਜਾਂ ਇਲਾਜ ਕਰਨ ਵਾਲੇ ਨੂੰ ਸਾਰੇ ਪਰਿਵਾਰ ਬਾਰੇ ਜਾਨਣ ਦੀ ਲੋੜ ਪੈਂਦੀ ਹੈ l ਕਈ ਵਾਰ ਇਸ ਤਰਾਂ ਦਾ ਰੋਗ ਪਰਿਵਾਰ ਜਾਂ ਸਮਾਜ ਦੀ ਵਜ੍ਹਾ ਨਾਲ ਹੋਇਆ ਹੋ ਸਕਦਾ ਹੈ l ਜਦੋੰ ਇਲਾਜ ਕਰਨ ਵਾਲਾ ਪਰਿਵਾਰ ਦੇ ਮੈਂਬਰਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ ਤਾਂ ਪਰਿਵਾਰਕ ਮੈਂਬਰ ਹੈਰਾਨ ਹੋ ਜਾਂਦੇ ਹਨ ਕਿ ਬਿਮਾਰ ਤਾਂ ਇੱਕ ਜਣਾ ਹੈ ਪਰ ਸਾਰੇ ਟੱਬਰ ਬਾਰੇ ਜਾਣਕਾਰੀ ਕਿਉਂ ਲਈ ਜਾ ਰਹੀ ਹੈ ? ਡਾਕਟਰ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ ਕਿ ਉਹ ਬਿਮਾਰੀ ਦੀ ਜੜ੍ਹ ਲੱਭੇ ਤਾਂ ਕਿ ਠੀਕ ਹੋਣ ਤੋਂ ਬਾਦ ਬਿਮਾਰੀ ਦੁਬਾਰਾ ਨਾਂ ਹੋਵੇl
ਕਈ ਮਾਨਸਿਕ ਰੋਗ ਏਨੇ ਵਿਗੜ ਜਾਂਦੇ ਹਨ ਕਿ ਜਦੋੰ ਡਾਕਟਰ ਮਰੀਜ਼ ਦੀ ਜਾਣਕਾਰੀ ਲੈਣ ਲਈ ਉਸ ਦੀ ਇੰਟਰਵਿਊ ਕਰਦਾ ਹੈ ਤਾਂ ਮਰੀਜ਼ ਆਪਣਾ ਪਿੰਡ, ਮੁਲਕ, ਤਰੀਕ, ਸੰਨ ਅਤੇ ਦਿਨ ਤੱਕ ਵੀ ਭੁੱਲ ਜਾਂਦਾ ਹੈ l ਕਈ ਹਾਲਤਾਂ ਵਿੱਚ ਮਰੀਜ਼ ਦਾ ਆਤਮ ਹੱਤਿਆ ਕਰਨ ਨੂੰ ਵੀ ਦਿਲ ਕਰਦਾ ਹੈ l ਇਸ ਤਰ੍ਹਾਂ ਦੀ ਹਾਲਤ ਵਿੱਚ ਕਈ ਵਾਰ ਕੁੱਝ ਦਿਨ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਕਰਕੇ ਵੀ ਇਲਾਜ ਕਰਨਾ ਪੈ ਸਕਦਾ ਹੈ ਜਾਂ ਕਿਸੇ ਪਰਿਵਾਰਿਕ ਮੈਂਬਰ ਨੂੰ 24 ਘੰਟੇ ਘਰ ਵਿੱਚ ਹੀ ਮਰੀਜ਼ ਦਾ ਖਿਆਲ ਰੱਖਣਾ ਪੈ ਸਕਦਾ ਹੈ ਤਾਂ ਕਿ ਮਰੀਜ਼ ਆਤਮ ਹੱਤਿਆ ਨਾਂ ਕਰੇ ਜਾਂ ਆਤਮ ਹੱਤਿਆ ਬਾਰੇ ਨਾਂ ਸੋਚੇ l ਇਸ ਤਰਾਂ ਦੀ ਹਾਲਤ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਨੂੰ ਮਿਲਣਾ ਚਾਹੀਦਾ ਹੈ l ਕਿਸੇ ਸਾਧ, ਸੰਤ, ਚੇਲੇ, ਦੇਵਤੇ ਜਾਂ ਰੱਬ ਕੋਲ ਇਸ ਦਾ ਇਲਾਜ ਨਹੀਂ ਹੈ l
ਮੈਂ ਬਚਪਨ ਤੋਂ ਹੀ ਕਿਤਾਬਾਂ ਨਾਲ ਜੁੜਿਆ ਹੋਇਆ ਹਾਂ l ਮੈਨੂੰ ਸੈਂਕੜੇ ਕਿਤਾਬਾਂ ਪੜ੍ਹਨ ਨੂੰ ਮਿਲੀਆਂ ਤੇ ਮੈਂ ਨਿਊਜ਼ੀਲੈਂਡ ਵਿੱਚ ਲਾਇਬ੍ਰੇਰੀ ਵੀ ਚਲਾਉਂਦਾ ਹਾਂ ਜਿਥੋਂ ਲੋਕ ਮੁਫ਼ਤ ਕਿਤਾਬਾਂ ਲੈ ਕੇ ਪੜ੍ਹ ਸਕਦੇ ਹਨ ਤੇ ਸਾਰੇ ਨਿਊਜ਼ੀਲੈਂਡ ਵਿੱਚ ਕਿਤਾਬਾਂ ਮੁਫ਼ਤ ਭੇਜਣ ਦੀ ਸਹੂਲਤ ਵੀ ਹੈ l ਤਰਕਸ਼ੀਲ ਲਹਿਰ ਨਾਲ ਜੁੜੇ ਹੋਣ ਕਰਕੇ ਮੈਂ ਮਾਨਸਿਕ ਰੋਗਾਂ ਦੇ ਕਾਰਨਾਂ ਤੇ ਇਲਾਜ ਸਬੰਧੀ ਕਾਫੀ ਕਿਤਾਬਾਂ ਪੜ੍ਹੀਆਂ ਤੇ ਗੱਲਬਾਤ ਰਾਹੀਂ ਕਈ ਕੇਸਾਂ ਨੂੰ ਹੱਲ ਕਰਨ ਦਾ ਮੌਕਾ ਮਿਲਿਆ l ਮੈਂ ਔਕਲੈਂਡ ਦੀ ਸਭ ਤੋਂ ਵੱਡੀ ਕੀਵੀ ਫਰੂਟ ਪੈਦਾ ਕਰਨ ਵਾਲੀ ਕੰਪਨੀ ਵਿੱਚ ਮੈਨੇਜਰ ਰਿਹਾ ਹੋਣ ਕਰਕੇ ਤਕਰੀਬਨ ਸਾਰੇ ਮੁਲਕਾਂ ਦੇ ਲੋਕਾਂ ਅਤੇ ਪੰਜਾਬ ਦੇ ਬਹੁਤੇ ਪਿੰਡਾਂ ਦੇ ਲੋਕਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਮੇਰੇ ਨਾਲ ਨਿਊਜ਼ੀਲੈੰਡ ਵਿੱਚ ਕੰਮ ਕੀਤਾ ਜਿਸ ਕਰਕੇ ਮੈਨੂੰ ਵੱਖ ਵੱਖ ਮੁਲਕਾਂ, ਕਲਚਰਾਂ ਤੇ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦਾ ਮੌਕਾ ਮਿਲਿਆ l ਮੈਂ ਕੰਪਨੀ ਦਾ ਮੈਨੇਜਰ ਹੋਣ ਕਰਕੇ ਹਰ ਕੋਈ ਮੇਰੇ ਨਾਲ ਆਪਣੇ ਦੁੱਖ ਸਾਂਝੇ ਕਰ ਲੈਂਦਾ ਸੀ l ਲੋਕ ਇਸ ਕਰਕੇ ਵੀ ਮੇਰੇ ਨਾਲ ਦੁੱਖ ਸਾਂਝਾ ਕਰ ਲੈਂਦੇ ਸੀ ਕਿਉਂਕਿ ਮੈਂ ਕਿਸੇ ਦੀ ਸਮੱਸਿਆ ਦਾ ਕਦੇ ਮਜ਼ਾਕ ਨਹੀਂ ਉਡਾਉਂਦਾ ਸੀ ਤੇ ਨਾਂ ਹੀ ਉਸ ਦੀ ਜਾਣਕਾਰੀ ਕਿਸੇ ਹੋਰ ਨੂੰ ਦਿੰਦਾ ਸੀ l
ਅੱਜ ਤੋਂ ਸੱਤ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਨੂੰ 22 ਕੁ ਸਾਲ ਦੇ ਮੁੰਡੇ ਨੇ ਨਿਊਜ਼ੀਲੈਂਡ ਦੇ ਹੈਮਿਲਟਨ ਸ਼ਹਿਰ ਵਿਚੋਂ ਫੋਨ ਕੀਤਾ ਜੋ ਕਾਫੀ ਘਬਰਾਹਟ ਵਿੱਚ ਲੱਗ ਰਿਹਾ ਸੀ l ਉਹ ਕਹਿੰਦਾ ਕਿ ਮੈਂ ਕੋਈ ਦਵਾਈ ਲੈਣ ਡਾਕਟਰ ਦੇ ਗਿਆ ਸੀ l ਉਥੇ ਉਸ ਨੇ ਮੇਰਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਤਾਂ ਡਾਕਟਰ ਨੇ ਦੱਸਿਆ ਕਿ ਤੇਰਾ ਬਲੱਡ ਪ੍ਰੈਸ਼ਰ ਹਾਈ ਹੈ l ਉਸ ਦਿਨ ਤੋਂ ਮੈਨੂੰ ਇਹ ਸੋਚ ਸੋਚ ਕੇ ਨੀਂਦ ਨਹੀਂ ਆਈ ਕਿ ਏਨੀ ਘੱਟ ਉਮਰ ਵਿੱਚ ਹੀ ਮੈਨੂੰ ਰੋਗ ਲੱਗ ਗਿਆ ਤਾਂ ਮੇਰਾ ਸਾਰੀ ਉਮਰ ਦਾ ਕੀ ਬਣੂੰ ? ਉਹ ਕਹਿੰਦਾ ਕਿ ਉਸ ਨੂੰ ਕਿਸੇ ਨੇ ਕਿਹਾ ਕਿ ਕਿਸੇ ਤਰਕਸ਼ੀਲ ਨੂੰ ਮਿਲ l ਉਹ ਸਹੀ ਸੁਝਾ ਦੇ ਸਕਣਗੇ l ਉਸ ਵਿਅਕਤੀ ਨੇ ਉਸ ਨੂੰ ਮੇਰਾ ਫੋਨ ਨੰਬਰ ਵੀ ਦੇ ਦਿੱਤਾ l ਉਹ ਸ਼ਹਿਰ ਮੇਰੇ ਘਰ ਤੋਂ ਇੱਕ ਘੰਟੇ ਦੀ ਦੂਰੀ ਤੇ ਸੀ l ਉਹ ਮੁੰਡਾ ਕਹਿੰਦਾ ਕਿ ਉਹ ਮੈਨੂੰ ਮਿਲਣਾ ਚਾਹੁੰਦਾ ਹੈ ਤੇ ਉਸ ਨੇ ਮੈਨੂੰ ਮੇਰੀ ਫੀਸ ਬਾਰੇ ਪੁੱਛਿਆ l ਉਸ ਤੋਂ ਲਗਦਾ ਸੀ ਕਿ ਸ਼ਾਇਦ ਪੈਸੇ ਪੱਖੋਂ ਵੀ ਉਸ ਦੇ ਹਲਾਤ ਜਿਆਦਾ ਵਧੀਆ ਨਾਂ ਹੋਣ l ਮੈਂ ਉਸ ਨੂੰ ਕਿਹਾ ਕਿ ਮੈਂ ਕਿਸੇ ਤੋਂ ਪੈਸੇ ਨਹੀਂ ਲੈਂਦਾ ਤੇ ਨਾਂ ਹੀ ਮੈਂ ਡਾਕਟਰ ਹਾਂ l ਮੈਨੂੰ ਤੇਰੇ ਵਾਸਤੇ ਦਵਾਈ ਲਿਖਣ ਦੀ ਵੀ ਇਜਾਜ਼ਤ ਨਹੀਂ l ਤੂੰ ਦੋ ਕੁ ਘੰਟੇ ਦਾ ਸਮਾਂ ਕੱਢ ਕੇ ਆਵੀਂ ਤੇ ਮੈਨੂੰ ਉਮੀਦ ਹੈ ਕਿ ਤੈਨੂੰ ਗੱਲਬਾਤ ਨਾਲ ਵੀ ਫਰਕ ਪੈ ਜਾਵੇਗਾ l
ਉਹ ਘੰਟੇ ਦਾ ਸਫ਼ਰ ਤਹਿ ਕਰਕੇ ਉਸੇ ਦਿਨ ਮੇਰੇ ਕੋਲ ਆ ਗਿਆ l ਪਹਿਲਾਂ ਉਸ ਨੂੰ ਚਾਹ ਪਿਲਾਈ l ਇਸ ਦੌਰਾਨ ਉਸ ਬਾਰੇ ਜਾਣਕਾਰੀ ਇਕੱਠੀ ਕੀਤੀ ਤੇ ਆਪਣੇ ਬਾਰੇ ਵੀ ਜਾਣਕਾਰੀ ਦਿੱਤੀ l ਉਸ ਨੇ ਮੈਨੂੰ ਦੱਸਿਆ ਕਿ ਦਵਾਈ ਤਾਂ ਉਹ ਹੋਰ ਬਿਮਾਰੀ ਦੀ ਲੈਣ ਗਿਆ ਸੀ ਪਰ ਜਦੋੰ ਡਾਕਟਰ ਨੇ ਬਲੱਡ ਪ੍ਰੈਸ਼ਰ ਚੈੱਕ ਕੀਤਾ ਤਾਂ ਉਹ ਹਾਈ ਸੀ ਜਿਸ ਕਰਕੇ ਉਸ ਦਿਨ ਤੋਂ ਮੈਨੂੰ ਨੀਂਦ ਨਹੀਂ ਆਈ l ਮੇਰੇ ਕੋਲ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਲੀ ਮਸ਼ੀਨ ਪਈ ਸੀ ਤੇ ਮੈਂ ਉਸ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਜੋ ਕਿ ਥੋੜ੍ਹਾ ਹਾਈ ਸੀ ਪਰ ਖਤਰਨਾਕ ਲੈਵਲ ਤੇ ਨਹੀਂ ਸੀ l ਫਿਰ ਮੈਂ ਉਸ ਨੂੰ ਜਾਣਕਾਰੀ ਦਿੱਤੀ ਕਿ ਨਿਊਜ਼ੀਲੈਂਡ ਵਿੱਚ ਜਦੋੰ ਵੀ ਡਾਕਟਰ ਦੇ ਜਾਵੋ ਤਾਂ ਡਾਕਟਰ ਤਕਰੀਬਨ ਸਾਰਿਆਂ ਦਾ ਹੀ ਬਲੱਡ ਪ੍ਰੈਸ਼ਰ ਚੈੱਕ ਕਰਦੇ ਹਨ ਇਸ ਕਰਕੇ ਇਹ ਫਿਕਰ ਵਾਲੀ ਗੱਲ ਨਹੀਂ ਹੈ l ਦੂਜਾ ਡਾਕਟਰ ਨੇ ਤੈਨੂੰ ਕਿਹਾ ਕਿ ਤੇਰਾ ਬਲੱਡ ਪ੍ਰੈਸ਼ਰ ਥੋੜ੍ਹਾ ਹਾਈ ਹੈ l ਉਹ ਵੀ ਡਾਕਟਰ ਦਾ ਫਰਜ਼ ਸੀ ਤੈਨੂੰ ਦੱਸਣਾ l ਡਾਕਟਰ ਨੇ ਤੈਨੂੰ ਇਹ ਨਹੀਂ ਕਿਹਾ ਕਿ ਇਹ ਖਤਰਨਾਕ ਲੈਵਲ ਤੇ ਹੈ ਜਾਂ ਤੈਨੂੰ ਇਸ ਨਾਲ ਕੋਈ ਖਤਰਾ ਹੈ l ਜੇ ਡਾਕਟਰ ਨੂੰ ਖਤਰਾ ਦਿਸਦਾ ਤਾਂ ਉਸ ਨੇ ਇਸ ਦੀ ਦਵਾਈ ਦੇ ਦੇਣੀ ਸੀ l ਇਸ ਕਰਕੇ ਇਹ ਵੀ ਫਿਕਰ ਵਾਲੀ ਗੱਲ ਨਹੀਂ ਹੈ l ਉਸ ਨੂੰ ਦੱਸਿਆ ਕਿ ਬਲੱਡ ਪ੍ਰੈਸ਼ਰ ਤਕਰੀਬਨ ਹਰ ਮਿੰਟ ਬਾਦ ਹੀ ਬਦਲਦਾ ਰਹਿੰਦਾ ਹੈ ਕਿਉਂਕਿ ਉਹ ਸਾਡੇ ਕੰਮ ਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ ਬੈਠੇ ਹਾਂ, ਤੁਰ ਕੇ ਆਏ ਹਾਂ, ਦੌੜ ਕੇ ਆਏ ਹਾਂ, ਕਿਸੇ ਪ੍ਰੇਸ਼ਾਨੀ ਵਿੱਚ ਹਾਂ ਜਾਂ ਕਿਸੇ ਨਾਲ ਲੜ ਕੇ ਹਟੇ ਹਾਂ l ਫਿਰ ਉਸ ਨੂੰ ਮੈਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰ ਕੇ ਦਿਖਾਇਆ ਉਹ ਵੀ ਤਕਰੀਬਨ ਉਸ ਜਿਨ੍ਹਾਂ ਹੀ ਸੀ l ਉਸ ਨੇ ਕੁੱਝ ਤੱਸਲੀ ਮਹਿਸੂਸ ਕੀਤੀ ਪਰ ਮੈਨੂੰ ਲੱਗ ਰਿਹਾ ਸੀ ਕਿ ਉਹ ਮੇਰੀ ਜਾਣਕਾਰੀ ਤੋਂ ਤਾਂ ਸੰਤੁਸ਼ਟ ਹੈ ਪਰ ਉਸ ਨੂੰ ਲਗਦਾ ਹੈ ਕਿ ਮੈਂ ਕੋਈ ਸਪੈਸ਼ਲਿਸਟ ਨਹੀਂ ਹਾਂ l ਮੈਂ ਇੱਕ ਡਾਕਟਰ ਦੀ ਲਿਖੀ ਹੋਈ ਕਿਤਾਬ ‘ਬਲੱਡ ਪ੍ਰੈਸ਼ਰ ਨੂੰ ਕਾਬੂ ਹੇਠ ਰੱਖੋ’ ਲਾਇਬ੍ਰੇਰੀ ਵਿਚੋਂ ਕੱਢ ਕੇ ਦਿੱਤੀ ਤੇ ਉਹੀ ਚੀਜ਼ਾਂ ਉਸ ਵਿੱਚ ਲਿਖੀਆਂ ਦਿਖਾਈਆਂ ਤਾਂ ਉਸ ਦੀ ਤਸੱਲੀ ਹੋ ਗਈ l ਮੈਂ ਉਹ ਕਿਤਾਬ ਉਸ ਨੂੰ ਮੁਫ਼ਤ ਰੱਖਣ ਵਾਸਤੇ ਦੇ ਦਿੱਤੀ l ਉਸ ਨੂੰ ਕੁੱਝ ਸੁਝਾ ਦਿੱਤੇ ਕਿ ਇੱਕ ਘੰਟਾ ਕੋਈ ਵੀ ਕਸਰਤ ਕਰ ਲਿਆ ਕਰੇ ਜਿਸ ਨਾਲ ਥੋੜ੍ਹਾ ਸਾਹ ਚੜ੍ਹ ਜਾਇਆ ਕਰੇ l ਉਸ ਨੂੰ ਇਹ ਵੀ ਸੁਝਾ ਦਿੱਤਾ ਕਿ ਅਗਲੇ ਦੋ ਤਿੰਨ ਹਫਤੇ ਦਵਾਈਆਂ ਵਾਲੀ ਦੁਕਾਨ ਤੋਂ ਬਲੱਡ ਪ੍ਰੈਸ਼ਰ ਚੈੱਕ ਕਰਵਾ ਲਿਆ ਕਰੇ ਤੇ ਬਲੱਡ ਪ੍ਰੈਸ਼ਰ ਦੀ ਰੀਡਿੰਗ ਜ਼ਰੂਰ ਪੁੱਛਿਆ ਕਰੇ l ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਦੇ ਸਿਰਫ ਦੋ ਡਾਲਰ ਲਗਦੇ ਸਨ l ਗੱਲਬਾਤ ਕਰਦਿਆਂ ਡੇਢ ਘੰਟਾ ਲੱਗ ਗਿਆ ਸੀ l ਜਾਣ ਵੇਲੇ ਉਸ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਤਾਂ ਪਹਿਲਾਂ ਨਾਲੋਂ ਘਟਿਆ ਹੋਇਆ ਸੀ l
ਉਸ ਨੇ ਚੌਥੇ ਦਿਨ ਫੋਨ ਕੀਤਾ ਕਿ ਉਸ ਨੂੰ ਉਸ ਦਿਨ ਤੋਂ ਨੀਂਦ ਵੀ ਵਧੀਆ ਆਉਣ ਲੱਗ ਪਈ ਸੀ ਤੇ ਬਲੱਡ ਪ੍ਰੈਸ਼ਰ ਵੀ ਉਹ ਦੋ ਵਾਰ ਚੈੱਕ ਕਰਵਾ ਚੁੱਕਾ ਸੀ ਜੋ ਕਿ 122/82 ਅਤੇ 124/82 ਆਇਆ ਸੀ l ਉਸ ਤੋਂ ਬਾਦ ਉਹ ਬਿਨਾਂ ਕਿਸੇ ਇਲਾਜ ਦੇ ਠੀਕ ਹੋ ਗਿਆ ਸੀ ਕਿਉਂਕਿ 120/80 ਬਲੱਡ ਪ੍ਰੈਸ਼ਰ ਨੂੰ ਸਿਹਤਮੰਦ ਮੰਨਿਆਂ ਜਾਂਦਾ ਹੈ l
ਨੋਟ :- ਮਾਨਸਿਕ ਸਮੱਸਿਆਵਾਂ ਨੂੰ ਸਮਝਣ ਵਾਸਤੇ ਤਰਕਸ਼ੀਲ ਸੋਚ ਅਪਨਾਉਣ ਦੀ ਲੋੜ ਹੈ ਤਾਂ ਕਿ ਸਾਨੂੰ ਬਿਮਾਰੀ ਜਾਂ ਮਸਲੇ ਦੀ ਜੜ੍ਹ ਸਮਝਣ ਦੀ ਆਦਤ ਪਵੇ l ਇਸ ਵਾਸਤੇ ਜ਼ਰੂਰੀ ਹੈ ਕਿ ਤਰਕਸ਼ੀਲ ਕਿਤਾਬਾਂ ਪੜ੍ਹੀਆਂ ਜਾਣ ਤਾਂ ਕਿ ਅਸੀਂ ਆਪਣੇ ਬਹੁਤੇ ਮਸਲੇ ਆਪ ਹੀ ਹੱਲ ਕਰ ਸਕੀਏ l

Back To Top