ਤਰਕਸ਼ੀਲਾਂ ਦੇ ਬੱਚੇ

ਮੇਘ ਰਾਜ ਮਿੱਤਰ

ਨਿਊਜੀਲੈਂਡ ਦੇ ਤਰਕਸ਼ੀਲਾਂ ਦੀ ਲਾਇਬਰੇਰੀ ਵਿੱਚ ਦੁਨੀਆਂ ਦੇ ਵੱਖ ਵੱਖ ਭਾਗਾਂ ਵਿਚੋਂ ਛਪਦੇ ਸੈਂਕੜੇ ਤਰਕਸ਼ੀਲ ਮੈਗਜੀਨ ਵੀ ਮੈਂ ਵੇਖੇ ਹਨ।
ਪਹਿਲਾਂ ਪਹਿਲ ਅਵਤਾਰ ਤੇ ਧਰਮਪਾਲ ਇਹਨਾਂ ਤਰਕਸ਼ੀਲਾਂ ਕੋਲ ਜਾਂਦੇ ਰਹੇ ਹਨ। ਨਿਊਜੀਲੈਂਡ ਦੇ ਤਰਕਸ਼ੀਲ ਇਹਨਾਂ ਨੂੰ ਮੈਗਜ਼ੀਨ ਪੋਸਟ ਕਰਨ ਲਈ ਲਿਫਾਫੇ ਦੇ ਕੇ ਸਹਾਇਤਾ ਵੀ ਕਰਦੇ ਰਹੇ ਹਨ। ਇਹਨਾਂ ਰੈਸ਼ਨਲਿਸਟਾਂ ਨੇ ਆਪਣੇ ਦਫਤਰ ਦੀ ਵਰਤੋਂ ਕਰਨ ਦੇ ਅਧਿਕਾਰ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਨੂੰ ਵੀ ਦਿੱਤੇ ਹੋਏ ਹਨ।
ਇਕ ਮਹੀਨੇ ਦੀ ਠਹਿਰ ਦੌਰਾਨ ਅਵਤਾਰ ਦਾ ਤਿੰਨ ਸਾਲਾ ਬੇਟਾ ਸੀਰਤ ਮੈਨੂੰ ਬਹੁਤ ਹੀ ਪਸੰਦ ਕਰਨ ਲੱਗ ਪਿਆ ਸੀ। ਉਸਦੀ ਖੂਬੀ ਇਹ ਸੀ ਕਿ ਉਹ ਨਾ ਤਾਂ ਰਿੜਣਾ ਤੇ ਨਾ ਹੀ ਤੁਰਨਾ ਸਿੱਖਿਆ ਸਿੱਧਾ ਭੱਜਣਾ ਹੀ ਜਾਣਦਾ ਸੀ। ਦੋ ਕਦਮ ਦੀ ਦੂਰੀ ਵੀ ਭੱਜ ਕੇ ਹੀ ਤਹਿ ਕਰਦਾ। ਜਦੋਂ ਵੀ ਮੇਰੀ ਗੋਦੀ ਚੜ੍ਹਦਾ ਤਾਂ ਕੱਪੜੇ ਸੁਕਾਉਣ ਵਾਲੀ ਮਸ਼ੀਨ ਡ੍ਰਾਇਰ ਕੋਲ ਜਾ ਕੇ ਉਸਨੂੰ ਦੇਖਣਾ ਨਾ ਭੁਲਦਾ।
ਰਾਜੂ ਦੀ ਚਾਰ ਸਾਲਾਂ ਦੀ ਬੇਟੀ ਨੇਹਾ ਵੀ ਬਹੁਤ ਹੀ ਚੰਚਲ ਸੀ ਉਹ ਵੀ ਹਰ ਵੇਲੇ ਮੇਰੇ ਨਾਲ ਚਿਪਕੀ ਰਹਿੰਦੀ।
ਮਮਤਾ ਸਕੂਲ ਵਿੱਚ ਟੀਚਰ ਹੈ। ਇੱਕ ਗੋਰੀ ਉਸਦੀ ਸਹੇਲੀ ਸੀ ਅਤੇ ਉਸਦੇ ਆਪਣੇ ਮਿੱਤਰ ਲੜਕੇ ਨਾਲ ਸਬੰਧ ਠੀਕ ਨਹੀਂ ਚੱਲ ਰਹੇ ਸਨ। ਕੁਝ ਭਾਰਤੀ ਇਸਤਰੀਆਂ ਨੇ ਉਸਨੂੰ ਸਲਾਹ ਦਿੱਤੀ ਕਿ ਉਹ ਇਸ ਸਬੰਧੀ ਕਿਸੇ ਜੋਤਸ਼ੀ ਜੀ ਨਾਲ ਸਲਾਹ ਕਰੇ। ਜੋਤਸ਼ੀ ਜੀ ਨੇ ਸੱਤ ਕਿਸਮ ਦਾ ਅਨਾਜ ਕਿਸੇ ਦਰਿਆ ਵਿਚ ਪਾਉਣ ਦਾ ਮਸ਼ਵਰਾ ਦਿੱਤਾ। ਉਹ ਕਹਿਣ ਲੱਗੀ ‘‘ਮੇਰੇ ਮਿੱਤਰ ਲੜਕੇ ਨਾਲ ਮੇਰੇ ਸਬੰਧ ਠੀਕ ਹੋਣ ਜਾਂ ਨਾ ਹੋਣ ਪਰ ਮੈਂ ਆਪਣੇ ਦੇਸ਼ ਦੇ ਦਰਿਆਵਾਂ ਨੂੰ ਕਦੇ ਵੀ ਇਸ ਤਰ੍ਹਾਂ ਦੂਸ਼ਿਤ ਨਹੀਂ ਕਰਾਂਗੀ।’’ ਪਰ ਅਸੀਂ ਭਾਰਤੀ ਤਾਂ ਮਰੇ ਵਿਅਕਤੀ ਦੀਆਂ ਹੱਡੀਆਂ ਪਾ ਪਾ ਕੇ ਹੀ ਆਪਣੇ ਦਰਿਆਵਾਂ ਦਾ ਸਤਿਆਨਾਸ਼ ਕਰੀ ਜਾ ਰਹੇ ਹਾਂ। ਗੱਲ ਦਰਿਆਵਾਂ ਦੇ ਦੂਸ਼ਿਤ ਹੋਣ ਤੱਕ ਹੀ ਰਹਿ ਜਾਂਦੀ ਤਾਂ ਵੀ ਠੀਕ ਸੀ ਅਸੀਂ ਤਾਂ ਆਪਣੇ ਮਨਾਂ ਨੂੰ ਵੀ ਧੁਰ ਅੰਦਰ ਤੱਕ ਦੂਸ਼ਿਤ ਕਰ ਲਿਆ ਹੈ। ਐਧਰੋਂ ਗਈ ਇੱਕ ਲੜਕੀ ਨੇ ਦੋ ਤਿੰਨ ਮਹੀਨੇ ਦੀ ਹੱਡ ਭੰਨਵੀਂ ਮਿਹਨਤ ਨਾਲ ਦੋ ਕੁ ਹਜ਼ਾਰ ਡਾਲਰ ਕਮਾਏ ਤੇ ਕਹਿਣ ਲੱਗੀ ‘‘ਮੇਰੀ ਨੌਕਰੀ ਲੱਗੀ ਹੈ ਮੈਂ ਸੁੱਖ ਸੁੱਖੀ ਸੀ ਜਦੋਂ ਵੀ ਮੇਰੀ ਨੌਕਰੀ ਲੱਗੀ ਤਾਂ ਮੈਂ ਸਾਰੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਲੰਗਰ ਛਕਾਵਾਂਗੀ।’’ ਜਿਸ ਦਿਨ ਲੰਗਰ ਛਕਾਇਆ ਤਾਂ ਅਗਲੇ ਦਿਨ ਨੌਕਰੀ ਤੋਂ ਛੁੱਟੀ ਹੋ ਗਈ ਹੁਣ ਨਜਦੀਕੀਆਂ ਤੋਂ ਕੁਝ ਡਾਲਰ ਫੜਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ। ਲੋਕਾਂ ਦੇ ਇਹਨਾਂ ਅੰਧ ਵਿਸ਼ਵਾਸਾਂ ਨੂੰ ਦੂਰ ਕਰਨ ਲਈ ਫਤਿਹਗੜ੍ਹ ਪੰਜਤੂਰ ਦੇ ਵਸਨੀਕ ਜਤਿੰਦਰ ਪੰਜਤੂਰੀ ਨੇ ਉੱਧਰ ਜਾ ਕੇ ਤਰਕਸ਼ੀਲ ਸੁਸਾਇਟੀ ਦੀ ਸ਼ਾਖਾ ਖੋਲ੍ਹਣ ਦਾ ਯਤਨ ਕੀਤਾ ਸੀ। ਪਰ ਉਸਦਾ ਮਨ ਉੱਥੇ ਸੈਟਲ ਹੋਣ ਤੋਂ ਕੁਝ ਦੋਚਿੱਤਾ ਹੋ ਗਿਆ ਤੇ ਇਸ ਤਰ੍ਹਾਂ ਇਹ ਯਤਨ ਅਸਫਲ ਹੋ ਗਏ।

ਅੰਧਵਿਸ਼ਵਾਸੀਆਂ ਦਾ ਸੰਗ ਚੰਗਾ ਨਹੀਂ
ਬਰਨਾਲੇ ਦੇ ਨਜ਼ਦੀਕ ਹਿੰਮਤਪੁਰੇ ਦੇ ਵਸਨੀਕ ਕੇਵਲ ਸਾਗਰ ਨੇ ਮੈਨੂੰ ਦੱਸਿਆ ਕਿ ‘‘ਉਸਦੀ ਕੰਮ ਵਾਲੀ ਫੈਕਟਰੀ ਵਿੱਚ ਸਤਾਰਾਂ ਗੋਰੇ ਕੰਮ ਕਰ ਰਹੇ ਹਨ ਮੈਂ ਹਰੇਕ ਗੋਰੇ ਕੋਲ ਗਿਆ ਤੇ ਉਹਨਾਂ ਨੂੰ ਪੁਛਿਆ ਕਿ ਕੀ ਤੁਸੀਂ ਗਿਰਜੇ ਜਾਂਦੇ ਹੋ ਤਾਂ ਸਭ ਦਾ ਜੁਆਬ ਇੱਕੋ ਹੀ ਸੀ ਕਿ ਅਸੀਂ ਕੰਮ ਨੂੰ ਹੀ ਪੂਜਾ ਸਮਝਦੇ ਹਾਂ ਸਾਡੇ ਕੋਲ ਇਹਨਾਂ ਗੱਲਾਂ ਲਈ ਕੋਈ ਟਾਈਮ ਨਹੀਂ।’’ ਪਰ ਸਾਡੇ ਤਾਂ ਅੱਧੇ ਬੰਦੇ ਸਵੇਰੇ ਹੀ ਸੁਰਤੀਆਂ ਲਾ ਕੇ ਬੈਠ ਜਾਂਦੇ ਨੇ। ਇੱਕ ਸੰਤ ਜਿਸਨੇ ਆਪਣੀ ਵਿਚਾਰਧਾਰਾ ਵਾਲੇ ਕਾਫੀ ਚੇਲੇ ਪੈਦਾ ਕੀਤੇ ਹੋਏ ਹਨ ਉਸਦੇ ਚੇਲੇ ਤਾਂ ਸਾਹ ਲੈਣ ਵੇਲੇ ਤਾਂ ‘ਵਾਹਿ’ ਕਹਿੰਦੇ ਹਨ ਤੇ ਸਾਹ ਬਾਹਰ ਕੱਢਣ ਵੇੇਲੇ ‘ਗੁਰੂ’ ਆਖਦੇ ਹਨ। ਇਸ ਤਰ੍ਹਾਂ ਵਾਰ ਵਾਰ ਦੁਹਰਾਈ ਜਾਂਦੇ ਹਨ। ਮੈਨੂੰ ਇਹ ਸਮਝ ਨਹੀਂ ਪੈਂਦੀ ਕਿ ਇਸ ਤਰ੍ਹਾਂ ਕਰਨ ਨਾਲ ਕੀ ਉਹ ਪ੍ਰਮਾਤਮਾ ਦੇ ਜ਼ਿਆਦਾ ਨੇੜੇ ਹੋ ਜਾਂਦੇ ਹਨ। ਗੋਰੇ ਤਾਂ ਅਜਿਹੇ ਧਾਰਮਿਕ ਵਿਚਾਰਾਂ ਵਾਲੇ ਵਿਅਕਤੀਆਂ ਦੇ ਕੋਲ ਬੈਠਣਾ ਵੀ ਪਸੰਦ ਨਹੀਂ ਕਰਦੇ।
ਇਸ ਤਰ੍ਹਾਂ ਹੀ ਦੋ ਤਿੰਨ ਵਿਅਕਤੀ ਸਾਡੇ ਕੋਲ ਇੱਕ ਨਿਰੰਕਾਰੀ ਗੁਰੂ ਨੂੰ ਲੈ ਕੇ ਵੀ ਆਏ। ਉਹ ਗੁਰੂ ਜੀ ਉਹਨਾਂ ਨੂੰ ਆਪਣੇ ਚੇਲੇ ਬਣਾਉਣ ਦਾ ਯਤਨ ਕਰ ਰਿਹਾ ਸੀ। ਉਹਨਾਂ ਵਿਚੋਂ ਇੱਕ ਵਿਅਕਤੀ ਨੇ ਤਾਂ ਮੈਨੂੰ ਇਹ ਵੀ ਦੱਸਿਆ ਕਿ ਨਿਰੰਕਾਰੀਆਂ ਦਾ ਮੁਖੀ ਦੋ ਤਿੰਨ ਸਾਲ ਬਾਅਦ ਆਕਲੈਂਡ ਗੇੜਾ ਮਾਰਦਾ ਹੈ ਤੇ ਹਰ ਸਾਲ ਲੱਖਾਂ ਡਾਲਰ ਆਪਣੇ ਸ਼ਰਧਾਲੂਆਂ ਤੋਂ ਪ੍ਰਾਪਤ ਕਰਕੇ ਭਾਰਤ ਵਾਪਸ ਆ ਜਾਂਦਾ ਹੈ। ਨਿਰੰਕਾਰੀ ਜੀ ਜਦੋਂ ਸਾਡੇ ਸੁਆਲਾਂ ਦੇ ਜੁਆਬ ਨਾ ਦੇ ਸਕਿਆ ਤਾਂ ਉਹ ਝੂਠ ਬੋਲਣ ਲੱਗ ਪਿਆ। ਤੇ ਉਸਨੂੰ ਲੈ ਕੇ ਆਏ ਵਿਅਕਤੀ ਹੀ ਉਸਦੇ ਝੂਠ ਫੜੇ ਜਾਣ ਤੇ ਉਸਦੇ ਪਿੱਛੇ ਪੈ ਗਏ। ਪੁੱਕੀਕੋਈ ਤੋਂ ਆਕਲੈਂਡ ਤੱਕ ਕਾਰ ਵਿੱਚ ਹੀ ਉਹਨਾਂ ਦੇ ਨਾਲ ਲੜਦੇ ਗਏ। ਇਸ ਤਰ੍ਹਾਂ ਅਸੀਂ ਬਹੁਤ ਸਾਰੇ ਵਿਅਕਤੀਆਂ ਨੂੰ ਧਾਰਮਿਕ ਪਾਖੰਡੀਆਂ ਦੇ ਗਲਬੇ ਵਿਚੋਂ ਫਸਣ ਤੋਂ ਬਚਾਉਣ ਵਿੱਚ ਸਫਲ ਹੋਏ ਹਾਂ। ਸਾਡੀਆਂ ਪਹਿਲੇ ਸੈੱਲ ਦੇ ਪੈਦਾ ਹੋਣ ਸਬੰਧੀ ਦਿੱਤੀ ਵਿਗਿਆਨਕ ਜਾਣਕਾਰੀ ਨੂੰ ਸੁਣ ਕੇ ਇਹਨਾਂ ਵਿੱਚੋਂ ਹੀ ਇੱਕ ਵਿਅਕਤੀ ਬੋਲਿਆ ਕਿ ‘‘ਮੈਂ ਵੀ ਸੋਚਦਾ ਸਾਂ ਕਿ ਫਿਰ ਆਟੇ ਵਿੱਚ ਸੁੰਡੀਆ ਕਿਵੇਂ ਪੈਦਾ ਹੋ ਜਾਂਦੀਆਂ ਹਨ?’’

Back To Top