ਆਰਥਿਕ ਗੁਲਾਮੀ

*ਸਾਡਾ ਸਕੂਲ ਸਿਸਟਮ ਸਾਨੂੰ ਆਰਥਿਕ ਗੁਲਾਮੀ ਵੱਲ ਧੱਕਦਾ ਹੈ l ਰੱਬ ਵਿੱਚ ਯਕੀਨ ਵੀ ਇਸ ਵਿੱਚ ਸ਼ਾਮਿਲ *

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਹਰ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਆਪਣੇ ਦੇਸ਼ ਦੇ ਲੋਕਾਂ ਨੂੰ ਪੜ੍ਹਨ ਦੇ ਬਰਾਬਰ ਮੌਕੇ ਦੇਵੇ ਤੇ ਉਨ੍ਹਾਂ ਦੇ ਪੜ੍ਹਨ ਵਾਸਤੇ ਢੁਕਵੇਂ ਹਲਾਤ ਪੈਦਾ ਕਰੇ l ਭਾਰਤ ਨੂੰ ਅਜ਼ਾਦ ਹੋਇਆਂ 73 ਸਾਲ ਹੋ ਗਏ ਹਨ ਭਾਵੇਂ ਕਿ ਮੈਂ ਇਸ ਅਜ਼ਾਦੀ ਨੂੰ ਅਜ਼ਾਦੀ ਨਹੀਂ ਸਮਝਦਾ ਕਿਉਂਕਿ ਜਿਨ੍ਹਾਂ ਯੋਧਿਆਂ ਨੇ ਅਜ਼ਾਦੀ ਦੀ ਲੜ੍ਹਾਈ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਨ੍ਹਾਂ ਦਾ ਸਪਨਾ ਇਹੋ ਜਿਹੀ ਅਜ਼ਾਦੀ ਪ੍ਰਾਪਤ ਕਰਨ ਦਾ ਨਹੀਂ ਸੀ ਜਿਸ ਤਰ੍ਹਾਂ ਦੀ ਅਜ਼ਾਦੀ ਮਿਲੀ l
ਏਨੇ ਸਾਲਾਂ ਦੀ ਅਜ਼ਾਦੀ ਬਾਦ ਅੱਜ ਵੀ ਭਾਰਤ ਦੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਅਨਪੜ੍ਹ ਰਹਿ ਜਾਂਦੇ ਹਨ ਜਾਂ ਬਹੁਤ ਘੱਟ ਪੜ੍ਹ ਲਿਖ ਸਕਦੇ ਹਨ l ਕਈ ਬੱਚਿਆਂ ਦੇ ਘਰਦਿਆਂ ਕੋਲ ਪੜ੍ਹਾਉਣ ਵਾਸਤੇ ਪੈਸਾ ਨਹੀਂ ਹੈ, ਕਿਤਾਬਾਂ ਤੇ ਵਰਦੀਆਂ ਨਹੀਂ ਖਰੀਦ ਸਕਦੇ, ਕਈ ਸਕੂਲਾਂ ਵਿੱਚ ਅਧਿਆਪਕ ਨਹੀਂ, ਕਈ ਸਕੂਲਾਂ ਦੀਆਂ ਛੱਤਾਂ ਚੋਂਦੀਆਂ ਹਨ ਤੇ ਕਈਆਂ ਦੀਆਂ ਛੱਤਾਂ ਡਿਗ ਪੈਂਦੀਆਂ ਹਨ, ਕਈ ਬੱਚਿਆਂ ਦੇ ਘਰਦਿਆਂ ਨੂੰ ਗਰੀਬੀ ਕਾਰਨ ਆਪਣੇ ਬੱਚੇ ਨਾਂ ਚਾਹੁੰਦਿਆਂ ਹੋਇਆਂ ਵੀ ਦਿਹਾੜੀ ਕਰਨ ਲਗਾਉਣੇ ਪੈਂਦੇ ਹਨ l ਉਨ੍ਹਾਂ ਛੋਟੇ ਬੱਚਿਆਂ ਨੂੰ ਤੁਸੀਂ ਚਾਹ ਦੀਆਂ ਦੁਕਾਨਾਂ, ਢਾਬਿਆਂ, ਕਰਿਆਨੇ ਦੀਆਂ ਦੁਕਾਨਾਂ ਜਾਂ ਹੋਰ ਇਸ ਤਰ੍ਹਾਂ ਦੇ ਕਾਰੋਬਾਰਾਂ ਤੇ ਭਾਂਡੇ ਮਾਂਜਦੇ ਜਾਂ ਝਾੜੂ ਮਾਰਦੇ ਆਮ ਹੀ ਦੇਖ ਸਕਦੇ ਹੋ l
ਹੁਣ ਸਰਕਾਰ ਦੇ ਨਾਲ ਨਾਲ ਅਸੀਂ ਵੀ ਬਰਾਬਰ ਦੇ ਜਿੰਮੇਂਵਾਰ ਹਾਂ l ਸਾਡੇ ਵਿਚੋਂ ਜਿਨ੍ਹਾਂ ਦੇ ਹਲਾਤ ਭਾਰਤ ਵਿੱਚ ਰਹਿੰਦਿਆਂ ਠੀਕ ਹਨ ਜਾਂ ਸਾਡੇ ਵਿਚੋਂ ਜਿਹੜੇ ਵਿਦੇਸ਼ਾਂ ਵਿੱਚ ਚਲੇ ਗਏ ਹਨ ਉਹਨਾਂ ਵਿਚੋਂ ਵੀ ਬਹੁਤੇ ਇਸ ਪਾਸੇ ਧਿਆਨ ਨਹੀਂ ਦਿੰਦੇ l ਉਹਨਾਂ ਵਿਚੋਂ ਕਈ ਏਨੇ ਸਵਾਰਥੀ ਹੋ ਗਏ ਹਨ ਕਿ ਉਨ੍ਹਾਂ ਨੂੰ ਦੂਜਿਆਂ ਦੇ ਮਸਲੇ ਮਸਲੇ ਹੀ ਨਹੀਂ ਲਗਦੇ ਜਾਂ ਏਨੇ ਗੰਭੀਰ ਨਹੀਂ ਲਗਦੇ l ਉਨ੍ਹਾਂ ਨੇ ਜੇ ਦਾਨ ਵੀ ਦੇਣਾ ਹੋਵੇ ਤਾਂ ਉਹ ਧਾਰਮਿਕ ਅਸਥਾਨਾਂ ਤੇ ਦਿੰਦੇ ਹਨ ਜਿਥੇ ਪੈਸਾ ਵਧ ਜਾਣ ਦੇ ਕਾਰਨ ਲੜਾਈਆਂ ਹੁੰਦੀਆਂ ਹਨ l ਉਨ੍ਹਾਂ ਧਾਰਮਿਕ ਅਸਥਾਨਾਂ ਤੋਂ ਲੋਕਾਂ ਨੂੰ ਇਹੀ ਦੱਸਿਆ ਜਾਂਦਾ ਹੈ ਕਿ ਰੱਬ ਗਰੀਬੀ ਦਾਵੇ ਮਿਲਦਾ ਹੈ ਜਾਂ ਜੋ ਕਿਸਮਤ ਵਿੱਚ ਲਿਖਿਆ ਉਹੀ ਮਿਲਦਾ ਹੈ ਜਾਂ ਮੱਥੇ ਦੀ ਲਿਖੀ ਨੂੰ ਕੋਈ ਨਹੀਂ ਮਿਟਾ ਸਕਦਾ ਜਾਂ ਇਹ ਪਿਛਲੇ ਕਰਮਾਂ ਦਾ ਫ਼ਲ ਹੈ l ਗਰੀਬ ਇਹ ਗੱਲਾਂ ਸੁਣ ਕੇ ਆਪਣੀ ਔਖੇ ਹੋ ਕੇ ਕੀਤੀ ਕਮਾਈ ਵਿਚੋਂ ਵੀ ਕੁੱਝ ਮਾਇਆ ਇਹ ਗੱਲਾਂ ਦੱਸਣ ਵਾਲਿਆਂ ਨੂੰ ਦੇ ਆਉਂਦੇ ਹਨ l ਗਰੀਬ ਇਹ ਵੀ ਨਹੀਂ ਸੋਚਦੇ ਕਿ ਜੇ ਰੱਬ ਗਰੀਬੀ ਦਾਵੇ ਮਿਲਦਾ ਹੈ ਤਾਂ ਅਸੀਂ ਇਹ ਪ੍ਰਚਾਰ ਕਰਨ ਵਾਲਿਆਂ ਨੂੰ ਪੈਸਾ ਦੇ ਕੇ ਰੱਬ ਤੋਂ ਦੂਰ ਕਿਉਂ ਕਰ ਰਹੇ ਹਾਂ ? ਦਾਨ ਦੇ ਰੂਪ ਵਿੱਚ ਪੈਸਾ ਲੈਣ ਵੇਲੇ ਪ੍ਰਚਾਰਕ ਵੀ ਨਹੀਂ ਕਹਿੰਦੇ ਕਿ ਸਾਨੂੰ ਪੈਸਾ ਨਾਂ ਦਿਓ ਇਸ ਨਾਲ ਅਸੀਂ ਰੱਬ ਤੋਂ ਦੂਰ ਹੋ ਜਾਵਾਂਗੇ l
ਹੁਣ ਉਨ੍ਹਾਂ ਦੀ ਗੱਲ ਕਰਦਾ ਹਾਂ ਕਿ ਜਿਹੜੇ ਸਕੂਲ ਚਲੇ ਜਾਂਦੇ ਹਨ ਜਾਂ ਚੰਗਾ ਪੜ੍ਹ ਲਿਖ ਜਾਂਦੇ ਹਨ ਉਨ੍ਹਾਂ ਵਿਚੋਂ ਬਹੁਤੇ ਆਰਥਿਕ ਤਰੱਕੀ ਨਹੀਂ ਕਰ ਪਾਉਂਦੇ l ਜਿਨ੍ਹਾਂ ਨੂੰ ਕੋਈ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਉਹ ਕੁੱਝ ਠੀਕ ਰਹਿ ਜਾਂਦੇ ਹਨ ਪਰ ਬਾਕੀਆਂ ਦੀ ਹਾਲਤ ਕੋਈ ਖਾਸ ਵਧੀਆ ਨਹੀਂ ਹੁੰਦੀ l ਇਸ ਤਰਾਂ ਕਿਉਂ ?
ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਉਸ ਨੂੰ ਵੱਖ ਵੱਖ ਵਿਸ਼ੇ ਪੜ੍ਹਨੇ ਪੈਂਦੇ ਹਨ l ਜਿਸ ਤਰਾਂ ਜਮਾਤਾਂ ਵਿੱਚ ਉਹ ਅੱਗੇ ਵਧਦਾ ਜਾਂਦਾ ਹੈ ਉਸ ਤਰ੍ਹਾਂ ਵਿਸ਼ੇ ਵਧਦੇ ਜਾਂਦੇ ਹਨ l ਜਦੋਂ ਮੈਂ ਪੜ੍ਹਦਾ ਸੀ ਤਾਂ ਛੇਵੀਂ ਵਿੱਚ ਅੱਠ ਦੇ ਕਰੀਬ ਵਿਸ਼ੇ ਹੋ ਜਾਂਦੇ ਸੀ l ਕਈ ਵਾਰ ਕਿਤਾਬਾਂ ਵਾਲਾ ਝੋਲਾ (ਬੈਗ) ਵੀ ਚੁੱਕਣਾ ਔਖਾ ਹੋ ਜਾਂਦਾ ਸੀ ਕਿਉਂਕਿ ਆਮ ਕਿਤਾਬਾਂ ਦੇ ਨਾਲ ਨਾਲ ਗਾਈਡਾਂ ਵੀ ਚੁੱਕਣੀਆਂ ਪੈਂਦੀਆਂ ਸਨ l ਇਹ ਵਿਸ਼ੇ ਇਸ ਕਰਕੇ ਪੜ੍ਹਾਏ ਜਾਂਦੇ ਹਨ ਕਿ ਆਮ ਇਨਸਾਨ ਨੂੰ ਇਨ੍ਹਾਂ ਦੀ ਜਿੰਦਗੀ ਵਿੱਚ ਲੋੜ ਪੈਂਦੀ ਹੈ ਪਰ ਸਭ ਤੋਂ ਵੱਧ ਲੋੜ ਤਾਂ ਜਿੰਦਗੀ ਵਿੱਚ ਪੈਸੇ (Money) ਦੀ ਪੈਂਦੀ ਹੈ l ਫਿਰ ਪੈਸੇ ਦਾ ਵਿਸ਼ਾ ਸਕੂਲਾਂ ਵਿੱਚ ਸ਼ਾਮਿਲ ਕਿਉਂ ਨਹੀਂ ਕੀਤਾ ਜਾਂਦਾ ? ਉਸ ਦਾ ਸਾਫ ਕਾਰਨ ਹੈ ਕਿ ਅਮੀਰ ਵੀ ਚਾਹੁੰਦੇ ਹਨ ਕਿ ਆਮ ਜਨਤਾ ਨੂੰ ਇਸ ਬਾਰੇ ਪਤਾ ਨਾਂ ਲੱਗੇ ਤੇ ਸਰਕਾਰਾਂ ਵੀ ਨਹੀਂ ਚਾਹੁੰਦੀਆਂ ਕਿ ਲੋਕਾਂ ਨੂੰ ਪੈਸੇ ਬਾਰੇ ਪਤਾ ਲੱਗੇ l ਸਕੂਲ ਵਿੱਚ ਸ਼ੁਰੂ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਵਧੀਆ ਨੰਬਰ ਲੈ ਕੇ ਪਾਸ ਹੋਵੋ ਤੇ ਤੁਹਾਨੂੰ ਵਾਈਟ ਕਾਲਰ (ਵਧੀਆ ਜੌਬ) ਮਿਲ ਜਾਵੇਗੀ l ਮਾਂ ਪਿਓ ਵੀ ਬੱਚੇ ਨੂੰ ਘਰੋਂ ਇਹੀ ਕਹਿ ਕੇ ਤੋਰਦੇ ਹਨ ਕਿ ਚੰਗੀ ਤਰਾਂ ਪੜ੍ਹਾਈ ਕਰੀਂ l ਪੜ੍ਹ ਲਿਖ ਕੇ ਤੂੰ ਅਫਸਰ ਬਣ ਜਾਵੇਂਗਾ, ਤੇਰੇ ਕੋਲ ਕੋਠੀ ਹੋਵੇਗੀ ਤੇ ਕਾਰ ਹੋਵੇਗੀ l
ਜਿਸ ਬੱਚੇ ਨੂੰ ਘਰੋਂ ਤੇ ਸਕੂਲੋਂ ਹਰ ਰੋਜ਼ ਇਹੀ ਸਿੱਖਿਆ ਦਿੱਤੀ ਗਈ ਕਿ ਤੂੰ ਅਫਸਰ ਬਣ ਜਾਵੇਂਗਾ ਉਹ ਨੌਕਰੀ ਨਾਂ ਮਿਲਣ ਦੀ ਹਾਲਤ ਵਿੱਚ ਦਿਹਾੜੀ ਵੀ ਨਹੀਂ ਕਰਨੀ ਚਾਹੁੰਦਾ l
ਇਸ ਤੋਂ ਵੀ ਅੱਗੇ ਇਹ ਕਿ ਜੇ ਹਰ ਪੜ੍ਹਿਆ ਲਿਖਿਆ ਨੌਕਰੀ (Job) ਲੱਭਣ ਲੱਗ ਪਵੇ ਤਾਂ ਨੌਕਰੀਆਂ ਪੈਦਾ ਕੌਣ ਕਰੇਗਾ ? ਸਰਕਾਰ ਤਾਂ ਇਸ ਪੱਖੋਂ ਬਹੁਤੀ ਕਾਮਯਾਬ ਨਹੀਂ l ਸਰਕਾਰ ਤੋਂ ਇਲਾਵਾ ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਬਚਦੇ ਹਨ ਜੋ ਨੌਕਰੀਆਂ (Jobs) ਪੈਦਾ ਕਰਦੇ ਹਨ ਤੇ ਪੜ੍ਹਿਆਂ ਲਿਖਿਆਂ ਨੂੰ ਨੌਕਰੀਆਂ ਦਿੰਦੇ ਹਨ l ਮੈਂ ਬਹੁਤ ਸਾਰੇ ਦੁਨੀਆਂ ਦੇ ਪ੍ਰਸਿੱਧ ਕਾਰੋਬਾਰੀਆਂ ਨੂੰ ਜਾਣਦਾ ਹਾਂ ਤੇ ਉਨ੍ਹਾਂ ਨੂੰ ਮਿਲਿਆਂ ਵੀ ਹਾਂ ਜੋ ਪੜ੍ਹਿਆਂ ਲਿਖਿਆਂ ਨੂੰ ਨੌਕਰੀਆਂ ਦੇ ਰਹੇ ਹਨ ਭਾਵੇਂ ਕਿ ਉਹ ਖੁਦ ਪੜ੍ਹ ਨਹੀਂ ਸਕੇ ਜਾਂ ਘੱਟ ਪੜ੍ਹੇ ਸਨ l ਉਨ੍ਹਾਂ ਵਿਚੋਂ ਕਈਆਂ ਨੂੰ ਤਾਂ ਨਲਾਇਕ ਜਾਂ ਸ਼ਰਾਰਤੀ ਕਹਿ ਕੇ ਸਕੂਲਾਂ ਤੋਂ ਕੱਢ ਦਿੱਤਾ ਗਿਆ ਸੀ l
ਇਸ ਕਰਕੇ ਮਾਪਿਆਂ ਦਾ ਅਤੇ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਨੌਕਰੀਆਂ ਲੱਭਣ ਵਾਲੇ ਨਾਂ ਬਣਾਓ ਸਗੋਂ ਬੱਚਿਆਂ ਨੂੰ ਨੌਕਰੀਆਂ ਪੈਦਾ ਕਰਨ ਵਾਲੇ ਬਣਾਓ l ਗਰੀਬੀ ਆਪੇ ਖਤਮ ਹੋ ਜਾਊ l

Back To Top