– ਮੇਘ ਰਾਜ ਮਿੱਤਰ
ਜਲਾਲਾਬਾਦ
5.7.86
ਸ਼ੁਭ ਇਛਾਵਾਂ।
ਆਪਣੇ ਪ੍ਰਾਚੀਨ ਵਿਚਾਰਾਂ ਕਰਕੇ ਮੈਂ ਵੀ ਨਿੱਕਾ ਹੁੰਦਾ ਵਹਿਮਾਂ-ਭਰਮਾਂ ਵਿਚ ਫ਼ਸਿਆ ਰਿਹਾ। ਉਸ ਵੇਲੇ ਮੈਂ ਹਰ ਸਮੇਂ ਡਰਦੇ ਰਹਿਣਾ ਅਤੇ ਝੂਠੇ ਬਾਬਿਆਂ ਦੀ ਸੁੱਖਾਂ ਸੁੱਖ ਕੇ ਨੱਕ ਰਗੜਦੇ ਰਹਿਣਾ, ਪਰ ਮੇਰਾ ਡਰ ਦੂਰ ਨਾ ਹੋ ਸਕਿਆ। ਹੌਲੀ-ਹੌਲੀ ਮੇਰੇ ਹੱਥ ਡਾ. ਕਾਵੂਰ ਦੀ ਕਿਤਾਬ ਲੱਗ ਗਈ ਜਿਸ ਦਾ ਸਿਰਲੇਖ ਸੀ ‘‘……ਤੇ ਦੇਵ ਪੁਰਸ਼ ਹਾਰ ਗਏ’’। ਮੈਂ ਇਸ ਨੂੰ ਪੜ੍ਹਕੇ ਬਹੁਤ ਹੀ ਪ੍ਰਭਾਵਿਤ ਹੋਇਆ ਕਿ ਛੇਤੀ ਹੀ ਮੈਂ ਵਹਿਮਾਂ-ਭਰਮਾਂ ਦੀ ਗੁੰਝਲ ਵਿਚੋਂ ਨਿਕਲ ਗਿਆ। ਰੈਸ਼ਨੇਲਿਸਟ ਸੁਸਾਇਟੀ ਪੰਜਾਬ ਨੇ ਵਹਿਮਾਂ ਦਾ ਰਹਿੰਦ-ਖੂੰਦ ਵੀ ਮੇਰੇ ਮਨ ਤੋਂ ਧੋ। ਸ੍ਰੀ ਮਾਨ ਜੀ, ਮੈਂ ਕੁਝ ਹੋਰ ਕਾਰਨ ਵੀ ਜਾਨਣਾ ਚਾਹੁੰਦਾ ਹਾਂ। ਮੈਨੂੰ ਆਸ ਹੈ ਕਿ ਤੁਸੀਂ ਜ਼ਰੂਰ ਹੀ ਇਸ ਦਾ ਹੱਲ ਲੱਭੋਗੇ।
1. ਕੋਈ ਮਦਾਰੀ ਆਪਣੀ ਟੋਕਰੀ ਵਿਚੋਂ ਕਬੂਤਰ ਕਿਸ ਤਰ੍ਹਾਂ ਕੱਢ ਦਿੰਦਾ ਹੈ?
2. ਇਕ ਖਾਲੀ ਗਿਲਾਸ ਵਿਖਾ ਕੇ ਉਸਨੂੰ ਸਾਰਿਆਂ ਦੇ ਸਾਹਮਣੇ ਦੁੱਧ ਨਾਲ ਕਿਸ ਤਰ੍ਹਾਂ ਭਰ ਦਿੰਦਾ ਹੈ?
3. ਬਿਨਾਂ ਚਾਬੀ ਦਿੱਤਿਆਂ ਘੜੀ ਦਾ ਟਾਈਮ ਅਗਾਂਹ-ਪਿਛਾਂਹ ਕਿਸ ਤਰ੍ਹਾਂ ਕਰ ਦਿੰਦਾ ਹੈ?
4. ਜਦੋਂ ਕੋਈ ਮਦਾਰੀ ਕੱਪੜੇ, ਭਾਂਡੇ ਆਦਿ ਨੂੰ ਕੱਢਦਾ ਹੈ ਤਾਂ ਉਸ ਸਮੇਂ ਉਹ ਕਿਸ ਤਰ੍ਹਾਂ ਬੁੱਧੂ ਬਣਾਉਂਦਾ ਹੈ?
5. ਇਕ ਆਦਮੀ ਉੱਪਰ ਕੱਪੜਾ ਪਾ ਕੇ ਉਸਨੂੰ ਤਿੰਨ ਫੁੱਟ ਜਾਂ ਇਸ ਤੋਂ ਜ਼ਿਆਦਾ ਉੱਚਾ ਕਿਸ ਤਰ੍ਹਾਂ ਉਡਾਇਆ ਜਾਂਦਾ ਹੈ?
‘‘ਜੀ ਇਹ ਸਵਾਲ ਮਦਾਰੀਆਂ ਸੰਬੰਧੀ ਸਨ। ਇਨ੍ਹਾਂ ਮਾਨਸਿਕ ਤੌਰ `ਤੇ ਕਠਿਨਾਈ ਵਾਲੇ ਸੁਆਲਾਂ ਦਾ ਵੀ ਜਵਾਬ ਦੇਣਾ :-
1. ਕਿਸੇ ਆਦਮੀ ਦੀ ਯਾਦ-ਸ਼ਕਤੀ ਨੂੰ ਕਿਸ ਤਰ੍ਹਾਂ ਠੀਕ ਰੂਪ ਵਿਚ ਲਿਆਂਦਾ ਜਾ ਸਕਦਾ ਹੈ ਜਾਂ ਕਿਸੇ ਗੱਲ ਨੂੰ ਕਿਸ ਤਰ੍ਹਾਂ ਯਾਦ ਰੱਖਿਆ ਜਾ ਸਕਦਾ ਹੈ?
2. ਕਿਸੇ ਆਦਮੀ ਨੂੰ ਗੁੱਸਾ ਕਿਉਂ ਆਉਂਦਾ ਹੈ? ਜਿਸ ਕਾਰਨ ਉਹ ਨੁਕਸਾਨ ਕਰ ਬੈਠਦਾ ਹੈ?
3. ਜਦੋਂ ਕੋਈ ਵਿਦਿਆਰਥੀ ਪੜ੍ਹਨ ਬੈਠਦਾ ਹੈ ਤਾਂ ਉਸਦੇ ਸਾਹਮਣੇ ਬੁਰੇ ਕੰਮ, ਅਣਗਹਿਲੀਆਂ ਜਾਂ ਸੋਚਾਂ ਕਿਉਂ ਉੱਭਰ ਆਉਂਦੇ ਹਨ?
4. ਕੀ ਕਾਰਨ ਹੈ ਕਿ ਡਰਾਊ ਸੰਗੀਤ, ਫਿੱਕੀਆਂ ਆਵਾਜ਼ਾਂ ਜਾਂ ਬਹੁਤ ਸ਼ੋਰ ਮਨ `ਤੇ ਬੁਰਾ ਅਸਰ ਪਾਉਂਦਾ ਹੈ। ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ।
5. ਜੇਕਰ ਕਿਸੇ ਮਨੁੱਖ ਦੇ ਰਾਤ ਨੂੰ ਸੁੱਤੇ ਸਮੇਂ ਦਿਲ ਉੱਪਰ ਹੱਥ ਧਰਿਆ ਜਾਵੇ। ਤਾਂ ਉਹ ਜਾਂ ਤਾਂ ਉੱਚੀ-2 ਬੋਲਣ ਲੱਗ ਜਾਂਦਾ ਹੈ। ਜਾਂ ਫਿਰ ਉੱਠ ਕੇ ਤੁਰ ਪੈਂਦਾ ਹੈ। ਜਦੋਂ ਜਾਗਣ ਸਮੇਂ ਪੁੱਛਿਆ ਜਾਂਦਾ ਹੈ ਕਿ ਰਾਤ ਸਮੇਂ ਕੀ ਗੱਲ ਸੀ। ਉਹ ਕੁਝ ਵੀ ਦੱਸ ਨਹੀਂ ਸਕਦਾ ਇਸ ਦਾ ਕੀ ਕਾਰਨ ਹੈ।
6. ਸੁਪਨੇ ਕਿਉਂ ਆਉਂਦੇ ਹਨ। ਕੀ ਇਨ੍ਹਾਂ ਦਾ ਕੋਈ ਅਸਰ ਹੈ। ਸ੍ਰੀ ਮਾਨ ਜੀ, ਮੈਂ ਇਕੱਲਾ ਵਿਦਿਆਰਥੀ ਹੀ ਹਾਂ। ਜੋ ਭੂਤਾਂ-ਪ੍ਰੇਤਾਂ, ਵਹਿਮਾਂ-ਭਰਮਾਂ, ਜਾਂ ਅਖੌਤੀ ਬਾਬਿਆਂ ਵਿਚ ਵਿਸ਼ਵਾਸ ਨਹੀਂ ਕਰਦਾ। ਮੈਂ ਵੀ ਚਾਹੁੰਦਾ ਹਾਂ ਕਿ ਸਾਡੇ ਦੇਸ਼ ਵਿਚ ਵਹਿਮ-ਭਰਮ ਦੂਰ ਹੋਣ।
ਜਿਹੜੇ ਸੁਆਲਾਂ ਦੀ ਪੇਸ਼ਕਸ਼ ਤੁਹਾਡੇ ਅੱਗੇ ਕੀਤੀ ਗਈ ਹੈ। ਜ਼ਰੂਰ ਹੀ ਮੇਰੇ ਐਡਰੈਸ `ਤੇ ਜਵਾਬ ਦੇਣ ਦੀ ਕੋਸ਼ਿਸ਼ ਕਰਨਾ।
ਆਪ ਜੀ ਦਾ ਧੰਨਵਾਦੀ ਹੋਵਾਂਗਾ।
ਤੁਹਾਡਾ ਪਿਆਰਾ ਸ਼ੁਭਚਿੰਤਕ
ਰਾਜਪਾਲ ਸਮਰਾ
ਮਦਾਰੀ ਪਾਸ ਪਹਿਲਾਂ ਹੀ ਕਬੂਤਰ ਹੁੰਦਾ ਹੈ ਜਿਸਨੂੰ ਆਪਣੀ ਟੋਕਰੀ ਵਿਚੋਂ ਕੱਢ ਕੇ ਵਿਖਾ ਦਿੰਦਾ ਹੈ। ਕਬੂਤਰ ਦਾ ਇਹ ਗੁਣ ਹੀ ਉਹ ਵਰਤੋਂ ਵਿਚ ਲਿਆਉਂਦਾ ਹੈ ਕਿ ਉਹ ਲੁਕਣ ਲਈ ਬਹੁਤ ਥੋੜ੍ਹੀ ਥਾਂ ਲੈਂਦਾ ਹੈ ਤੇ ਆਵਾਜ਼ ਘੱਟ ਕਰਦਾ ਹੈ।
ਇਹ ਚਲਾਕੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਕੱਛ ਵਿਚ ਬਲੈਡਰ ਰੱਖ ਕੇ ਬਾਂਹ ਦੇ ਨਾਲ-ਨਾਲ ਪਾਈਪ ਹੱਥ ਤੱਕ ਜਾਂਦੀ ਹੈ ਸੋ ਬਾਂਹ ਦੇ ਪੱਠਿਆਂ ਦੀ ਮਦਦ ਨਾਲ ਬਲੈਡਰ ਨੂੰ ਦੱਬ ਦਿੰਦੇ ਹਨ ਦੁੱਧ ਗਿਲਾਸ ਵਿਚ ਆ ਜਾਂਦਾ ਹੈ।
ਅੱਜ ਤੱਕ ਕਿਸੇ ਵੀ ਜਾਦੂਗਰ ਨੇ ਲੋਕਾਂ ਦੀ ਪੂਰੀ ਭੀੜ ਦੀਆਂ ਘੜੀਆਂ ਦਾ ਟਾਈਮ ਅੱਗੇ ਜਾਂ ਪਿੱਛੇ ਨਹੀਂ ਕੀਤਾ ਹੈ। ਲੱਗਭੱਗ 19ਵੀਂ ਸਦੀ ਵਿਚ ਇਕ ਭਾਰਤੀ ਜਾਦੂਗਰ ਨੇ ਇੰਗਲੈਂਡ ਵਿਚ ਇਹ ਚਲਾਕੀ ਕੀਤੀ ਸੀ। ਕਹਿੰਦੇ ਹਨ ਕਿ ਉਸਨੇ ਲੰਡਨ ਦੇ ਗਿਰਜਾ ਘਰ ਦੇ ਇਕ ਚੌਂਕੀਦਾਰ ਨੂੰ ਰਿਸ਼ਵਤ ਦੇ ਕੇ ਚਰਚ ਦੀ ਘੜੀ ਇਕ ਘੰਟਾ ਪਿੱਛੇ ਕਰਵਾ ਦਿੱਤੀ ਸੀ। ਜਦੋਂ ਜਾਦੂਗਰ ਜਾਦੂ ਦਾ ਸ਼ੋਅ ਦੇਣ ਲਈ ਚਾਰ ਵਜੇ ਦੀ ਬਜਾਏ ਪੰਜ ਵਜੇ ਪਹੁੰਚਿਆ ਤਾਂ ਲੋਕ ਬੁਰਾ ਭਲਾ ਕਹਿਣ ਲੱਗੇ। ਜਾਦੂਗਰ ਨੇ ਕਿਹਾ ਕਿ ਮੈਂ ਠੀਕ ਸਮੇਂ `ਤੇ ਪਹੁੰਚਿਆ ਹਾਂ ਲੋਕ ਕਹਿਣ ਲੱਗੇ ਕਿ ਤੂੰ ਇਕ ਘੰਟਾ ਲੇਟ ਆਇਆ ਹੈ। ਉਸ ਸਮੇਂ ਚਰਚ ਦੀ ਘੜੀ ਤੇ ਹੀ ਯਕੀਨ ਕੀਤਾ ਜਾਂਦਾ ਸੀ। ਸੋ ਫ਼ੈਸਲਾ ਇਹ ਹੋਇਆ ਕਿ ਚਰਚ ਦੀ ਘੜੀ ਦੇ ਸਮੇਂ ਨੂੰ ਠੀਕ ਮੰਨ ਲਿਆ ਜਾਵੇ। ਇਸ ਤਰ੍ਹਾਂ ਜਾਦੂਗਰ ਨੇ ਲੋਕਾਂ ਦੀਆਂ ਘੜੀਆਂ ਇਕ ਘੰਟਾ ਪਿੱਛੇ ਕਰਵਾ ਦਿੱਤੀਆਂ।
ਕੱਪੜੇ ਤੇ ਭਾਂਡੇ ਕੱਢਣ ਵਾਲੇ ਜਾਦੂਗਰ ਚਾਦਰਾ ਹੀ ਪਹਿਣਦੇ ਹਨ ਕਿਉਂਕਿ ਇਸ ਜਾਦੂ ਵਿਚ ਖ਼ਾਲੀ ਟੋਕਰੀ ਵਿਖਾਉਣ ਵੇਲੇ ਸਾਮਾਨ ਵਾਲੀ ਪ੍ਰਾਂਤ ਚਾਦਰੇ ਵਿਚ ਆਪਣੇ ਪੱਟਾਂ `ਤੇ ਰੱਖ ਲਈ ਜਾਂਦੀ ਹੈ। ਅਤੇ ਸਮਾਨ ਕੱਢਣ ਵੇਲੇ ਇਹ ਮੁੜ ਟੋਕਰੀ ਥੱਲੇ ਰੱਖ ਦਿੱਤੀ ਜਾਂਦੀ ਹੈ। ਸਮਾਨ ਇਕ ਦੂਸਰੇ ਵਿਚ ਹੀ ਟਿਕਾਇਆ ਹੁੰਦਾ ਹੈ। ਕੋਈ ਵੀ ਜਾਦੂਗਰ ਆਪਣੇ ਪਾਸੋਂ ਪੇਠਾ ਜਾਂ ਰੇਲ ਗੱਡੀ ਦਾ ਇੰਜਣ ਪ੍ਰਗਟ ਨਹੀਂ ਕਰ ਸਕਦਾ ਹੈ।
ਉੱਪਰ ਉੱਠਣ ਲਈ ਜਮੂਰਾ ਆਪਣੇ ਨਾਲ ਛੋਟੇ ਸੋਟੀ ਦੇ ਦੋ ਟੁਕੜੇ ਲੁਕੋ ਕੇ ਲੈ ਜਾਂਦਾ ਹੈ। ਆਪਣੀਆਂ ਜੁੱਤੀਆਂ ਨੂੰ ਸੋਟੀਆਂ ਵਿਚ ਫਸਾ ਕੇ ਆਪ ਖੜ੍ਹਾ ਹੁੰਦਾ ਜਾਂਦਾ ਹੈ ਤੇ ਲੋਕ ਸਮਝਦੇ ਹਨ ਕਿ ਜਮੂਰਾ ਉੱਪਰ ਉੱਠ ਰਿਹਾ ਹੈ।
ਯਾਦ ਸ਼ਕਤੀ ਨੂੰ ਠੀਕ ਰੱਖਣ ਲਈ ਜਾਂ ਕਿਸੇ ਗੱਲ ਨੂੰ ਯਾਦ ਰੱਖਣ ਲਈ ਉਸ ਵਿਸ਼ੇ ਵਿਚ ਪੂਰੀ ਦਿਲਚਸਪੀ ਪੈਦਾ ਕਰਨੀ ਜ਼ਰੂਰੀ ਹੈ। ਕਿਸੇ ਵਿਸ਼ੇਸ਼ ਗੱਲ ਨੂੰ ਯਾਦ ਰੱਖਣ ਲਈ ਉਸ ਗੱਲ ਦਾ ਸੰਬੰਧ ਕਿਸੇ ਹੋਰ ਗੱਲ ਨਾਲ ਜੋੜ ਲੈਣਾ ਚਾਹੀਦਾ ਹੈ। ਮੈਂ ਆਪਣੇ ਬਚਪਨ ਦੇ ਦਿਨਾਂ ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦਾ ਨਾਂ ਯਾਦ ਕਰਨ ਲਈ ਇਸ ਨੂੰ ਨਹਿਰ ਨਾਲ ਸੰਬੰਧਿਤ ਕਰ ਲੈਂਦਾ ਸੀ।
ਮਨੁੱਖੀ ਮਨ ਉੱਪਰ ਬਾਹਰੀ ਗੱਲਾਂ ਦਾ ਪ੍ਰਭਾਵ ਹੁੰਦਾ ਹੈ। ਜਦੋਂ ਕਿਸੇ ਵਿਅਕਤੀ ਦੀ ਇੱਛਾ ਦੇ ਵਿਰੁੱਧ ਕੋਈ ਕੰਮ ਹੁੰਦਾ ਹੈ ਤਾਂ ਵਕਤੀ ਤੌਰ `ਤੇ ਆਦਮੀ ਆਪਣਾ ਦਿਮਾਗੀ ਸੰਤੁਲਨ ਖੋ ਬੈਠਦਾ ਹੈ ਤੇ ਇਸ ਲਈ ਗੁੱਸਾ ਆਉਂਦਾ ਹੈ ਤੇ ਆਦਮੀ ਖੁਦ ਆਪਣਾ ਜਾਂ ਕਈ ਵਾਰੀ ਕਿਸੇ ਵਿਰੋਧੀ ਦਾ ਨੁਕਸਾਨ ਕਰ ਬੈਠਦਾ ਹੈ।
ਜਦੋਂ ਅਸੀਂ ਕਿਸੇ ਕੰਮ ਵਿਚ ਪੂਰੀ ਦਿਲਚਸਪੀ ਨਹੀਂ ਲੈਂਦੇ ਜਾਂ ਉਸ ਪ੍ਰਤੀ ਗੰਭੀਰ ਨਹੀਂ ਹੁੰਦੇ ਜਾਂ ਸਾਨੂੰ ਉਸ ਕੰਮ ਦੀ ਮਹੱਤਤਾ ਦਾ ਗਿਆਨ ਨਹੀਂ ਹੁੰਦਾ ਤਾਂ ਅਜਿਹੀਆਂ ਸੋਚਾਂ ਉੱਭਰ ਹੀ ਆਉਂਦੀਆਂ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਡਰਾਊ ਸੰਗੀਤ ਜਾਂ ਬਹੁਤਾ ਸ਼ੋਰ ਸਾਡੇ ਮਨ ਤੇ ਸਰੀਰ ਲਈ ਨੁਕਸਾਨਦੇਹ ਹੈ ਇਹ ਸਾਡੀ ਸ਼ਖਸੀਅਤ ਵਿਚ ਕੋਈ ਨਾ ਕੋਈ ਊਣਾਪਣ ਜ਼ਰੂਰ ਪੈਦਾ ਕਰਦਾ ਹੈ। ਸੋ ਅਜਿਹੇ ਸ਼ੋਰ ਜਾਂ ਸੰਗੀਤ ਤੋਂ ਪਾਸਾ ਵੱਟਣਾ ਹੀ ਠੀਕ ਰਹਿੰਦਾ ਹੈ।
ਜਿਵੇਂ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ ਕਿ ਸਾਡੇ ਮਨ ਵਿਚ ਜੋ ਬੁਰੇ ਚੰਗੇ ਖ਼ਿਆਲ ਆਉਂਦੇ ਹਨ ਉਹ ਸਾਡੇ ਦਿਲ ਦੀ ਧੜਕਣ ਨੂੰ ਵੀ ਪ੍ਰਭਾਵਿਤ ਕਰਦੇ ਹਨ। ਸੁਪਨਿਆਂ ਵਿਚ ਆਏ ਖ਼ਿਆਲ ਵੀ ਅਜਿਹਾ ਹੀ ਕਰਦੇ ਹਨ। ਦਿਲ ਉੱਪਰ ਹੱਥ ਧੜਕਣ ਵਧ ਜਾਣ ਕਾਰਨ ਆਉਂਦਾ ਹੈ ਨਾ ਕਿ ਦਿਲ `ਤੇ ਹੱਥ ਰੱਖਣ ਨਾਲ ਦਿਲ ਦੀ ਧੜਕਣ ਤੇਜ਼ ਹੁੰਦੀ ਹੈ।
ਇਸ ਤਰ੍ਹਾਂ ਹੀ ਸਾਡੇ ਦਿਮਾਗ ਵਿਚ ਆਏ ਉਤਰਾਵਾਂ ਜਾਂ ਚੜਾਵਾਂ ਕਾਰਨ ਅਸੀਂ ਸੁੱਤੇ-ਸੁੱਤੇ ਨੀਂਦ ਵਿਚ ਬਹੁਤ ਸਾਰੀਆਂ ਹਰਕਤਾਂ ਵੀ ਕਰ ਬੈਠਦੇ ਹਾਂ। ਇਨ੍ਹਾਂ ਹਰਕਤਾਂ ਵਿਚੋਂ ਨੀਂਦ ਵਿਚ ਤੁਰਨਾ ਵੀ ਇਕ ਹਰਕਤ ਹੈ। ਗੂੜ੍ਹੀ ਨੀਂਦ ਵਿਚ ਕੀਤੀਆਂ ਬਹੁਤ ਸਾਰੀਆਂ ਹਰਕਤਾਂ ਸਾਡੇ ਯਾਦ ਹੀ ਨਹੀਂ ਰਹਿੰਦੀਆਂ। ਪਰ ਹਲਕੀ ਨੀਂਦ ਵਿਚ ਕੀਤੀਆਂ ਹਰਕਤਾਂ ਸਾਡੇ ਅਕਸਰ ਯਾਦ ਰਹਿ ਜਾਂਦੀਆਂ ਹਨ। ਸਾਡੇ ਸਰੀਰ ਦੇ ਕੁਝ ਅੰਗ ਕਦੇ ਆਰਾਮ ਨਹੀਂ ਕਰਦੇ ਇਨ੍ਹਾਂ ਵਿਚ ਦਿਲ, ਦਿਮਾਗ ਤੇ ਸਾਹ ਪ੍ਰਣਾਲੀ ਮੁੱਖ ਹਨ। ਸਾਡਾ ਦਿਮਾਗ ਹਮੇਸ਼ਾਂ ਹੀ ਕਲਪਨਾਵਾਂ ਕਰਦਾ ਰਹਿੰਦਾ ਹੈ। ਨੀਂਦ ਸਮੇਂ ਕੀਤੀਆਂ ਕਲਪਨਾਵਾਂ ਸੁਫ਼ਨੇ ਬਣ ਜਾਂਦੀਆਂ ਹਨ। ਜਾਗਦੇ ਸਮੇਂ ਕੀਤੀਆਂ ਕਲਪਨਾਵਾਂ ਫੁਰਨੇ ਜਾਂ ਵਿਚਾਰ ਹੁੰਦੀਆਂ ਹਨ। ਸੁਪਨੇ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਨੇੜਿਉਂ ਜੁੜੇ ਹੁੰਦੇ ਹਨ। ਪਰ ਕਈ ਵਾਰ ਸੱਚੇ ਵੀ ਹੋ ਨਿਬੜਦੇ ਹਨ ਤੇ ਬਹੁਤੀ ਵਾਰ ਝੂਠੇ ਵੀ ਹੋ ਜਾਂਦੇ ਹਨ।
