ਮਿੰਨੀ ਕਹਾਣੀ-ਕੱਚੀ ਲੱਸੀ

(ਸੱਚ ਤੇ ਅਧਾਰਤ )
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਉਸ ਸਮੇਂ ਦੀ ਗੱਲ ਹੈ ਜਦੋੰ ਮੈਂ ਬਾਰਾਂ ਕੁ ਵਰ੍ਹਿਆਂ ਦਾ ਸੀ l ਸਾਡੇ ਪਿੰਡ ਖੁਰਦਪੁਰ ਤੋਂ ਥੋੜ੍ਹੀ ਦੂਰ ਸਾਡਾ ਇੱਕ ਖੇਤ ਸੀ ਜਿਸ ਦੇ ਬੰਨੇ ਤੇ ਇੱਕ ਟਾਹਲੀ ਤੇ ਇੱਕ ਬੇਰੀ ਇਕੱਠੇ ਉਗ ਕੇ ਵੱਡੇ ਦਰੱਖਤ ਬਣੇ ਹੋਏ ਸਨ l ਸਾਡਾ ਪਰਿਵਾਰ ਸ਼ੁਰੂ ਤੋਂ ਨੌਕਰੀ ਪੇਸ਼ੇ ਵਾਲਾ ਪਰਿਵਾਰ ਸੀ ਤੇ ਜ਼ਮੀਨ ਠੇਕੇ ਤੇ ਦਿੱਤੀ ਹੋਈ ਹੁੰਦੀ ਸੀ l ਫਿਰ ਪਰਿਵਾਰ ਨੇ ਸੋਚਿਆ ਕਿ ਦੋ ਕੁ ਸਾਲ ਨੌਕਰੀ ਦੇ ਨਾਲ ਖੇਤੀ ਕਰਕੇ ਦੇਖੀ ਜਾਵੇ l ਖੇਤੀ ਦਾ ਤਜਰਬਾ ਤਾਂ ਨਹੀਂ ਸੀ ਪਰ ਖੇਤੀ ਸ਼ੁਰੂ ਕਰ ਲਈ ਤੇ ਦੋ ਮੱਝਾਂ ਵੀ ਰੱਖ ਲਈਆਂ l ਇੱਕ ਪਾਸੇ ਆਪਣੇ ਰਹਿਣ ਵਾਲੇ ਕਮਰੇ ਸਨ ਤੇ ਦੂਜੇ ਪਾਸੇ ਪਸ਼ੂਆਂ ਦੇ ਰਹਿਣ ਵਾਲੇ ਕਮਰੇ ਸਨ l ਤੂੜੀ ਦਾ ਕੁੱਪ ਵੀ ਘਰ ਦੇ ਵਿਹੜੇ ਵਿੱਚ ਹੀ ਸੀ l ਖੇਤ ਨੂੰ ਜਾਣ ਵਾਸਤੇ ਪਿੰਡ ਫਤੇਪੁਰ ਵਿਚੀਂ ਜਾਣਾ ਪੈਂਦਾ ਸੀ ਜੋ ਕਿ ਸਾਡੇ ਪਿੰਡ ਦੇ ਨਾਲ ਹੀ ਲਗਦਾ ਸੀ l ਪਿੰਡੋਂ ਖੇਤ ਨੂੰ ਜਾਂਦਿਆਂ ਅੱਧੀ ਸੜ੍ਹਕ ਪੱਕੀ ਸੀ ਤੇ ਬਾਦ ਵਿੱਚ ਅੱਧਾ ਰਾਹ ਕੱਚਾ ਸੀ ਜਿਸ ਦੀ ਮਿੱਟੀ ਵੀ ਬਹੁਤ ਚੀਕਣੀ ਸੀ l ਉਸ ਖੇਤ ਵਿਚਲੇ ਟਾਹਲੀ ਤੇ ਬੇਰੀ ਦੇ ਦਰੱਖਤ ਨੂੰ ਬੱਕਰੀਆਂ ਵਾਲੇ ਨੇ ਸਾਡੇ ਘਰਦਿਆਂ ਦੇ ਕਹਿਣ ਤੇ ਛਾਂਗ ਦਿੱਤਾ l ਉਸ ਤੋਂ ਕੁੱਝ ਚਿਰ ਬਾਦ ਸਾਡੇ ਘਰ ਮੱਝਾਂ ਦੀਆਂ ਖੁਰਲੀਆਂ ਵਿਚੋਂ ਤੇ ਤੂੜੀ ਵਾਲੇ ਕੁੱਪ ਵਿਚੋਂ ਸੱਪਾਂ ਦੇ ਬੱਚੇ ਨਿਕਲਣੇ ਸ਼ੁਰੂ ਹੋ ਗਏ l ਕਿਸੇ ਸਿਆਣੇ ਨੇ ਘਰਦਿਆਂ ਨੂੰ ਦੱਸਿਆ ਕਿ ਟਾਹਲੀ ਤੇ ਬੇਰੀ ਦੇ ਦਰੱਖਤ ਵਿੱਚ ਸੱਪਾਂ ਦੀ ਬਰਨੀ ਸੀ l ਤੁਸੀਂ ਦਰੱਖਤ ਛਾਂਗ ਦਿੱਤੇ ਤਾਂ ਸੱਪਾਂ ਦੇ ਬੱਚੇ ਨਿਕਲਣੇ ਸ਼ੁਰੂ ਹੋਏ ਹਨ l ਸਿਆਣੇ ਨੇ ਕਿਹਾ ਕਿ ਤੁਸੀਂ ਖੇਤ ਵਿੱਚ ਸੱਤ ਐਤਵਾਰ ਕੱਚੀ ਲੱਸੀ ਦਾ ਛਿੱਟਾ ਦਿਓ ਤੇ ਉਸ ਵਿਚੋਂ ਕੁੱਝ ਬਚਾ ਕੇ ਘਰ ਵਿੱਚ ਛਿੱਟਾ ਦਿਓ ਤਾਂ ਸੱਪਾਂ ਦੇ ਬੱਚੇ ਨਿਕਲਣੋਂ ਹਟਣਗੇ l ਕਦੇ ਕਦੇ ਇਸ ਕੰਮ ਵਾਸਤੇ ਮੇਰੀ ਡਿਊਟੀ ਲੱਗ ਜਾਂਦੀ ਸੀ l ਮੈਂ ਛਿੱਟਾ ਦੇਣ ਜਾਂਦੇ ਨੇ ਸੋਚੀ ਜਾਣਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਉਥੇ ਸੱਪਾਂ ਦੀ ਬਰਨੀ ਹੈ l ਦੂਜੀ ਗੱਲ ਕਿ ਦਰੱਖਤ ਛਾਂਗਣ ਨਾਲ ਬਰਨੀ ਨੂੰ ਨੁਕਸਾਨ ਵੀ ਕੋਈ ਨਹੀਂ ਹੋਇਆ l ਤੀਜੀ ਗੱਲ ਕਿ ਅਸੀਂ ਦਰੱਖਤ ਵੀ ਖੁਦ ਨਹੀਂ ਛਾਂਗੇ ਫਿਰ ਸਾਡੇ ਘਰ ਸੱਪਾਂ ਦੇ ਬੱਚੇ ਕਿਉਂ ਨਿਕਲਦੇ ਹਨ ? ਮੈਨੂੰ ਲੱਗਾ ਕਿ ਸਿਆਣਾ ਝੂਠ ਬੋਲਦਾ ਹੈ l ਕਈ ਵਾਰ ਐਤਵਾਰ ਨੂੰ ਮੀਂਹ ਪੈਂਦਾ ਹੁੰਦਾ ਸੀ l ਇੱਕ ਉੱਪਰ ਲਈ ਹੋਈ ਚਾਦਰ ਸਾਂਭਣੀ ਔਖੀ ਹੋ ਜਾਣੀ, ਦੂਜਾ ਕੱਚੀ ਲੱਸੀ ਵਾਲਾ ਡੋਲੂ ਤੇ ਤੀਜਾ ਕੈਂਚੀ ਚੱਪਲਾਂ ਤਿਲਕਣ ਦਾ ਵੀ ਡਰ l ਮੈਂ ਜਿਥੇ ਤੱਕ ਪੱਕੀ ਸੜ੍ਹਕ ਸੀ ਉਥੇ ਤੱਕ ਜਾ ਕੇ ਅੱਧਾ ਡੋਲੂ ਕੱਚੀ ਲੱਸੀ ਦਾ ਰਾਹ ਵਿੱਚ ਡੋਲ੍ਹ ਦੇਣਾ ਤੇ ਅੱਧੇ ਦਾ ਘਰ ਆ ਕੇ ਛਿੱਟਾ ਦੇ ਦੇਣਾ l ਇਸ ਤਰ੍ਹਾਂ ਛੇ ਸੱਤ ਹਫਤਿਆਂ ਬਾਦ ਸੱਪਾਂ ਦੇ ਬੱਚੇ ਨਿਕਲਣੇ ਬੰਦ ਹੋ ਗਏ l ਘਰਦਿਆਂ ਨੂੰ ਲੱਗਾ ਕਿ ਇਹ ਕੱਚੀ ਲੱਸੀ ਦੇ ਛਿੱਟੇ ਨਾਲ ਠੀਕ ਹੋਏ ਹਨ ਪਰ ਮੈਨੂੰ ਪਤਾ ਸੀ ਕਿ ਕੱਚੀ ਲੱਸੀ ਤਾਂ ਮੈਂ ਰਾਹ ਵਿੱਚ ਡੋਲ੍ਹ ਆਉਂਦਾ ਸੀ l ਮੈਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਕਿ ਸੱਪਾਂ ਦੇ ਬੱਚੇ ਕੁੱਪ ਵਾਲੀ ਤੂੜੀ ਖ਼ਤਮ ਹੋਣ ਕਰਕੇ ਬੰਦ ਹੋਏ ਹਨ ਕੱਚੀ ਲੱਸੀ ਨਾਲ ਨਹੀਂ l ਇਹ ਪਹਿਲੀ ਘਟਨਾ ਸੀ ਜਿਸ ਨੇ ਮੇਰਾ ਯਕੀਨ ਸਿਆਣਿਆਂ ਤੇ ਸਾਧਾਂ ਸੰਤਾਂ ਤੋਂ ਉਠਾਉਣਾ ਸ਼ੁਰੂ ਕਰ ਦਿੱਤਾ l ਅੱਜ ਮੈਂ ਸੋਚਦਾ ਹਾਂ ਕਿ ਇਹ ਮੇਰੀ ਜਿੰਦਗੀ ਦੀ ਇੱਕ ਵਧੀਆ ਘਟਨਾ ਸੀ l

Back To Top