ਕੋਰੋਨਾ ਵਾਇਰਸ ਤੇ ਧਾਰਮਿਕ ਵਿਸ਼ਵਾਸ਼

-ਮੇਘ ਰਾਜ ਮਿੱਤਰ
ਅੱਜ ਦੁਨੀਆਂ ਦੇ ਵਿੱਚ ਇੱਕ ਵੱਡੀ ਮਹਾਂਮਾਰੀ ਫੈਲੀੇ ਹੋਈ ਹੈ। ਜਿਸ ਵਿੱਚ ਲੱਖਾਂ ਵਿਅਕਤੀਆਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ ਇਹ ਭਾਵੇਂ ਚਾਈਨਾ ਦੇ ਸ਼ਹਿਰ ਵੁਹਾਨ ਤੋਂ ਦਸੰਬਰ 2019 ਵਿੱਚ ਸ਼ੁਰੂ ਹੋਈ। ਲੰਬੇ ਸਮੇਂ ਤੋਂ ਇਸ ਗੱਲ ਦੀ ਉਮੀਦ ਸੀ ਕਿ ਹੁਣ ਦੁਨੀਆਂ ਇੱਕ ਪਿੰਡ ਦਾ ਰੂਪ ਧਾਰਨ ਕਰ ਗਈ ਹੈ। ਹਰ ਰੋਜ਼ ਹਰ ਸ਼ਹਿਰ ਦੇ ਕਈ-ਕਈ ਹਵਾਈ ਜਹਾਜ ਲੱਖਾਂ ਵਿਅਕਤੀਆਂ ਨੂੰ ਇੱਕ ਦੂਜੇ ਦੇਸ਼ਾਂ ਵਿੱਚ ਪਹੁੰਚਾਉਂਦੇ ਹਨ ਇਸ ਲਈ ਕੋਈ ਵੀ ਲਾਗ ਦੀ ਬਿਮਾਰੀ ਹੁਣ ਇੱਕ ਇਲਾਕੇ ਤੱਕ ਸੀਮਿਤ ਨਹੀਂ ਰਹਿ ਸਕਦੀ। ਸਗੋਂ ਸੁਮੱਚੀ ਦੁਨੀਆਂ ਉਸ ਦੀ ਮਾਰ ਹੇਠ ਆ ਜਾਂਦੀ ਹੈ। ਅੱਜ ਦਾ ਵਾਇਰਸ ਕੋਵਿਡ 19 ਇੱਕ ਨਵਾਂ ਵਾਇਰਸ ਹੈ। ਜਿਹੜਾ ਕਿ ਕੁਦਰਤ ਵਿੱਚ ਆਪਣੇ ਆਪ ਵਿਕਸਤ ਹੋ ਗਿਆ। ਸਾਨੂੰ ਪਤਾ ਹੈ ਕਿ ਕੁਦਰਤ ਵਿੱਚ ਜੀਵਾਂ ਵਿੱਚ ਅਚਨਚੇਤੀ ਤਬਦੀਲੀਆਂ ਆਉਂਦੀਆਂ ਹਨ ਇਹ ਵਾਇਰਸ ਵੀ ਅਚਨਚੇਤੀ ਤਬਦੀਲੀ ਦਾ ਸਿੱਟਾ ਹੈ। ਭਾਵੇਂ ਅਮਰੀਕਾ ਚਾਈਨਾ ਤੇ ਦੋਸ਼ ਲਾ ਰਿਹਾ ਹੈ ਦੁਨੀਆਂ ਦੇ ਹੋਰ ਮੁਲਕ ਵੀ ਇਸ ਨੂੰ ਚੀਨੀ ਵਾਇਰਸ ਕਹਿਣ ਲੱਗ ਪਏ ਹਨ। ਨਵੇਂ ਵਾਇਰਸਾਂ ਨਾਲ ਨਵੀਆਂ ਬਿਮਾਰੀਆਂ ਹੋਂਦ ਵਿੱਚ ਆਉਂਦੀਆਂ ਰਹਿੰਦੀਆਂ ਹਨ ਤੇ ਵਿਗਿਆਨੀ ਉਹਨਾਂ ਤੇ ਕਾਬੂ ਪਾ ਲੈਂਦੇ ਹਨ। ਇਹ ਵਾਇਰਸ ਕੋਵਿਡ-19 ਨਵਾਂ ਵਾਇਰਸ ਹੈ। ਵਾਇਰਸ ਹੋਣ ਕਾਰਨ ਇਸ ਦੀ ਲਾਗ ਬਹੁਤ ਜ਼ਿਆਦਾ ਹੋਣ ਕਾਰਨ ਇਹ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਗਿਆ ਹੈ। ਜਿਵੇਂ ਅਸੀਂ ਜਾਣਦੇ ਹਨ ਕਿ ਵਾਇਰਸ ਪਹਿਲਾਂ ਵੀ ਫੈਲਦੇ ਰਹਿੰਦੇ ਹਨ ਜਿਵੇਂ ਏਂਡਜ਼ ਦਾ ਵਾਇਰਸ ਅਮਰੀਕਾ ਵਿੱਚ ਪੈਦਾ ਹੋਇਆ ਤੇ ਸੁਮੱਚੀ ਦੁਨੀਆਂ ਵਿੱਚ ਫੈਲ ਗਿਆ ਇਸੇ ਤਰਾਂ ਐਚ1 ਐਨ1 ਅਮਰੀਕਾ ਦੇ ਵਿੱਚ ਪਹਿਲੀ ਵਾਰ ਮਿਲਿਆ। ਅੱਜ ਦੁਨੀਆਂ ਦੇ ਲੱਖਾਂ ਵਿਗਿਆਨਕ ਦਿਨ ਰਾਤ ਇਸ ਦੀਆਂ ਦਵਾਈਆਂ ਤੇ ਟੀਕਿਆਂ ਦੇ ਰੂਪ ਵਿੱਚ ਹੱਲ ਲੱਭਣ ਲਈ ਲੱਗੇ ਹੋਏ ਹਨ। ਦੁਨੀਆਂ ਭਰ ਦੇ ਉਪਰ ਇਸ ਦੇ ਉਪਰ ਸਿਆਸਤ ਹੋ ਰਹੀ ਹੈ। ਯੂ. ਐਨ. ਓ. ਨੇ 30 ਜਨਵਰੀ ਨੂੰ ਹੀ ਇਸ ਮਹਾਮਾਰੀ ਦਾ ਐਲਾਣ ਕਰ ਦਿੱਤਾ ਸੀ।
ਇਹ ਵਾਇਰਸ ਉਹਨਾਂ ਦੇਸ਼ਾਂ ਵਿੱਚ ਜ਼ਿਆਦਾ ਫੈਲਿਆ ਹੈ ਜਿੱਥੇ ਹਸਪਤਾਲ ਅਤੇ ਦਵਾਈਆਂ ਦੀਆਂ ਸਾਰੀਆਂ ਫੈਕਟਰੀਆਂ ਨਿੱਜੀ ਹੱਥਾਂ ਵਿੱਚ ਸਨ। ਪਰ ਇਸ ਦੇ ਮੁਕਾਬਲੇ ਉਹਨਾਂ ਦੇਸ਼ਾਂ ਨੇ ਇਸ ਨੂੰ ਛੇਤੀ ਨੱਥ ਪਾਈ ਹੈ। ਜਿਹਨਾਂ ਦੇਸ਼ਾਂ ਵਿੱਚ ਥੋੜੀ ਬਹੁਤ ਸਮਾਜਵਾਦੀ ਹੋਂਦ ਮੌਜੂਦ ਸੀ। ਭਾਰਤ ਵਿੱਚ ਇਸ ਵਾਇਰਸ ਦਾ ਸਿਆਸੀ ਲਾਹਾ ਖੱਟਣ ਦੇ ਯਤਨ ਕੀਤੇ ਜਾ ਰਹੇ ਹਨ। ਅਸੀਂ ਦੇਖਿਆ ਹੈ ਕਿ ਨਿਜ਼ਾਮੁਦੀਨ ਮਰਕਜ਼ ਵਿੱਚ ਇਬਾਦਤ ਲਈ ਇਕੱਠੇ ਹੋਏ ਲਗਭਗ 3000 ਤਬਲੀਗੀਆਂ ਨੂੰ ਉਨਾਂ ਦੇ ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਕਰਫਿਊ ਵਿੱਚ ਛੋਟ ਨਹੀਂ ਦਿੱਤੀ ਗਈ। ਇਸ ਦੇ ਮੁਕਾਬਲੇ ਹਰਿਦੁਆਰ ਵਿੱਚ ਫਸੇ 1500 ਕਰੀਬ ਹਿੰਦੂ ਗੁਜਰਾਤੀ ਯਾਤਰੀਆਂ ਨੂੰ ਉਹਨਾਂ ਦੇ ਘਰੋ ਘਰੀ ਪਹੁੰਚਣ ਲਈ ਤੁਰੰਤ ਬੱਸਾਂ ਭੇਜ ਦਿੱਤੀਆਂ ਗਈਆਂ ਤੇ ਬਾਅਦ ਵਿੱਚ ਇਹ ਪ੍ਰਚਾਰ ਕੀਤਾ ਗਿਆ ਕਿ ਭਾਰਤ ਵਿੱਚ ਇਹ ਵਾਇਰਸ ਤਬਲੀਗੀ ਜਮਾਤ ਵੱਲੋਂ ਫੈਲਾਇਆ ਗਿਆ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਭਰ ਵਿੱਚ ਇਸ ਵਾਇਰਸ ਨੂੰ ਫੈਲਾਉਣ ਲਈ ਧਾਰਮਿਕ ਲੋਕ ਜ਼ਿਆਦਾ ਜਿੰਮੇਵਾਰ ਹਨ। ਅਸਲ ਵਿੱਚ ਧਰਮ ਲੋਕਾਂ ਨੂੰ ਕਲਪਨਾਵਾਂ ਵਿੱਚ ਲੈ ਜਾਂਦਾ ਹੈ। ਇਹ ਕਲਪਨਾ ਵਿੱਚ ਹੀ ਆਪਣੇ ਆਪ ਨੂੰ ਇੰਨਾ ਉਲਝਾ ਲੈਂਦੇ ਹਨ ਕਿ ਉਹਨਾਂ ਨੂੰ ਅਸਲੀਅਤ ਵਿਖਾਈ ਦੇਣੀ ਹੀ ਬੰਦ ਹੋ ਜਾਂਦੀ ਹੈ। ਉਹ ਕੁਦਰਤ ਦਾ ਆਨੰਦ ਵੀ ਨਹੀਂ ਮਾਣ ਸਕਦੇ। ਉਹਨਾਂ ਨੂੰ ਕਲਪਨਾ ਸੰਸਾਰ ਵਿੱਚੋਂ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਧਰਮ ਦੇ ਨਾਂ ਤੇ ਲੋਕਾਂ ਨੂੰ ਵਰਗਲਾ ਕੇ ਵੋਟਾਂ ਪੱਕੀਆਂ ਕੀਤੀਆਂ ਜਾਂਦੀਆਂ ਹਨ। ਘਟੀਆਂ ਸਿਆਸਤਦਾਨਾਂ ਦੇ ਦਿਮਾਗਾਂ ਵਿੱਚ ਅਜਿਹੀਆਂ ਚਾਲਾਂ ਘਰ ਕਰ ਜਾਂਦੀਆਂ ਹਨ। ਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਭਾਰਤ ਦੀ ਵਸੋਂ ਦਾ ਵੱਡਾ ਭਾਗ ਤਾਂ ਹਿੰਦੂ ਲੋਕ ਹਨ ਪਰ ਮੁਸਲਿਮ ਧਰਮ ਵੀ ਕਾਫੀ ਵੱਡੀ ਗਿਣਤੀ ਵਿੱਚ ਹੈ। ਇਸ ਲਈ ਬਹੁ ਧਰਮ ਦਾ ਪੱਖ ਪੂਰਣ ਲਈ ਘੱਟ ਸਮੰਤੀ ਧਰਮਾਂ ਵਾਲਿਆਂ ਨੂੰ ਖੂੰਜੇ ਲਾਉਣਾ ਇਸ ਸਰਕਾਰ ਦੀ ਸੋੜੀ ਰਾਜਨੀਤੀ ਹੈ।
ਆਓ ਹੁਣ ਅਸੀਂ ਦੇਖੀਏ ਕਿ ਇਹ ਵਾਇਰਸ ਦੁਨੀਆਂ ਭਰ ਵਿੱਚ ਕਿਵੇਂ ਫੈਲ ਗਿਆ। ਅਸੀਂ ਜਾਣਦੇ ਹਾਂ ਕਿ ਧਾਰਮਿਕ ਵਿਅਕਤੀ ਧਾਰਮਿਕ ਸਥਾਨਾਂ ਤੇ ਵੱਡੇ-ਵੱਡੇ ਇਕੱਠ ਕਰਨ ਦੇ ਆਦੀ ਹੁੰਦੇ ਹਨ। ਮੱਕਾ ਮਦੀਨੇ ਵਿੱਚ ਲੱਖਾਂ ਬੰਦੇ ਇਕੱਠੇ ਹੋ ਜਾਂਦੇ ਹਨ। ਇਸੇ ਤਰਾਂ ਕੁੰਭ ਦੇ ਮੇਲੇ ਦੇ ਉਪਰ ਲੱਖਾਂ ਸਰਧਾਲੂ ਪੁੱਜ ਜਾਂਦੇ ਹਨ। ਇਸੇ ਤਰਾਂ ਪੰਜਾਬ ਵਿੱਚ ਆਨੰਦਪੁਰ ਸਾਹਿਬ ਦਾ ਹੋਲਾ ਮੁਹੱਲਾ ਵੀ ਜਿਹੇ ਇਕੱਠ ਕਰਨ ਤੋਂ ਪਿੱਛੇ ਨਹੀਂ ਰਹਿੰਦਾ। ਅਜਿਹੇ ਸਥਾਨਾਂ ਤੇ ਵਾਇਰਸ ਦਾ ਫੈਲਾਓ ਆਮ ਤੌਰ ਤੇ ਹੋ ਹੀ ਜਾਂਦਾ ਹੈ। ਸੁਮੱਚੀ ਦੁਨੀਆਂ ਵਿੱਚ ਜਿਹੇ ਇਕੱਠ ਇਹਨਾਂ ਸਮਿਆਂ ਵਿੱਚ ਹੋਏ। ਇਹ ਇਕੱਠ ਲੱਖਾਂ ਵਿਅਕਤੀਆਂ ਦੀ ਮੌੌਤ ਲਈ ਜਿੰਮੇਵਾਰ ਹੋ ਨਿੱਬੜਦੇ ਹਨ। ਜਿਵੇਂ ਫਰਵਰੀ ਦੇ ਅੰਤਲੇ ਦਿਨਾਂ ਵਿੱਚ ਇਰਾਨ ਦੇ ਸ਼ਹਿਰ ਕੂੰਮ ਵਿੱਚ ਲੱਖਾਂ ਸੀਆ ਮੁਸਲਮ 23-24 ਫਰਵਰੀ ਨੂੰ ਇਕੱਠੇ ਹੋਏ। ਕਿਉਂਕਿ ਇਹ ਸ਼ਹਿਰ ਸੀਆ ਮੁਸਲਮਾਂ ਦੀ ਧਾਰਮਿਕ ਰਾਜਧਾਨੀ ਹੈ। ਇੱਥੇ ਇੱਕੋ ਦਿਨ ਹੀ 2400 ਵਿਅਕਤੀਆਂ ਦੀ ਮੌਤ ਇਸ ਵਾਇਰਸ ਕਰਕੇ ਹੋ ਗਈ। ਇਸੇ ਤਰਾਂ ਮਲੇਸ਼ੀਆਂ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ ਤਬਲੀਗੀ ਜਮਾਤ ਦੇ 16000 ਲੋਕ ਇਕੱਠੇ ਹੋ ਗਏ ਭਾਵੇਂ ਕਿ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ। ਇੱਥੇ ਵੀ ਕਰੋਨਾ ਵਾਇਰਸ ਵੱਡੀ ਮਾਤਰਾ ਵਿੱਚ ਫੈਲ ਗਿਆ। ਇਹ ਲੋਕ ਦੁਨੀਆਂ ਦੇ ਵੱਖ-ਵੱਖ ਭਾਗਾਂ ਵਿੱਚੋਂ ਆਏ ਸਨ। ਹੁਣ ਇਸਲਾਮ ਧਰਮ ਕਹਿੰਦਾ ਹੈ ਕਿ ‘ਬਿਮਾਰੀ ਤਾਂ ਅੱਲਾ ਦੇ ਤਰਫ ਤੋਂ ਆਉਂਦੀ ਹੈ। ਅੱਲਾ ਲਗਾਤਾ ਹੈ ਤੋਂ ਲੱਗਤੀ ਹੈ ਜ਼ਿੰਦਗੀ ਮੌਤ ਅੱਲਾ ਦੇ ਹੱਥ ਵਿੱਚ ਹੈ। ਲੋਕ ਆਪਣਾ ਟਾਈਮ ਆਉਣ ਤੇ ਹੀ ਮਰਦੇ ਹਨ।’ ਇਸੇ ਤਰਾਂ ਹਿੰਦੂ ਧਰਮ ਕਹਿੰਦਾ ਹੈ ਕਿ ‘ਸਰੀਰ ਵਿੱਚੋਂ ਆਤਮਾ ਨਿੱਕਲ ਜਾਂਦੀ ਹੈ। ਕਿਸੇ ਹੋਰ ਜੂਨੀ ਵਿੱਚ ਪੈ ਜਾਂਦੀ ਹੈ।’
ਇਸੇ ਤਰਾਂ ਸਿੱਖ ਧਰਮ ਕਹਿੰਦਾ ਹੈ ‘ਘੱਲੇ ਆਵੇ ਨਾਨਕਾ, ਸੱਦੇ ਉਠਿ ਜਾਇ।’ ਅਸੀਂ ਦੇਖਦੇ ਹਾਂ ਕਿ ਪੰਜਾਬ ਵਿੱਚ ਵੀ ਇਸ ਬਿਮਾਰੀ ਦੀ ਸ਼ੁਰੂਆਤ ਲਈ ਗਿਆਨੀ ਬਲਦੇਵ ਸਿੰਘ ਦਾ ਆਨੰਦਪੁਰ ਸਾਹਿਬ ਵਿੱਚ ਹੋਲੇ ਮੁਹੱਲੇ ਵਿੱਚ ਜਾ ਕੇ ਰਹਿਣਾ ਬਣਿਆ। ਇਸ ਤਰਾਂ ਉਹ ਕਈ ਵਿਅਕਤੀਆਂ ਨੂੰ ਹੋਲੇ ਮਹੱਲੇ ਵਿੱਚ ਇਸ ਵਾਇਰਸ ਦਾ ਪ੍ਰਸ਼ਾਦ ਵੰਡ ਗਿਆ। ਫਿਰ ਆਪਣੇ ਪਿੰਡ ਪਠਲਾਵਾ ਵਿਖੇ ਆਪਣੇ ਘਰ ਦੇ ਜੀਆਂ ਨੂੰ ਵੀ ਲਾਗ ਦੇ ਗਿਆ। ਇਹ ਵਿਅਕਤੀ ਬਲਦੇਵ ਸਿੰਘ ਭਾਵੇਂ ਬਾਹਰ ਰਹਿੰਦਾ ਸੀ। ਪਰ ਕੀਰਤਨ ਕਰਨ ਲਈ ਬਹੁਤ ਥਾਵਾਂ ਤੇ ਜਾਂਦਾ ਆਉਂਦਾ ਰਹਿੰਦਾ ਸੀ। ਪੰਜਾਬ ਵਿੱਚ ਪਹਿਲੀ ਮੌਤ ਵੀ ਇਸੇ ਵਿਅਕਤੀ ਦੀ ਹੋਈ ਇਸੇ ਤਰਾਂ ਪਦਮ ਸ੍ਰੀ ਨਿਰਮਲ ਸਿੰਘ ਦਾ ਕੇਸ ਲੈ ਲਈਏ। ਤਾਂ ਉਸ ਨੇ ਵੀ 23-24 ਮਾਰਚ ਨੂੰ ਚੰਡੀਗੜ ਵਿਖੇ ਕਿਸੇ ਘਰ ਵਿੱਚ 100 ਵਿਅਕਤੀਆਂ ਨੂੰ ਇਕੱਠੇ ਕੀਤਾ। ਤੇ ਉਹਨਾਂ ਵਿੱਚੋਂ ਕਈ ਇਸ ਵਾਇਰਸ ਦੀ ਲਪੇਟ ਵਿੱਚ ਆ ਗਏ। 2 ਅਪ੍ਰੈਲ ਨੂੰ ਸ੍ਰੀ ਨਿਰਮਲ ਸਿੰਘ ਜੀ ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਦਮ ਤੋੜ ਗਏ। ਹਾਲਤ ਇੰਨੇ ਮਾੜੇ ਹੋ ਗਏ ਕਿ ਪਿੰਡ ਵਿੱਚ ਉਹਨਾਂ ਦਾ ਸੰਸਕਾਰ ਕਰਨਾ ਵੀ ਔਖਾ ਹੋ ਗਿਆ।
ਇਸੇ ਤਰਾਂ ਹਜ਼ੂਰ ਸਾਹਿਬ ਇਕੱਠੇ ਹੋਏ 3500 ਲੋਕਾਂ ਨੂੰ ਪੰਜਾਬ ਲਿਆਉਣ ਲਈ ਪੰਜਾਬ ਸਰਕਾਰ ਨੇ ਇਲਾਕਿਆਂ ਦੇ ਐਮ.ਐਲ.ਏ. ਦੇ ਕਹਿਣ ਤੇ 90 ਬੱਸਾਂ ਭੇਜ ਦਿੱਤੀਆਂ। ਹਰੇਕ ਏ.ਸੀ. ਬੱਸ ਵਿੱਚ ਲਗਭਗ 40 ਵਿਅਕਤੀ ਬੈਠਾਏ ਗਏ। ਏ.ਸੀ. ਬੱਸਾਂ ਦੇ ਇਸ ਲੰਬੇ ਸਫਰ ਦੌਰਾਨ ਹਜ਼ਾਰਾਂ ਵਿਅਕਤੀਆਂ ਨੂੰ ਇਸ ਵਾਇਰਸ ਨੇ ਆਪਣੀ ਲਪੇਟ ਵਿੱਚ ਲੈ ਲਿਆ। ਮਾਤਾ ਵੈਸ਼ਨੂੰ ਦੇਵੀ ਦੇ ਮੰਦਰ ਵਿਖੇ ਅਤੇ ਬਨਾਰਸ ਅਤੇ ਵਾਰਾਨਸੀ ਮਾਤਾ ਦੇ ਮੰਦਰਾਂ ਦੇ ਅੱਗੇ ਲੱਖਾਂ ਲੋਕ ਇਕੱਠੇ ਹੁੰਦੇ ਰਹਿੰਦੇ ਹਨ। ਇਸੇ ਤਰਾਂ ਅੱਜ ਜੇ ਗੁਜਰਾਤ ਵਿੱਚ ਮਹਾਮਾਰੀ ਫੈਲੀ ਹੈ ਉਹ ਸ਼ਰਧਾਲੂਆਂ ਦੇ ਹਿੰਦੂ ਮੰਦਰਾਂ ਦੀ ਯਾਤਰਾ ਕਰਕੇ ਫੈਲੀ ਹੈ। ਇਹ ਲੋਕ ਇਸ ਗੱਲ ਵਿੱਚ ਵਿਸ਼ਵਾਸ਼ ਕਰਦੇ ਹਨ ਕਿ ‘ਆਤਮਾ ਤਾਂ ਜਾਮਾ ਬਦਲਦੀ ਹੈ।’ ਇਵੇਂ ਹੀ ਇਸਾਈਆਂ ਵਿੱਚ ਮਾਸ ਦੀ ਪ੍ਰੰਪਰਾ ਹੈ। ਇਟਲੀ ਵਿੱਚ ਇਸ ਵਾਇਰਸ ਨੇ ਵੱਡਾ ਨੁਕਸਾਨ ਕੀਤਾ ਹੈ ਕਿਉਂਕਿ ਉਥੇ ਦੇ ਚਰਚ ਦੇ ਪਾਦਰੀ ਸਮਝਦੇ ਹਨ ਕਿ ਸਭ ਕੁੱਝ ਉਸ ਪਿਤਾ ਦੇ ਕਹਿਣ ਤੇ ਹੁੰਦਾ ਹੈ। ਉਥੇ ਦੇ ਇੱਕ ਡਾਕਟਰ ਨੇ ਦੱਸਿਆ ਹੈ। ਕਿ ਇਟਲੀ ਦਾ ਇੱਕ ਪਾਦਰੀ ਕਹਿਣ ਲੱਗਿਆ ਮੈਂ ਕਰੋਨਾ ਦੇ 120 ਮਰੀਜ਼ਾਂ ਨੂੰ ਉਨਾਂ ਦੇ ਅੰਤਲੇ ਸਮੇਂ ਬਾਈਬਲ ਪੜਕੇ ਸੁਣਾਈ ਹੈ। ਇਸ ਲਈ ਮੈਂ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਗਿਆ। ਉਹ ਵੀ ਹਸਪਤਾਲ ਵਿੱਚ ਦਾਖਲ ਹੋਣ ਸਮੇਂ ਆਪਣੇ ਨਾਲ ਬਾਈਬਲ ਲੈ ਕੇ ਆਇਆ ਅਤੇ ਉਸਦੀ ਬੇਟੀ ਵੀ ਵਾਇਰਸ ਦੀ ਸ਼ਿਕਾਰ ਹੋ ਗਈ। ਉਹ ਵੀ ਬਾਈਬਲ ਲੈ ਕੇ ਦਾਖਲ ਹੋ ਗਈ। ਉਹ ਕਹਿੰਦੇ ਹਨ ਕਿ ਅਸੀਂ ਇੱਕ ਦੂਜੇ ਨੂੰ ਬਾਈਬਲ ਸੁਣਾਉਂਦੇ ਹੋਏ ਆਰਾਮ ਨਾਲ ਮਰ ਸਕਾਂਗੇ। ਉਸਦਾ ਵਿਸ਼ਵਾਸ਼ ਸੀ ਕਿ ਸਾਡਾ ‘ਗਾਡ’ ਕਰੋਨਾ ਨਾਲੋਂ ਵੱਧ ਸ਼ਕਤੀਸਾਲੀ ਹੈ ਉਹ ਸਾਡੀ ਰਾਖੀ ਕਰੇਗਾ।

Back To Top