– ਮੇਘ ਰਾਜ ਮਿੱਤਰ
ਲੁਧਿਆਣਾ
9.6.86
ਸਤਿ ਸ੍ਰੀ ਅਕਾਲ
ਮੈਂ ਰੈਸ਼ਨੇਲਿਸਟ ਸੁਸਾਇਟੀ ਪੰਜਾਬ ਦੀਆਂ ਚੋਣਵੀਆਂ ਲਿਖਤਾਂ ਵਿੱਚੋਂ ਤਰਕਬਾਣੀ, ਰੌਸ਼ਨੀ, ਭੂਤਾਂ, ਪ੍ਰੇਤਾਂ ਨਾਲ ਯੁੱਧ ਕਿਵੇਂ? ਅਤੇ ਡਾ. ਇਬਰਾਹੀਮ ਟੀ. ਕਾਵੂਰ ਦੀ ਕਿਤਾਬ………ਤੇ ਦੇਵ ਪੁਰਸ਼ ਹਾਰ ਗਏ ਪੜ੍ਹੀਆਂ ਹਨ। ਕਿਤਾਬਾਂ ਪੜ੍ਹ ਕੇ ਮੈਨੂੰ ਬਹੁਤ ਕੁਝ ਨਵਾਂ ਹਾਸਿਲ ਹੋਇਆ ਹੈ। ਭੂਤਾਂ-ਪ੍ਰੇਤਾਂ, ਸਵਰਗ, ਨਰਕ, ਜਨਮ-ਮੌਤ, ਕਿਸਮਤ, ਜੋਤਿਸ਼ ਤੇ ਆਪਣਾ ਵਿਸ਼ਵਾਸ ਨਹੀਂ ਰਿਹਾ।
ਜੇਕਰ ਇਨਸਾਨ ਮਿਹਨਤ ਕਰਦਾ ਹੈ ਤਾਂ ਉਹ ਉੱਥੇ ਹੀ ਸਵਰਗ ਬਣਾ ਸਕਦਾ ਹੈ। ਰੱਬ ਦੇ ਬਣੇ ਸਵਰਗ ਦੀ ਉਸਨੂੰ ਕੋਈ ਲੋੜ ਨਹੀਂ।
ਮੈਂ ਕਿਤਾਬ ਵਿਚਲੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਪਰ ‘ਤਰਕਬਾਣੀ’ ਦੇ ਪਹਿਲੇ ਲੇਖ ‘ਪ੍ਰਮਾਤਮਾ ਹੈ ਜਾਂ ਨਹੀਂ’ ਵਿਚ ਸਵਾਲ ਨੰ. 2 ਵਿਚ ਸਵਾਲ ਕੀਤਾ ਹੋਇਆ ਹੈ ਕਿ ਜੇਕਰ ਰੱਬ ਦੀ ਹੋਂਦ ਨਹੀਂ ਹੈ ਤਾਂ ਧਰਤੀ `ਤੇ ਇਹ ਪਹਾੜ, ਮੈਦਾਨ, ਸਮੁੰਦਰ ਅਤੇ ਨਦੀਆਂ ਦੀ ਰਚਨਾ ਕਿਸੇ ਨੇ ਕੀਤੀ? ਕਿਤਾਬ ਦਾ ਜੁਆਬ:-
ਜਦੋਂ ਧਰਤੀ ਸੂਰਜ ਨਾਲੋਂ ਵੱਖ ਹੋਈ ਤਾਂ ਇਹ ਅੱਗ ਦਾ ਤਪਦਾ ਹੋਇਆ ਲਾਲ ਗੋਲਾ ਸੀ। ਹੌਲੀ-ਹੌਲੀ ਇਹ ਘੁੰਮਦੀ-ਘੁੰਮਦੀ ਠੰਡੀ ਹੋ ਗਈ। ਜਿਸ ਨਾਲ ਇਸਦਾ ਤਾਪਮਾਨ ਘਟਣ ਨਾਲ ਇਸਦੇ ਅੰਦਰਲੇ ਦ੍ਰਵਾਂ ਦਾ ਦਬਾਉ ਵੀ ਘਟ ਗਿਆ। ਜਿਸ ਕਾਰਨ ਇਹ ਕਈ ਥਾਵਾਂ ਤੋਂ ਨੀਵੀਂ ਅਤੇ ਕਈ ਥਾਵਾਂ ਤੋਂ ਉੱਚੀ ਹੋ ਗਈ ਜੋ ਪਾਣੀ ਭਾਫ ਬਣ ਕੇ ਇਸ ਦੇ ਦੁਆਲੇ ਘੁੰਮਦਾ ਫਿਰਦਾ ਸੀ ਉਹ ਹੌਲੀ ਹੌਲੀ ਧਰਤੀ `ਤੇ ਤਰੇਲ ਤੇ ਮੀਂਹ ਦੇ ਰੂਪ ਵਿਚ ਡਿੱਗਣਾ ਸ਼ੁਰੂ ਹੋ ਗਿਆ ਅਤੇ ਨੀਵੇਂ ਥਾਵਾਂ ਵਿਚ ਭਰ ਗਿਆ। ਜਿਸ ਨਾਲ ਸਮੁੰਦਰ ਹੋਂਦ ਵਿਚ ਆਏ।
ਜੁਆਬ ਦੇ ਮੁਤਾਬਿਕ ਇਹ ਧਰਤੀ ਅਤੇ ਪਾਣੀ ਜੋ ਇਸ ਸਮੇਂ ਹੈ ਪਹਿਲਾਂ ਗਰਮ ਗੈਸਾਂ ਦੇ ਰੂਪ ਵਿਚ ਸੀ ਭਾਵ ਇਹ ਮਾਦਾ ਪਹਿਲਾਂ ਗੈਸਾਂ ਦੇ ਰੂਪ ਵਿਚ ਉਡਦਾ ਫਿਰਦਾ ਸੀ।
ਆਪ ਵੀ ਜਾਣਦੇ ਹੋ ਕਿ ਮਾਦੇ ਦੇ ਨਿਯਮ ਅਨੁਸਾਰ ਇਸ ਨੂੰ ਅਸੀਂ ਨਾ ਹੀ ਪੈਦਾ ਕਰ ਸਕਦੇ ਹਾਂ ਅਤੇ ਨਾ ਹੀ ਤਬਾਹ ਕਰ ਸਕਦੇ ਹਾਂ। ਇਸ ਲਈ ਧਰਤੀ ਅਤੇ ਪਾਣੀ ਨੇ ਸਿਰਫ਼ ਆਪਣੀ ਅਵਸਥਾ ਹੀ ਬਦਲੀ ਹੈ।
ਪਰ ਇਹ ਸਾਰਾ ਮਾਦਾ ਜਿਸ ਤੋਂ ਸਾਡੀ ਧਰਤੀ, ਪਹਾੜ ਮੈਦਾਨ ਅਤੇ ਸਮੁੰਦਰ ਹੋਂਦ ਵਿੱਚ ਆਏ ਪਹਿਲਾਂ ਗੈਸਾਂ ਦੇ ਰੂਪ ਵਿਚ ਸੀ। ਫਿਰ ਇਹ ਸਾਰੀਆਂ ਗੈਸਾਂ ਕਿਵੇਂ ਪੈਦਾ ਹੋਈਆਂ? ਕਿ ਜਿਸ ਦੀ ਅਵਸਥਾ ਬਦਲਣ ਦੇ ਨਾਲ ਇੱਡੀ ਵੱਡੀ ਧਰਤੀ ਅਤੇ ਸਮੁੰਦਰ ਬਣੇ? ਮੈਂ ਆਪ ਜੀ ਨੂੰ ਕੁਝ ਹੋਰ ਪ੍ਰਸ਼ਨ ਵੀ ਕਰਨਾ ਚਾਹੁੰਦਾ ਹਾਂ। ਪਰ ਇਨ੍ਹਾਂ ਪ੍ਰਸ਼ਨਾਂ ਦਾ ਜੁਆਬ ਮਿਲਣ ਤੇ ਦੂਸਰੀ ਚਿੱਠੀ ਵਿਚ ਆਪ ਜੀ ਨਾਲ ਉਨ੍ਹਾਂ ਪ੍ਰਸ਼ਨਾਂ `ਤੇ ਵਿਚਾਰ ਵਟਾਂਦਰਾ ਕਰਾਂਗਾ। ਅੰਤ ਵਿਚ ਮੇਰੇ ਵੱਲੋਂ ਸੁਸਾਇਟੀ ਦੇ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ,
ਜੁਆਬ ਦੀ ਉਡੀਕ ਵਿਚ
ਕੁਲਦੀਪ ਸਿੰਘ
ਬ੍ਰਹਿਮੰਡ ਵਿਚ ਹਰ ਵਸਤੂ ਦਾ ਅੰਤ ਵੀ ਹੈ ਅਤੇ ਸ਼ੁਰੂਆਤ ਵੀ ਹੈ ਪਰ ਸਮੁੱਚੇ ਮਾਦੇ ਦੀ ਮਾਤਰਾ ਸਥਿਰ ਰਹਿੰਦੀ ਹੈ। ਮਾਦਾ ਆਪਣਾ ਰੂਪ ਤਾਂ ਬਦਲਦਾ ਰਹਿੰਦਾ ਹੈ। ਕਦੇ ਇਹ ਗੈਸਾਂ ਤੋਂ ਤਰਲ ਪਦਾਰਥਾਂ ਵਿੱਚ ਅਤੇ ਕਦੇ ਤਰਲ ਪਦਾਰਥਾਂ ਠੋਸਾਂ ਵਿਚ ਕਦੇ ਧਰਤੀ ਵਿਚਲੇ ਤੱਤਾਂ ਤੇ ਯੋਗਿਕਾਂ ਦੇ ਮੇਲ ਨਾਲ ਦਰੱਖਤਾਂ ਤੇ ਜੀਵਾਂ ਵਿਚ ਅਤੇ ਕਦੇ ਜੀਵਾਂ ਤੇ ਤੱਤਾਂ ਅਤੇ ਯੋਗਿਕਾਂ ਵਿਚ ਕਦੇ ਰੌਸਨੀ ਤੋਂ ਗਰਮੀ ਵਿਚ ਕਦੇ ਗਰਮੀ ਤੋਂ ਬਿਜਲੀ ਵਿੱਚ ਕਦੇ ਹਾਈਡਰੋਜਨ ਤੋਂ ਹੀਲੀਅਮ ਵਿਚ ਅਤੇ ਕਦੇ ਹੀਲੀਅਮ ਤੋਂ ਕਾਰਬਨ ਵਿੱਚ ਅਤੇ ਕਦੇ ਕਾਰਬਨ ਤੋਂ ਆਕਸੀਜਨ ਵਿਚ ਇਹ ਆਪਣੇ ਰੂਪ ਬਦਲਦਾ ਹੀ ਰਹਿੰਦਾ ਹੈ। ਕਦੇ ਇਹ ਇਕੱਠਾ ਹੋ ਕੇ ਧਰਤੀ ਤੋਂ ਅਰਬਾਂ ਗੁਣਾ ਵੱਡੇ ਵੱਡੇ ਸੂਰਜ ਬਣਾ ਲੈਂਦਾ ਹੈ ਤੇ ਕਦੇ ਕਿਣਕਿਆਂ ਵਿਚ ਵੀ ਟੁੱਟ ਜਾਂਦਾ ਹੈ। ਗੈਸਾਂ ਵੀ ਮਾਦੇ ਦਾ ਹੀ ਇੱਕ ਰੂਪ ਹਨ। ਬ੍ਰਹਿਮੰਡ ਵਿੱਚ ਮਿਲਣ ਵਾਲੀ ਹਰ ਵਸਤੂ ਦਾ ਜਿਉਣ ਤੇ ਮਰਨ ਦਾ ਇੱਕ ਚੱਕਰ ਹੁੰਦਾ ਹੈ। ਕਈਆਂ ਵਸਤੂਆਂ ਵਿੱਚ ਇਹ ਚੱਕਰ ਸੈਕਿੰਡ ਤੋਂ ਵੀ ਘੱਟ ਹੁੰਦਾ ਹੈ ਤੇ ਕਈਆਂ ਵਿੱਚ ਇਹ ਅਰਬਾਂ ਖਰਬਾਂ ਸਾਲਾਂ ਦਾ ਵੀ ਹੋ ਸਕਦਾ ਹੈ।
