– ਮੇਘ ਰਾਜ ਮਿੱਤਰ
ਅਬੋਹਰ
28.7.86
ਚਰਨ ਬੰਦਨਾ
ਤੁਹਾਨੂੰ ਚਿੱਠੀ ਲਿਖੀ ਨੂੰ ਬਹੁਤ ਸਮਾਂ ਹੋ ਗਿਆ ਸੀ ਇਸ ਕਰਕੇ ਮੈਂ ਤੁਹਾਨੂੰ ਚਿੱਠੀ ਲਿਖ ਰਿਹਾ ਹਾਂ। ਵੈਸੇ ਤੁਸੀਂ ਮੇਰਾ ਸੰਬੰਧ ਗਿੱਦੜਬਾਹਾ ਸੁਸਾਇਟੀ ਨਾਲ ਕਰਾ ਦਿੱਤਾ ਸੀ ਪਰ ਮੈਂ ਮੇਰੇ ਇਨ੍ਹਾਂ ਸੱਜਣਾਂ ਤੇ ਮਿੱਤਰ ਪਿਆਰਿਆਂ ਨੂੰ ਜ਼ਿੰਦਗੀ ਭਰ ਨਹੀਂ ਭੁਲਾ ਸਕਦਾ ਜਿਨ੍ਹਾਂ ਨੇ ਮੈਨੂੰ ਇਕ ਨਵੀਂ ਜ਼ਿੰਦਗੀ ਦਿੱਤੀ ਤੇ ਮੇਰੇ ਮਨ ਵਿਚੋਂ ਹਨੇ੍ਹਰ ਕੱਢ ਕੇ ਚਾਨਣ ਕੀਤਾ। ਜਿਸ ਦਾ ਗਿਆਨ ਰੂਪੀ ਚਾਨਣ ਮੇਰੇ ਹੋਰ ਬਹੁਤ ਸਾਰੇ ਮਿੱਤਰਾਂ ਉੱਪਰ ਪਿਆ। ਮੈਨੂੰ ਮੁਆਫ਼ ਕਰਨਾ ਸੱਜਣਾ। ਕਿਉਂਕਿ ਮੈਂ ਤੁਹਾਨੂੰ ਚਿੱਠੀ ਲਿਖ ਕੇ ਤੁਹਾਡਾ ਵਕਤ ਬਰਬਾਦ ਕਰ ਰਿਹਾ ਹਾਂ ਪਰ ਜਦੋਂ ਦਿਲ ਮਜ਼ਬੂਰ ਕਰ ਰਿਹਾ ਹੈ ਫਿਰ ਦੱਸੋ ਮੈਂ ਕੀ ਕਰਾਂ?
ਕਈ ਲੋਕਾਂ ਦਾ ਕਹਿਣਾ ਹੈ ਕਿ ਲਾਟਾਂ ਵਾਲੀ ਮਾਈ ਜਿਸਦਾ ਮੰਦਰ ਪਹਾੜਾਂ ਵਿਚ ਹੈ ਤੇ ਉਥੋਂ ਪਾਣੀ ਵਿਚੋਂ ਲਗਾਤਾਰ ਲਾਟਾਂ ਨਿਕਲਦੀਆਂ ਰਹਿੰਦੀਆਂ ਹਨ। ਕੀ ਤੁਸੀਂ ਕਦੇ ਉਨ੍ਹਾਂ ਲਾਟਾਂ ਬਾਰੇ ਪੜਤਾਲ ਕੀਤੀ ਹੈ ਜੇ ਕੀਤੀ ਹੈ, ਤਾਂ ਚਿੱਠੀ ਰਾਹੀਂ ਦੱਸਣ ਦੀ ਕਿਰਪਾ ਕਰਨੀ ਤਾਂ ਕਿ ਅਸੀਂ ਲੋਕਾਂ ਦਾ ਮੂੰਹ ਬੰਦ ਕਰ ਸਕੀਏ।
ਇੱਥੋਂ ਕਈ ਮੁੰਡੇ ਨੈਣਾਂ ਦੇਵੀ ਦੀ ਯਾਤਰਾ `ਤੇ ਗਏ ਸੀ ਜਿਨ੍ਹਾਂ ਦੀ ਕਹਾਣੀ ਹੈ ਕਿ ਉੱਥੇ ਇਕ ਅਜਿਹਾ ਮੋਰਾ (ਲੰਘਣ ਦੀ ਜਗ੍ਹਾ) ਯਾਨੀ ਵੱਡਾ ਸੁਰਾਖ ਹੈ ਜਿਸ ਵਿਚੋਂ ਦੀ ਜੇ ਕੋਈ ਮੋਟਾ ਆਦਮੀ ਲੰਘੇ ਤਾਂ ਉਹ ਚੌੜਾ ਹੋ ਜਾਂਦਾ ਹੈ ਤੇ ਜੇ ਬੱਚਾ ਲੰਘੇ ਤਾਂ ਭੀੜਾ ਹੋ ਜਾਂਦਾ ਹੈ। ਵੈਸੇ ਸਾਡਾ ਦਿਲ ਇਨ੍ਹਾਂ ਗੱਲਾਂ ਨੂੰ ਸੱਚੀਆਂ ਕਦੇ ਨਹੀਂ ਮੰਨ ਸਕਦਾ ਪਰ ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਜਵਾਬ ਅਸੀਂ ਨਹੀਂ ਦੇ ਸਕਦੇ ਸਿਵਾਏ ‘‘ਬਕਵਾਸ’’ ਕਹਿਣ ਦੇ। ਸੋ ਤੁਸੀਂ ਸਾਨੂੰ ਇਨ੍ਹਾਂ ਗੱਲਾਂ ਦਾ ਉੱਤਰ ਇਸ ਹਿਸਾਬ ਨਾਲ ਦਿਉ ਤਾਂ ਕਿ ਅਸੀਂ ਲੋਕਾਂ ਨੂੰ ਜੁਆਬ ਦੇ ਸਕੀਏ।
ਸਾਡੇ ਕੋਲ ਤਿੰਨੇ ਕਿਤਾਬਾਂ ਸਨ ਪਰ ਇਸ ਵਕਤ ਉਹ ਲੋਕਾਂ ਕੋਲ ਹਨ। ਪਰ ਕਿਤਾਬਾਂ ਇਕੋ ਵਾਰ ਲੈਣੀਆਂ ਚਾਹੁੰਦੇ ਹਾਂ ਜਾਂ ਤਾਂ ਤੁਸੀਂ ਸਾਨੂੰ ਚਿੱਠੀ ਰਾਹੀਂ ਦੱਸਣਾ ਕਿ ਭੇਜ ਸਕਦੇ ਹੋ ਕਿ ਨਹੀਂ ਤੇ ਜਾਂ ਫਿਰ ਸਾਨੂੰ ਹੋਰ ਕਿਤੇ ਦੱਸ ਪਾ ਦਿਉ ਜਿਥੋਂ ਇਹ ਤਿੰਨੇ ਕਿਤਾਬਾਂ ਮਿਲ ਜਾਣ ਪੈਸੇ ਅਸੀਂ ਤੁਹਾਨੂੰ ਮਨੀ ਆਰਡਰ ਕਰ ਦੇਵਾਂਗੇ।
ਕੋਈ ਵੀ ਨਵੀਂ ਤਾਜ਼ੀ ਗੱਲ ਸੁਸਾਇਟੀ ਬਾਰੇ ਦੱਸਣੀ ਤੇ ਕੋਈ ਹੋਰ ਕਿਤਾਬ, ਸ੍ਰੀਮਾਨ ਡਾ. ਇਬਰਾਹੀਮ ਟੀ. ਕਾਵੂਰ ਦੀ ਛਪ ਰਹੀ ਹੋਵੇ ਤਾਂ ਦੱਸਣਾ ਸਾਨੂੰ ਦਿਲੀ ਖੁਸ਼ੀ ਹੋਵੇਗੀ। ਧੰਨਵਾਦ ਚਿੱਠੀ ਦਾ ਜਵਾਬ ਪਿਆਰ ਨਾਲ ਦੇਣ ਦੀ ਕੋਸ਼ਿਸ਼ ਕਰਨੀ।
ਆਪ ਦਾ ਤੇ ਸੁਸਾਇਟੀ ਦੀ ਲੰਬੀ ਉਮਰ ਦਾ ਖਾਹਸ਼ਮੰਦ :-
ਬਲਕਾਰ ਸਿੰਘ
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿਚ ਜਵਾਲਾ ਜੀ ਦੇ ਮੰਦਿਰ ਵਿਚ ਕੋਈ ਨੌ ਥਾਵਾਂ ਤੋਂ ਅਜਿਹੀਆਂ ਲਾਟਾਂ ਨਿਕਲ ਰਹੀਆਂ ਹਨ। ਇਸ ਸ਼ਹਿਰ ਵਿਚ ਤੇਲ ਤੇ ਕੁਦਰਤੀ ਗੈਸ ਦੇ ਕਮਿਸ਼ਨ ਦਾ ਦਫ਼ਤਰ ਵੀ ਹੈ। ਅਸੀਂ ਇਸ ਦਫ਼ਤਰ ਤੋਂ ਪਤਾ ਕੀਤਾ ਸੀ ਕਿ ਇਸ ਵਿਚ ਕੀ ਰਾਜ਼ ਹੈ? ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਜਵਾਲਾ ਜੀ ਦੇ ਮੰਦਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਵਰਮਿਆਂ ਰਾਹੀਂ ਸੁਰਾਖ ਕੀਤੇ ਹਨ। ਸਾਨੂੰ ਇਨ੍ਹਾਂ ਸੁਰਾਖਾਂ ਵਿਚੋਂ ਬਾਲਣ ਵਾਲੀ ਗੈਸ ਦੇ ਕੁਝ ਅੰਸ਼ ਮਿਲੇ ਹਨ। ਪਰ ਇਹ ਜ਼ਿਆਦਾ ਮਾਤਰਾ ਵਿਚ ਨਹੀਂ ਮਿਲੇ ਤਾਂ ਜੋ ਗੈਸ ਕੱਢੀ ਜਾ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਪਾਸ ਅਜੇ 3500 ਮੀਟਰ ਦੀ ਡੂੰਘਾਈ ਤੱਕ ਸੁਰਾਖ ਕਰਨ ਵਾਲੇ ਵਰਮੇ ਹਨ। ਜਦੋਂ ਉਨ੍ਹਾਂ ਪਾਸ 5500 ਮੀਟਰ ਦੀ ਡੂੰਘਾਈ ਤੱਕ ਸੁਰਾਖ ਕਰਨ ਵਾਲੇ ਵਰਮੇ ਮਿਲ ਜਾਣਗੇ ਤਾਂ ਉਹ ਯਕੀਨਨ ਹੀ ਇਸ ਸਥਾਨ ਤੋਂ ਗੈਸ ਪ੍ਰਾਪਤ ਕਰ ਸਕਣਗੇ। ਜਵਾਲਾ ਜੀ ਦੇ ਮੰਦਰ ਦੀ ਦੂਸਰੀ ਮੰਜ਼ਲ `ਤੇ ਹੀ ਇਕ ਗੋਰਖ ਡਿੱਬੀ ਹੈ। ਇੱਥੇ ਇਕ ਛੋਟੇ ਜਿਹੇ ਕੁੰਡ ਵਿਚ ਠੰਡਾ ਪਾਣੀ ਉਬਲਦਾ ਨਜ਼ਰ ਆਉਂਦਾ ਹੈ। ਇਹ ਵੀ ਪਾਣੀ ਵਿਚੋਂ ਨਿਕਲ ਰਹੀ ਗੈਸ ਕਰਕੇ ਹੀ ਹੁੰਦਾ ਹੈ। ਇਕ ਜਾਂ ਦੋ ਮਿੰਟ ਵਿਚ ਇਸ ਕੁੰਡ ਵਿਚ ਕਾਫ਼ੀ ਗੈਸ ਇਕੱਠੀ ਹੋ ਜਾਂਦੀ ਹੈ ਤਾਂ ਪੁਜਾਰੀ ਧੂਫ ਜਾਂ ਬੱਤੀ ਨਾਲ ਕਾਫ਼ੀ ਵੱਡੀ ਲਾਟ ਪ੍ਰਗਟ ਕਰਕੇ ਸ਼ਰਧਾਲੂਆਂ ਨੂੰ ਕੀਲ ਲੈਂਦਾ ਹੈ ਤੇ ਦਾਨ ਲੈ ਲੈਂਦਾ ਹੈ। ਜੇ ਤੁਸੀਂ ਪੁਜਾਰੀ ਨੂੰ ਉਸੇ ਸਮੇਂ ਹੀ ਦੁਬਾਰਾ ਅੱਗ ਲਾਉਣ ਲਈ ਕਹੋਗੇ ਪੁਜਾਰੀ ਅਜਿਹਾ ਨਹੀਂ ਕਰ ਸਕੇਗਾ ਕਿਉਂਕਿ ਗੈਸ ਇਕੱਠੀ ਹੋਣ ਲਈ ਕੁਝ ਸਮੇਂ ਦੀ ਲੋੜ ਹੁੰਦੀ ਹੈ। ਆਪਣੀ ਯਾਤਰਾ ਸਮੇਂ ਮੈਂ ਪੁਜਾਰੀਆਂ ਨੂੰ ਇਹ ਵੀ ਕਿਹਾ ਸੀ ਕਿ ਮੈਂ ਇਨ੍ਹਾਂ ਲਾਟਾਂ ਨੂੰ ਦੋ ਸੈਕਿੰਡਾਂ ਵਿਚ ਬੁਝਾ ਸਕਦਾ ਹਾਂ। ਪਰ ਪੁਜਾਰੀਆਂ ਨੇ ਕਿਹਾ ਅਸੀਂ ਤੁਹਾਨੂੰ ਪਹਾੜਾਂ ਤੋਂ ਥੱਲੇ ਸੁੱਟ ਦੇਵਾਂਗੇ ਤੇ ਤੁਹਾਡਾ ਨਿਸ਼ਾਨ ਵੀ ਨਹੀਂ ਮਿਲੇਗਾ। ਸੋ ਇਸ ਸਥਾਨ `ਤੇ ਕੁਝ ਵੀ ਕਰਾਮਾਤੀ ਨਹੀਂ ਹੈ। ਸਗੋਂ ਪੁਜਾਰੀਆਂ ਨੇ ਪਹਾੜਾਂ ਵਿਚੋਂ ਕੁਦਰਤੀ ਤੌਰ `ਤੇ ਨਿਕਲਣ ਵਾਲੀ ਗੈਸ ਨੂੰ ਲੋਕਾਂ ਦੀ ਲਾਈਲਗਤਾ ਤੇ ਅੰਧ ਵਿਸ਼ਵਾਸੀ ਕਾਰਨ ਰੋਟੀ ਦਾ ਸਾਧਨ ਬਣਾਇਆ ਹੋਇਆ ਹੈ।
ਨੈਣਾ ਦੇਵੀ ਦੀ ਯਾਤਰਾ ਸਮੇਂ ਮੈਂ ਅਜਿਹਾ ਕੋਈ ਦਰਵਾਜ਼ਾ ਨਹੀਂ ਵੇਖਿਆ ਹੈ, ਸੋ ਇਹ ਗੱਲ ਵੀ ਨਿਰੀ ਝੂਠ ਹੈ। ਹਾਂ ਵੈਸ਼ਨੋ ਦੇਵੀ ਦੇ ਰਸਤੇ ਵਿਚ ਅਜਿਹੇ ਪੱਥਰਾਂ ਦੀ ਇਕ ਗੁਫ਼ਾ ਜ਼ਰੂਰ ਹੈ ਜਿਸ ਦੇ ਹੇਠਾਂ ਲਿਟ ਕੇ ਕੂਹਣੀਆਂ ਦੀ ਸਹਾਇਤਾ ਨਾਲ ਘਿਸੜ ਕੇ ਲੰਘਣਾ ਪੈਂਦਾ ਹੈ। ਪੱਥਰ ਕਦੇ ਵੀ ਆਪਣੇ ਥਾਂ ਤੋਂ ਸਰਕਦੇ ਨਹੀਂ।
