35. ਭੂਤ ਖੇਤੀ ਨੀ ਕਰਨ ਦਿੰਦਾ

– ਮੇਘ ਰਾਜ ਮਿੱਤਰ
ਅਕਬਰਪੁਰ
10.6.86
ਅਦਾਬ ਕਬੂਲ ਕਰਨਾ
ਸਮਾਚਾਰ ਇਹ ਹੈ ਕਿ ਅੱਜ ਤੋਂ ਤਕਰੀਬਨ ਦੋ ਢਾਈ ਸਾਲ ਪਹਿਲਾਂ ਰੈਸ਼ਨੇਲਿਸਟ ਬਣਾਉਣ ਜਾਂ ਬਣਨ ਬਾਰੇ ਕੁਝ ਗੱਲਾਂ ਸੁਣੀਆਂ ਸਨ ਪਰ ਤੁਹਾਡੀ ਅਨੁਵਾਦ ਕੀਤੀ ਕਿਤਾਬ……‘‘ਤੇ ਦੇਵ ਪੁਰਸ਼ ਹਾਰ ਗਏ……..। ਜਿਸ ਨੇ ਕਿ ਸਾਰੇ ਪੰਜਾਬ ਵਿਚ ਤਹਿਲਕਾ ਮਚਾ ਦਿੱਤਾ।’’ ਬਾਰੇ ਪਤਾ ਹੁਣੇ ਲੱiਗਿਆ। ਮੈਂ ਤੇ ਮੇਰੇ ਹੋਰ ਮਜ਼ਦੂਰ ਸਾਥੀਆਂ ਨੇ ਇਸ ਕਿਤਾਬ `ਚ ਦਿੱਤੇ ਹਰ ਇੱਕ ਨੁਕਤੇ ਤੇ ਘੋਖ ਪੜਤਾਲ `ਤੇ ਖੁੱਲ੍ਹ ਕੇ ਬਹਿਸ ਕੀਤੀ। ਹਾਲੇ ਕੁਝ ਹੀ ਦਿਨ ਹੋਏ ਹਨ ਕਿ ਤੁਹਾਡੀ ਪੰਜਾਬ ਦੀਆਂ ਘਟਨਾਵਾਂ ਬਾਰੇ ਲਿਖੀ ਕਿਤਾਬ (ਰੌਸ਼ਨੀ) ਵੀ ਪੜ੍ਹੀ। ਇੱਕ ਹੋਰ ਕਿਤਾਬ (ਦੇਵ, ਦੈਂਤ ਤੇ ਰੂਹਾਂ) ਅਜੇ ਪੜ੍ਹਨੀ ਬਾਕੀ ਹੈ। ਮੈਂ ਬਹੁਤ ਸਮਾਂ ਪਹਿਲਾਂ ਤੋਂ ਹੀ ਨਾਸਤਿਕ ਹਾਂ ਪਰ ਮੈਂ ਆਪਣੇ ਕੁਝ ਹੋਰ ਸਾਥੀਆਂ ਨੂੰ ਵੀ ਨਾਸਤਿਕ ਬਣਨ ਵੱਲ ਪ੍ਰੇਰ ਸਕਿਆ ਹਾਂ। ਟੂਣੇ-ਟਾਮਣ, ਧਾਗੇ-ਤਵੀਤ, ਮੜ੍ਹੀ-ਮਸੀਤੀ, ਜਾਂ ਹੋਰ ਕਿਸੇ ਵੀ ਕਿਸਮ ਦੇ ਗਲਤ ਵਤੀਰਿਆਂ ਤੋਂ ਮੈਂ ਘਰਦਿਆਂ ਨੂੰ ਨਹੀਂ ਰੋਕ ਸਕਿਆ। ਇਥੋਂ ਤੱਕ ਕਿ ਮੈਂ ਆਪਣੀ ਪਤਨੀ ਨੂੰ ਵੀ ਇਸ ਪਾਸੇ ਤੋਂ ਰੋਕਣੋਂ ਅਮਸਰਥ ਹਾਂ ਕਿਉਂਕਿ ਘਰ ਦਾ ਮਾਹੌਲ ਹੀ ਕੁਝ ਇਸ ਤਰ੍ਹਾਂ ਦਾ ਹੈ। ਚੱਲੋਂ ਇਹ ਤਾਂ ਛੱਡੋ। ਮੈਂ ਇੱਕ ਧਾਗਾ ਮਿੱਲ `ਚ ਕੰਮ ਕਰਨ ਵਾਲਾ ਮਜ਼ਦੂਰ ਹਾਂ ਤੇ ਇੱਥੇ ਮੇਰੇ ਵਿਚਾਰਾਂ ਦਾ ਹੀ ਇੱਕ (ਯੂ. ਪੀ. ਦਾ) ਮਜ਼ਦੂਰ ਸਾਥੀ ਹੈ, ਉਹ ਖੁਦ ਚੰਗੀ ਪੰਜਾਬੀ ਪੜ੍ਹ ਲੈਂਦਾ ਹੈ। ਇਹ ਕਿਤਾਬਾਂ ਉਸਨੇ ਵੀ ਪੜ੍ਹੀਆਂ ਹਨ। ਉਹਦੀ ਇੱਛਾ ਇਹ ਹੈ ਕਿ ਉਹਦੇ ਘਰ ਕੁਝ ਆਦਮੀ ਜੋ ਅੰਗਰੇਜ਼ੀ ਜਾਂ ਹਿੰਦੀ ਪੜ੍ਹ ਸਕਦੇ ਹਨ ਉਨ੍ਹਾਂ ਕੋਲ ਕਿਤਾਬ ਭਰਣੀ ਚਾਹੁੰਦਾ ਹੈ ਇਹਦੇ ਬਾਰੇ ਦੱਸਣਾ ਕਿ ਅੰਗਰੇਜ਼ੀ ਜਾਂ ਹਿੰਦੀ ਅਨੁਵਾਦ ਕਿਤਾਬ ਮਿਲ ਸਕਦੀ ਹੈ ਤਾਂ ਦੱਸਣਾ। ਨੰਬਰ ਦੋ ਤੇ ਤੁਹਾਡੇ ਕੋਲ ਕੋਈ ਭਰਮ ਭੁਲੇਖਿਆਂ ਬਾਰੇ ਸਕਿਟ ਜਾਂ ਕੋਈ ਛੋਟਾ ਡਰਾਮਾ ਹੋਵੇ ਜਿਸ ਨੂੰ ਇੱਕ ਆਦਮੀ ਆਪਣੀਆਂ ਵੱਖ-ਵੱਖ ਤਰ੍ਹਾਂ ਦੀਆਂ ਜੁਬਾਨਾਂ ਵਿਚ ਬੋਲ ਕੇ ਪੇਸ਼ ਕਰ ਸਕਦਾ ਹੋਵੇ ਤਾਂ ਦੱਸਣਾ। ਕਿਉਂਕਿ ਇਹ ਮੈਂ ਕਰ ਲੈਂਦਾ ਹਾਂ ਤੇ ਸਾਡੇ ਮਿੱਲ `ਚ ਛੋਟੇ ਮੋਟੇ ਧਾਰਮਿਕ ਪ੍ਰੋਗਰਾਮ ਹੁੰਦੇ ਰਹਿੰਦੇ ਹਨ ਤਾਂ ਕਿ ਢੁੱਕਦੇ ਥਾਂ `ਤੇ ਪੇਸ਼ ਕਰੀ ਜਾ ਸਕੇ।
ਸਾਡੇ ਇੱਥੇ ਇੱਕ ਧੂਰੀ ਇਲਾਕੇ ਦਾ ਮੁੰਡਾ ਵੀ ਕੰਮ ਕਰਦਾ ਹੈ ਜਿਸਨੇ ਮੈਨੂੰ ਇੱਕ ਜ਼ਬਰਦਸਤ ਕੇਸ ਦੀ ਕਹਾਣੀ ਸੁਣਾਈ ਕਿ ਪਿੰਡ ਮੱਲੂ ਮਾਜਰਾ, ਡਾਕਖਾਨਾ ਬੁਮਾਲ ਦੇ ਪ੍ਰਕਾਸ਼ ਚੰਦ ਨਾਂ ਦੇ ਆਦਮੀ ਦੇ ਖੇਤ ਵਿਚ ਭੂਤ ਰਹਿੰਦਾ ਸੀ ਜਿਹੜਾ ਕਿ ਉਨ੍ਹਾਂ ਦੀ 20 ਵਿੱਘੇ ਜ਼ਮੀਨ ਦੀ ਖੇਤੀ ਨਹੀਂ ਕਰਨ ਦਿੰਦਾ ਬਲਕਿ ਉਨ੍ਹਾਂ ਨੂੰ ਮਾਮਲੇ, ਭੌਲੀ ਦੇਣੀ ਪੈਂਦੀ ਹੈ। ਇਸ ਮੁੰਡੇ ਨੇ ਮੈਨੂੰ ਆਪ ਬੀਤੀ ਕੋਈ ਗੱਲ ਸੁਣਾਈ ਹੈ ਕਿ ਇਕ ਵਾਰ ੀਖੇਤ ਵਿਚ ਲਾਂਗੇ ਦਾ ਕੁਤਰਾ ਕਰ ਰਹੇ ਸੀ ਕਿ ਇੱਕ ਛੋਟੇ ਮੁੰਡੇ ਨੂੰ ਟਾਹਲੀ ਥੱਲੇ ਚਾਹ ਕਰਨ ਭੇਜ ਦਿੱਤਾ ਜਦ ਉਹ ਚਾਹ ਬਣਾ ਰਿਹਾ ਸੀ ਤਾਂ ਇੱਕ ਬੰਦੇ ਨੇ ਆ ਕੇ ਉਸਨੂੰ ਕਿਹਾ ਕਿ ਥਰੈਸ਼ਰ ਬੰਦ ਕਰ ਦਿਉ ਨਹੀਂ ਤਾਂ ਨੁਕਸਾਨ ਹੋਵੇਗਾ। ਉਸ ਛੋਟੇ ਮੁੰਡੇ ਨੇ ਇਹ ਗੱਲ ਇਸਨੂੰ ਦੱਸੀ ਤਾਂ ਇਹ ਥਰੈਸ਼ਰ ਖੜਾ ਕੇ ਚਾਹ ਪੀਣ ਲੱਗ ਗਏ ਕਿ ਕੋਈ ਲਾਂਗੇ ਦੇ ਢੇਰ ਉੱਤੇ ਵਿਖਾਈ ਦਿੱਤਾ ਜਦੋਂ ਇਹ ਸੋਟੀਆਂ ਲੈ ਕੇ ਪਿੱਛੇ ਭੱਜੇ ਤਾਂ ਕੁਝ ਦੂਰੀ ਤੋਂ ਬਾਅਦ ਉਹ ਵਿਖਾਈ ਦੇਣੋਂ ਹੱਟ ਗਿਆ। ਇਸ ਤਰ੍ਹਾਂ ਦੀਆਂ ਕਈ ਹੋਰ ਘਟਨਾਵਾਂ ਵਾਪਰੀਆਂ ਹਨ। ਇਸ ਕੇਸ ਦੀ ਘੋਖ ਪੜਤਾਲ ਕਰਨੀ ਹੈ ਮੈਨੂੰ ਇਸ ਬਾਰੇ ਦੱਸਿਉ ਕਿ ਕਿਵੇਂ ਕੀਤਾ ਜਾਵੇ।
ਪਰ ਇਹ ਨੌਜਵਾਨ ਇੱਥੇ ਮੇਰੇ ਕੋਲ ਹੀ ਮਿੱਲ ਵਿਚ ਕੰਮ ਕਰਦਾ ਹੈ ਤੇ ਇਹਦੇ ਨਾਲ ਕਿਸੇ ਵੀ ਕਿਸਮ ਦਾ ਤਾਲਮੇਲ ਮੇਰੇ ਰਾਹੀਂ ਕੀਤਾ ਜਾ ਸਕਦਾ ਹੈ।
ਆਪ ਜੀ ਦਾ ਪ੍ਰਸ਼ੰਸਕ,
ਬਲਵੀਰ ਸਿੰਘ
ਭੂਤਾਂ, ਪ੍ਰੇਤਾਂ ਦੀ ਕੋਈ ਹੋਂਦ ਨਹੀਂ ਹੈ। ਦਿਮਾਗੀ ਪ੍ਰਬੰਧ ਵਿੱਚ ਗੜਬੜ ਵਾਲੇ ਉਹ ਵਿਅਕਤੀ ਜੋ ਭੂਤਾਂ ਪ੍ਰੇਤਾਂ ਵਿਚ ਵਿਸ਼ਵਾਸ ਰੱਖਦੇ ਹਨ ਹੀ ਇਸ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਤਰਕਸ਼ੀਲ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ ਮਾਨਸਿਕ ਬੀਮਾਰੀ ਤਾਂ ਹੋ ਸਕਦੀ ਹੈ ਪਰ ਭੂਤਾਂ ਪ੍ਰੇਤਾਂ ਨਾਲ ਸੰਬੰਧਿਤ ਸਮੱਸਿਆ ਖੜ੍ਹੀ ਨਹੀਂ ਹੋ ਸਕਦੀ ਹੈ। ਉਪਰੋਕਤ ਕੇਸ ਵਿਚ ਵੀ ਸਪਸ਼ਟ ਹੈ ਕਿ ਚਾਹ ਬਣਾਉਣ ਗਿਆ ਛੋਟਾ ਮੁੰਡਾ ਹੀ ਇਸ ਬੀਮਾਰੀ ਦਾ ਸ਼ਿਕਾਰ ਸੀ। ਭੂਤਾਂ, ਪ੍ਰੇਤਾਂ, ਦਰੱਖਤਾਂ, ਮੜੀਆਂ, ਮਟੀਆਂ ਜਾਂ ਹਵੇਲੀਆਂ ਵਿੱਚ ਨਹੀਂ ਹੁੰਦੀਆਂ ਸਗੋਂ ਇਹ ਵਹਿਮੀ ਵਿਅਕਤੀਆਂ ਦੇ ਮਨਾਂ ਵਿੱਚ ਹੀ ਹੁੰਦੀਆਂ ਹਨ।

Back To Top