ਮੇਘ ਰਾਜ ਮਿੱਤਰ
ਜੁਆਬ :- ਭਗਤੇ ਦੇ ਭੂਤਾਂ ਵਾਲੇ ਖੂਹ ਦੀ ਪੜਤਾਲ ਲਈ ਅਸੀਂ 1985-86 ਵਿੱਚ ਭਗਤੇ ਕਈ ਚੱਕਰ ਲਾਏ ਹਨ। ਸਾਨੂੰ ਜੋ ਵੀ ਜਾਣਕਾਰੀ ਮਿਲੀ ਹੈ ਉਹ ਤੁਹਾਡੇ ਸਾਹਮਣੇ ਹਾਜ਼ਰ ਹੈ।
ਕਹਿੰਦੇ ਨੇ ਇਸ ਪਿੰਡ ਦੇ ਬਾਹਰ ਖੇਤਾਂ ਵਿੱਚ ਭਗਤੇ ਨਾਂ ਦੇ ਇੱਕ ਭਗਤ ਨੇ ਆਪਣਾ ਡੇਰਾ ਉਸਾਰਿਆ ਹੋਇਆ ਸੀ। ਇਸ ਡੇਰੇ ਵਿੱਚ ਇਸਤਰੀਆਂ ਪੁਰਸ਼ਾਂ ਵਿਚੋਂ ‘‘ਭੂਤਾਂ’’ ਦੇ ਕੱਢਣ ਦਾ ਕਾਰਜ ਕੀਤਾ ਜਾਂਦਾ ਸੀ। ਲਾਹੌਰ ਦੇ ਕਿਸੇ ਸੇਠ ਦੀ ਧੀ ਵਿੱਚ ਭੂਤ ਦਾ ਅਸਰ ਆ ਗਿਆ। ਉਹ ਉਸ ਨੂੰ ਲੈ ਕੇ ਭਾਈ ਭਗਤੇ ਦੇ ਡੇਰੇ ਪਹੁੰਚ ਗਿਆ। ਦੋ ਚਾਰ ਦਿਨਾਂ ਵਿੱਚ ਭਾਈ ਭਗਤੇ ਨੇ ਉਸਦੀ ਧੀ ਵਿਚੋਂ ਭੂਤ ਦਾ ਅਸਰ ਠੀਕ ਕਰ ਦਿੱਤਾ। ਸੇਠ ਭਗਤੇ ਨੂੰ ਕਹਿਣ ਲੱਗਿਆ ‘‘ਭਾਈ ਭਗਤਾ ਜੀ ਤੁਸੀ ਮੇਰੀ ਕੁੜੀ ਨੂੰ ਠੀਕ ਕੀਤਾ ਹੈ ਇਸ ਲਈ ਮੈਂ ਇੱਥੇ ਕੋਈ ਸੇਵਾ ਕਰਨੀ ਚਾਹੁੰਦਾ ਹਾਂ, ਦੱਸੋਂ ਮੈਂ ਕੀ ਕੰਮ ਕਰਾਂ?’’ ਭਗਤਾ ਜੀ ਕਹਿਣ ਲੱਗੇ ‘‘ਸੇਠ ਜੀ ਲੋਕ ਪਾਣੀ ਲਈ ਔਖੇ ਹੁੰਦੇ ਹਨ। ਚੰਗੀ ਗੱਲ ਹੈ ਤੁਸੀਂ ਇੱਥੇ ਕੋਈ ਖੂਹ ਲੁਆ ਦੇਵੋ।’’
ਸੇਠ ਜੀ ਨੇ ਜਲਦੀ ਜਾਣਾ ਸੀ। ਇਸ ਲਈ ਉਹਨੇ ਆਲੇ ਦੁਆਲੇ ਦੇ ਪਿੰਡਾਂ ਵਿਚੋਂ ਗਧਿਆਂ ਵਾਲਿਆਂ ਨੂੰ ਕਿਹਾ ਕਿ ਉਹ ਇੱਟਾਂ ਲਿਆਉਣੀਆਂ ਸ਼ੁਰੂ ਕਰ ਦੇਣ। ਸੱਤ ਅੱਠ ਸੌ ਗਧਿਆਂ ਨੇ ਰਾਤੋ ਰਾਤ ਹਠੂਰ ਤੋ ਅਤੇ ਆਲੇ ਦੁਆਲੇ ਦੇ ਪਿੰਡਾਂ ਸ਼ਹਿਰਾਂ ਵਿਚੋਂ ਜਿੱਥੋਂ ਵੀ ਮਿਲੀ ਪੰਜਾਹ ਕੁ ਹਜ਼ਾਰ ਇੱਟ ਢੋਹ ਦਿੱਤੀ। ਕੁਝ ਮਜ਼ਦੂਰਾਂ ਤੇ ਮਿਸਤਰੀਆਂ ਨੇ ਰਾਤੋ ਰਾਤ ਖੂਹ ਦੀ ਉਸਾਰੀ ਕਰ ਦਿੱਤੀ। ਸੂਰਜ ਚੜ੍ਹਦੇ ਤੱਕ ਖੂਹ ਉਸਰ ਗਿਆ ਤੇ ਸੇਠ ਆਪਣੀ ਧੀ ਸਮੇਤ ਹਠੂਰ ਲਈ ਰਵਾਨਾ ਹੋ ਗਿਆ।
ਕਿਉਂਕਿ ਖੂਹ ਦੀ ਉਸਾਰੀ ਸਿਰਫ ਰਾਤੋ ਰਾਤ ਹੀ ਹੋ ਗਈ ਸੀ ਤੇ ਇਹ ਉਸਾਰੀ ਵੀ ਕਿਸੇ ਲੜਕੀ ਵਿਚੋਂ ਭੂਤ ਨਿਕਲਣ ਕਾਰਨ ਹੋਈ ਸੀ। ਇਸ ਲਈ ਇਹ ਦੋਵੇਂ ਕਾਰਨਾਂ ਕਰਕੇ ਇਸ ਖੂਹ ਨੂੰ ਭੂਤਾਂ ਵਾਲਾ ਖੂਹ ਕਿਹਾ ਜਾਣ ਲੱਗ ਪਿਆ।