– ਮੇਘ ਰਾਜ ਮਿੱਤਰ
ਪਟਿਆਲਾ
23.7.87
ਤੁਹਾਡੀ ਕਿਤਾਬ ‘ਰੌਸ਼ਨੀ’ ਪੜ੍ਹਨ ਨੂੰ ਮਿਲੀ। ਜਿਸ ਨੂੰ ਪੜ੍ਹ ਕੇ ਬਹੁਤ ਖੁਸ਼ੀ ਹੋਈ। ਇਹ ਕਿਤਾਬ ਵਹਿਮਾਂ-ਭਰਮਾਂ ਦੇ ਕੀਤੇ ਹਨੇਰੇ ਨੂੰ ਦੂਰ ਕਰਨ ਵਿਚ ਰੌਸ਼ਨੀ ਸਾਬਿਤ ਹੋਵੇਗੀ। ਉਂਝ ਵੀ ਅੱਜ ਕੱਲ੍ਹ ਹਰ ਮਿਲਣ ਵਾਲਾ ਤੁਹਾਡੀ ਸੁਸਾਇਟੀ ਦੀ ਤਾਰੀਫ਼ ਜ਼ਰੂਰ ਕਰਦਾ ਹੈ। ਕਿਤਾਬ ਵਿਚ ਛਪੇ ਲੇਖ ਮਨ `ਤੇ ਇਕ ਛਾਪ ਛੱਡਣ ਵਾਲੇ ਹਨ। ਇਹ ਦੁਰਾਹੇ `ਤੇ ਖੜ੍ਹੇ ਇਕ ਵਿਅਕਤੀ ਲਈ ਚੰਗੇ ਮਾਰਗ ਦਰਸ਼ਕ ਸਾਬਿਤ ਹੋਣਗੇ।
ਮੈਂ ਤੁਹਾਨੂੰ ਇਹ ਚਿੱਠੀ ਤਾਂ ਲਿਖੀ ਹੈ ਕਿਉਂਕਿ ਪਟਿਆਲੇ ਜ਼ਿਲ੍ਹੇ ਵਿਚ ਇਕ ਛੱਪੜੀ ਦੀ ਅੱਜ ਕੱਲ੍ਹ ਬਹੁਤ ਚਰਚਾ ਹੈ। ਇਸ ਬਾਰੇ ਸ਼ਾਇਦ ਤੁਸੀਂ ਵੀ ਸੁਣਿਆ ਹੋਵੇਗਾ। ਇਹ ਚੀਕੇ ਵੱਲ ਜਾਂਦੀ ਕਿਸੇ ਸੜਕ `ਤੇ ਹੈ। ਇਕ ਖ਼ਿਆਲ ਇਹ ਹੈ ਕਿ ਉੱਥੇ ਇਕ ਲੜਕਾ ਮੱਝਾਂ ਚਰ੍ਹਾ ਰਿਹਾ ਸੀ। ਉਸ ਦੇ ਹੱਥਾਂ `ਤੇ ਕੋਹੜ ਹੋਇਆ ਸੀ। ਉਸ ਨੂੰ ਇਕ ਬੌਣਾ ਮਿਲਿਆ ਜਿਸਨੂੂੰ ਉਸਨੇ ਆਪਣੀ ਬਿਮਾਰੀ ਦੱਸੀ। ਬੌਣੇ ਨੇ ਉਸਨੂੰ ਕਿਹਾ ਕਿ ਉਹ ਉਸ ਛੱਪੜੀ (ਜੋ ਨੇੜੇ ਹੀ ਸੀ) ਵਿਚ ਹੱਥ ਧੋ ਲਵੇ (ਮਿੱਟੀ ਦੇ ਨਾਲ) ਅਤੇ ਫਿਰ ਨਾਲ ਹੀ ਇਕ ਛੱਪੜੀ ਵਿਚ ਹੱਥ ਧੋਣ ਲਈ ਕਿਹਾ। ਜਦੋਂ ਉਸ ਲੜਕੇ ਨੇ ਇਸ ਤਰ੍ਹਾਂ ਕੀਤਾ ਤਾਂ ਉਸ ਦੇ ਹੱਥ ਬਿਲਕੁਲ ਠੀਕ ਹੋ ਗਏ ਅਤੇ ਬੌਣਾ ਉਥੋਂ ਗਾਇਬ ਹੋ ਗਿਆ।
ਇਕ ਹੋਰ ਕਹਾਣੀ ਇਸ ਬਾਰੇ ਸੁਣ ਚੁੱਕੀ ਹਾਂ ਜੋ ਇਸ ਤਰ੍ਹਾਂ ਹੈ ਕਿ ਉਸ ਪਿੰਡ ਦੇ ਇਕ ਜ਼ਿਮੀਂਦਾਰ ਦੀ ਜ਼ਮੀਨ ਵਿਚ ਬਹੁਤ ਦਰੱਖ਼ਤ ਉੱਗੇ ਹੋਏ ਸੀ। ਜੋ ਕਿ ਕਿਸੇ ਤੋਂ ਪੱਟੇ ਨਹੀਂ ਜਾਂਦੇ ਸਨ। ਉਸੇ ਜਗ੍ਹਾ `ਤੇ ਇਕ ਛੱਪੜੀ ਸੀ। ਜਿਸ ਦੇ ਆਲੇ-ਦੁਆਲੇ ਸਰਕੰਢਾ ਉੱਗਿਆ ਹੋਇਆ ਸੀ। ਜ਼ਿਮੀਂਦਾਰ ਉਹ ਸਰਕੰਢਾ ਪੁੱਟ ਕੇ ਆਪਣੇ ਘਰ ਲੈ ਚੱਲਿਆ ਅਤੇ ਰਸਤੇ ਵਿਚ ਉਸਨੂੰ ਬੌਣਾ ਮਿਲਿਆ। ਜਿਸਨੇ ਉਸਨੂੰ ਕਿਹਾ ਕਿ ਜੇ ਉਹ ਸਰਕੰਢਾ ਘਰ ਲੈ ਗਿਆ ਤਾਂ ਉਹ ਬਰਬਾਦ ਹੋ ਜਾਵੇਗਾ ਤੇ ਜੇ ਉਸਨੇ ਸਰਕੰਢਾ ਵਾਪਿਸ ਛੱਪੜੀ `ਤੇ ਰੱਖ ਦਿੱਤਾ ਉਸਦੀ ਬਹੁਤ ਪ੍ਰਸਿੱਧੀ ਹੋਵੇਗੀ। ਜ਼ਿਮੀਂਦਾਰ ਵਾਪਿਸ ਸਰਕੰਢਾ ਛੱਪੜੀ ਤੇ ਰੱਖ ਆਇਆ। ਸਰਕੰਢਾ ਚੁੱਕਣ ਕਾਰਨ ਉਸਦੇ ਹੱਥਾਂ `ਤੇ ਜ਼ਖ਼ਮ ਹੋ ਗਏ ਸੀ। ਬੌਣੇ ਨੇ ਉਸਨੂੰ ਛੱਪੜੀ ਦੀ ਮਿੱਟੀ ਮਲਣ ਲਈ ਕਿਹਾ ਅਤੇ ਬਾਅਦ ਵਿਚ ਪਾਣੀ ਨਾਲ ਧੋਣ ਲਈ ਕਿਹਾ। ਜਦ ਉਸਨੇ ਇਸ ਤਰ੍ਹਾਂ ਕੀਤਾ ਤਾਂ ਉਸਦੇ ਜ਼ਖ਼ਮ ਠੀਕ ਹੋ ਗਏ ਅਤੇ ਲੋਕਾਂ ਨੇ ਉਸ ਤੋਂ ਬਾਅਦ ਉਸ ਛੱਪੜੀ `ਤੇ ਆਉਣਾ ਸ਼ੁਰੂ ਕਰ ਦਿੱਤਾ।
ਮੈਂ ਇਨ੍ਹਾਂ ਗੱਲਾਂ ਨੂੰ ਬਕਵਾਸ ਸਮਝਦੀ ਹਾਂ। ਇਸ ਕਰਕੇ ਮੈਂ ਤੁਹਾਨੂੰ ਲਿਖ ਰਹੀ ਹਾਂ। ਮੇਰੇ ਖ਼ਿਆਲ ਵਿਚ ਉਸ ਮਿੱਟੀ ਵਿਚ ਕੋਈ ਅਜਿਹੀ ਚੀਜ਼ ਹੈ ਜਿਸ ਨਾਲ ਕਈ ਰੋਗ ਖ਼ਤਮ ਹੋ ਜਾਂਦੇ ਹਨ। ਪਰ ਲੋਕ ਉਸ ਨੂੂੰ ਰੱਬੀ ਦੇਣ ਮੰਨੀ ਬੈਠੇ ਹਨ ਤੇ ਉਸ ਬਾਰੇ ਫ਼ਾਲਤੂ ਦੀਆਂ ਗੱਲਾਂ ਬਣਾ ਕੇ ਹੋਰਾਂ ਨੂੰ ਗਲਤ ਰਸਤੇ ਵੱਲ ਲਾ ਰਹੇ ਹਨ। ਕ੍ਰਿਪਾ ਕਰਕੇ ਉਸ ਦੀ ਜਾਂਚ ਪੜਤਾਲ ਕਰੋ ਤਾਂ ਕਿ ਲੋਕ ਇਨ੍ਹਾਂ ਵਹਿਮਾਂ ਵਿਚ ਨਾ ਘਿਰਨ ਜੇਕਰ ਤੁਸੀਂ ਦਿਲਚਸਪੀ ਰੱਖਦੇ ਹੋ ਤਾਂ ਮੈਂ ਤੁਹਾਨੂੰ ਉਸ ਪਿੰਡ ਦਾ ਪੂਰਾ ਪਤਾ, ਪਤਾ ਕਰਵਾ ਕੇ ਦੱਸ ਦੇਵਾਂਗੀ।
ਅਖ਼ੀਰ ਵਿਚ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਪਟਿਆਲਾ ਵਿਚ ਆਪਣੀ ਸੁਸਾਇਟੀ ਦੀ ਸ਼ਾਖਾ ਕਿਉਂ ਨਹੀਂ ਬਣਾਈ? ਮੈਂ ਮੈਂਬਰ ਬਣਨਾ ਚਾਹੁੰਦੀ ਹਾਂ। ਉਂਝ ਯੂਨੀਵਰਸਿਟੀ ਵਿਚ ਲੜਕਿਆਂ ਨੇ ਆਪਣੇ ਆਪ ਹੀ ਇਕ ਇਕਾਈ ਬਣਾ ਲਈ ਹੈ। ਸ਼ਾਇਦ ਤੁਹਾਨੂੰ ਜਾਣਕਾਰੀ ਹੋਵੇ। ਕੀ ਮੈਂ ਉਸ ਇਕਾਈ ਦੀ ਮੈਂਬਰਸ਼ਿਪ ਪ੍ਰਾਪਤ ਕਰ ਸਕਦੀ ਹਾਂ। ਕ੍ਰਿਪਾ ਕਰਕੇ ਜਾਣਕਾਰੀ ਦੇਣਾ।
ਇਕ ਤਰਕਸ਼ੀਲ ਨਾਸਤਿਕ
ਰਾਜਵਿੰਦਰ ਕੂਨਾਰ
ਜੇਕਰ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਹੈ ਤੇ ਉਹ ਕਿਸੇ ਕਿਸਮ ਦਾ ਇਲਾਜ ਵੀ ਕਰਵਾਉਂਦਾ ਹੈ ਤੇ ਕਿਸੇ ਨਾ ਕਿਸੇ ਕਾਰਨ ਕਰਕੇ ਠੀਕ ਵੀ ਹੋ ਜਾਂਦਾ ਹੈ ਤਾਂ ਉਸਨੂੰ ਇਹ ਜਚਾਉਣਾ ਕਿ ਤੂੰ ਇਸ ਇਲਾਜ ਕਰਕੇ ਨਹੀਂ ਸਗੋਂ ਆਪਣੇ ਸਰੀਰ ਦੇ ਅੰਦਰੂਨੀ ਰੱਖਿਆ ਪ੍ਰਬੰਧ ਕਰਕੇ ਠੀਕ ਹੋਇਆ ਹੈ ਬਹੁਤ ਹੀ ਔਖਾ ਕੰਮ ਹੈ। ਇਹੀ ਕਾਰਨ ਹੈ ਕਿ ਅੱਜ ਸਾਡੇ ਦੇਸ਼ ਵਿਚ ਨੀਮ ਹਕੀਮ ਤਰ੍ਹਾਂ-ਤਰ੍ਹਾਂ ਦੇ ਇਲਾਜ ਦੇ ਢੰਗ ਵਰਤ ਰਹੇ ਹਨ ਤੇ ਪੈਸੇ ਬਣਾ ਰਹੇ ਹਨ। ਕੋਈ ਚੁੰਬਕਾਂ ਰਾਹੀਂ, ਕੋਈ ਸੁਰਮੇ ਰਾਹੀਂ, ਕੋਈ ਹਲਦੀ ਰਾਹੀਂ, ਕੋਈ ਹੋਮੀਉਪੈਥੀ ਰਾਹੀਂ, ਕੋਈ ਇਲੈਕਟਰੋਪੈਥੀ ਰਾਹੀਂ, ਕੋਈ ਨੇਚੁਰਲਹ ਪੈਥੀ ਰਾਹੀਂ, ਕੋਈ ਸੜਕਾਂ `ਤੇ ਮਜਮੇ ਲਾ ਕੇ, ਕੋਈ ਖੰਭ ਲਾ ਕੇ, ਕੋਈ ਚਿਮਟੇ ਲਾ ਕੇ, ਕੋਈ ਤੇਲ ਵਿਚ ਡੁਬੋਈ ਅੱਡੀ ਲਾ ਕੇ, ਕੋਈ ਗਊਆਂ ਨੂੰ ਹਰਾ ਪੁਆ ਕੇ, ਕੋਈ ਕੁੱਤਿਆਂ ਨੂੰ ਰੋਟੀਆਂ ਪੁਆ ਕੇ, ਕੋਈ ਕੀੜੀਆਂ ਨੂੰ ਤਿਲਚੌਲੀ ਪੁਆ ਕੇ, ਕੋਈ ਛੱਪੜੀ ਵਿਚ ਨੁਹਾ ਕੇ, ਕੋਈ ਗਰਮ ਪਾਣੀ ਵਿਚ ਬਿਠਾ ਕੇ ਇਲਾਜ ਕਰ ਰਹੇ ਹਨ। ਇਨ੍ਹਾਂ ਢੰਗਾਂ ਦਾ ਕਿਸੇ ਇਕ ਜਾਂ ਦੋ ਬਿਮਾਰੀਆਂ `ਤੇ ਤਾਂ ਅਸਰ ਹੋ ਸਕਦਾ ਹੈ। ਪਰ ਲੋਕ ਤਾਂ ਅਜਿਹੇ ਢੰਗ ਰਾਹੀਂ ਸਾਰੀਆਂ ਬਿਮਾਰੀਆਂ ਦਾ ਇਲਾਜ ਹੀ ਲੱਭਣ ਤੁਰ ਪੈਂਦੇ ਹਨ। ਜੇ ਕੋਈ ਇਕ ਜਣਾ ਅਜਿਹੇ ਇਲਾਜ ਰਾਹੀਂ ਠੀਕ ਵੀ ਹੋ ਜਾਂਦਾ ਹੈ ਤਾਂ ਉਹ ਹਰੇਕ ਨੂੰ ਹੀ ਉਸੇ ਢੰਗ ਨਾਲ ਇਲਾਜ ਕਰਾਉਣ ਲਈ ਸਲਾਹ ਦਿੰਦਾ ਰਹਿੰਦਾ ਹੈ। ਜਿਹੜੇ ਠੀਕ ਨਹੀਂ ਹੁੰਦੇ ਉਹ ਕਦੇ ਨਾ ਉਸ ਡਾਕਟਰ ਨੂੰ ਹੀ ਦੱਸਦੇ ਹਨ ਨਾ ਹੀ ਦੂਸਰਿਆਂ ਨੂੰ। ਸੋ ਇਸ ਤਰ੍ਹਾਂ ਲੋਕ ਗੁੰਮਰਾਹ ਹੁੰਦੇ ਰਹਿੰਦੇ ਹਨ। ਅੱਜ ਤੋਂ ਪੰਜਾਹ ਸਾਲ ਪਹਿਲਾਂ ਜਦੋਂ ਸਾਡੇ ਪਿੰਡਾਂ ਵਿਚ ਡਾਕਟਰੀ ਸਹੂਲਤਾਂ ਦਾ ਨਾਮ ਨਿਸ਼ਾਨ ਵੀ ਨਹੀਂ ਸੀ ਲੋਕ ਬਿਮਾਰ ਵੀ ਹੁੰਦੇ ਰਹਿੰਦੇ ਸਨ ਤੇ ਆਪਣੇ ਸਰੀਰ ਦੇ ਰੱਖਿਆ ਪ੍ਰਬੰਧਾਂ ਕਾਰਨ ਆਪਣੇ ਆਪ ਠੀਕ ਵੀ ਹੋ ਜਾਂਦੇ ਸਨ। ਸੋ ਅਜਿਹੀਆਂ ਛੱਪੜੀਆਂ ਵਿਚ ਨਹਾ ਕੇ ਆਪਣੀਆਂ ਬਿਮਾਰੀਆਂ ਦਾ ਇਲਾਜ ਲੱਭਣਾ ਜੇ ਲਾਈਲੱਗਤਾ ਨਹੀਂ ਤਾਂ ਹੋਰ ਕੀ ਹੈ।
