42. ਸਭ ਕੁਝ ਲੁਟਾ ਬੈਠਾ ਹਾਂ

– ਮੇਘ ਰਾਜ ਮਿੱਤਰ
ਠੱਟਾ ਨਵਾਂ
10.8.86
ਮੈਂ ਚਿੱਠੀ ਲਿਖਣ ਲੱਗਾ ਸੋਚਦਾ ਸਾਂ ਕਿ ਕੀ ਲਿਖਾਂ ਜਦਕਿ ਮੈਂ ਆਪਣਾ ਸਭ ਕੁਝ ਲੁਟਾ ਬੈਠਾ ਹਾਂ। ਮੇਰੇ ਘਰ ਦੀ ਹਾਲਤ ਅਤੇ ਮਾਤਾ ਜੀ ਦੇ ਪੁਰਾਣੇ ਖ਼ਿਆਲਾਂ ਨੇ ਜਾਂ ਮੁੱਢਲੀ ਸਿੱਖਿਆ ਅਨੁਸਾਰ ਮੈਂ ਸਿਆਣਿਆਂ ਦੇ ਵਸ ਪੈ ਕੇ ਮੇਰੀ ਪਤਨੀ ਮੇਰੇ ਤੋਂ ਸਦਾ ਲਈ ਵਿਛੋੜ ਦਿੱਤੀ ਹੈ। ਮੇਰੀ ਮਾਤਾ ਕਿਸੇ ਸਿਆਣੇ ਨਾਲ ਡੇਰੇ ਸਾਹਿਬ ਲੈ ਗਏ ਤੇ ਉਥੋਂ ਮਰੀ ਹੋਈ ਵਾਪਸ ਲੈ ਕੇ ਆਈ।
ਉਹ ਪੜ੍ਹੀ ਲਿਖੀ ਜੇ. ਬੀ. ਟੀ. ਟੀਚਰ ਸੀ। ਮੇਰੇ ਕਹਿਣ `ਤੇ ਵੀ ਉਹ ਦਲੇਰੀ ਨਾ ਫੜ ਸਕੀ। ਮੈਂ ਬਹੁਤ ਕਹਿੰਦਾ ਹੁੰਦਾ ਸਾਂ ਕਿ ਭੂਤ ਚੁੜੇਲਾਂ ਨਹੀਂ ਹਨ। ਉਹ ਦਿਨੋ ਦਿਨ ਕਮਜ਼ੋਰ ਹੁੰਦੀ ਗਈ। ਕਿਸੇ ਵੀ ਸਿਆਣੇ ਪਾਸੋਂ ਆਰਾਮ ਨਾ ਆਇਆ। ਸਾਡੇ ਦੋਹਾਂ ਦੀ ਕਮਾਈ ਸਿਆਣੇ ਹੀ ਖਾਂਦੇ ਗਏ। ਮੈਂ ਤੁਹਾਡੀ ਪੁਸਤਕ ‘‘ਤਰਕਬਾਣੀ’’ ਪੜ੍ਹੀ ਜੋ ਚੌਥੀ ਪੁਸਤਕ ਹੈ। ਅਫ਼ਸੋਸ ਹੈ ਕਿ ਇਸ ਤੋਂ ਪਹਿਲਾਂ ਮੈਨੂੰ ਇਨ੍ਹਾਂ ਪੁਸਤਕਾਂ ਬਾਰੇ ਪਤਾ ਹੁੰਦਾ ਤੇ ਪੁਸਤਕ ਮੇਰੇ ਹੱਥ ਆ ਜਾਂਦੀ ਤਾਂ ਸ਼ਾਇਦ ਉਹ ਕਿਤਾਬ ਪੜ੍ਹ ਕੇ ਬਚ ਜਾਂਦੀ। ਮੈਂ ਇਹ ਸੋਚਦਾ ਹਾਂ ਕਿ ਤੁਸੀਂ ਇਨ੍ਹਾਂ ਪੁਸਤਕਾਂ ਨਾਲ ਕਈਆਂ ਦੀਆਂ ਜਾਨਾਂ ਬਚਾਈਆਂ ਹੋਣਗੀਆਂ। ਪ੍ਰੈਕਟੀਕਲ ਨਾਲ ਤਾਂ ਜ਼ਿਆਦਾ ਬਚਾਈਆਂ ਹੋਣਗੀਆਂ ਹੁਣ ਮੇਰੀ ਛੋਟੀ ਸਾਲੇਹਾਰ ਇਸ ਲੀਹ `ਤੇ ਚੱਲ ਰਹੀ ਹੈ। ਜਿਸਨੂੰ ਮੈਂ ਸੋਚਦਾ ਹਾਂ ਬਚਾਉਣਾ ਜ਼ਰੂਰੀ ਹੈ। ਉਹ ਆਰਟ ਕਰਾਫਟ ਟੀਚਰ ਹੈ। ਮੇਰੇ ਸਹੁਰੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਮੈਂ ਮਜ਼ਬੂਰ ਹੋ ਕੇ ਰਹਿ ਗਿਆ। ਅਗਰ ਤੁਹਾਡੀ ਜ਼ਰੂਰਤ ਪਈ ਤਾਂ ਮੈਂ ਫਿਰ ਚਿੱਠੀ ਲਿਖਾਂਗਾ। ਇਸ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਇਕ ਤਾਂ ਮੈਨੂੰ ਆਪਣੀ ਕਮੇਟੀ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨੀ। ਦੂਸਰਾ ਚਾਰੇ ਪੁਸਤਕਾਂ ਪਹਿਲੀ ਤੋਂ ਚੌਥੀ ਤਰਕਬਾਣੀ ਤੱਕ ਡਾਕ ਰਾਹੀਂ ਭੇਜਣ ਦੀ ਜਲਦੀ ਤੋਂ ਜਲਦੀ ਖ਼ੇਚਲ ਕਰਨੀ ਅਤੇ ਜੇਕਰ ਇੱਧਰ ਆਓ ਤਾਂ ਮੇਰੇ ਪਾਸ ਆਉਣ ਦੀ ਖ਼ੇਚਲ ਕਰਨੀ।
ਤੁਹਾਡਾ ਹਮਰਾਹੀ,
ਅਵਤਾਰ ਸਿੰਘ ਹਿੰਦੀ ਟੀਚਰ
ਇਹ ਇਕ ਹੀ ਕੇਸ ਅਜਿਹਾ ਨਹੀਂ ਹੈ। ਸਗੋਂ ਸਮੁੱਚੇ ਪੰਜਾਬ ਵਿਚ ਮੈਂ ਸੈਂਕੜੇ ਹੀ ਅਜਿਹੇ ਕੇਸ ਵੇਖੇ ਹਨ ਜਿਨ੍ਹਾਂ ਵਿਚੋਂ ਇਨ੍ਹਾਂ ਵਹਿਮਾਂ ਭਰਮਾਂ ਨੇ ਮਨੁੱਖੀ ਜ਼ਿੰਦਗੀਆਂ ਨੂੰ ਨਿਗਲਿਆ ਹੈ। ਹਰ ਸਾਲ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਸਾਧਾਂ ਸੰਤਾਂ ਦੁਆਰਾ ਕਤਲ ਕਰ ਦਿੱਤੇ ਜਾਂਦੇ ਹਨ ਫਿਰ ਵੀ ਇਹ ਲੁਟੇਰੇ ਲੋਕਾਂ ਵਿਚ ਸਿਆਣੇ ਅਖਵਾਉਂਦੇ ਰਹਿੰਦੇ ਹਨ। ਮੈਂ ਅਜਿਹੇ ਕਈ ਲੋਕਾਂ ਨੂੰ ਵੀ ਮਿਲਿਆ ਹਾਂ ਜਿਨ੍ਹਾਂ ਦੇ ਚੰਗੇ ਭਲੇ ਕਾਰੋਬਾਰ ਇਨ੍ਹਾਂ ਅਖੌਤੀ ਸਿਆਣਿਆਂ ਨੇ ਆਪਣੇ ਚੱਕਰਾਂ ਰਾਹੀਂ ਫੇਲ੍ਹ ਕਰਵਾ ਦਿੱਤੇ ਹਨ। ਸੋ ਲੋੜ ਹੈ ਭੋਲੀ ਭਾਲੀ ਲੋਕਾਈ ਨੂੰ ਇਨ੍ਹਾਂ ਵਹਿਮਾਂ ਭਰਮਾਂ ਤੋਂ ਮੁਕਤ ਕਰਵਾਉਣ ਦੀ।

Back To Top