ਮੇਘ ਰਾਜ ਮਿੱਤਰ
ਅਵਤਾਰ ਮੈਨੂੰ ਵਨ ਟਰੀ ਹਿੱਲ ਵਿਖਾਉਣ ਲਈ ਲੈ ਗਿਆ। ਸਾਡੀ ਕਾਰ ਗੋਲਾਈ ਵਿੱਚ ਇੱਕ ਪਹਾੜੀ ਦੇ ਦੁਆਲੇ ਚੱਕਰ ਲਾਉਂਦੀ ਹੋਈ ਉਸਦੀ ਟੀਸੀ ਤੇ ਪੁੱਜ ਗਈ। ਇੱਕ ਛੋਟੀ ਪਹਾੜੀ ਦੀ ਇਹ ਟੀਸੀ 182 ਮੀਟਰ ਉੱਚੀ ਹੈ। ਇਸਦੀ ਖਾਸੀਅਤ ਇਹ ਹੈ ਕਿ ਇੱਥੇ ਜਵਾਲਾਮੁਖੀ ਦਾ ਇੱਕ ਮੁਹਾਣਾ ਅਜੇ ਵੀ ਸੁਰੱਖਿਅਤ ਨਜ਼ਰ ਆਉਂਦਾ ਹੈ। ਮੁਹਾਣੇ ਦੇ ਪਾਸੇ ’ਤੇ ਖੜ੍ਹ ਕੇ ਅਸੀਂ ਵੇਖਿਆ ਕਿ ਇਹ ਦਸ ਕੁ ਮੀਟਰ ਵਿਮਾਸ ਦਾ ਇੱਕ ਗੋਲਾਕਾਰ ਕੀਪ ਦੀ ਤਰ੍ਹਾਂ ਸੀ ਜਿਸਦੀ ਡੂੰਘਾਈ ਵੀ ਲਗਭੱਗ 8 ਕੁ ਮੀਟਰ ਹੈ। ਕਹਿੰਦੇ ਹਨ ਅਜਿਹੇ ਤਿੰਨ ਮੁਹਾਣੇ ਇੱਥੇ ਸਨ। ਜਵਾਲਾਮੁਖੀ ਲਗਭੱਗ 28500 ਸਾਲ ਪਹਿਲਾ ਫਟਿਆ ਸੀ। ਮੌਰੀਆ ਨਾਲ ਹੋਈ ਲੜਾਈ ਵਿੱਚ ਇੱਥੇ ਖੜ੍ਹਾ ਇਕੱਲਾ ਆਕ ਦਾ ਦਰੱਖਤ ਨਸ਼ਟ ਹੋ ਗਿਆ ਸੀ ਇਸ ਲਈ ਅੱਜ ਕੱਲ੍ਹ ਇਸ ਪਹਾੜੀ ਨੂੰ ‘ਨਨ ਟਰੀ ਹਿੱਲ’ ਹੀ ਕਿਹਾ ਜਾ ਰਿਹਾ ਹੈ। ਇਸ ਦੇ ਉਪਰ ਖੜ੍ਹ ਕੇ ਪੂਰੇ ਸ਼ਹਿਰ ਦੇ ਅਤੇ ਆਲੇ-ਦੁਆਲੇ ਲੱਗੇ ਦਰੱਖਤਾਂ ਦੇ ਝੁੰਡ ਦਾ ਨਜ਼ਾਰਾ ਬਹੁਤ ਹੀ ਸ਼ਾਨਦਾਰ ਹੈ।