36. ਤੈਨੂੰ ਗਜਟਿਡ ਪੋਸਟ ਮਿਲੇਗੀ

– ਮੇਘ ਰਾਜ ਮਿੱਤਰ
ਭਾਈ ਰੂਪਾ
12.6.86
ਸਤਿ ਸ੍ਰੀ ਅਕਾਲ।
ਮੈਂ ਰੈਸ਼ਨੋਲਿਸਟ ਸੁਸਾਇਟੀ ਪੰਜਾਬ ਦਾ ਬਹੁਤ ਧੰਨਵਾਦੀ ਹਾਂ ਜਿਸ ਨੇ ਆਪਣੀ ਮਿਹਨਤ ਨਾਲ ਸਾਡੇ ਅਜੋਕੇ ਸਮਾਜ ਵਿੱਚੋਂ ਵਹਿਮਾਂ-ਭਰਮਾਂ, ਭੂਤਾਂ-ਪ੍ਰੇਤਾਂ ਜੋਤਸ਼ੀਆਂ ਆਦਿ ਦੇ ਵਿਚਾਰਾਂ ਨੂੰ ਕੱਢਣ ਦਾ ਬੀੜਾ ਚੁੱਕਿਆ ਹੈ। ਕਾਸ਼! ਮੈਂ ਵੀ ਕੁਝ ਸਮੇਂ ਪਹਿਲਾਂ ਸੁਸਾਇਟੀ ਵੱਲੋਂ ਪ੍ਰਕਾਸ਼ਤ ਤਿੰਨੋਂ ਕਿਤਾਬਾਂ ਪੜ੍ਹ ਲਈਆਂ ਹੁੰਦੀਆਂ। ਅੱਜ ਮੈਂ ਤਿੰਨੇਂ ਕਿਤਾਬਾਂ ਪੜ੍ਹ ਚੁੱਕਿਆਂ ਹਾਂ। ਹੁਣ ਮੈਂ ਦੁਚਿੱਤੀ ਵਿੱਚ ਹਾਂ। ਅੱਜ ਮੈਂ 60% ਇਹ ਸਮਝਦਾ ਹਾਂ ਕਿ ਅਜਿਹੀ ਕੋਈ ਸ਼ਕਤੀ ਨਹੀਂ। ਪਰ ਫਿਰ ਵੀ ਕਈ ਕਾਰਣਾਂ ਕਰਕੇ ਮੈਂ ਕੁਝ ਨਾ ਕੁੱਝ ਮੰਨਣ ਲਈ ਤਿਆਰ ਹੋ ਜਾਂਦਾ ਹਾਂ। ਮੈਨੂੰ ਉਮੀਦ ਹੈ ਕਿ ਆਪ ਮੇਰੀ ਮਦਦ ਕਰੋਗੇ।
ਮੈਂ ਕਾਮਰੇਡ ਬੁੱਧ ਰਾਮ ਦਾ ਬੇਟਾ ਹਾਂ। ਮੇਰੇ ਪਿਤਾ ਜੀ 1957-58 ਵਿਚ ਮੋਗਾ ਕਾਲਜ ਤੋਂ ਪੜ੍ਹੇ ਹਨ। ਉਹ ਕਾਮਰੇਡ ਹਨ। ਉਨ੍ਹਾਂ ਨੇ ਮਾਰਕਸਵਾਦ ਪੂਰਾ ਪੜ੍ਹਿਆ ਹੈ। ਪਰ ਮੈਂ ਕੋਈ ਵੀ ਕਿਤਾਬ ਨਹੀਂ ਪੜ੍ਹੀ। ਹਾਲਾਂ ਕਿ ਸਾਡੇ ਘਰ ਦੇ ਤਿੰਨ ਸੌ ਕੇ ਕਰੀਬ ਕਿਤਾਬਾਂ ਪਈਆਂ ਹੁੰਦੀਆਂ ਸਨ। ਮੈਂ ਐਮ. ਏ. ਹਾਂ। ਮੈਂ ਪਰੈੱਪ ਤੇ ਐਮ. ਏ. ਅਤੇ ਗਿਆਨੀ ਪ੍ਰਾਈਵੇਟ ਹੀ ਕੀਤੀਆਂ ਹਨ। ਹੋਰ ਪੰਜਾਬੀ ਸਾਹਿਤ ਕਾਫੀ ਪੜ੍ਹਿਆ ਹੈ। ਅਸੀਂ ਪੰਜ ਭੈਣ ਭਰਾ ਹਾਂ। ਅਸੀਂ ਸਾਰੇ ਹੀ ਪੜ੍ਹੇ ਲਿਖੇ ਹਾਂ। ਪਰ ਅਸੀਂ ਮੇਰੇ ਪਿਤਾ ਤੋਂ ਬਿਨਾਂ ਸਾਰੇ ਹੀ ਥੋੜ੍ਹਾ ਬਹੁਤਾ ਵਹਿਮਾਂ `ਚ ਫਸੇ ਹੋਏ ਹਾਂ। ਹਾਲਾਂਕਿ ਇੱਕ ਭਰਾ ਅਤੇ ਭੈਣ ਬੀ. ਐੱਸ. ਸੀ. ਹਨ। ਅੱਜ ਕੱਲ੍ਹ ਮੈਂ ਮਾਲ ਮਹਿਕਮੇ ਵਿਚ ਕਾਨੂੰਗੋ ਦੀ ਟ੍ਰੇਨਿੰਗ ਲੈ ਰਿਹਾ ਹਾਂ। ਸਾਡੀ ਟਰੇਨਿੰਗ ਜਲੰਧਰ ਹੋ ਰਹੀ ਹੈ। ਮੇਰੇ ਨਾਲ ਅਲੀ ਸ਼ੇਰ ਨੇੜੇ ਲਹਿਰਾਗਾਗਾ ਤੋਂ ਇੱਕ ਮੁੰਡਾ ਤਰਸੇਮ ਚੰਦ ਸ਼ਰਮਾ ਹੈ। ਜੋ ਕਿ ਆਪਦੀ ਸੁਸਾਇਟੀ ਦਾ ਮੈਂਬਰ ਹੈ ਜਾਂ ਨਜ਼ਦੀਕੀ ਹੈ। ਉਹ ਨਾਲ ਵੀ ਬਹਿਸਾਂ ਹੁੰਦੀਆਂ ਰਹਿੰਦੀਆਂ ਹਨ। ਅਸੀਂ ਹੋਰ 20 ਸਾਥੀ ਹਾਂ। ਜਿਹੜੇ ਕਿ ਤਰਸੇਮ ਨੂੰ ਹੀ ਗਲਤ ਠਹਿਰਾਉਂਦੇ ਰਹਿੰਦੇ ਹਾਂ।
ਮੈਂ ਅਤੇ ਮੇਰਾ ਇੱਕ ਸਾਥੀ 18 ਜਨਵਰੀ ਨੂੰ ਆਪਣੀ ਤਨਖਾਹ ਦੇ ਬਾਰੇ ਗੁਰਦਾਸਪੁਰ ਗਏ ਸਾਂ। ਅਸੀਂ ਅਕਸਰ ਪਹਿਲਾਂ ਵੀ ਤਨਖਾਹ ਬਾਰੇ ਜਾਂਦੇ ਰਹਿੰਦੇ ਸਾਂ। ਕਿਉਂਕਿ 16-9-85 ਨੂੰ ਟ੍ਰੇਨਿੰਗ ਸ਼ੁਰੂ ਕੀਤੀ ਸੀ। ਸਾਨੂੰ ਤਨਖਾਹ ਨਹੀਂ ਮਿਲਣੀ ਸ਼ੁਰੂ ਹੋਈ ਸੀ। ਉੱਥੇ ਕਚਹਿਰੀ ਵਿੱਚ ਇੱਕ ਜੋਤਸ਼ੀ ਸੀ। ਜਿਸਨੇ ਹੱਥ ਵੇਖਣ ਦੀ ਫੀਸ 2 ਰੁਪਏ ਅਤੇ ਦਿਲ ਦੀਆਂ ਗੱਲਾਂ ਦੱਸਣ ਦੀ ਫੀਸ 5 ਰੁਪਏ ਲਿਖੀ ਸੀ।
ਮੈਂ ਅਤੇ ਮੇਰਾ ਸਾਥੀ ਵੈਸੇ ਹੀ ਪ੍ਰਖਣ ਦੇ ਖਿਆਲ ਨਾਲ ਬੈਠ ਗਏ। ਮੇਰੇ ਸਾਥੀ ਨੇ ਤਾਂ ਦੋ ਰੁਪਏ ਦੇ ਕੇ ਹੱਥ ਵਿਖਾ ਕੇ ਹੀ ਪੁੱਛ ਲਿਆ। ਪਰ ਮੈਂ ਪੰਜ ਰੁਪਏ ਦੇ ਕੇ ਦਿਲ ਦੀਆਂ ਗੱਲਾਂ ਪੁੱਛਣੀਆਂ ਚਾਹੀਆਂ।
ਉਸਨੇ ਮੈਨੂੰ ਇੱਕ ਕਾਗਜ਼ ਅਤੇ ਪੈੱਨ ਦੇ ਦਿੱਤਾ ਅਤੇ ਕਿਹਾ ਕਿ ਮੈਨੂੰ ਕੁੱਝ ਨਾ ਦਿਸੇ ਅਤੇ ਆਪਣੀ ਜਨਮ ਮਿਤੀ ਲਿਖ ਲੈ। ਮੈਂ ਲਿਖ ਲਈ, ਫਿਰ ਪਿਤਾ ਦਾ ਨਾਂ ਅਤੇ ਭਰਾਵਾਂ ਦੀ ਗਿਣਤੀ ਅਤੇ ਫਿਰ ਜੋ ਪ੍ਰਸ਼ਨ ਪੁੱਛਣੇ ਹਨ ਉਹ ਲਿਖਣ ਲਈ ਕਿਹਾ। ਮੈਂ ਹੇਠ ਲਿਖੇ ਪੰਜ ਪ੍ਰਸ਼ਨ ਲਿਖੇ:-
1. ਮੈਨੂੰ ਤਨਖਾਹ ਮਿਲਣੀ ਕਦੋਂ ਸ਼ੁਰੂ ਹੋਵੇਗੀ ਜਾਂ ਕਦ ਮਿਲੇਗੀ?
2. ਮੇਰਾ ਪਤਨੀ ਅਤੇ ਬੱਚਿਆਂ ਨਾਲ ਸਾਥ ਕਿਵੇਂ ਨਿਭੇਗਾ?
3. ਮੈਂ ਮਾਤਾ ਪਿਤਾ ਦੀ ਸੇਵਾ ਕਿੱਥੋਂ ਤੱਕ ਕਰਾਂਗਾ?
4. ਮੈਂ ਜ਼ਿੰਦਗੀ ਵਿੱਚ ਕਿਹੜੀ ਵੱਡੀ ਤੋਂ ਵੱਡੀ ਪਦਵੀ ਤੱਕ ਪਹੁੰਚਾਂਗਾ ਤੇ ਕਦੋਂ ਤੱਕ?
5. ਮੇਰੀ ਮੇਰੇ ਭਰਾ ਨਾਲ ਕਿਉਂ ਘੱਟ ਬਣਦੀ ਹੈ?
ਉਸਨੇ ਮੈਨੂੰ ਇਹ ਪਰਚੀ ਇਕੱਠੀ ਕਰਕੇ ਮੇਰੇ ਆਪਣੇ ਕੋਲ ਮੁੱਠ ਵਿਚ ਬੰਦ ਰੱਖਣ ਲਈ ਕਿਹਾ ਅਤੇ ਮੈਂ ਇੰਝ ਹੀ ਕੀਤਾ।
ਫਿਰ ਉਸਨੇ ਮੇਰੀ ਜਨਮ ਮਿਤੀ ਜੋ ਮੈਂ ਲਿਖੀ ਸੀ ਦੱਸੀ। ਉਸ ਤੋਂ ਬਾਅਦ ਭਰਾਵਾਂ ਦੀ ਗਿਣਤੀ 2 ਦੱਸੀ। ਫਿਰ ਮੇਰਾ ਪਹਿਲਾਂ ਪ੍ਰਸ਼ਨ ਦੱਸਿਆ ਕਿ ਤਨਖਾਹ ਬਾਰੇ ਆਇਆ ਹੈ। ਉਸਨੇ ਦੱਸਿਆ ਕਿ ਤੁਹਾਨੂੰ ਤਨਖਾਹ ਫਰਵਰੀ ਦੇ ਪਹਿਲੇ ਹਫਤੇ ਵਿਚ ਸਾਰੀ ਇੱਕਠੀ ਹੀ ਮਿਲ ਜਾਵੇਗੀ। ਜੋ ਕਿ ਸਾਨੂੰ 6 ਫਰਵਰੀ ਨੂੰ ਮਿਲ ਗਈ। 2 ਨੰ: ਪ੍ਰਸ਼ਨ ਨੂੰ ਦੱਸ ਕੇ ਕਿਹਾ ਕਿ ਸਾਥ ਜ਼ਿੰਦਗੀ ਦੇ ਅਖੀਰ ਤੱਕ ਨਿਭੇਗਾ ਅਤੇ ਵਧੀਆ ਨਿਭੇਗਾ। ਕੁੱਲ ਤਿੰਨ ਫਲ ਹਨ। ਇੱਕ ਮੁੰਡਾ ਅਤੇ ਇੱਕ ਕੁੜੀ ਅਤੇ ਤੀਸਰਾ ਫਲ ਮੁੰਡਾ ਹੈ, ਜਦ ਤੇਰੀ ਮਰਜ਼ੀ ਹੋਈ ਲੈ ਸਕਦਾ ਹੈ।
3. ਨੰਬਰ ਪ੍ਰਸ਼ਨ ਦੱਸ ਕੇ ਕਿਹਾ ਕਿ ਤੂੰ ਹੀ ਮਾਤਾ-ਪਿਤਾ ਦੀ ਸੇਵਾ ਕਰੇਂਗਾ।
4. ਨੰਬਰ ਪ੍ਰਸ਼ਨ ਦੱਸ ਕੇ ਕਹਿਣ ਲੱਗਾ ਕਿ ਤੈਨੂੰ ਛੇਤੀ ਹੀ ਗਜ਼ਟਿਡ ਪੋਸਟ ਮਿਲੇਗੀ ਅਤੇ ਉਹ ਪੋਸਟ ਮਿਲਣ `ਤੇ ਤੂੰ ਕਾਨੂੰਗੋ ਤੋਂ ਅਸਤੀਫਾ ਦੇ ਕੇ ਉੱਧਰ ਜਾਵੇਗਾ। ਇਹ ਤੈਨੂੰ ਮੈਂ ਅਗਲੇ ਚੱਕਰ ਦੱਸਾਂਗਾ ਕਿ ਕਦੋਂ ਅਤੇ ਕਿਹੜੀ ਮਿਲੇਗੀ।
5. ਨੰਬਰ ਪ੍ਰਸ਼ਨ ਦੱਸ ਕੇ ਕਹਿੰਦਾ ਹੈ ਕਿ ਭਰਾ ਨਾਲ ਤੇਰੀ ਘੱਟ ਤਾਂ ਬਣਦੀ ਹੈ ਕਿਉਂਕਿ ਤੁਹਾਡੇ ਸਰੀਕੇ ਵਿੱਚੋਂ ਤੁਹਾਡੇ ਤੇ ਕਿਸੇ ਨੇ ਕੋਈ ਟੂਣਾ ਕੀਤਾ ਹੈ। ਇਸੇ ਕਰਕੇ ਤੁਸੀਂ 8 ਸਾਲਾਂ ਤੋਂ ਕਰਜਾਈ ਹੁੰਦੇ ਰਹੇ ਹੋੋ ਅਤੇ ਜਿਹੜਾ ਵੀ ਤੂੰ ਕੋਈ ਕੰਮ ਕੀਤਾ ਹੈ ਉਸ ਵਿਚੋਂ ਘਾਟਾ ਪਾਇਆ ਹੈ। (ਅਸੀਂ ਕੱਪੜੇ ਦੀ ਦੁਕਾਨ ਕਰਦੇ ਸਾਂ ਜੋ ਕਿ ਅਸੀਂ 2 ਲੱਖ ਰੁਪਏ ਤੱਕ ਦੇਣਾ ਸੀ, ਮੈਂ ਕਈ ਦੁਕਾਨਾਂ ਕੀਤੀਆਂ, ਘਾਟਾ ਪਾਇਆ, ਠੀਕ ਸੀ)। ਅੱਜ ਵੀ ਤੁਸੀਂ ਪੈਸੇ ਵੱਲੋਂ ਤੰਗ ਹੋ। ਅਸੀਂ 18 ਜਨਵਰੀ ਤੱਕ ਵੀ 50 ਹਜ਼ਾਰ ਰੁਪਏ ਦੇਣੇ ਸਨ। ਤੈਨੂੰ ਆਪਣੇ ਭਰਾ ਦੀ ਨੌਕਰੀ ਬਾਰੇ ਵੀ ਫ਼ਿਕਰ ਹੈ। ਮੈਂ ਆਖਿਆ ਹਾਂ ਜੀ ਉਸਨੇ ਹਵਾਈ ਫ਼ੌਜ ਵਿਚ 24 ਫਰਵਰੀ ਨੂੰ ਇੰਟਰਵਿਊ ਦੇਣ ਜਾਣਾ ਹੈ। ਕਿਵੇਂ ਹੋਵੇਗਾ? ਉਸਨੇ ਕਿਹਾ ਕਿ ਤੇਰਾ ਭਰਾ ਸਲੈਕਟ ਜ਼ਰੂਰ ਹੋਵੇਗਾ, ਪਰ ਜਾਵੇਗਾ ਮਈ ਵਿਚ। 24 ਫਰਵਰੀ ਨੂੰ ਮੇਰੇ ਭਰਾ ਦਾ ਸਾਢੇ ਸੱਤ ਕਿਲੋ ਭਾਰ ਵਧ ਗਿਆ ਸੀ। ਇਸ ਤਰ੍ਹਾਂ ਉਹ 28 ਮਈ ਨੂੰ ਸਲੈਕਟ ਹੋਇਆ, ਭਾਰ ਘਟਾ ਕੇ। ਹੁਣ ਉਹ ਬੰਗਲੌਰ ਬਾਰਵੀ ਦੇ ਬੇਸ ਉੱਪਰ ਗਰੁੱਪ ੳ ਵਿਚ ਬਿਜਲੀ ਟਰੇਡ ਵਿਚ ਪਹੁੰਚ ਗਿਆ।
ਮੈਂ ਉਸਨੂੰ 6 ਫਰਵਰੀ ਨੂੰ ਫਿਰ ਮਿਲਿਆ। ਉਸਨੇ ਮੈਨੂੰ ਦੱਸਿਆ ਕਿ ਤੂੰ ਹੁਣ ਜਿਹੜੀ ਪੋਸਟ ਬਾਰੇ ਭਰਕੇ ਆਇਆ ਹੈ ਉਹ ਧ।ਛ। ਜਾਂ ਇਸਦੇ ਬਰਾਬਰ ਦੀ ਹੈ। ਤੇਰਾ ਇਸ ਲਈ 8 ਜੂਨ ਨੂੰ ਚੰਡੀਗੜ੍ਹ ਪੇਪਰ ਹੋਵੇਗਾ ਅਤੇ ਤੂੰ 1987 ਦੇ ਸ਼ੁਰੂ ਦੇ ਵਿਚ ੀ।ੳ।S। ਸਲੈਕਟ ਹੋ ਕੇ ਚਲਾ ਜਾਵੇਗਾ। ਤੂੰ ਕਾਨੂੰਨਗੋ ਹਲਕੇ ਦਾ ਉਦੋਂ ਤੱਕ ਚਾਰਜ ਵੀ ਨਹੀਂ ਲਵੇਂਗਾ। ਟਰੇਨਿੰਗ ਵਿਚ ਵੀ ਅਸਤੀਫਾ ਦੇ ਕੇ ਚਲਾ ਜਾਵੇਂਗਾ। ਮੈਂ ਹੁਣ 8 ਜੂਨ ਨੂੰ ਫ।ਛ।S। ਦਾ ਪੇਪਰ ਚੰਡੀਗੜ੍ਹ ਦੇ ਆਇਆ ਹਾਂ। ਮੇਰੇ ਪੇਪਰ ਵਧੀਆ ਹੋਏ ਹਨ। ਹੁਣ ਅੱਗੇ ਦੇਖੋ ਕਿ ਕੀ ਬਣਦਾ ਹੈ?
ਉਪਰੋਕਤ ਗੱਲਾਂ ਦੇ ਚਾਨਣ ਵਿਚ ਮੈਨੂੰ ਦੱਸੋ ਕਿ ਉਹ ਕਿਵੇਂ ਹੈ। ਮੈਂ ਉਸਨੂੰ 16 ਜੂਨ ਨੂੰ ਜਲੰਧਰ ਵਿਚ ਮਿਲਾ ਸਕਦਾ ਹਾਂ। ਉਸਦੇ ਪਾਸ S।S।ਫ। ਫਰੀਦਕੋਟ ਰਾਜਨ ਗੁਪਤਾ, S।S।ਫ। ਬਿਰਦੀ, ਹੋਰ ਕਈ ਧ।ੀ।ਘ। ਅਤੇ ੀ।ਘ। ਅਤੇ ੀ।ੳ।S। ਅਫ਼ਸਰਾਂ ਦੇ ਸਰਟੀਫਿਕੇਟ ਹਨ। ਜਿਨ੍ਹਾਂ ਵਿਚ ਲਿਖਿਆ ਹੈ ਕਿ ਇਹ ਬੰਦਾ ਖੜਕ ਸਿੰਘ ਆਪਣੇ ਕਿੱਤੇ `ਚ ਮਾਹਰ ਹੈ ਜੋ ਇਸ ਨੇ ਸਾਨੂੰ ਦੱਸਿਆ ਉਹ ਭਵਿੱਖ ਵਿਚ ਬਿਲਕੁਲ ਸੱਚ ਸਾਬਤ ਹੋਇਆ ਹੈ।
ਉਸਨੇ ਉਪਰੋਕਤ ਸਭ ਗੱਲਾਂ ਦੱਸ ਕੇ ਮੈਥੋਂ ਜ਼ਬਰਦਸਤੀ 150 ਰੁਪਏ ਪਾਠ ਪੂਜਾ ਲਈ ਵੀ ਲਏ।
ਜਲੰਧਰ ਸਾਡੇ ਨਾਲ ਇਕ ਕਪੂਰਥਲੇ ਜ਼ਿਲ੍ਹੇ ਦਾ ਮੁੰਡਾ ਪਟਵਾਰੀ ਦਾ ਕੋਰਸ ਕਰਦਾ ਹੈ। ਉਨ੍ਹਾਂ ਦੇ ਕਈ ਦਿਨਾਂ ਤੋਂ ਰੋੜੇ ਇੱਟਾਂ ਡਿੱਗਦੇ ਹਨ। ਭਾਂਡੇ ਹਵਾ ਵਿਚ ਉੱਡਦੇ ਹਨ। ਟਰੈਕਟਰ ਦੀ ਤੇਲ ਦੀ ਭਰੀ ਟੈਂਕੀ ਖੜੇ ਦੀ ਹੀ ਖਾਲੀ ਹੋ ਜਾਂਦੀ ਹੈ। ਰੋੜੇ ਖੇਤ ਅਤੇ ਘਰੇ ਦੋਵਾਂ ਥਾਵਾਂ ਉੱਤੇ ਹੀ ਡਿੱਗਦੇ ਹਨ। ਉਨ੍ਹਾਂ ਨੇ ਕਈ ਸਿਆਣਿਆਂ ਨੂੰ ਦਿਖਾ ਕੇ ਕਾਫ਼ੀ ਖ਼ਰਚਾ ਕਰ ਦਿੱਤਾ ਹੈ ਪਰ ਠੀਕ ਨਹੀਂ ਹੋਇਆ। ਸੋ ਕਿਰਪਾ ਕਰਕੇ ਬੇਨਤੀ ਹੈ ਕਿ ਦੱਸੋ ਜਲੰਧਰ ਜਾਂ ਕਪੂਰਥਲੇ ਜ਼ਿਲ੍ਹੇ ਵਿਚ ਰੈਸ਼ਨੇਲਿਸਟ ਸੁਸਾਇਟੀ ਦੇ ਕਿਹੜੇ ਮੈਂਬਰ ਹਨ ਅਤੇ ਕੀ ਐਡਰੈਸ ਹੈ? ਤਾਂ ਜੋ ਕਿ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ।
ਸਾਡੇ ਆਪਣੇ ਭਾਈਰੂਪੇ 4-5 ਸਾਲ ਦੀ ਗੱਲ ਹੈ ਰੋੜੇ ਡਿੱਗਦੇ ਸਨ। ਸਾਨੂੰ ਵੀ ਲੋਕ ਵਹਿਮਾਂ-ਭਰਮਾਂ ਵਿਚ ਫ਼ਸਾਉਂਦੇ ਹਨ। ਪਰ ਪਿਤਾ ਜੀ ਨਾ ਮੰਨੇ। ਅਸੀਂ ਪੁਲਿਸ ਵਿਚ ਗੁਆਂਢੀਆਂ `ਤੇ ਸ਼ੱਕ ਜ਼ਾਹਿਰ ਕੀਤਾ। ਪੁਲਿਸ ਵਾਲਿਆਂ ਨੇ 4-5 ਦਿਨ ਉਨ੍ਹਾਂ ਨੂੰ ਖਿੱਚਿਆ। ਸਾਡੇ ਅੱਜ ਤੱਕ ਮੁੜਕੇ ਰੋੜੇ ਨਹੀਂ ਡਿੱਗੇ। ਹੁਣ ਗੁਆਂਢੀ ਆਪ ਵੀ ਮੰਨਦੇ ਹਨ ਕਿ ਰੋੜੇ ਅਸੀਂ ਹੀ ਮਾਰਦੇ ਸਾਂ। ਪਰ ਕਈ ਲੋਕ ਅਜੇ ਵੀ ਇਹੋ ਹੀ ਕਹਿੰਦੇ ਹਨ ਕਿ ਤੁਸੀਂ ਗਰੀਬਾਂ ਨੂੰ ਐਵੇਂ ਤੰਗ ਕੀਤਾ ਇਹ ਤਾਂ ਭੂਤਾਂ ਦਾ ਕੰਮ ਸੀ। ਜੋ ਆਪੇ ਹਟ ਗਈਆਂ ਹਨ।
ਮੈਨੂੰ ਉਮੀਦ ਹੈ ਕਿ ਆਪ ਮੈਨੂੰ ਜਲੰਧਰ ਦੇ ਐਡਰੈਸ ਉੱਪਰ ਚਿੱਠੀ ਲਿਖ ਕੇ ਮੁਸੀਬਤ ਦਾ ਹੱਲ ਕਰੋਗੇ। ਜਦ ਵੀ ਟਾਈਮ ਮਿਲਿਆ ਮੈਂ ਖ਼ੁਦ ਵੀ ਆਪ ਨੂੰ ਬਰਨਾਲਾ ਵਿਖੇ ਮਿਲਾਂਗਾ।
ਆਪ ਨੇ ਜਲੰਧਰ ਜਾਂ ਕਪੂਰਥਲੇ ਦੇ ਕੁਝ ਮੈਂਬਰਾਂ ਦੇ ਪਤੇ ਜ਼ਰੂਰ ਲਿਖਣੇ ਤਾਂ ਜੋ ਕਿ ਉਪਰੋਕਤ ਮਸਲੇ ਦਾ ਹੱਲ ਕੀਤਾ ਜਾ ਸਕੇ।
ਆਪ ਜੀ ਦਾ ਸ਼ੁਭਚਿੰਤਕ,
ਅਸ਼ੋਕ ਕੁਮਾਰ ਬਾਂਸਲ
ਇਹ ਜੋਤਸ਼ੀ ਬਹੁਤ ਹੀ ਚਲਾਕ ਕਿਸਮ ਦੇ ਆਦਮੀ ਹੁੰਦੇ ਹਨ। ਜਦੋਂ ਇਹ ਕਿਸੇ ਨੂੰ ਪਰਚੀ `ਤੇ ਲਿਖਣ ਲਈ ਕਹਿੰਦੇ ਹਨ ਤਾਂ ਉਸਤੋਂ ਕਿਸੇ ਨਾ ਕਿਸੇ ਬਹਾਨੇ ਲਿਖੀ ਹੋਈ ਪਰਚੀ ਲੈ ਲੈਂਦੇ ਹਨ ਤੇ ਇਕ ਖ਼ਾਲੀ ਪਰਚੀ ਜਿਹੜੀ ਉਸੇ ਕਾਪੀ ਵਿਚੋਂ ਲਈ ਹੁੰਦੀ ਹੈ ਤੇ ਪਹਿਲੀ ਪਰਚੀ ਦੀ ਤਰ੍ਹਾਂ ਹੀ ਮੋੜੀ ਹੁੰਦੀ ਹੈ ਸੰਬੰਧਿਤ ਵਿਅਕਤੀ ਨੂੰ ਫੜਾ ਕੇ ਨਸ਼ਟ ਕਰਵਾ ਦਿੰਦੇ ਹਨ। ਉਸਤੋਂ ਬਾਅਦ ਲਿਖੀ ਹੋਈ ਪਰਚੀ ਨੂੰ ਕਿਸੇ ਨਾ ਕਿਸੇ ਢੰਗ ਨਾਲ ਛੁਪਾ ਕੇ ਪੜ੍ਹ ਲੈਂਦੇ ਹਨ। ਤੇ ਸੰਬੰਧਿਤ ਗੱਲਾਂ ਵਿਚੋਂ ਕੁਝ ਹਰੇਕ `ਤੇ ਹੀ ਲਾਗੂ ਹੁੰਦੀਆਂ ਹਨ ਜਿਵੇਂ ਉਪਰੋਕਤ ਕੇਸ ਵਿਚ ਵੀ ਅਜਿਹਾ ਹੀ ਹੋਇਆ ਹੈ। ਹਰ ਕੋਈ ਦੋ ਜਾਂ ਤਿੰਨ ਬੱਚੇ ਹੀ ਚਾਹੁੰਦਾ ਹੈ। ਅੱਜ ਕੱਲ੍ਹ ਹਰੇਕ ਵਿਅਕਤੀ ਦਾ ਕੋਈ ਨਾ ਕੋਈ ਭਰਾ ਜਾਂ ਰਿਸ਼ਤੇਦਾਰ ਬੇਰੁਜ਼ਗਾਰ ਹੈ। ਅੱਜ ਕੱਲ੍ਹ ਹਰ ਕੋਈ ਕਰਜ਼ਾਈ ਹੈ। ਬਹੁਤਿਆਂ ਵਿਅਕਤੀਆਂ ਨੂੰ ਤਾਂ ਤਨਖਾਹ ਵੀ ਮਹੀਨੇ ਦੇ ਪਹਿਲੇ ਹਫ਼ਤੇ ਹੀ ਮਿਲਦੀ ਹੈ। ਨੱਬੇ ਪ੍ਰਤੀਸ਼ਤ ਵਿਅਕਤੀਆਂ ਦਾ ਸਾਥ ਪਤਨੀਆਂ ਤੇ ਬੱਚਿਆਂ ਨਾਲ ਨਿਭ ਹੀ ਜਾਂਦਾ ਹੈ। ਜਦੋਂ ਕੋਈ ਵਿਅਕਤੀ ਛੋਟੀ ਉਮਰ ਵਿਚ ਹੀ ਕਾਨੂੰਗੋ ਹੈ ਤਾਂ ਲਾਜ਼ਮੀ ਉਹ ਆਪਣੀ ਉਮਰ ਦੇ ਕੁਝ ਵਰਿ੍ਹਆਂ ਵਿਚ ਹੋਰ ਤਰੱਕੀ ਵੀ ਕਰੇਗਾ ਤੇ ਇਸ ਤੋਂ ਬਾਅਦ ਹੋਈ ਤਰੱਕੀ ਨੂੰ ਹਰ ਕੋਈ ਡੀ. ਸੀ. ਦੇ ਬਰਾਬਰ ਹੀ ਸਮਝਦਾ ਹੈ। ਹਰ ਬੱਚਾ ਇਹ ਹੀ ਸਮਝਦਾ ਹੈ ਕਿ ਮੈਂ ਹੀ ਮਾਂ ਬਾਪ ਦੀ ਸੇਵਾ ਕਰ ਰਿਹਾ ਹਾਂ। ਜਾਂ ਇਹ ਗੱਲ ਵੀ ਹਰੇਕ ਪ੍ਰਸ਼ਨ ਕਰਤਾ ਨੂੰ ਇਸੇ ਰੂਪ ਵਿਚ ਦੱਸ ਦਿੱਤੀ ਜਾਂਦੀ ਹੈ। ਇਨ੍ਹਾਂ ਗੱਲਾਂ ਨੂੰ ਦੱਸਣ ਤੋਂ ਬਾਅਦ ਹਰੇਕ ਵਿਅਕਤੀ ਨੂੰ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡੇ ਤੇ ਕੋਈ ਗ੍ਰਹਿ ਹੈ ਤੁਹਾਡੇ ਤੇ ਕਿਸੇ ਨੇ ਟੂਣਾ ਕਰਵਾਇਆ ਹੋਇਆ ਹੈ। ਤੁਹਾਡੇ ਪਤੀ ਦੇ ਘਰ ਵਿਚ ਰਾਹੁੂ ਬੈਠਾ ਹੈ ਆਦਿ ਇਸ ਸਮੱਸਿਆ ਨੂੰ ਦੂਰ ਕਰਨ ਲਈ ਸੰਬੰਧਿਤ ਵਿਅਕਤੀ ਤੋਂ ਪੂਜਾ ਪਾਠ ਬਦਲੇ ਕੁਝ ਨਾ ਕੁਝ ਰੁਪਿਆ ਠੱਗ ਲਿਆ ਜਾਂਦਾ ਹੈ। ਇਸ ਕੇਸ ਵਿਚ ਵੀ ਸਾਰਾ ਕੁਝ ਇੰਝ ਹੀ ਵਾਪਰਿਆ ਹੈ।
ਘਰਾਂ ਵਿਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ। ਜੇ ਘਟਨਾਵਾਂ ਘਰ ਤੇ ਖੇਤ ਦੋਹਾਂ ਥਾਵਾਂ `ਤੇ ਵਾਪਰਦੀਆਂ ਹਨ ਤਾਂ ਯਕੀਨਨ ਹੀ ਇਹ ਅਜਿਹੇ ਵਿਅਕਤੀ ਦਾ ਕੰਮ ਹੈ ਜਿਹੜਾ ਘਰ ਤੇ ਖੇਤ ਦੋਵਾਂ ਥਾਵਾਂ `ਤੇ ਜਾਂਦਾ ਆਉਂਦਾ ਹੈ। ਆਮ ਤੌਰ `ਤੇ ਔਰਤਾਂ ਖੇਤ ਘੱਟ ਜਾਂਦੀਆਂ ਹਨ ਇਸ ਲਈ ਇਸ ਕੇਸ ਵਿਚ ਕਿਸੇ ਮਰਦ ਦੇ ਹੋਣ ਦੀ ਸੰਭਾਵਨਾ ਜ਼ਰੂਰ ਵਧ ਜਾਂਦੀ ਹੈ।

Back To Top