66. ਖਰੋੜੀ ਵਾਲੀ ਬੁੜੀ

– ਮੇਘ ਰਾਜ ਮਿੱਤਰ
ਸਰਹਿੰਦ
24.7.87
ਸਤਿ ਸ੍ਰੀ ਅਕਾਲ
ਆਪ ਜੀ ਦੀਆਂ ਪ੍ਰਕਾਸ਼ਤ ਕੀਤੀਆਂ ਤਰਕਸ਼ੀਲ ਵਿਚਾਰਾਂ ਦੀਆਂ ਪੰਜ ਕਿਤਾਬਾਂ ਪੜ੍ਹੀਆਂ ਜਿਸ ਤੋਂ ਜ਼ਿੰਦਗੀ ਨੂੰ ਘੋਖਣ ਦੀ ਨਵੀਂ ਸੇਧ ਮਿਲੀ। ਵਹਿਮਾਂ ਭਰਮਾਂ ਤੋਂ ਛੁਟਕਾਰਾ ਮਿਲਿਆ। ਖੁਦ ਸੋਚ ਦੇ ਕੰਮ ਕਰਨ ਬਾਰੇ ਅਗਾਊਂ ਜ਼ਿੰਦਗੀ ਵਿਚ ਜਿਉਣ ਦਾ ਤਜ਼ਰਬਾ ਮਿਲੇਗਾ। ਕੁਝ ਗੱਲਾਂ ਅੱਜ ਵੀ ਦਿਮਾਗ ਵਿਚ ਹਨ ਜਿਨ੍ਹਾਂ ਬਾਰੇ ਆਪ ਜੀ ਨਾਲ ਤਰਕ ਕਰਨਾ ਚਾਹੁੰਦੇ ਹਾਂ। ਆਸ ਕਰਦੇ ਹਾਂ ਚਿੱਠੀ ਦਾ ਜਵਾਬ ਜਲਦੀ ਦੇਵੋਗੇ। ਸ਼ਾਇਦ ਤਰਕਸ਼ੀਲ ਸੁਸਾਇਟੀ ਦੀ ਬਰਾਂਚ ਸਰਹਿੰਦ ਵਿਚ ਵੀ ਹੈ। ਲੇਕਿਨ ਇਸ ਦੀ ਕਾਰ ਗੁਜ਼ਾਰੀ ਦੀ ਕੋਈ ਰਿਪੋਰਟ ਅਜੇ ਤੱਕ ਸਾਡੀਆਂ ਨਜ਼ਰਾਂ ਵਿਚ ਨਹੀਂ ਲੰਘੀ। ਤਰਕਸ਼ੀਲ ਵਿਚਾਰਾਂ ਦਾ ਹਾਮੀ ਹੋਣ ਕਰਕੇ ਮੈਂ ਖੁਦ ਵੀ ਇਸ ਸੰਸਥਾ ਦਾ ਮੈਂਬਰ ਬਣਨਾ ਚਾਹੁੰਦਾ ਹਾਂ। ਆਸ ਹੈ ਆਪ ਇਸ ਬਾਰੇ ਜਾਣਕਾਰੀ ਭੇਜੋਗੇ। ਕੁਝ ਸ਼ੰਕੇ ਆਪ ਜੀ ਦੇ ਵਿਚਾਰਾਂ ਦੁਆਰਾ ਹੱਲ ਕਰਨੇ ਚਾਹੁੰਦਾ ਹਾਂ। ਆਪ ਜੀ ਨੂੰ ਜੋ ਲਿਖ ਰਿਹਾ ਹਾਂ ਆਸ ਹੈ ਆਪ ਇਸਦਾ ਜਵਾਬ ਦੇਵੋਗੇ।
1. ਕੁਦਰਤ ਨੂੰ ਤੁਸੀਂ ਮੰਨਦੇ ਹੋ ਲੇਕਿਨ ਰੱਬ ਨੂੰ ਨਹੀਂ। ਕੁਦਰਤ ਅਤੇ ਰੱਬ ਵਿਚ ਕੀ ਅੰਤਰ ਹੈ।
2. ਪਿੰਡ ਸਨੋਰ ਜ਼ਿਲ੍ਹਾ ਪਟਿਆਲਾ ਵਿਖੇ ਜਿੱਥੇ ਇਹ ਆਮ ਮਸ਼ਹੂਰ ਹੈ। ਕਿ ਪੀਲੀਏ ਦੇ ਰੋਗ ਲਈ ਪਿੰਡ ਦਾ ਆਦਮੀ ਗਲ ਵਿਚ ਧਾਗੇ ਨਾਲ ਕੁਝ ਤੀਲੇ ਬੰਨ ਕੇ ਪਾ ਦਿੰਦਾ ਹੈ ਅਤੇ ਕੁਝ ਚਿਰ ਬਾਅਦ ਉਹ ਗਲ ਦਾ ਹਾਰ ਦੋ ਤਿੰਨ ਫੁੱਟ ਲੰਬਾ ਹੋ ਜਾਂਦਾ ਹੈ ਅਤੇ ਪੀਲੀਆ ਖ਼ਤਮ ਹੋ ਜਾਂਦਾ ਹੈ। ਇਸ ਬਾਰੇ ਲਿਖਣਾ।
3. ਆਪ ਜੀ ਦੀ ਸੰਸਥਾ ਵਿਚ ਕਿੰਨੇ ਆਦਮੀ ਹਿਪਨੋਟਿਜ਼ਮ ਜਾਣਦੇ ਹਨ। ਇਹ ਸ਼ਕਤੀ ਕਿਸ ਤਰ੍ਹਾਂ ਪ੍ਰਾਪਤ ਹੁੰਦੀ ਹੈ। ਇਸ ਬਾਰੇ ਵੀ ਚਾਨਣ ਪਾਉਣਾ।
4. ਤੁਹਾਡੇ ਕੋਲ ਕੀ ਸਬੁੂਤ ਹੈ ਕਿ ਤੁਸੀਂ ਫਲਾਣੇ ਆਦਮੀ ਦੇ ਪੁੱਤਰ ਹੋ?
5. ਆਪ ਜੀ ਦੀ ਇਕ ਕਿਤਾਬ ਵਿਚ ਬਿਨਾਂ ਸਿਰ ਦੇ ਕੀੜੇ ਬਾਰੇ ਲਿਖਿਆ ਹੈ। ਆਪ ਉਸ ਕੀੜੇ ਦਾ ਨਾਮ ਦੱਸਣ ਦੀ ਕ੍ਰਿਪਾ ਕਰੋਗੇ?
6. ਵਿਗਿਆਨੀਆਂ ਨੇ ਮੌਤ `ਤੇ ਅਜੇ ਤੱਕ ਫਤਿਹ ਕਿਉਂ ਨਹੀਂ ਕੀਤੀ। ਇਸ ਦਾ ਕੀ ਕਾਰਨ ਹੈ? ਇਹ ਕਿਸ ਦੇ ਵੱਸ ਵਿਚ ਹੈ?
ਆਪ ਜੀ ਦਾ ਤਰਕਸ਼ੀਲ ਸਾਥੀ
ਤਵਿੰਦਰ ਸਿੰਘ ਚੱਡਾ
ਬ੍ਰਹਿਮੰਡ ਵਿਚ ਹੋ ਰਹੀਆਂ ਸਾਰੀਆਂ ਘਟਨਾਵਾਂ ਕੁਝ ਵਿਗਿਆਨਕ ਨਿਯਮਾਂ ਕਰਕੇ ਹੀ ਵਾਪਰ ਰਹੀਆਂ ਹਨ। ਇਨ੍ਹਾਂ ਸਾਰੇ ਨਿਯਮਾਂ ਦੇ ਸੁਮੇਲ ਨੂੰ ਅਸੀਂ ਕੁਦਰਤ ਕਹਿੰਦੇ ਹਾਂ। ਕੁਦਰਤ ਦੇ ਇਹ ਨਿਯਮ ਸਦਾ ਸਨ ਤੇ ਸਦਾ ਰਹਿਣਗੇ ਭਾਵੇਂ ਧਰਤੀ `ਤੇ ਮਨੁੱਖ ਜਾਤੀ, ਜੀਵ ਜੰਤੂ, ਪੌਦੇ ਆਦਿ ਹੋਣ ਜਾਂ ਨਾ ਹੋਣ। ਇਹ ਨਿਯਮ ਨਾ ਤਾਂ ਪੈਦਾ ਹੋਏ ਹਨ ਤੇ ਨਾ ਹੀ ਖ਼ਤਮ ਹੋਣਗੇ। ਪਰ ਰੱਬ ਸਿਰਫ਼ ਉਸੇ ਸਥਾਨ `ਤੇ ਹੀ ਹੈ ਜਿੱਥੇ ਮਨੁੱਖ ਜਾਤੀ ਉਸਨੂੰ ਮੰਨਦੀ ਹੈ। ਚੰਦਰਮਾ ਜਿੱਥੇ ਮਨੁੱਖ ਜਾਤੀ ਹੀ ਨਹੀਂ ਉੱਥੇ ਪ੍ਰੇਮਾਤਮਾ ਦੀ ਕੋਈ ਹੋਂਦ ਵੀ ਨਹੀਂ ਪਰ ਵਿਗਿਆਨਕ ਨਿਯਮ ਉੱਥੇ ਵੀ ਉਸੇ ਤਰ੍ਹਾਂ ਹਨ। ਜੇ ਅਸੀਂ ਚੰਦਰਮਾ ਉੱਤੇ ਜਾ ਕੇ ਕੋਈ ਪੱਥਰ ਉੱਪਰ ਨੂੰ ਸੁੱਟਾਂਗੇ ਉਹ ਵੀ ਚੰਦਰਮਾ ਦੀ ਖਿੱਚ ਸ਼ਕਤੀ ਕਾਰਨ ਚੰਦਰਮਾ ਵੱਲ ਨੂੰ ਹੀ ਆਵੇਗਾ। ਰੱਬ ਇਕ ਭੁਲੇਖਾ ਹੈ ਜਿਸਦੀ ਸਿਰਜਣਾ ਕੁਦਰਤ ਵੱਲੋਂ ਨਹੀਂ ਸਗੋਂ ਕੁਝ ਚਲਾਕ ਆਦਮੀਆਂ ਨੇ ਲੋਕਾਂ ਦੀ ਲੁੱਟ ਖਸੁੱਟ ਕਰਨ ਤੇ ਉਨ੍ਹਾਂ ਨੂੂੰ ਲਾਈਲੱਗ ਬਣਾਉਣ ਲਈ ਕੀਤੀ ਹੈ।
ਪੀਲੀਏ ਦੇ ਰੋਗ ਦਾ ਅਜੇ ਤੱਕ ਕੋਈ ਵੀ ਇਲਾਜ ਨਹੀਂ ਲੱਭਿਆ ਜਾ ਸਕਿਆ ਹੈ। ਇਸ ਰੋਗ ਨੇ ਦੋ ਹਫ਼ਤਿਆਂ ਵਿਚ ਆਪਣੇ ਆਪ ਹੀ ਠੀਕ ਹੋ ਜਾਣਾ ਹੁੰਦਾ ਹੈ। ਬਹੁਤ ਸਾਰੇ ਲੋਕ ਹਲਦੀ ਨਾਲ ਰੰਗੇ ਧਾਗੇ ਆਪਣੇ ਗਲ ਵਿਚ ਬੰਨ ਲੈਂਦੇ ਹਨ ਕਹਿੰਦੇ ਹਨ ਜਿਸ ਦਿਨ ਹਲਦੀ ਦਾ ਰੰਗ ਉੱਡ ਜਾਵੇਗਾ ਉਸ ਦਿਨ ਪੀਲੀਏ ਦਾ ਰੋਗ ਹਟ ਜਾਵੇਗਾ। ਹਲਦੀ ਦਾ ਰੰਗ ਹਰ ਰੋਜ਼ ਫਿੱਕਾ ਪੈਂਦਾ ਜਾਂਦਾ ਹੈ ਤੇ ਦੋ ਹਫ਼ਤਿਆਂ ਵਿਚ ਲੱਗਭਗ ਸਾਰਾ ਹੀ ਉੱਡ ਜਾਂਦਾ ਹੈ। ਇਸ ਤਰ੍ਹਾਂ ਇਸ ਬਿਮਾਰੀ ਦੇ ਆਪੇ ਠੀਕ ਹੋਣ ਦੇ ਨਿਸ਼ਚਿਤ ਸਮੇਂ ਨੇ ਹੀ ਕਈ ਹਥੌਲਿਆਂ ਨੂੰ ਜਨਮ ਦਿੱਤਾ ਹੈ। ਧਾਗੇ ਨਾਲ ਬੰਨੇ ਤੀਲੇ ਵੀ ਕੁਝ ਦਿਨਾਂ ਵਿਚ ਨਿਕਲ ਜਾਂਦੇ ਹਨ ਤੇ ਧਾਗਾ ਢਿੱਲਾ ਹੋ ਜਾਂਦਾ ਹੈ। ਇਨ੍ਹਾਂ ਹਥੌਲਿਆਂ ਦਾ ਪੀਲੀਏ ਦੇ ਰੋਗ ਤੇ ਇਲਾਜ ਨਾਲ ਕੋਈ ਸੰਬੰਧ ਨਹੀਂ ਹੈ।
ਅੱਜ ਕੱਲ੍ਹ ਜੀਨਜ਼ ਦੀ ਖੋਜ ਹੋਣ ਨਾਲ ਵਿਗਿਆਨ ਨੇ ਬਹੁਤ ਹੀ ਤਰੱਕੀ ਕਰ ਲਈ ਹੈ। ਭਾਰਤ ਵਿਚ ਵੀ ਅਜਿਹੀਆਂ ਪ੍ਰਯੋਗਸ਼ਾਲਾਵਾਂ ਬਣ ਚੁੱਕੀਆਂ ਹਨ। ਜਿੱਥੇ ਬੱਚਿਆਂ ਦੇ ਮਾਪਿਆਂ ਦਾ ਪਤਾ ਲਗਾਇਆ ਜਾ ਸਕਦਾ ਹੈ। ਯੂ. ਪੀ. ਦੀ ਕਿਸੇ ਅਦਾਲਤ ਵਿਚ ਬੱਚੇ ਦੇ ਦਾਅਵੇਦਾਰ ਦੋ ਮਾਪੇ ਸਨ ਤਾਂ ਪ੍ਰਯੋਗਸ਼ਾਲਾ ਦੀ ਰਿਪੋਰਟ ਦੇ ਆਧਾਰ `ਤੇ ਹੀ ਬੱਚੇ ਨੂੰ ਅਸਲੀ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ। ਕਿਉਂਕਿ ਕਿਸੇ ਵੀ ਬੱਚੇ ਦੇ ਜੀਨਜ਼ ਜਿਨ੍ਹਾਂ ਨੂੰ ਗੁਣ ਸੂਤਰ ਵੀ ਕਹਿੰਦੇ ਹਨ ਮਾਪਿਆਂ ਤੋਂ ਹੀ ਵਿਰਾਸਤ ਵਿਚ ਪ੍ਰਾਪਤ ਹੁੰਦੇ ਹਨ। ਸੋ ਇਹ ਗੱਲ ਹੁਣ ਰਹੱਸ ਨਹੀਂ ਰਹੀ ਹੈ।
ਬਿਨਾਂ ਸਿਰ ਤੋਂ ਜਿਉਂਦੇ ਰਹਿਣ ਵਾਲੇ ਕੀੜੇ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਇਸ ਦੀ ਉਪਜਾਤੀ ਦਾ ਨਾਂ ਸੀਲੈਂਟਰੇਟਾ ਹੈ।
ਵਿਗਿਆਨੀ ਕਦੇ ਵੀ ਮੌਤ ਉੱਤੇ ਕਾਬੂ ਨਹੀਂ ਪਾ ਸਕਣਗੇ। ਕਿਉਂਕਿ ਹਰੇਕ ਵਸਤੂ ਦਾ ਅੰਤ ਤਾਂ ਹੋਣਾ ਹੀ ਹੁੰਦਾ ਹੈ। ਅੱਜ ਤੋਂ ਪੰਜਾਹ ਸਾਲ ਪਹਿਲਾਂ ਸਾਡੇ ਭਾਰਤ ਵਿਚ ਮਨੁੱਖਾਂ ਦੀ ਔਸਤ ਉਮਰ 35 ਸਾਲ ਸੀ ਅੱਜ ਇਹ 65 ਸਾਲ ਹੈ ਆਉਣ ਵਾਲੇ ਸਮੇਂ ਵਿਚ ਇਹ ਹੋਰ ਵੱਧ ਜਾਵੇਗੀ। ਪਰ ਸਦਾ ਲਈ ਮੌਤ `ਤੇ ਕਾਬੂ ਨਹੀਂ ਪਾਇਆ ਜਾ ਸਕਦਾ ਕਿਉਂਕਿ ਇਹ ਵਿਗਿਆਨਕ ਨਿਯਮਾਂ ਦੇ ਅਨੁਕੂਲ ਨਹੀਂ ਹੈ।

Back To Top