– ਮੇਘ ਰਾਜ ਮਿੱਤਰ
ਸ਼ਾਹਕੋਟ
27.5.86
ਕੁਝ ਦਿਨ ਪਹਿਲਾ ਮੈਨੂੰ ਦਬਾਅ ਪਿਆ ਤਾਂ ਅਚਾਨਕ ਅਗਲੇ ਦਿਨ ਮੇਰਾ ਸ਼ਾਇਰ ਦੋਸਤ ਜਗੀਰ ਜ਼ੋਖਮ ਮਿਲ ਪਿਆ ਮੈਂ ਉਸਨੂੰ ਗੱਲ ਦੱਸੀ ਅਤੇ ਉਸ ਤੋਂ ਇਸ ਬਾਰੇ ਜਾਨਣਾ ਚਾਹਿਆ। ਉਂਝ ਮੈਂ ਇਨ੍ਹਾਂ ਗੱਲਾਂ ਵਿਚ ਪਹਿਲਾਂ ਵੀ ਕਦੇ ਵਿਸ਼ਵਾਸ ਨਹੀਂ ਕਰਦਾ ਸਾਂ। ਸਗੋਂ ਇਹੀ ਆਖਦਾ ਰਹਾਂਗਾ ਕਿ ਇਹ ਕੋਈ ਮਾਨਸਿਕਤਾ ਦੀ ਖਰਾਬੀ ਹੈ।
ਦੂਸਰੇ ਦਿਨ ਜਗੀਰ ਨੇ ‘‘ਰੌਸ਼ਨੀ’’ ਲਿਆ ਕੇ ਦਿੱਤੀ। ਪੇਸ਼ੇ ਵਜੋਂ ਡਰਾਈਵਰ ਹੋਣ ਕਰਕੇ ਗੱਡੀ `ਚ ਬੈਠ ਕੇ ਥੋੜ੍ਹੀ ਥੋੜ੍ਹੀ ਪੜ੍ਹਦਾ ਰਿਹਾ। ਪਰ ਮੈਂ ਅੱਜ ਠੀਕ ਨੌ ਵਜੇ ਤੋਂ ਲੈ ਕੇ 12 ਵਜੇ ਤੱਕ ਸਾਰੀ ‘‘ਰੌਸ਼ਨੀ’’ ਪੜ੍ਹ ਚੁੱਕਾਂ ਹਾਂ ਤੇ ਆਪ ਜੀ ਨੂੰ ਚਿੱਠੀ ਲਿਖਣ ਲਈ ‘‘ਰੌਸ਼ਨੀ’’ ਨੇ ਮਜ਼ਬੂਰ ਕਰ ਦਿੱਤਾ ਹੈ।
ਇਹ ਕਿਤਾਬ ਵਹਿਮਾਂ ਭਰਮਾਂ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਨਿਹਾਇਤ ਖੂਬਸੂਰਤ ਯਤਨ ਹੈ। ਮੈਂ ‘ਦੇਵ ਪੁਰਸ਼ ਹਾਰ ਗਏ’ ਤੇ ‘ਦੇਵ ਦੈਂਤ ਤੇ ਰੂਹਾਂ’ ਹਾਲੇ ਨਹੀਂ ਪੜ੍ਹੀਆਂ। ਜੇਬ ਖਰੀਦ ਕੇ ਪੜ੍ਹਨ ਦੀ ਇਜ਼ਾਜਤ ਨਹੀਂ ਦਿੰਦੀ। ਫਿਰ ਵੀ ਕਿਤੋਂ ਨਾ ਕਿਤੋਂ ਲੈ ਕੇ ਪੜ੍ਹਾਂਗਾ।
ਇਹ ਕਿਤਾਬ ‘‘ਰੌਸ਼ਨੀ’’ ਸਸਤੇ ਤੋਂ ਸਸਤੇ ਮੁੱਲ ਤੇ ਹਰ ਅਖ਼ਬਾਰ ਵਿਕਰੇਤਾ, ਹਰ ਬੁੱਕ ਸਟਾਲ ਤੇ ਰੱਖੀ ਜਾਵੇ। ਕੋਈ ਅਜਿਹਾ ਪ੍ਰੋਗਰਾਮ ਤਿਆਰ ਕੀਤਾ ਜਾਵੇ ਕਿ ਇਹ ਕਿਤਾਬ ਪੰਜਾਬ ਦੇ ਹਰ ਕੋਨੇ ਵਿਚ ਪੁੱਜੇ। ਮੁਫਤ ਜਾਂ ਕਿਸੇ ਹੋਰ ਤਰੀਕੇ ਨਾਲ ਹਰ ਲਾਇਬ੍ਰੇਰੀ ਵਿਚ ਭੇਜੀ ਜਾਵੇ। ਹਰ ਸਾਹਿਤਕਾਰ ਜ਼ਿੰਮੇ ਇਹ ਕਰਤੱਵ ਲਗਾਇਆ ਜਾਵੇ ਕਿ ਉਹ ਆਪਣੇ ਯਾਰਾਂ, ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਪੁਸਤਕ ਲਿਆ ਕੇ ਦੇਵੇ। ਤਾਂ ਜੋ ਲੋਕ ਆਪ ਹੀ ਵਿਗਿਆਨਕ ਢੰਗ ਨਾਲ ਅੰਧ ਵਿਸ਼ਵਾਸਾਂ ਦੀ ਚੀਰਫਾੜ ਕਰ ਸਕਣ।
ਇਹ ਗੱਲ ਅਤਿ ਜ਼ਰੂਰੀ ਹੈ ਕਿ ਤੁਹਾਡੇ ਇਲਾਕੇ ਦਾ ਵਧੀਆ ਕਹਾਣੀਕਾਰ ਜੋ ਹਰ ਐਤਵਾਰ ਨੂੰ ਭੂਤਾਂ ਪ੍ਰੇਤਾਂ ਦੀਆਂ ਸੱਚੀਆਂ ਕਹਾਣੀਆਂ ਲਿਖਦਾ ਹੈ ਨੂੰ ਬੰਦ ਕੀਤਾ ਜਾਵੇ। (ਜੱਗ ਬਾਣੀ ਵਿਚ) ਇਹ ਕਿਤਾਬ ਜੋ ਸੱਚਮੁੱਚ ਹੀ ਰੌਸ਼ਨੀ ਹੈ, ਸੂਰਜ ਹੈ ਇਸਨੂੰ ਲਿਖਣ ਲਈ ਤੁਸੀਂ ਜਿਸ ਮੁਬਾਰਕ ਦੇ ਹੱਕਦਾਰ ਹੋ ਮੇਰੇ ਕੋਲ ਉਹ ਸ਼ਬਦ ਨਹੀਂ ਹਨ।
ਹਾਂ ਬੱਸ ਕਿਸੇ ਨਾ ਕਿਸੇ ਤਰੀਕੇ ਇਸ ਕਿਤਾਬ ਨੂੰ ਘੱਟੋ ਘੱਟ ਪੰਜਾਬ ਦੇ ਹਰ ਘਰ ਵਿਚ ਪਹੁੰਚਾਣ ਦਾ ਪ੍ਰਬੰਧ ਕੀਤਾ ਜਾਵੇ। ਤਰੀਕ ਬਦਲ ਕੇ 27 ਤੋਂ 28 ਹੋ ਗਈ ਹੈ। ਸਮਾਂ 12 ਵਜੇ ਤੋਂ ਉੱਪਰ ਹੋ ਗਿਆ ਹੈ। ਮੈਂ ਆਪ ਜੀ ਨੂੰ ਚਿੱਠੀ ਲਿਖ ਰਿਹਾ ਹਾਂ। ਸਾਰਾ ਦਿਨ ਦੀ ਗੱਡੀ ਚਲਾਈ ਹੈ। ਕੋਈ ਸ਼ਬਦ ਵੱਧ ਘੱਟ ਲਿਖਿਆ ਗਿਆ ਹੋਵੇ ਤਾਂ ਆਪਣਾ ਛੋਟਾ ਵੀਰ ਸਮਝ ਕੇ ਮੁਆਫੀ ਦੀ ਭੀਖ ਪਾ ਦੇਣਾ। ਪਤਾ ਕੀ ਲਿਖਾਂ। ਫੱਕਰ ਤਬੀਅਤ, ਸ਼ਾਇਰਨੁਮਾ ਡਰਾਇਵਰਾਂ ਵਰਗੇ ਬੰਦਿਆਂ ਦੇ ਘਰ ਹੀ ਨਹੀਂ ਹੁੰਦੇ। ਸਾਰੀਆਂ ਸਾਹਿਤ ਸਭਾਵਾਂ ਨੂੰ ਵੀ ਇਸ ਕਿਤਾਬ ਨੂੰ ਘਰ ਘਰ ਪਹੁੰਚਾਉਣ ਲਈ ਕਿਹਾ ਜਾਵੇ। ਗੱਲਾਂ ਤਾਂ ਬਹੁਤ ਨੇ। ਪਰ ਆਪਣਾ ਧੰਦਾ ਹੀ ਅਜਿਹਾ ਹੈ ਕਿੱਥੇ ਸ਼ਾਇਰੀ ਤੇ ਕਿੱਥੇ ਡਰਾਇਵਰੀ, ਤੇ ਫਿਰ ਸ਼ਾਇਰੀ ਵੀ ਅਗਾਂਹਵਧੂ। ਤੇ ਫਿਰ ਨਾ ਕੋਈ ਘਰ ਨਾ ਘਾਟ। ਖਾਨਾ ਬਦੋਸ਼। ਸਿਰ ਤੇ ਜ਼ਿੰਮੇਵਾਰੀਆਂ ਦਾ ਭੰਡਾਰ ਮਾਂ-ਪਿਉ, ਭੈਣਾਂ-ਭਰਾਵਾਂ ਦੀ ਜ਼ਿੰਦਗੀ ਦਾ ਫਿਕਰ।
ਤੁਹਾਡਾ ਇਕ ਸਾਥੀ,
ਮੋਹਣ ਮਤਿਆਲਵੀ
ਸਾਡਾ ਦਿਲ ਬਾਹਰੀ ਪ੍ਰਭਾਵਾਂ ਨੂੰ ਕਬੂਲਦਾ ਹੈ। ਖੁਸ਼ੀ ਜਾਂ ਗਮੀ ਦੇ ਮੌਕਿਆਂ ਤੇ ਸਾਡੇ ਦਿਲ ਦੀ ਧੜਕਣ ਵੱਧ ਜਾਂਦੀ ਹੈ। ਅਜਿਹਾ ਸਾਰਾ ਕੁਝ ਮਨ ਦੇ ਸੋਚਣ ਕਰਕੇ ਹੁੰਦਾ ਹੈ। ਸੁਪਨਿਆਂ ਵਿਚ ਵੀ ਜੇ ਸਾਡੇ ਮਨ ਵਿਚ ਕੋਈ ਡਰ ਵਾਲੇ ਜਾਂ ਗਮੀ ਵਾਲੇ ਵਿਚਾਰ ਆ ਜਾਣ ਤਾਂ ਸਾਡੇ ਦਿਲ ਦੀ ਧੜਕਨ ਵੱਧ ਜਾਂਦੀ ਹੈ ਤੇ ਸਾਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਸਾਨੂੰ ਦਬਾ ਪਿਆ ਹੈ। ਇਸੇ ਕਰਕੇ ਸਾਡਾ ਹੱਥ ਸਾਡੇ ਦਿਲ ਦੇ ਉੱਤੇ ਪਹੁੰਚ ਜਾਂਦਾ ਹੈ। ਅੰਧ ਵਿਸ਼ਵਾਸੀ ਵਿਅਕਤੀ ਇਨ੍ਹਾਂ ਗੱਲਾਂ ਦਾ ਸੰਬੰਧ ਭੂਤਾਂ ਪ੍ਰੇਤਾਂ ਨਾਲ ਜੋੜ ਲੈਂਦੇ ਹਨ। ਅਸੀਂ ਆਪਣੇ ਹੀ ਸਾਧਨਾਂ ਰਾਹੀਂ ਰੌਸ਼ਨੀ ਨੂੰ ਪੰਜਾਬ ਦੇ ਕੋਨੇ ਕੋਨੇ ਵਿਚ ਪਹੁੰਚਾ ਚੁੱਕੇ ਹਾਂ। ਉਹ ਦਿਨ ਵੀ ਦੂਰ ਨਹੀਂ ਜਦੋਂ ਇਹ ਘਰ ਘਰ ਪਹੁੰਚ ਜਾਵੇਗੀ।