– ਮੇਘ ਰਾਜ ਮਿੱਤਰ
ਜਲੰਧਰ
23 ਅਕਤੂਬਰ, 1986
ਨਮਸਕਾਰ
ਮੈਂ ਤੁਹਾਡੀਆਂ ਕਿਤਾਬਾਂ ‘‘ਰੌਸ਼ਨੀ’’, ‘‘ਤਰਕਬਾਣੀ’’ ਅਤੇ ਡਾ. ਕਾਵੂਰ ਜੀ ਦੀਆਂ: ਦੋਨੇ ਹੀ ਕਿਤਾਬਾਂ…….. ‘‘ਤੇ ਦੇਵ ਪੁਰਸ਼ ਹਾਰ ਗਏ’’ ਅਤੇ ‘‘ਦੇਵ ਦੈਂਤ ਅਤੇ ਰੂਹਾਂ’’ ਪੜ੍ਹ ਚੁੱਕੀ ਹਾਂ। ਮੈਂ ਆਪਣੇ ਬਚਪਨ ਤੋਂ ਹੀ ਇਨ੍ਹਾਂ ਭੂਤਾਂ ਪ੍ਰੇਤਾਂ ਵਿਚ ਵਿਸ਼ਵਾਸ ਨਹੀਂ ਕਰਦੀ ਅਤੇ ਇੰਝ ਮੰਨ ਲਉ ਕਿ ਕਾਮਰੇਡ ਹੀ ਹਾਂ। ਮੈਂ ਮੁਹੱਲਾ ਪ੍ਰੀਤ ਨਗਰ ਵਿਚ ਰਹਿੰਦੀ ਹਾਂ ਅਤੇ ਮੇਰੀ ਉਮਰ 21 ਸਾਲ ਹੈ ਸਾਡੀ ਗਲੀ ਦੇ ਵਿਚ ਹੀ ਇਕ ਲੜਕਾ ਹੈ ਬਹੁਤ ਨੌਜਵਾਨ ਹੈ ਅਤੇ ਹੋਮ ਗਾਰਡ ਵਿਚ ਸੀ। ਕੁਝ ਦਿਨ ਹੋਏ ਉਨ੍ਹਾਂ ਦੇ ਘਰ ਉਸਦੇ ਰਿਸ਼ਤੇਦਾਰੀ `ਚੋਂ ਮਾਸੀ ਆਈ ਅਤੇ ਉਸ ਉੱਪਰ ਕੁਝ ਜਾਦੂ ਟੂਣਾ ਕਰ ਦਿੱਤਾ।
ਉਸ ਦੇ ਘਰਵਾਲੇ ਇਹ ਵਿਸ਼ਵਾਸ ਕਰਦੇ ਹਨ। ਹੁਣ ਦਸ ਦਿਨਾਂ ਤੋਂ ਜ਼ਿਆਦਾ ਹੋ ਗਏ ਹਨ ਕਿ ਉਹ ਨਾ ਤਾਂ ਕੁਝ ਖਾਂਦਾ ਹੈ ਅਤੇ ਨਾ ਹੀ ਪੀਂਦਾ ਹੈ ਮੇਰੇ ਖ਼ਿਆਲ ਵਿਚ ਉਸ ਨੂੰ ਗਰਮੀ ਹੋ ਚੁੱਕੀ ਹੈ ਜਿਸ ਦੇ ਕਾਰਨ ਉਹ ਪਾਗਲਾਂ ਵਾਂਗ ਹਰਕਤਾਂ ਕਰਦਾ ਹੈ। ਆਪਣੀ ਮਾਤਾ ਜੀ, ਭੈਣਾਂ, ਪਿਤਾ ਜੀ ਸਭ ਨੂੰ ਮਾਰਦਾ ਕੁੱਟਦਾ ਹੈ। ਦਰਵਾਜ਼ਾ ਬੰਦ ਕਰ ਲੈਂਦਾ ਹੈ। ਜਿਸ ਕਮਰੇ ਵਿਚ ਉਹ ਮਾਸੀ ਰਹਿੰਦੀ ਸੀ, ਉਸ ਦੇ ਦਰਵਾਜ਼ੇ ਅੱਗੇ ਹੀ ਬੈਠਾ ਰਹਿੰਦਾ ਹੈ। ਉਸ ਦੇ ਮਾਮੇ ਜਦੋਂ ਉਸ ਦਾ ਪਤਾ ਕਰਨ ਆਏ ਤਾਂ ਉਨ੍ਹਾਂ ਜਗ੍ਹਾ ਪੁੱਟ ਕੇ ਵੇਖੀ।
ਜਿਸ ਵਿਚ ਬਹੁਤ ਸਾਰਾ ਸਮਾਨ ਜਾਦੂ ਟੂਣਾ ਕੀਤਾ ਹੋਇਆ ਮਿਲਿਆ। ਉਹ ਹਾਲੇ ਤੱਕ ਵੀ ਠੀਕ ਨਹੀਂ ਹੋ ਸਕਿਆ। ਮਿੱਤਰ ਸਾਹਿਬ, ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਆ ਕੇ ਉਸ ਦੀ ਜਾਂਚ ਕਰੋ ਅਤੇ ਉਸ ਦੇ ਘਰਦਿਆਂ ਦੇ ਮਨਾਂ ਵਿਚੋਂ ਵਹਿਮ ਕੱਢ ਦਿਉ। ਉਸ ਲੜਕੇ ਨੂੰ ਵੀ ਵਿਸ਼ਵਾਸ ਕਰਵਾਉ ਤਾਂ ਕਿ ਉਹ ਵੀ ਆਪਣੀ ਜ਼ਿੰਦਗੀ ਜੀਅ ਸਕੇ ਅਤੇ ਸਭ ਨੂੰ ਖੁਸ਼ੀ ਮਿਲੇ। ਮੈਨੂੰ ਉਮੀਦ ਹੈ ਕਿ ਤੁਸੀਂ ਚਿੱਠੀ ਮਿਲਦੇ ਹੀ ਆਉਣ ਦੀ ਕਿਰਪਾ ਕਰੋਗੇ। ਤੁਹਾਡੇ ਕੋਲ ਇਕ ਹੋਰ ਬੇਨਤੀ ਹੈ ਕਿ ਮੇਰਾ ਨਾਂ ਆਦਿ ਕੁਝ ਵੀ ਉਸ ਦੇ ਰਿਸ਼ਤੇਦਾਰਾਂ ਨੂੰ ਨਾ ਦੱਸਣਾ ਬਾਕੀ ਜਦੋਂ ਤੁਸੀਂ ਉੱਥੇ ਆਵੋਗੇ ਤਾਂ ਮੈਂ ਤੁਹਾਡੇ ਦਰਸ਼ਨ ਆਪ ਜ਼ਰੂਰ ਕਰਾਂਗੀ ਅਤੇ ਤੁਹਾਡੇ ਕੋਲੋਂ ਜਾਣਕਾਰੀ ਪ੍ਰਾਪਤ ਕਰਾਂਗੀ।
ਤੁਹਾਡੀ ਸ਼ੁਭਚਿੰਤਕ ਤੇ ਪ੍ਰਸ਼ੰਸਕ,
ਨਰਿੰਦਰ
ਜਿਹੜੇ ਵਿਅਕਤੀ ਭੂਤਾਂ, ਪ੍ਰੇਤਾਂ, ਜਾਦੂ ਤੇ ਟੂਣਿਆਂ ਵਿਚ ਵਿਸ਼ਵਾਸ ਰੱਖਦੇ ਹਨ ਉਨ੍ਹਾਂ ਦਾ ਦਿਮਾਗੀ ਸੰਤੁਲਨ ਖਰਾਬ ਕਰਨਾ ਬਹੁਤ ਸੌਖਾ ਹੁੰਦਾ ਹੈ। ਜਦੋਂ ਉਨ੍ਹਾਂ ਨੂੰ ਇਹ ਜਚਾ ਦਿੱਤਾ ਜਾਵੇ ਕਿ ਉਨ੍ਹਾਂ ਨੂੰ ਕਿਸੇ ਨੇ ਤਵੀਤ ਪਿਆ ਦਿੱਤੇ ਹਨ ਜਾਂ ਕੁਝ ਖੁਆ ਦਿੱਤਾ ਹੈ ਜਾਂ ਟੂਣਾ ਕਰਵਾ ਦਿੱਤਾ ਹੈ ਤਾਂ ਉਨ੍ਹਾਂ ਦੀ ਦਿਮਾਗੀ ਹਾਲਤ ਬਹੁਤ ਖਰਾਬ ਹੋ ਜਾਂਦੀ ਹੈ। ਜੇਕਰ ਕੋਈ ਤੰਦਰੁਸਤ ਆਦਮੀ ਕਿਸੇ ਮੰਨੇ ਪਰਮੰਨੇ ਡਾਕਟਰ ਕੋਲ ਜਾਵੇ ਤੇ ਕੁਝ ਜਾਂਚ ਪੜਤਾਲ ਮਗਰੋਂ ਉਸਨੂੰ ਝੂਠ ਹੀ ਇਹ ਕਹਿ ਦੇਵੇ ਕਿ ਤੇਰੇ ਦਿਲ ਵਿਚ ਨੁਕਸ ਹੈ ਤਾਂ ਉਸ ਆਦਮੀ ਦੀ ਹਾਲਤ ਬਹੁਤ ਮਾੜੀ ਹੋ ਜਾਵੇਗੀ ਤੇ ਉਨ੍ਹਾਂ ਚਿਰ ਉਹ ਠੀਕ ਨਹੀਂ ਹੋਵੇਗਾ ਜਿਨ੍ਹਾਂ ਚਿਰ ਉਸਨੂੰ ਕੋਈ ਹੋਰ ਉਸ ਤੋਂ ਵੱਡਾ ਡਾਕਟਰ ਇਹ ਯਕੀਨ ਨਹੀਂ ਦਿਵਾ ਦਿੰਦਾ ਕਿ ਉਹ ਪੂਰੀ ਤਰ੍ਹਾਂ ਠੀਕ ਹੈ। ਇਸ ਤਰ੍ਹਾਂ ਇਸ ਕੇਸ ਨੂੰ ਵੀ ਇਹ ਯਕੀਨ ਦੁਆ ਕੇ ਹੀ ਠੀਕ ਕੀਤਾ ਜਾ ਸਕਦਾ ਹੈ ਕਿ ਤੈਨੂੰ ਕਿਸੇ ਨੇ ਕੁਝ ਨਹੀਂ ਕਰਾਇਆ ਹੈ ਤੇ ਨਾ ਹੀ ਟੂਣਿਆਂ ਨਾਲ ਕਿਸੇ ਨੂੰ ਕੁਝ ਕਰਵਾਇਆ ਜਾ ਸਕਦਾ ਹੈ।
