– ਮੇਘ ਰਾਜ ਮਿੱਤਰ
ਲੁਧਿਆਣਾ
8.11.86
ਮੈਂ ਤੁਹਾਡੀਆਂ ਚਾਰ ਕਿਤਾਬਾਂ ਪੜ੍ਹੀਆਂ। ਬਹੁਤ ਵਧੀਆ ਲੱਗੀਆਂ। ਮੈਂ ਬਿਜਲੀ ਦਾ ਕੰਮ ਕਰਦਾ ਹਾਂ। ਅੱਜ ਤੋਂ ਕੋਈ ਤਿੰਨ ਸਾਲ ਪਹਿਲਾਂ ਮੇਰੇ ਕੋਲ ਕੋਈ ਗ੍ਰਾਹਕ ਆਇਆ ਸੀ ਕਿ ਉਸਦੇ ਕਾਰਖ਼ਾਨੇ ਦੀਆਂ ਟੂਟੀਆਂ ਵਿਚ ਕਰੰਟ ਆ ਜਾਂਦਾ ਹੈ। ਮੈਂ ਉਸਨੂੰ ਜਵਾਬ ਦੇ ਦਿੱਤਾ ਕਿਉਂਕਿ ਮੈਂ ਸੁਣ ਰੱਖਿਆ ਸੀ ਕਿ ਇਸ ਕਾਰਖ਼ਾਨੇ ਵਿਚ ਕਿਸੇ ਫ਼ਕੀਰ ਦੀ ਸਮਾਧ ਸੀ। ਜਿਸ ਕਾਰਨ ਮਸ਼ੀਨਾਂ ਵੀ ਆਪਣੇ ਆਪ ਚੱਲਣ ਲੱਗ ਜਾਂਦੀਆਂ ਹਨ। ਮੈਂ ਇਹ ਕਿਸੇ ਭੂਤ ਦੀ ਸ਼ਰਾਰਤ ਸਮਝ ਕੇ ਚੁੱਪ ਕਰ ਗਿਆ। ਕਿਤਾਬਾਂ ਪੜ੍ਹਨ ਤੋਂ ਬਾਅਦ ਮੇਰੇ ਵਿਚਾਰ ਬਦਲ ਗਏ ਅਤੇ ਹੁਣ ਇਕ ਦਿਨ ਇਕ ਆਦਮੀ ਮੇਰੇ ਕੋਲ ਆਇਆ ਜਿਸ ਦੇ ਕਾਰਖ਼ਾਨੇ ਵਿਚ ਮਸ਼ੀਨ ਰਾਤ ਨੂੰ ਆਪਣੇ ਆਪ ਚੱਲ ਪੈਂਦੀ ਹੈ। ਮੈਨੂੰ ਉਸ ਨੇ ਦੱਸਿਆ ਕਿ (ਲੇਬਰ) ਮਜ਼ਦੂਰ ਡਰਕੇ ਕੰਮ ਛੱਡ ਕੇ ਚਲੇ ਗਏ। ਮੈਂ ਉਸਨੂੰ ਦੱਸਿਆ ਕਿ ਸਟਾਰਟਰ ਬਦਲ ਦਿਉ ਤਾਂ ਉਸ ਨੇ ਕਿਹਾ ਕਿ ਮੇਨ ਸੁਵਿਚ ਬੰਦ ਕਰ ਦਈਏ ਤਾਂ ਵੀ ਮਸ਼ੀਨ ਆਪਣੇ ਆਪ ਚੱਲ ਪੈਂਦੀ ਹੈ। ਮੈਂ ਜਾ ਕੇ ਵੇਖਿਆ। ਸਭ ਤੋਂ ਪਹਿਲਾਂ ਮੈਂ ਮੇਨ ਸੁਵਿਚ ਖੋਲ੍ਹੀ। ਸੁਵਿਚ ਦਾ ਹੈਂਡਲ ਥੱਲੇ ਸੀ ਪਰ ਪੱਤੀਆਂ ਉੱਪਰ ਲੱਗੀਆਂ ਹੋਈਆਂ ਸਨ। ਬਾਹਰੋਂ ਦੇਖਣ ਲਈ ਤਾਂ ਸਵਿਚ ਬੰਦ ਲੱਗਦਾ ਸੀ ਪਰ ਰਹਿੰਦਾ ਖੁੱਲ੍ਹਾ (ਚੱਲਦਾ) ਸੀ। ਮੈਂ ਸਟਾਰਟਰ ਵੇਖਿਆ ਤਾਂ ਉਸਦਾ ਜਿਹੜਾ ਹਰਾ ਬਟਨ ਹੁੰਦਾ ਹੈ। ਉਸਦੇ ਉੱਪਰ ਇਕ ਬੈਕਲਾਇਟ ਦਾ ਕਵਰ ਜਿਹਾ ਹੁੰਦਾ ਹੈ। ਜਿਸਦੇ ਉੱਪਰ ਕਾਰਬਨ ਜੰਮ ਗਿਆ ਸੀ, ਜਿਸਦੇ ਨਾਲ ਮੋਟਰ ਆਪਣੇ ਆਪ ਚੱਲ ਜਾਂਦੀ ਸੀ। ਮੈਂ ਕਾਰਬਨ ਸਾਫ਼ ਕਰਕੇ ਫਿੱਟ ਕਰ ਦਿੱਤਾ। ਅੱਜ ਦੋ ਮਹੀਨੇ ਹੋ ਗਏ ਸਟਾਰਟਰ ਬਿਲਕੁਲ ਠੀਕ ਠਾਕ ਚੱਲਦਾ ਹੈ। ਹੁਣ ਮੈਂ ਲੋਕਾਂ ਦੀਆਂ ਕਹੀਆਂ ਗੱਲਾਂ ਨੂੰ ਝੁੂਠ ਹੀ ਸਮਝਦਾ ਹਾਂ। ਹੁਣ ਅਸਲੀ ਮਤਲਬ ਵੱਲ ਆਉਂਦਾ ਹਾਂ। ਤੁਸੀਂ ਲੁਧਿਆਣੇ ਦੀ ਤਰਕਸ਼ੀਲ ਜਥੇਬੰਦੀ ਦਾ ਮੈਨੂੰ ਪਤਾ ਦਿਉ ਕਿਉਂਕਿ ਵਕਤ ਪੈਣ `ਤੇ ਮੈਂ ਮਿਲ ਸਕਾਂ।
ਤੁਹਾਡਾ ਹਮਸਫ਼ਰ,
ਜਗਮੋਹਣ ਸਿੰਘ ਸੇਂਭੀ
ਹਰ ਘਟਨਾ ਦੇ ਵਾਪਰਨ ਪਿੱਛੇ ਕੋਈ ਨਾ ਕੋਈ ਵਿਗਿਆਨਕ ਕਾਰਨ ਜ਼ਰੂਰ ਹੀ ਹੁੰਦਾ ਹੈ। ਸੰਸਾਰ `ਤੇ ਜਾਂ ਸਮੁੱਚੇ ਬ੍ਰਹਿਮੰਡ ਵਿਚ ਅਜਿਹਾ ਕੋਈ ਵੀ ਵਰਤਾਰਾ ਨਹੀਂ ਹੈ ਜਿਸ ਮਗਰ ਕੋਈ ਵਿਗਿਆਨਕ ਨਿਯਮ ਕੰਮ ਨਾ ਕਰਦਾ ਹੋਵੇ। ਇਹ ਹੋ ਸਕਦਾ ਹੈ ਕਿ ਅੱਜ ਅਸੀਂ ਉਸ ਨਿਯਮ ਦੀ ਵਿਆਖਿਆ ਨਾ ਕਰ ਸਕਦੇ ਹੋਈਏ। ਜੇ ਅਸੀਂ ਇਤਿਹਾਸ ਦੇ ਪੰਨਿਆਂ ਵੱਲ ਝਾਤ ਮਾਰੀਏ ਤਾਂ ਆਸਾਨੀ ਨਾਲ ਇਹ ਗੱਲ ਸਾਡੇ ਸਮਝ ਆ ਸਕਦੀ ਹੈ ਕਿ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਲੱਖਾਂ ਹੀ ਅਜਿਹੇ ਰਹੱਸ ਸਨ ਜਿਨ੍ਹਾਂ ਤੋਂ ਵਿਗਿਆਨਕਾਂ ਨੇ ਅੱਜ ਪਰਦਾ ਲਾਹ ਦਿੱਤਾ ਹੈ। ਅਜੇ ਹੋਰ ਬਹੁਤ ਸਾਰੇ ਰਹੱਸ਼ ਹਨ ਜਿਨ੍ਹਾਂ ਤੋਂ ਪਰਦਾ ਆਉਣ ਵਾਲੀਆਂ ਕੁਝ ਸਦੀਆਂ ਵਿਚ ਲਾਹਿਆ ਜਾਵੇਗਾ। ਸੋ ਜਦੋਂ ਸਾਡੇ ਮਨ ਵਿਚ ਕਿਉਂ ਕਿਵੇਂ ਕੀ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਤਾਂ ਮਨੁੱਖ ਦੀ ਸੋਚ ਵਿਗਿਆਨਕ ਬਣ ਜਾਂਦੀ ਹੈ। ਸੋ ਅੱਜ ਲੋੜ ਹੈ ਕਿ ਅਸੀਂ ਸਮੂਹ ਭਾਰਤ ਵਾਸੀਆਂ ਦੀ ਸੋਚ ਵਿਗਿਆਨਕ ਬਣਾਈਏ। ਅਜਿਹਾ ਹੋਣ `ਤੇ ਹੀ ਅਸੀਂ ਸਾਡੀ ਗਰੀਬੀ ਬੇਰੁਜ਼ਗਾਰੀ ਦਾ ਫਸਤਾ ਵੱਢ ਸਕਾਂਗੇ।
