39. ਸੰਤ ਮਿਹਨਤ ਦਾ ਮੁੱਲ ਨਹੀਂ ਦਿੰਦਾ

– ਮੇਘ ਰਾਜ ਮਿੱਤਰ
ਬੁਰਜ ਲਿੱਟਾ
18.7.86
ਮੈਂ ਤੁਹਾਡੀ ਕਿਤਾਬ ਰੌਸ਼ਨੀ ਪੜ੍ਹੀ। ਉਸਦੇ ਵਿਚਾਰ ਤੇ ਗੱਲਾਂ ਮੰਨਣ ਯੋਗ ਹਨ। ਖਾਸ ਕਰਕੇ ਪਾਖੰਡੀ ਸਾਧ, ਸੰਤ ਤੇ ਹੋਰ ਤਰ੍ਹਾਂ ਦੇ ਲੋਕ ਜੋ ਕਿ ਜਨਤਾ ਨੂੰ ਵਹਿਮਾਂ ਵਿਚ ਪਾ ਕੇ ਲੁੱਟਦੇ ਹਨ। ਮੇਰੇ ਨਾਲ ਵੀ ਇਸੇ ਤਰ੍ਹਾਂ ਹੋਇਆ। ਮੈਂ ਇਕ ਸੰਤ ਕੋਲ ਪੰਜ ਸਾਲ ਦਾ ਜਾਂਦਾ ਸੀ। ਉਸ ਨੇ ਮੇਰਾ ਕਾਫ਼ੀ ਸਮਾਂ ਖਰਾਬ ਕਰ ਦਿੱਤਾ। ਪਰ ਮੈਨੂੰ ਪੰਜਾਂ ਸਾਲਾਂ ਵਿਚ ਕੁਝ ਪ੍ਰਾਪਤ ਨਹੀਂ ਹੋਇਆ। ਜੇ ਤੁਹਾਡੀ ‘ਰੌਸ਼ਨੀ’ ਕਿਤਾਬ ਮੈਨੂੰ ਨਾ ਮਿਲਦੀ ਸ਼ਾਇਦ ਮੈਂ ਛੇਤੀ ਹੀ ਮਰ ਜਾਣਾ ਸੀ। ਜਾਂ ਤੰਗ ਹੋ ਕੇ ਆਤਮ ਹੱਤਿਆ ਕਰ ਲੈਣੀ ਸੀ। ਇਸ ਸੰਤ ਮਗਰ ਬਹੁਤ ਦੁਨੀਆ ਲੱਗੀ ਹੋਈ ਹੈ। ਮੈਂ ਤੁਹਾਡੇ ਕੋਲ ਆਪ ਆਉਣਾ ਸੀ ਪਰ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਤੁਹਾਨੂੰ 35 ਪੈਸੇ ਦਾ ਪੱਤਰ ਪਾ ਰਿਹਾ ਹਾਂ। ਪ੍ਰਧਾਨ ਸਾਹਿਬ ਤੁਸੀਂ ਛੇਤੀ ਆ ਕੇ ਇਸ ਗੱਲ ਦੀ ਪੜਤਾਲ ਕਰੋ, ਤਾਂ ਜੋ ਇਸ ਸੰਤ ਦਾ ਦੁਨੀਆ ਨੂੰ ਪਤਾ ਲੱਗ ਜਾਵੇ ਕਿ ਇਹ ਕੀ ਚੀਜ਼ ਹੈ। ਇਹ ਸੰਤ ਆਪਣੇ ਆਪ ਨੂੰ ਰੱਬ ਸਮਝਦਾ ਹੈ। ਇਸ ਸੰਤ ਦਾ ਪਿੰਡ ਬੁਰਜ ਲਿਟਾ ਹੈ। ਹਲਵਾਰੇ ਤੋਂ ਇਕ ਕਿਲੋਮੀਟਰ ਦੀ ਵਿੱਥ `ਤੇ ਹੈ ਮੈਂ ਸੰਤ ਦੀ ਤਿੰਨ ਮਹੀਨੇ ਕਾਰ `ਤੇ ਡਰਾਇਵਰੀ ਕੀਤੀ ਸੀ। ਪਰ ਮੈਨੂੰ ਕੋਈ ਰੁਪਏ ਨਹੀਂ ਦਿੱਤੇ 100 ਰੁਪਏ ਦਿੱਤੇ ਸੀ। ਤੁਸੀਂ ਚਿੱਠੀ ਪੜ੍ਹਦੇ ਸਾਰ ਆ ਕੇ ਪੜਤਾਲ ਕਰੋ। ਮੈਂ ਸੰਤਾਂ ਦਾ ਪਤਾ ਲਿਖ ਰਿਹਾ ਹਾਂ। ਆਪ ਦੀ ਬਹੁਤ ਮਿਹਰਬਾਨੀ ਹੋਵੇਗੀ।
ਤੁਹਾਡਾ ਸਨੇਹੀ
ਜਸਮੇਲ ਸਿੰਘ
ਸਾਡੀ ਧਰਤੀ `ਤੇ ਅਜਿਹੇ ਸਾਧ ਸੰਤ ਹੀ ਅਸਲੀ ਚੋਰ ਤੇ ਡਾਕੂ ਹਨ ਜਿਹੜੇ ਲੋਕਾਂ ਦੀ ਲਹੂ ਪਸੀਨੇ ਦੀ ਕਮਾਈ ਨੂੰ ਦਿਨ ਦਿਹਾੜੇ ਹੀ ਖਾਈ ਜਾਂਦੇ ਹਨ। ਅੰਧ ਵਿਸ਼ਵਾਸੀ ਲੋਕਾਂ ਨੂੰ ਉਹਨਾਂ ਦੀ ਹੋਈ ਲੁੱਟ ਖਸੁੱਟ ਦਾ ਪਤਾ ਉਦੋਂ ਹੀ ਲੱਗਦਾ ਹੈ ਜਦੋਂ ਉਹ ਉਨ੍ਹਾਂ ਨੂੰ ਬਰਬਾਦੀ ਦੇ ਕਿਨਾਰੇ ਪੁਚਾ ਦਿੰਦੇ ਹਨ।

Back To Top