ਮੇਘ ਰਾਜ ਮਿੱਤਰ
ਆਕਲੈਂਡ ਵਿਚ ਇੱਕ ਮਹੀਨੇ ਦੀ ਠਹਿਰ ਦੌਰਾਨ ਮੈਨੂੰ ਬਹੁਤ ਸਾਰੇ ਤਰਕਸ਼ੀਲਾਂ ਦੇ ਘਰਾਂ ’ਚ ਰਾਤਾਂ ਗੁਜਾਰਨ ਦਾ ਮੌਕਾ ਮਿਲਿਆ। ਅਜਿਹਾ ਸਮਾਂ ਸਮੁੱਚੇ ਇਤਿਹਾਸ ਨੂੰ ਲੋਕਾਂ ਤੋਂ ਸਿੱਖ ਕੇ ਲੋਕਾਂ ਨੂੰ ਸਿਖਾਉਣ ਦਾ ਹੁੰਦਾ ਹੈ। ਜਦੋਂ 1984 ’ਚ ਅਸੀਂ ਇਹ ਲਹਿਰ ਸ਼ੁਰੂ ਕੀਤੀ ਸੀ ਤਾਂ ਦੋ ਤਿੰਨ ਵਰ੍ਹੇ ਦੌਰਾਨ ਹੀ ਸਾਡੇ ਕੋਲ ਦਸ ਹਜ਼ਾਰ ਤੋਂ ਵੱਧ ਲੋਕ ਤੇ ਐਨੀਆਂ ਕੁ ਹੀ ਉਹਨਾਂ ਦੀਆਂ ਚਿੱਠੀਆਂ ਆ ਚੁੱਕੀਆਂ ਸਨ। ਹਰ ਵਿਅਕਤੀ ਨੇ ਕੁਝ ਦੱਸਣਾ ਜਾਂ ਕੁਝ ਪੁੱਛਣਾ ਚਾਹਿਆ ਹੈ। ਤੇ ਅਸੀਂ ਇਸ ਸਾਰੇ ਕੁਝ ਨੂੰ ਕਿਤਾਬਾਂ ਮੈਗਜ਼ੀਨਾਂ ਦੇ ਰੂਪ ਵਿੱਚ ਇਕੱਠਾ ਕੀਤਾ ਹੈ। ਇੱਥੋਂ ਤੱਕ ਹੀ ਨਹੀਂ ਸਗੋਂ ਅਸੀਂ ਅੱਡ ਅੱਡ ਵਿਸ਼ਿਆਂ ਭਾਵੇਂ ਸਾਇੰਸ, ਗਣਿਤ ਜਾਂ ਜਾਦੂ ਜਾਂ ਸਫਰਨਾਮਾ ਹੋਵੇ ਹਰੇਕ ਵਿਸ਼ੇ ਦੀ ਵਰਤੋਂ ਤਕਰਸ਼ੀਲਤਾ ਨੂੰ ਅੱਗੇ ਵਧਾਉਣ ਲਈ ਕੀਤੀ ਹੈ। ਨਿਊਜੀਲੈਂਡ ਦੇ ਸਫਰਨਾਮੇ ਤੋਂ ਵੀ ਸਾਨੂੰ ਇਹ ਹੀ ਆਸ ਹੈ ਕਿ ਇਸ ਨਾਲ ਵੀ ਤਰਕਸ਼ੀਲਤਾ ਦੋ ਕਦਮ ਹੋਰ ਅੱਗੇ ਵਧੇਗੀ।
ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦੇ ਸਾਰੇ ਮੈਂਬਰਾਂ ਨੇ ਇਹ ਫੈਸਲਾ ਕੀਤਾ ਹੋਇਆ ਹੈ ਕਿ ਉਹ ਜਿਸ ਵੀ ਮੈਂਬਰ ਨੂੰ ਭਾਰਤ ਤੋਂ ਸੱਦਦੇ ਹਨ ਉਸਨੂੂੰ ਆਪਣੇ ਘਰ ਰਾਤ ਦੇ ਖਾਣੇ ਤੇ ਜ਼ਰੂਰ ਬਲਾਉਂਦੇ ਹਨ। ਖਾਣੇ ਤੇ ਟਰੱਸਟ ਦੇ ਸਾਰੇ ਮੈਂਬਰਾਂ ਨੂੰ ਵੀ ਸੱਦਿਆ ਜਾਂਦਾ ਹੈ। ਇਸ ਤਰ੍ਹਾਂ ਬਹੁਤ ਸਾਰੇ ਪਰਿਵਾਰ ਇਕੱਤਰ ਹੋ ਜਾਂਦੇ ਹਨ। ਗੱਲਾਂ ਬਾਤਾਂ ਦਾ ਦੌਰ ਵਧੀਆ ਚਲਦਾ ਹੈ। ਇਸ ਸਮੇਂ ਦੌਰਾਨ ਹਾਸੇ ਮਖੌਲ ਵੀ ਹੁੰਦੇ ਹਨ ਤੇ ਹਰ ਕੋਈ ਆਪ ਬੀਤੀਆਂ ਵੀ ਦੱਸਦਾ ਹੈ।