– ਮੇਘ ਰਾਜ ਮਿੱਤਰ
ਬਾਲਾਂਵਾਲੀ
3.6.86
ਨਮਸਕਾਰ।
ਮੈਂ ਆਪ ਜੀ ਦੀ ਪ੍ਰਕਾਸ਼ਿਤ ‘‘ਰੌਸ਼ਨੀ’’ ਪੜ੍ਹੀ। ਪੜ੍ਹ ਕੇ ਮਨ ਬੇਹੱਦ ਖੁਸ਼ ਹੋਇਆ। ਭਾਵੇਂ ਮੇਰੀ ਉਮਰ 16-17 ਸਾਲ ਦੀ ਹੈ ਪਰ ਮੈਂ ਭੂਤ-ਪ੍ਰੇਤਾਂ ਅਤੇ ਵਹਿਮਾਂ ਦੇ ਬਹੁਤ ਹੀ ਵਿਰੁੱਧ ਹਾਂ। ਮੈਂ ਆਪ ਜੀ ਨੂੰ ਇਸ ਪੁਸਤਕ ਦੀ ਖਾਤਰ ਬੇਹੱਦ ਵਧਾਈ ਦਿੰਦਾ ਹਾਂ। ਮੈਂ ਪਿੰਡ ਵਿਚ ਰਹਿਣ ਵਾਲਾ ਹਾਂ। ਸਾਡੇ ਪਿੰਡ ਵਿਚ ਜਾਦੂਗਰ ਅਤੇ ਹੱਥਾਂ ਦੀ ਸਫਾਈ ਵਾਲੇ ਹਮੇਸ਼ਾ ਹੀ ਆਉਂਦੇ ਰਹਿੰਦੇ ਹਨ। ਮੈਂ ਉਨ੍ਹਾਂ ਬਾਰੇ ਥੋੜ੍ਹਾ ਕੁਝ ਤਾਂ ਪਹਿਲਾਂ ਹੀ ਜਾਣਦਾ ਹਾਂ। ਪਰ ਜਦੋਂ ਆਪ ਜੀ ਦੀ ਪ੍ਰਕਾਸ਼ਿਤ ਪੁਸਤਕ ਪੜ੍ਹੀ ਤਾਂ ਮੈਂ ਇਨ੍ਹਾਂ ਪਾਖੰਡੀ ਜਾਦੂਗਰਾਂ ਦੇ ਬਾਰੇ ਸਭ ਕੁਝ ਸਮਝ ਗਿਆ। ਮੇਰੇ ਪੱਤਰ ਨੂੰ ਤੁਸੀਂ ਫਜ਼ੂਲ ਨਾ ਸਮਝਣਾ ਮੈਂ ਆਪ ਜੀ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਫਜ਼ੂਲ ਨਾ ਸਮਝਦੇ ਹੋਏ ਜ਼ਰੂਰ ਦੇਵੋਗੇ।
1. ਕੀ ਮਨੁੱਖ ਖੁਦ ਹੀ ਭਗਵਾਨ ਹੈ? ਜੋ ਆਪਣੀ ਕਿਸਮਤ ਆਪ ਬਣਾ ਸਕਦਾ ਹੈ। ਕਿ ਸੱਚਮੁੱਚ ਹੀ ਭਗਵਾਨ ਕੋਈ ਚੀਜ਼ ਹੈ?
2. ਸਾਡੀ ਧਰਤੀ ਦਾ ਕੋਈ ਤਲ ਹੈ ਅਤੇ ਜਿਥੇ ਵੀ ਕੋਈ ਤਲ ਹੈ। ਕੀ ਉਸਤੋਂ ਥੱਲੇ ਵੀ ਕੁੱਝ ਹੈ?
3. ਕੀ ਵੱਡੇ-ਵੱਡੇ ਸੰਤ ਜਿਸ ਤਰ੍ਹਾਂ ‘ਸੰਤ ਨਿਰੰਕਾਰੀ’ ‘ਰਾਧਾ ਸੁਆਮੀ’ ਸੱਚ ਮੁੱਚ ਰੱਬ ਨੂੰ ਮਿਲੇ ਹੋਏ ਹਨ?
ਇਸ ਤਰ੍ਹਾਂ ਤੁਸੀਂ ਇਨ੍ਹਾਂ ਤਿੰਨਾਂ ਸਵਾਲਾਂ ਦੇ ਉੱਤਰ ਜ਼ਰੂਰ ਦੇ ਦੇਣਾ।
ਤੁਹਾਡਾ ਸ਼ੁਭ ਚਿੰਤਕ,
ਸੰਜੀਵ ਕੁਮਾਰ
ਅਸੀਂ ਵਿਗਿਆਨਕ ਵਿਚਾਰਧਾਰਾ ਵਿਚ ਵਿਸ਼ਵਾਸ ਰੱਖਦੇ ਹਾਂ। ਅਸੀਂ ਹਰੇਕ ਅਜਿਹੀ ਵਸਤੂ ਵਿਚ ਯਕੀਨ ਕਰਦੇ ਹਾਂ ਜਿਹੜੀ ਵਿਗਿਆਨਕ ਤੌਰ `ਤੇ ਪ੍ਰਵਾਨਿਤ ਹੋ ਚੁੱਕੀ ਹੋਵੇ ਜਾਂ ਜਿਸ ਬਾਰੇ ਤਰਕ ਠੋਸ ਹੋਣ। ਰੱਬ ਦੇ ਰੂਪ, ਆਕਾਰ, ਸਥਾਨ, ਉਮਰ ਤੇ ਨਰ ਜਾਂ ਮਾਦਾ ਹੋਣ ਬਾਰੇ ਵੱਖ-ਵੱਖ ਧਰਮਾਂ ਵਿਚ ਵੱਖ-ਵੱਖ ਵਿਚਾਰ ਹਨ। ਕਿਉਂਕਿ ਵਿਗਿਆਨ ਹਮੇਸ਼ਾ ਇਕ ਹੁੰਦਾ ਹੈ ਇਹ ਕਿਸੇ ਵੀ ਧਰਮ, ਜਾਤ, ਸਥਾਨ ਦੇਸ਼ ਜਾਂ ਪੁਲਾੜ ਅਨੁਸਾਰ ਬਦਲਦਾ ਨਹੀਂ। ਸੋ ਅਸੀਂ ਰੱਬ ਨੂੰ ਸਿਰਫ ਮਨੁੱਖ ਦੀ ਕਲਪਨਾ ਹੀ ਸਮਝਦੇ ਹਾਂ।
ਸਾਡੀ ਧਰਤੀ ਗੇਂਦ ਦੀ ਤਰ੍ਹਾਂ ਗੋਲ ਹੈ ਅਤੇ ਇਹ ਲਗਭਗ 6400 ਕਿਲੋਮੀਟਰ ਅਰਧ ਵਿਆਸ ਦਾ ਇੱਕ ਗੋਲਾ ਹੈ। ਸਾਡੀ ਧਰਤੀ `ਤੇ ਸਮੁੰਦਰ ਦੀ ਵੱਧ ਤੋਂ ਵੱਧ ਡੂੰਘਾਈ 18 ਕਿਲੋਮੀਟਰ ਹੀ ਹੈ। ਸੋ ਇਸ ਗੋਲੇ ਦੀ ਸਾਰੀ ਉਪਰਲੀ ਸਤਹ ਇਸ ਦਾ ਤਲ ਹੀ ਹੈ। ਇਸ ਤਲ ਦੇ ਥੱਲੇ ਅਨੇਕਾਂ ਪ੍ਰਕਾਰ ਦੇ ਖਣਿਜ, ਪੱਥਰ ਤੇ ਚਟਾਨਾਂ ਆਦਿ ਹਨ।
ਧਰਤੀ `ਤੇ ਸਮੇਂ ਸਮੇਂ ਸਿਰ ਮਹਾਨ ਵਿਅਕਤੀ ਹੋਏ ਹਨ। ਕਈਆਂ ਨੇ ਵਿਗਿਆਨਕ ਪੱਧਰ `ਤੇ ਕਈਆਂ ਨੇ ਸਮਾਜਿਕ ਪੱਧਰ ਤੇ ਕਈਆਂ ਨੇ ਵਿਚਾਰਕ ਪੱਧਰ `ਤੇ ਧਰਤੀ `ਤੇ ਰਹਿੰਦੇ ਲੋਕਾਂ ਨੂੰ ਚੰਗੀਆਂ ਵਿਚਾਰਧਾਰਾਵਾਂ ਦਿੱਤੀਆਂ ਹਨ। ਇਨ੍ਹਾਂ ਵਿਅਕਤੀਆਂ ਦੀਆਂ ਮਹਾਨ ਦੇਣਾਂ ਨੂੰ ਮਨੁੱਖਤਾ ਕਦੇ ਭੁਲਾ ਨਹੀਂ ਸਕਦੀ। ਉਪਰੋਕਤ ਵਿਅਕਤੀ ਜੇ ਸਮਾਜ ਨੂੰ ਵਿਕਾਸ ਵੱਲ ਲੈ ਕੇ ਜਾਂਦੇ ਰਹੇ ਹਨ ਤਾਂ ਸਮਾਜਿਕ ਵਿਕਾਸ ਦਾ ਪਹੀਆ ਪਿੱਛੇ ਨੂੰ ਮੋੜਨ ਦਾ ਯਤਨ ਕਰਨ ਵਾਲਿਆਂ ਦੀ ਵੀ ਘਾਟ ਨਹੀਂ ਹੈ। ਰਾਧਾ ਸੁਆਮੀਆਂ ਤੇ ਨਿਰੰਕਾਰੀਆਂ ਦੇ ਸੰਤ ਵੀ ਅਜਿਹੇ ਹੀ ਵਿਅਕਤੀ ਸਨ ਜਿਹੜੇ ਲੋਕਾਂ ਨੂੰ ਆਤਮਾ, ਪ੍ਰਮਾਤਮਾ ਤੇ ਕਰਾਮਾਤਾਂ ਦੇ ਚੱਕਰ ਵਿਚ ਪਾ ਕੇ ਸਮਾਜ ਨੂੰ ਪਿਛਾਂਹ ਖਿੱਚਣ ਦਾ ਯਤਨ ਕਰਦੇ ਰਹੇ ਹਨ, ਆਪਣੇ ਆਪ ਨੂੰ ਭਗਵਾਨ ਜਾਂ ਭਗਵਾਨ ਨਾਲ ਮਿਲੇ ਹੋਣ ਦਾ ਦਾਅਵਾ ਕਰਨਾ ਜੇ ਕੋਰਾ ਝੂਠ ਨਹੀਂ ਤਾਂ ਹੋਰ ਕੀ ਸੀ?