ਮੇਘ ਰਾਜ ਮਿੱਤਰ
ਪਹਿਲਾਂ ਪਹਿਲ ਤਾਂ ਆਦੀ ਮਾਨਵ ਗੁਫਾਵਾਂ ਦੀਆਂ ਕੰਧਾਂ ਨੂੰ ਲਿਖਣ ਲਈ ਵਰਤੋਂ ਵਿੱਚ ਲਿਆਉਂਦਾ ਰਿਹਾ ਹੈ। ਬਹੁਤ ਸਾਰੀਆਂ ਗੁਫਾਵਾਂ ਵਿੱਚ ਜਾਨਵਰਾਂ ਅਤੇ ਸ਼ਿਕਾਰ ਕਰ ਰਹੇ ਮਨੁੱਖਾਂ ਦੇ ਮਿਲੇ ਚਿੱਤਰ ਇਸ ਗੱਲ ਦਾ ਸਬੂਤ ਹਨ। ਫਿਰ ਉਸਨੇ ਹਿਸਾਬ ਕਿਤਾਬ ਰੱਖਣ ਲਈ ਕੁਝ ਚਿੱਤਰਾਂ ਤੇ ਸ਼ਕਲਾਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਇਹਨਾਂ ਦੀ ਵਰਤੋਂ ਵਧ ਗਈ। ਅੱਡ ਅੱਡ ਸਭਿਆਤਾਵਾਂ ਨੇ ਆਪਣੇ ਆਪਣੇ ਅੱਖਰਾਂ ਦਾ ਰੂਪ ਬਣਾਇਆ। ਇਸ ਤਰ੍ਹਾਂ ਅਲੱਗ ਅਲੱਗ ਲਿਪੀਆਂ ਹੋਂਦ ਵਿੱਚ ਆ ਗਈਆਂ।
ਪਹਿਲਾਂ ਪਹਿਲਾਂ ਮਨੁੱਖ ਨੇ ਲਿਖਣ ਸਮੱਗਰੀ ਦੇ ਰੂਪ ਵਿੱਚ ਪੱਥਰ, ਗਿਲੀ ਮਿੱਟੀ ਅਤੇ ਨੋਕਦਾਰ ਚੀਜ਼ਾਂ ਨੂੰ ਵਰਤਣਾ ਸ਼ੁਰੂ ਕੀਤਾ। ਗਿਲੀ ਮਿੱਟੀ ਉੱਪਰ ਕਿਸੇ ਨੋਕਦਾਰ ਪੱਥਰ ਜਾਂ ਹੱਡੀ ਜਾਂ ਲੱਕੜੀ ਰਾਹੀਂ ਕੁਝ ਅੱਖਰ ਝਰੀਟ ਦਿੱਤੇ ਜਾਂਦੇ ਫਿਰ ਉਸਨੂੰ ਸੁਕਾ ਲਿਆ ਜਾਂਦਾ। ਹੌਲੀ ਹੌਲੀ ਤਾੜ ਦੇ ਪੱਤਿਆਂ ਤੋਂ ਇਹ ਕੰਮ ਲਿਆ ਜਾਣ ਲੱਗ ਪਿਆ। ਇਸ ਤਰ੍ਹਾਂ ਸਾਡੇ ਭਾਰਤ ਵਿੱਚ ਬਹੁਤ ਸਾਰੀਆਂ ਪੁਸਤਕਾਂ ਭੋਜ ਪੱਤਰਾਂ ਅਤੇ ਤਾੜ ਦੇ ਪੱਤਿਆਂ ਉੱਪਰ ਲਿਖੀਆਂ ਮਿਲਦੀਆਂ ਹਨ। ਮਿਸਰ ਵਿੱਚ ਨੀਲ ਨਦੀ ਵਿੱਚ ਇੱਕ ਘਾਹ ਹੁੰਦੀ ਹੈ ਜਿਸਨੂੰ ਪੇਪੀਰਸ ਕਹਿੰਦੇ ਹਨ ਇਸਦੀਆਂ ਪਰਤਾਂ ਉੱਪਰ ਰੰਗੀਨ ਰੰਗਾਂ ਨਾਲ ਲਿਖਿਆ ਜਾਂਦਾ ਰਿਹਾ ਹੈ।