ਸੱਚ ਤੇ ਅਧਾਰਤ ਘਟਨਾ
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਵਿਦੇਸ਼ਾਂ ਨੂੰ ਜਾਣਾ ਬਹੁਤ ਵੱਡੀ ਲਾਗਤ ਦਾ ਕੰਮ ਹੈ l ਬਹੁਤ ਸਾਰੇ ਲੋਕ ਇਸ ਵਾਸਤੇ ਕਰਜ਼ਾ ਲੈਂਦੇ ਹਨ ਜਾਂ ਜ਼ਮੀਨਾਂ ਗਹਿਣੇ ਰੱਖਦੇ ਹਨ l ਕਈਆਂ ਨੂੰ ਜ਼ਮੀਨਾਂ ਵੇਚਣੀਆਂ ਵੀ ਪੈਂਦੀਆਂ ਹਨ l ਵਿਦੇਸ਼ ਭੇਜਣ ਵੇਲੇ ਪਰਿਵਾਰ ਦੇ ਸਾਰੇ ਮੈਂਬਰ ਪੂਰੀ ਕੋਸ਼ਿਸ਼ ਕਰਦੇ ਹਨ ਕਿ ਭੇਜਣ ਵੇਲੇ ਸਾਡੇ ਵਲੋਂ ਕੋਈ ਵੀ ਕਮੀ ਨਾਂ ਰਹੇ ਕਿਉਂਕਿ ਪਰਿਵਾਰ ਵਿਚੋਂ ਇੱਕ ਵਿਅਕਤੀ ਦੇ ਵਿਦੇਸ਼ ਜਾਣ ਨਾਲ ਬਾਕੀ ਜੀਆਂ ਦੀਆਂ ਉਮੀਦਾਂ ਵੀ ਜੁੜੀਆਂ ਹੋਈਆਂ ਹੁੰਦੀਆਂ ਹਨ l
ਮੇਰਾ ਇੱਕ ਦੋਸਤ ਗਾਮਾ (ਬਦਲਿਆ ਹੋਇਆ ਨਾਮ) ਮੇਰੇ ਨਾਲ ਨਿਊਜ਼ੀਲੈਂਡ ਵਿੱਚ ਕੀਵੀ ਫਰੂਟ ਦਾ ਕੰਮ ਕਰਦਾ ਸੀ l ਇੱਕ ਦਿਨ ਮੈਂ ਉਸ ਨੂੰ ਪੁੱਛਿਆ ਕਿ ਤੂੰ ਪਹਿਲਾਂ ਅਮਰੀਕਾ ਗਿਆ ਸੀ l ਤੈਨੂੰ ਉਥੋਂ ਦੇਸ਼ ਨਿਕਾਲਾ (Deport) ਕਿਉਂ ਦਿੱਤਾ ਗਿਆ ਸੀ ?
ਉਸ ਨੇ ਮੈਨੂੰ ਦੱਸਿਆ ਕਿ ਜਦੋਂ ਭਾਰਤ ਤੋਂ ਅਮਰੀਕਾ ਵਾਸਤੇ ਤੁਰੇ ਸੀ ਤਾਂ ਅਸੀਂ ਤਿੰਨ ਜਣੇ ਸੀ l ਉਨ੍ਹਾਂ ਸਮਿਆਂ ਵਿੱਚ ਮੇਰੇ ਪਰਿਵਾਰ ਦੇ ਜੀਅ ਕਿਸੇ ਸੰਤ ਕੋਲ ਜਾਂਦੇ ਹੁੰਦੇ ਸੀ l ਉਨ੍ਹਾਂ ਸੰਤ ਨੂੰ ਪੁੱਛਿਆ ਕਿ ਅਸੀਂ ਮੁੰਡੇ ਨੂੰ ਅਮਰੀਕਾ ਭੇਜਣ ਲੱਗੇ ਹਾਂ l ਤੁਸੀਂ ਕੋਈ ਉਪਾਅ ਕਰੋ ਕਿ ਮੁੰਡੇ ਦਾ ਸਫ਼ਰ ਵਧੀਆ ਰਹੇ ਅਤੇ ਪੱਕਾ ਵੀ ਹੋ ਜਾਵੇ l
ਸੰਤ ਨੇ ਉਨ੍ਹਾਂ ਨੂੰ ਧੂਫ ਦਿੱਤੀ ਅਤੇ ਕਿਹਾ ਕਿ ਮੁੰਡੇ ਨੂੰ ਕਿਹੋ ਕਿ ਅਮਰੀਕਾ ਦੇ ਹਵਾਈ ਅੱਡੇ ਤੇ ਜਾ ਕੇ ਕਿਤੇ ਵੀ ਲੁਕੋ ਕੇ ਧੂਫ ਲਗਾ ਦੇਵੇ l ਇਸ ਨਾਲ ਉਸ ਦਾ ਸਫ਼ਰ ਵੀ ਵਧੀਆ ਰਹੇਗਾ ਅਤੇ ਪੱਕਾ ਵੀ ਹੋ ਜਾਵੇਗਾ l ਉਹ ਜਦੋਂ ਤਿੰਨੇਂ ਜਣੇ ਅਮਰੀਕਾ ਦੇ ਹਵਾਈ ਅੱਡੇ ਤੇ ਪਹੁੰਚੇ ਤਾਂ ਦੋ ਜਣੇ ਤਾਂ ਇਮੀਗ੍ਰੇਸ਼ਨ ਕਰਾ ਕੇ ਹਵਾਈ ਅੱਡੇ ਤੋਂ ਬਾਹਰ ਚਲੇ ਗਏ ਅਤੇ ਗਾਮਾ ਹਵਾਈ ਅੱਡੇ ਤੇ ਬੂਟਿਆਂ ਵਿੱਚ ਲੁਕੋ ਕੇ ਧੂਫ ਲਗਾਉਣ ਲੱਗ ਪਿਆ l ਜਿਸ ਜਗਾ ਉੱਪਰ ਉਸ ਨੇ ਧੂਫ ਲਗਾਈ ਉਸ ਉੱਪਰ ਧੂਏਂ ਵਾਲਾ ਅਲਾਰਮ (Smoke Alarm) ਲੱਗਾ ਹੋਇਆ ਸੀ ਅਤੇ ਕੈਮਰੇ ਵੀ ਲੱਗੇ ਹੋਏ ਸੀ ਜਿਨ੍ਹਾਂ ਬਾਰੇ ਗਾਮੇ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ l ਧੂਫ ਦੇ ਧੂਏਂ ਨਾਲ ਅਲਾਰਮ ਵੱਜ ਗਿਆ ਅਤੇ ਉਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਗਾਮੇ ਨੂੰ ਫੜ ਕੇ ਇਮੀਗ੍ਰੇਸ਼ਨ ਦੇ ਹਵਾਲੇ ਕਰ ਦਿੱਤਾ l
ਗਾਮੇ ਨੂੰ ਇਮੀਗ੍ਰੇਸ਼ਨ ਨੇ ਹਵਾਈ ਅੱਡੇ ਤੋਂ ਹੀ ਦੇਸ਼ ਨਿਕਾਲਾ (Deport) ਦੇ ਦਿੱਤਾ l
ਗਾਮੇ ਦੇ ਦੋਨੋਂ ਸਾਥੀ ਜਿਨ੍ਹਾਂ ਕੋਈ ਸੁੱਖਣਾ ਨਹੀਂ ਸੁੱਖੀ ਸੀ ਅਤੇ ਨਾਂ ਹੀ ਕੋਈ ਉਪਾਅ ਕਰਵਾਇਆ ਸੀ ਉਹ ਠੀਕ ਠਾਕ ਹਵਾਈ ਅੱਡੇ ਤੋਂ ਬਾਹਰ ਜਾ ਚੁੱਕੇ ਸੀ ਪਰ ਗਾਮੇ ਨੂੰ ਸੰਤਾਂ ਦੇ ਦੱਸੇ ਉਪਾਅ ਦੀ ਵਜ੍ਹਾ ਕਰਕੇ ਭਾਰਤ ਵਾਸਤੇ ਦੇਸ਼ ਨਿਕਾਲਾ (Deport) ਦੇ ਦਿੱਤਾ ਗਿਆ ਸੀ l
ਗਾਮੇ ਨੇ ਮੈਨੂੰ ਦੱਸਿਆ ਕਿ ਉਸ ਦਿਨ ਤੋਂ ਉਸ ਨੇ ਸਾਧਾਂ, ਸੰਤਾਂ, ਚੇਲਿਆਂ ਅਤੇ ਰੱਬ ਤੇ ਯਕੀਨ ਕਰਨਾ ਛੱਡ ਦਿੱਤਾ ਸੀ l ਉਸ ਨੇ ਇਹ ਵੀ ਦੱਸਿਆ ਕਿ ਜਦੋਂ ਤੋਂ ਉਸ ਨੇ ਸਾਧਾਂ, ਸੰਤਾਂ ਅਤੇ ਰੱਬ ਤੇ ਯਕੀਨ ਕਰਨਾ ਛੱਡਿਆ ਉਦੋਂ ਤੋਂ ਉਸ ਦੀਆਂ ਮੁਸੀਬਤਾਂ ਘਟ ਗਈਆਂ ਸਨ l
ਨਿਊਜ਼ੀਲੈਂਡ ਆਉਣ ਵੇਲੇ ਉਸ ਨੇ ਕੋਈ ਉਪਾਅ ਨਹੀਂ ਕਰਵਾਇਆ ਸੀ ਅਤੇ ਨਾਂ ਹੀ ਕੋਈ ਸੁੱਖਣਾ ਸੁੱਖੀ ਸੀ ਪਰ ਫਿਰ ਵੀ ਉਸ ਦਾ ਨਿਊਜ਼ੀਲੈਂਡ ਦਾ ਸਫ਼ਰ ਵਧੀਆ ਰਹਿ ਗਿਆ ਸੀ l
ਨੋਟ :- ਕਈ ਵਾਰ ਆਪਣੇ ਅੰਧ ਵਿਸ਼ਵਾਸ ਕਰਕੇ ਅਸੀਂ ਆਪਣਾ ਬਹੁਤ ਵੱਡਾ ਨੁਕਸਾਨ ਕਰਾ ਲੈਂਦੇ ਹਾਂ l ਇਸ ਤੋਂ ਬਚਣ ਵਾਸਤੇ ਵਿਗਿਆਨਕ ਵਿਚਾਰਧਾਰਾ ਅਪਨਾਉਣੀ ਚਾਹੀਦੀ ਹੈ l