ਵਿਛੜੇ ਪਿਤਾ ਦੇ ਨਾਂ ਇੱਕ ਖ਼ਤ

ਸਤਿਕਾਰ ਯੋਗ ਪਿਤਾ ਜੀ,
ਜਿਸ ਦਿਨ 18 ਸਤੰਬਰ 2006 ਨੂੰ ਸਵੇਰੇ 8.30 ਵਜੇ ਤੁਸੀਂ ਆਪਣੀ ਉਮਰ ਦੇ 91ਵੇਂ ਵਰ੍ਹੇ ਵਿੱਚ ਵਿਛੋੜਾ ਦੇ ਗਏ ਸੀ, ਉਸ ਤੋਂ ਬਾਅਦ ਬਹੁਤ ਕੁਝ ਵਾਪਰਿਆ ਹੈ, ਜੋ ਮੈਂ ਤੁਹਾਡੇ ਰਾਹੀਂ ਤੁਹਾਡੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਹੱਥੀਂ ਆਪਣਾ ਮ੍ਰਿਤਕ ਸਰੀਰ ਹਸਪਤਾਲ ਨੂੰ ਦੇਣ ਦੀ ਵਸੀਅਤ ਲਿਖ ਕੇ ਸਾਡੇ ਸਾਰੇ ਭੈਣਾਂ ਭਰਾਵਾਂ ਨੂੰ ਇਸ ਵਿਸ਼ੇ ‘ਤੇ ਲੜਨੋਂ ਬਚਾਇਆ ਹੈ। ਨਹੀਂ ਤਾਂ ਸਾਡੇ ਵਿਚੋਂ ਕੁਝ ਨੇ ਕਹਿਣਾ ਸੀ ਕਿ ਅਸੀਂ ਸਸਕਾਰ ਦੀ ਰਸਮ ਤੇ ਭੋਗ ਦੀ ਰਸਮ ਕਰਨੀ ਹੈ। ਪਰ ਤੁਸੀਂ ਤਾਂ ਪਹਿਲਾਂ ਹੀ ਆਪਣੀ ਵਸੀਅਤ ਵਿਚ ਇਨ੍ਹਾਂ ਸਾਰੀਆਂ ਗੱਲਾਂ ਤੇ ਪਾਬੰਦੀ ਲਾ ਦਿੱਤੀ ਸੀ।
ਤੁਹਾਡੀ ਮੌਤ ਤੋਂ ਬਾਅਦ ਅਸੀਂ ਤੁਹਾਡੇ ਸਰੀਰ ਨੂੰ ਹਸਪਤਾਲ ਤੋਂ ਆਪਣੇ ਘਰ ਲੈ ਆਏ। ਤੁਹਾਨੂੰ ਨਹਾਉਣ ਤੋਂ ਬਾਅਦ ਨਵੇਂ ਕੱਪੜੇ ਪੁਆ ਕੇ ਰੱਖ ਦਿੱਤਾ। ਸਮੂਹ ਅੰਤਿਮ ਦਰਸ਼ਨ ਕਰਨ ਵਾਲਿਆਂ ਨੂੰ ਬੇਨਤੀ ਕੀਤੀ ਗਈ ਕਿ ਤੁਹਾਡੀ ਮ੍ਰਿਤਕ ਦੇਹ ਤੇ ਫੁੱਲ ਹੀ ਚੜ੍ਹਾਏ ਜਾਣ ਪਰ ਫਿਰ ਵੀ ਕੁਝ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੇ ਫੁੱਲਾਂ ਦੇ ਨਾਲ ਨਾਲ ਕੁਝ ਪੈਸੇ ਵੀ ਚੜ੍ਹਾ ਦਿੱਤੇ। ਤੁਹਾਡੀ ਮਾਰਕਸੀ ਪਾਰਟੀ ਦਾ ਬਲਾਕ ਸਕੱਤਰ ਕਾਫੀ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਹਾਜ਼ਰ ਹੋਇਆ ਤੇ ਕਹਿਣ ਲੱਗਿਆ ਕਿ ”ਕਾਮਰੇਡ ਬਿਰਜ ਲਾਲ ਸਾਡੀ ਪਾਰਟੀ ਦਾ ਮੈਂਬਰ ਰਿਹਾ ਹੈ”, ਇਸ ਲਈ ਉਨ੍ਹਾਂ ਨੇ ਤੁਹਾਡੀ ਦੇਹ ਤੇ ਲਾਲ ਝੰਡਾ ਪਾ ਦਿੱਤਾ। ਦਿਆਨੰਦ ਮੈਡੀਕਲ ਹਸਪਤਾਲ ਦੇ ਡਾਕਟਰਾਂ ਨੂੰ ਅਸੀਂ ਤੁਹਾਡੀ ਅੰਤਿਮ ਇੱਛਾ ਦੱਸੀ ਤਾਂ ਉਹ ਕਹਿਣ ਲੱਗੇ ਕਿ ਮ੍ਰਿਤਕ ਦੇਹ ਸਾਨੂੰ ਲੁਧਿਆਣੇ ਆ ਕੇ ਦੇ ਜਾਓ। ਅਸੀਂ ਇੱਕ ਐਂਬੂਲੈਂਸ ਮੰਗਵਾਈ ਤੇ ਵੀਹ ਕੁ ਵਿਅਕਤੀ ਕਾਰਾਂ ਵਿਚ ਸਵਾਰ ਹੋ ਕੇ ਦਿਆਨੰਦ ਮੈਡੀਕਲ ਕਾਲਜ ਵਿਚ ਪੁੱਜ ਗਏ। ਪਰ ਉਥੇ ਪਹੁੰਚ ਕੇ ਸਾਨੂੰ ਇਸ ਗੱਲ ਦਾ ਬਹੁਤ ਹੀ ਅਫ਼ਸੋਸ ਹੋਇਆ ਕਿ ਹਸਪਤਾਲ ਦੇ ਡਾਕਟਰਾਂ ਵੱਲੋਂ ਇਸ ਸਬੰਧੀ ਕਿਸੇ ਕਿਸਮ ਦੀ ਕੋਈ ਵੀ ਦਿਲਚਸਪੀ ਨਹੀਂ ਵਿਖਾਈ ਗਈ। ਮਜ਼ਬੂਰਨ ਅਸੀਂ ਹਸਪਤਾਲ ਦੀ ਮੌਰਚਰੀ ਵਿਚਲੇ ਫ੍ਰੀਜਰ ਵਿਚ ਤੁਹਾਡਾ ਸਰੀਰ ਇਸ ਆਸ ਨਾਲ ਰੱਖ ਦਿੱਤਾ ਕਿ ਆਪੇ ਵਿਦਿਆਰਥੀ ਇਸਨੂੰ ਖੋਜ ਪੜਤਾਲ ਲਈ ਵਰਤ ਲੈਣਗੇ।
ਰਾਤੀਂ ਜਦੋਂ ਸਾਡਾ ਸਮੂਹ ਪਰਿਵਾਰ ਇਕੱਠਾ ਹੋਇਆ ਤਾਂ ਮੈਂ ਪਰਿਵਾਰ ਮੈਂਬਰਾਂ ਨੂੰ ਪੁੱਛਿਆ ਕਿ ”ਪਿਤਾ ਜੀ ਦੀ ਮ੍ਰਿਤਕ ਦੇਹ ਹਸਪਤਾਲ ਨੂੰ ਦੇਣ ਤੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ?” ਤਾਂ ਉਨ੍ਹਾਂ ਵਿਚੋਂ ਕੁਝ ਨੇ ਕਿਹਾ, ”ਜੋ ਕੀਤਾ ਗਿਆ ਚੰਗਾ ਹੀ ਕੀਤਾ ਗਿਆ” ਪਰ ਕੁਝ ਕਹਿਣ ਲੱਗ, ”ਜੇ ਪਿਤਾ ਜੀ ਦੀ ਦੇਹ ਜਲਾ ਦਿੱਤੀ ਜਾਂਦੀ ਤਾਂ ਚੰਗਾ ਸੀ ਕਿਉਂਕਿ ਹੁਣ ਉਨ੍ਹਾਂ ਦੇ ਸਰੀਰ ਦਾ ਲੁਧਿਆਣੇ ਹਸਪਤਾਲ ਵਿਚ ਪਏ ਹੋਣ ਦਾ ਅਹਿਸਾਸ ਸਾਡੇ ਮਨਾਂ ਵਿਚ ਬਣਿਆ ਰਹੇਗਾ।” ਪਰ ਤੁਹਾਡੀ ਛੋਟੀ ਭੈਣ ਰੋਂਦੀ-ਰੋਂਦੀ ਕਹਿਣ ਲੱਗੀ ”ਹਾਏ, ਵੇ ਵੀਰਿਆ ਤੇਰੇ ਅੰਗਾਂ ਨੂੰ ਹਸਪਤਾਲ ਵਾਲਿਆਂ ਨੇ ਵੱਢ ਟੁੱਕ ਦੇਣਾ ਹੈ।” ਮੈਂ ਕਿਹਾ ”ਭੂਆ ਜੀ ਜੇ ਅਸੀਂ ਆਪਣੇ ਪਿਤਾ ਜੀ ਦੀ ਦੇਹ ਹਸਪਤਾਲ ਨੂੰ ਨਾ ਦਿੰਦੇ ਤਾਂ ਅਸੀਂ ਇਸ ਨੂੰ ਖੁਦ ਜਲਾ ਦੇਣਾ ਸੀ।”
ਤੁਹਾਡੀ ਵਸੀਅਤ ਅਨੁਸਾਰ, ਅਸੀਂ ਐਤਵਾਰ ਨੂੰ ਤੁਹਾਡੇ ਸ਼ਰਧਾਂਜਲੀ ਸਮਾਰੋਹ ਦਾ ਪ੍ਰਬੰਧ ਕਰ ਲਿਆ। ਤੁਹਾਡੀ ਪਾਰਟੀ ਦੇ ਕਈ ਵਰਕਰਾਂ ਅਤੇ ਹੋਰ ਕਈ ਜਥੇਬੰਦੀਆਂ, ਪਾਰਟੀਆਂ ਨੇ ਤੁਹਾਡੇ ਦੁਆਰਾ ਸਮਾਜ ਦੀ ਬੇਹਤਰੀ ਲਈ ਕੀਤੇ ਯਤਨਾਂ ਦੀ ਪ੍ਰਸੰਸਾ ਕੀਤੀ। ਦਿਆਨੰਦ ਮੈਡੀਕਲ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਡਾ. ਅਜੇ ਵੀ ਬੁਲਾਰਿਆਂ ਵਿਚੋਂ ਇਕ ਸੀ। ਸ਼ਰਧਾਂਜਲੀ ਸਮਾਰੋਹ ਦੀ ਸਮਾਪਤੀ ਤੇ ਸਮੁੱਚੇ ਪ੍ਰੀਵਾਰ ਵੱਲੋਂ ਤੁਹਾਡੀ ਸ਼ਖਸੀਅਤ ਬਾਰੇ ਆਪਣੇ ਵਿਚਾਰ ਲਿਖ ਕੇ ਛਪਵਾਈ ਪੁਸਤਕ ”ਇਕ ਵਗਦਾ ਦਰਿਆ” ਸਭ ਹਾਜ਼ਰ ਲੋਕਾਂ ਨੂੰ ਭੇਂਟ ਕੀਤੀ ਗਈ।
ਸ਼ਰਧਾਂਜਲੀ ਸਮਾਰੋਹ ਦੀ ਸਮਾਪਤੀ ਤੇ ਅਸੀਂ ਦਿਆਨੰਦ ਮੈਡੀਕਲ ਕਾਲਜ ਦੇ ਪ੍ਰੋ. ਅਜੇ ਨੂੰ ਬੇਨਤੀ ਕੀਤੀ ਕਿ ”ਮ੍ਰਿਤਕ ਦੇਹਾਂ” ਪ੍ਰਾਪਤ ਕਰਨ ਦੇ ਢੰਗ ਵਿਚ ਸੁਧਾਰ ਹੋਣਾ ਚਾਹੀਦਾ ਹੈ। ਉਸਨੇ ਪ੍ਰਬੰਧਕਾਂ ਕੋਲ ਸਾਡੇ ਇਹ ਵਿਚਾਰ ਪਹੁੰਚਾਉਣ ਦਾ ਵਾਅਦਾ ਕੀਤਾ। ਤੁਹਾਡੀ ਮੌਤ ਤੋਂ ਮਹੀਨੇ ਕੁ ਬਾਅਦ ਹੀ ਬਰਨਾਲੇ ਦੇ ਨਜ਼ਦੀਕੀ ਪਿੰਡ ਹਮੀਦੀ ਦੇ ਪੰਡਤ ਕੇਦਾਰ ਨਾਥ ਵੀ ਸਦਾ ਲਈ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਕਿਰਨਜੀਤ ਐਕਸ਼ਨ ਕਮੇਟੀ ਮਹਿਲ ਕਲਾਂ ਦੇ ਕਨਵੀਨਰ ਸਾਥੀ ‘ਨਰਾਇਣ ਦੱਤ’ ਦੇ ਪਿਤਾ ਜੀ ਸਨ। ਸੋ ਨਰਾਇਣ ਦੱਤ ਤੇ ਉਸਦੇ ਭੈਣਾ-ਭਰਾਵਾਂ ਨੇ ਵੀ ਉਨ੍ਹਾਂ ਦਾ ਸਰੀਰ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ ਨੂੰ ਦੇਣ ਦਾ ਫੈਸਲਾ ਕਰ ਲਿਆ ਗਿਆ। ਅਸੀਂ 20-25 ਕੁ ਵਿਅਕਤੀ ਜਦੋਂ ਉਨ੍ਹਾਂ ਦੀ ਮ੍ਰਿਤਕ ਦੇਹ ਲੈ ਕੇ ਹਸਪਤਾਲ ਪੁੱਜੇ ਤਾਂ ਉੱਥੇ ਹਾਜ਼ਰ ਡਾਕਟਰਾਂ ਨੇ ਸਾਡਾ ਸੁਆਗਤ ਕੀਤਾ ਅਤੇ ਇਕ ਹਾਲ ਵਿਚ ਮੀਟਿੰਗ ਵੀ ਕੀਤੀ ਗਈ। ਜਿਸ ਵਿਚ ਸਾਥੋਂ ਸਾਰਿਆਂ ਤੋਂ ਇਲਾਵਾ ਹਸਪਤਾਲ ਦਾ ਕਾਫ਼ੀ ਅਮਲਾ ਫੈਲਾ ਹਾਜ਼ਰ ਸੀ। ਉਸ ਮੀਟਿੰਗ ਵਿਚ ਦੋਵੇਂ ਪਾਸਿਆਂ ਦੇ ਬੁਲਾਰਿਆਂ ਨੇ ਇਸ ਰਸਮ ਨੂੰ ਹੋਰ ਵਧੀਆ ਬਣਾਉਣ ਲਈ ਆਪਣੇ ਆਪਣੇ ਸੁਝਾਅ ਰੱਖੇ।
ਤੁਹਾਡੀ ਮੌਤ ਤੋਂ ਦੋ ਮਹੀਨੇ ਬਾਅਦ ਜੋਧਪੁਰ ਦਾ ਸਾਬਕਾ ਸਰਪੰਚ ਕਾਮਰੇਡ ਅਮਰਜੀਤ ਸਿੰਘ ਵੀ ਸਦੀਵੀ ਵਿਛੋੜਾ ਦੇ ਗਿਆ। ਉਸਦੇ ਪਰਿਵਾਰ ਮੈਂਬਰਾਂ ਵੱਲੋਂ ਵੀ ਉਨ੍ਹ੍ਹਾਂ ਦਾ ਸਰੀਰ ਹਸਪਤਾਲ ਨੂੰ ਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ। ਦਿਆਨੰਦ ਹਸਪਤਾਲ ਵਾਲਿਆਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਆਪ ਲੈ ਜਾਣ ਦੇ ਕੀਤੇ ਹੋਏ ਫ਼ੈਸਲੇ ਦੇ ਅਨੁਸਾਰ, ਇਕ ਪੁਰਾਣਾ ਜਿਹਾ ਕੈਂਟਰ ਭੇਜ ਦਿੱਤਾ। ਪਰਿਵਾਰ ਵਾਲੇ ਸਾਨੂੰ ਕਹਿਣ ਲੱਗੇ ”ਸਾਡੇ ਪਰਿਵਾਰ ਦਾ ਮੁੱਖ ਮੈਂਬਰ ਸਾਨੂੰ ਵਿਛੋੜਾ ਦੇ ਗਿਆ ਹੈ ਤੇ ਅਸੀਂ ਉਸਦੀ ਮ੍ਰਿਤਕ ਦੇਹ ਇਕ ਪੁਰਾਣੇ ਜਿਹੇ ਕੈਂਟਰ ਵਿਚ ਭੇਜੀਏ ਸਾਨੂੰ ਇਹ ਗੱਲ ਚੰਗੀ ਨਹੀਂ ਲੱਗਦੀ।” ਇਸ ਲਈ ਅਸੀਂ ਉਸੇ ਸਮੇਂ ਇਕ ਐਂਬੂਲੈਂਸ ਦੀ ਭਾਲ ਕੀਤੀ ਤੇ ਉਨ੍ਹਾਂ ਦੀ ਦੇਹ ਵੀ ਵਧੀਆ ਢੰਗ ਨਾਲ ਹਸਪਤਾਲ ਦੇ ਸਪੁਰਦ ਕਰ ਦਿੱਤੀ।
ਇਸ ਤੋਂ ਕੁਝ ਸਮੇਂ ਬਾਅਦ ਹੀ ਮੇਰੇ ਮਿੱਤਰ ਅਤੇ ਤਰਕਸ਼ੀਲ ਸੁਸਾਇਟੀ ਦੇ ਮੁਢਲੇ ਮੈਂਬਰਾਂ ਵਿਚੋਂ ਮਾਸਟਰ ਤੇਜਾ ਸਿੰਘ ਰੌਂਤਾ ਦੀ ਸੁਪਤਨੀ ਵੀ ਚੱਲ ਵਸੀ। ਰੌਂਤਾ ਜੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਸਰੀਰ ਵੀ ਹਸਪਤਾਲ ਨੂੰ ਭੇਂਟ ਕਰ ਦਿੱਤਾ ਜਾਵੇ। ਪਰ ਕਾਫ਼ੀ ਸਾਰੇ ਮੈਂਬਰ ਇਸ ਸ਼ਸੋਪੰਜ ਵਿਚ ਸਨ ਕਿ ਇਸਤਰੀ ਪਰਿਵਾਰ ਦੀ ਇੱਜ਼ਤ ਹੁੰਦੀ ਹੈ। ਉਸਦੇ ਸਰੀਰ ਦਾ ਨੰਗੇਜ਼ ਕਿਤੇ ਪਰਿਵਾਰ ਦੀ ਬੇਇੱਜ਼ਤੀ ਦਾ ਕਾਰਨ ਨਾ ਬਣ ਜਾਵੇ। ਹਸਪਤਾਲ ਦੇ ਡਾਕਟਰਾਂ ਵੱਲੋਂ ਇਹ ਕਹਿਣ ਤੇ ਕਿ ਕਿਸੇ ਵੀ ਮ੍ਰਿਤਕ ਸਰੀਰ ਦੀ ਸ਼ਨਾਖ਼ਤ ਨਹੀਂ ਹੋ ਸਕਦੀ ਹੁੰਦੀ। ਇਹ ਬਹੁਤ ਹੀ ਗੁਪਤ ਹੁੰਦਾ ਹੈ। ਅਸੀਂ ਹਸਪਤਾਲ ਵਾਲਿਆਂ ਨੂੰ ਉਸਦੀ ਮ੍ਰਿਤਕ ਦੇਹ ਲਿਜਾਣ ਲਈ ਫੋਨ ਕਰ ਦਿੱਤਾ। ਇਸ ਵਾਰ ਉਨ੍ਹਾਂ ਨੇ ਇਕ ਵਧੀਆ ਐਂਬੂਲੈਂਸ ਭੇਜ ਦਿੱਤੀ।
ਮਾਰਚ 2007 ਵਿਚ ਤਰਕਸ਼ੀਲ ਸੁਸਾਇਟੀ ਦੀ ਇਕਾਈ ਬਰਨਾਲਾ ਦੇ ਸਾਬਕਾ ਮੈਂਬਰ ਹਰਿੰਦਰ ਦਾ ਪਿਤਾ ਹੰਡਿਆਏ ਦਾ ਬੂਟੀ ਰਾਮ ਵੀ ਤੁਹਾਡੇ ਨਕਸ਼ੇ ਕਦਮ ਤੇ ਚੱਲਦਾ ਹੋਇਆ ਦਿਆਨੰਦ ਹਸਪਤਾਲ ਵਿਚ ਪਹੁੰਚ ਗਿਆ। ਸੁਸਾਇਟੀ ਵੱਲੋਂ ਲੁਧਿਆਣੇ ਦੇ ਖੇਤੀਬਾੜੀ ਮੇਲੇ ਤੇ ਕਿਤਾਬਾਂ ਦੀ ਸਟਾਲ ਲਾਈ ਹੋਈ ਸੀ। ਇਸ ਮੇਲੇ ਤੇ ਦਿਆਨੰਦ ਮੈਡੀਕਲ ਕਾਲਜ ਦੀ ਐਨੋਟਮੀ ਵਿਭਾਗ ਦੀ ਮੁਖੀ ਡਾ. ਪੂਨਮ ਕੁਝ ਹੋਰ ਡਾਕਟਰਾਂ ਨੂੰ ਲੈ ਕੇ ਸਟਾਲ ਤੇ ਆਈ ਉਨ੍ਹਾਂ ਇਸ ਪਿਰਤ ਨੂੰ ਅੱਗੇ ਵਧਾਉਣ ਲਈ ਸਾਡਾ ਸਭ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਮ੍ਰਿਤਕ ਦੇਹ ਦਾਨੀਆਂ ਦੇ ਪਰੀਵਾਰ ਨੂੰ ਹਸਪਤਾਲ ਵੱਲੋਂ ਕੀਤੇ ਇਲਾਜ ਦੇ ਖਰਚਿਆਂ ਵਿਚ ਵੀ 20% ਦੀ ਛੋਟ ਦਿੱਤੀ ਜਾਇਆ ਕਰੇਗੀ। ਪਰ ਅਸੀਂ ਡਾ. ਸਾਹਿਬ ਨੂੰ ਕਿਹਾ ਕਿ ”ਤੁਹਾਡਾ ਇਸ ਸਹੂਲਤ ਲਈ ਧੰਨਵਾਦ ਪਰ ਅਸੀਂ ਇਹ ਸਾਰਾ ਕੁਝ ਅਜਿਹੀਆਂ ਰਿਆਇਤਾਂ ਪ੍ਰਾਪਤ ਕਰਨ ਲਈ ਨਹੀਂ ਕਰ ਰਹੇ। ”
ਅੰਤ ਵਿਚ ਪਿਤਾ ਜੀ ਮੈਂ ਤਾਂ ਤੁਹਾਨੂੰ ਇਹ ਹੀ ਕਹਾਂਗਾ ਕਿ ਭਾਵੇਂ ਤੁਸੀਂ ਸਰੀਰ ਦਾਨ ਕਰਨ ਵਾਲੇ ਪਹਿਲੇ ਵਿਅਕਤੀ ਨਹੀਂ ਸੀ, ਪਰ ਫਿਰ ਵੀ ਆਪਣੀ ਵਸੀਅਤ ਕਰਕੇ ਤੁਸੀਂ ਜੋ ਪਿਰਤਾਂ ਪਾ ਗਏ ਹੋ, ਉਨ੍ਹਾਂ ਵਿਚ ਲਗਾਤਾਰ ਵਿਕਾਸ ਹੋ ਰਿਹਾ ਹੈ। ਹੁਣ ਤਾਂ ਲੱਗਭਗ ਹਰ ਮਹੀਨੇ ਹੀ ਕੋਈ ਨਾ ਕੋਈ ਮ੍ਰਿਤਕ ਦੇਹ ਹਸਪਤਾਲ ਲਈ ਜਾ ਰਹੀ ਹੈ। ਮੈਨੂੰ ਆਸ ਹੈ ਹੁਣ ਡਾਕਟਰਾਂ ਨੂੰ ਇਹ ਸ਼ਿਕਾਇਤ ਨਹੀਂ ਰਹੇਗੀ ਕਿ ਉਨ੍ਹਾਂ ਨੂੰ ਖੋਜ ਪੜਤਾਲ ਲਈ ਸਿਰਫ਼ ਹਿੰਦੂਆਂ ਵੱਲੋਂ ਰਾਖ ਅਤੇ ਮੁਸਲਮਾਨਾਂ ਵੱਲੋਂ ਮਿੱਟੀ ਹੀ ਮਿਲਦੀ ਹੈ। ਇਸ ਲਈ ਉਹ ਵਧੀਆ ਡਾਕਟਰ ਕਿਵੇਂ ਪੈਦਾ ਕਰ ਸਕਦੇ ਹਨ? ਸੋ ਮੈਨੂੰ ਇਸ ਗੱਲ ਦਾ ਖਦਸਾ ਪੈਦਾ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਇਹ ਭੀੜ ਐਨੀ ਵਧ ਜਾਵੇ ਕਿ ਮੈਡੀਕਲ ਕਾਲਜ ਮ੍ਰਿਤਕ ਦੇਹਾਂ ਨੂੰ ਸੰਭਾਲਣ ਤੋਂ ਅਸਮਰਥ ਹੀ ਨਾ ਹੋ ਜਾਣ। ਮਾਰਚ ਮਹੀਨੇ ਵਿਚ ਸੇਰੋਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਸ੍ਰੀ ਭਗਵਾਨ ਸਿੰਘ ਖੈਹਿਰਾ ਵੱਲੋਂ ਇਕ ਤਰਕਸ਼ੀਲ ਮੇਲੇ ਦਾ ਪ੍ਰਬੰਧ ਕੀਤਾ ਗਿਆ। ਇਸ ਮੇਲੇ ਦੀ ਵਿਲੱਖਣਤਾ ਇਹ ਸੀ ਖੈਹਿਰਾ ਸਾਹਿਬ, ਉਨ੍ਹਾਂ ਦੇ ਪਿਤਾ ਜੀ ਅਤੇ ਉਨ੍ਹਾਂ ਦੀ 25 ਸਾਲਾ ਪੁਤਰੀ ਅਮਨ ਨੇ ਵੀ ਮਰਨ ਤੋਂ ਬਾਅਦ ਆਪਣਾ ਸਰੀਰ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਹੁਣੇ ਅਪ੍ਰੈਲ ਮਹੀਨੇ ਵਿਚ ਲੁਧਿਆਣੇ ਏ ਪੰਜਾਬੀ ਰਵਨ ਵਿਖੇ ਸਾਥੀ ਸੁਸਾਇਟੀ ਦੇ ਬਹੁਤ ਸਾਰੇ ਮੈਂਬਰਾਂ ਨੇ ਆਪਣੇ ਸਰੀਰ ਦਾਨ ਕਰਨ ਦੇ ਫਾਰਮ ਭਰ ਦਿੱਤੇ ਹਨ।
ਪਿਤਾ ਜੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਸਵਰਗਾਂ ਦੀ ਹੋਂਦ ਵਿਚ ਕੋਈ ਯਕੀਨ ਨਹੀਂ ਰੱਖਦਾ, ਪਰ ਮੇਰੀ ਇੱਛਾ ਜ਼ਰੂਰ ਸੀ ਕਿ ਸਵਰਗਾਂ ਦੀ ਹੋਂਦ ਹੁੰਦੀ ਤੇ ਮੈਂ ਤੁਹਾਨੂੰ ਉਪਰੋਕਤ ਦੁਖਦਾਇਕ ਗੱਲਾਂ ਤੋਂ ਇਲਾਵਾ ਇਹ ਖ਼ੁਸ਼ਖ਼ਬਰੀ ਵੀ ਦੇ ਸਕਦਾ ਹੁੰਦਾ ਕਿ ਤੇਰੇ ਪੋਤੇ ਡਾ. ਵਿਸ਼ਾਲ ਨੇ ਇਕ ਅਧਿਆਪਕਾ ਨਾਲ ਮਾਰਚ 2007 ਵਿਚ ਵਿਆਹ ਕਰਵਾ ਲਿਆ ਹੈ।
ਮਾਨਵ ਦੇ ਨੇ ਦੋ ਸੰਸਾਰ
ਇਕ ਨੇ ਸਿਰਜਿਆ ਮਾਨਵ ਨੂੰ
ਦੂਜੇ ਨੂੰ ਸਿਰਜ ਰਿਹਾ ਹੈ ਮਾਨਵ
ਤੁਹਾਡਾ ਸਪੁੱਤਰ
– ਮੇਘ ਰਾਜ ਮਿੱਤਰ
ਤਰਕਸ਼ੀਲ ਨਿਵਾਸ, ਬਰਨਾਲਾ।

Back To Top