ਪ੍ਰਸ਼ਨ :- ਪੂਜਾ ਕਿਉਂ ਕੀਤੀ ਜਾਂਦੀ ਹੈ?

ਮੇਘ ਰਾਜ ਮਿੱਤਰ

ਜੁਆਬ :- ਸਦੀਆਂ ਪਹਿਲਾਂ ਧਰਤੀ ਦੇ ਲੋਕ ਮਹਿਸੂਸ ਕਰਦੇ ਸਨ ਕਿ ਪ੍ਰਮਾਤਮਾ ਧਰਤੀ ਦੇ ਲੋਕਾਂ ਨੂੰ ਧੁੱਪ, ਬਰਸਾਤ ਅਤੇ ਹਵਾ ਆਦਿ ਦਿੰਦਾ ਹੈ। ਜਿਸ ਕਾਰਨ ਉਹਨਾਂ ਦੀਆਂ ਫਸਲਾਂ ਪੈਦਾ ਹੁੰਦੀਆਂ ਹਨ ਜਿਸ ਨਾਲ ਉਹ ਆਪਣੇ ਤੇ ਆਪਣੇ ਬੱਚਿਆਂ ਦੇ ਢਿੱਡ ਭਰਦੇ ਹਨ। ਇਸ ਲਈ ਲੋਕਾਂ ਨੂੰ ਪ੍ਰਮਾਤਮਾ ਦਾ ਇਸ ਗੱਲੋਂ ਧੰੰਨਵਾਦੀ ਹੋਣਾ ਚਾਹੀਦਾ ਹੈ। ਕਦੇ ਕਦੇ ਪ੍ਰਮਾਤਮਾ ਦਾ ਰਿਣ ਉਤਾਰਨ ਲਈ ਉਹਨਾਂ ਨੂੰ ਆਪਣੇ ਬੱਚਿਆਂ ਦੀ ਬਲੀ ਦੇਣੀ ਚਾਹੀਦੀ ਹੈ। ਇਸ ਲਈ ਬੱਚਿਆਂ ਦੀਆਂ ਬਲੀਆਂ ਦੇਣ ਦੀ ਪਰਪੰਰਾ ਚੱਲ ਪਈ। ਧਰਤੀ ਉੱਪਰ ਸਿਆਣੇ ਵਿਅਕਤੀ ਵੀ ਪੈਦਾ ਹੋਏ ਹਨ। ਉਹਨਾਂ ਨੇ ਸੋਚਿਆ ਕਿ ਪ੍ਰਮਾਤਮਾ ਦਾ ਬੱਚਿਆਂ ਦੀਆਂ ਬਲੀਆਂ ਨਾਲ ਕੀ ਸੰਬੰਧ? ਉਹਨਾਂ ਨੇ ਲੋਕਾਂ ਨੂੰ ਇਸ ਕੁਰੀਤੀ ਤੋਂ ਦੂਰ ਕਰਨ ਲਈ ਇੱਕ ਯੋਜਨਾਬੱਧ ਢੰਗ ਨਾਲ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਪ੍ਰਮਾਤਮਾ ਨੂੰ ਬੱਚਿਆਂ ਦੀਆਂ ਬਲੀਆਂ ਦੇਣ ਦੀ ਲੋੜ ਨਹੀਂ ਸਗੋਂ ਇਹ ਕੰਮ ਤਾਂ ਜਾਨਵਰਾਂ ਦੀਆਂ ਬਲੀਆਂ ਨਾਲ ਵੀ ਚੱਲ ਸਕਦਾ ਹੈ। ਇਸ ਤਰ੍ਹਾਂ ਜਾਨਵਰਾਂ ਦੀਆਂ ਬਲੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕੁਝ ਸਦੀਆਂ ਬਾਅਦ ਸਿਆਣੇ ਮਨੁੱਖਾਂ ਨੇ ਫਿਰ ਸੋਚਿਆ ਕਿ ਵਿਚਾਰੇ ਜੀਵਾਂ ਨੂੰ ਤਾਂ ਬਗੈਰ ਮਤਲਬ ਦੇ ਹੀ ਬਲੀ ਦਾ ਬੱਕਰਾ ਬਣਾ ਕੇ ਪਾਪ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਇਸ ਕੁਰੀਤੀ ਤੋਂ ਵਰਜਣ ਲਈ ਇਹ ਹੋਕਾ ਦੇਣਾ ਸ਼ੁਰੂ ਕਰ ਦਿੱਤਾ। ਲੋਕੋ ਪ੍ਰਮਾਤਮਾ ਨੂੰ ਖੁਸ਼ ਕਰਨ ਲਈ ਜੀਵਾਂ ਦੀਆਂ ਬਲੀਆਂ ਨਾ ਦਿਓ ਸਗੋਂ ਪ੍ਰਮਾਤਮਾ ਪਾਠ ਪੂਜਾ ਨਾਲ ਹੀ ਖੁਸ਼ ਹੋ ਜਾਂਦਾ ਹੈ।
ਇਸ ਤਰ੍ਹਾਂ ਪੁਜਾਰੀਵਾਦ ਦੇ ਧੰਦੇ ਨਾਲ ਵੱਧ ਤੋਂ ਵੱਧ ਚਲਾਕ ਵਿਅਕਤੀ ਜੁੜ ਗਏ। ਕੋਈ ਵੀ ਪਾਠ ਪੂਜਾ ਦੀ ਸਮੱਗਰੀ ਪ੍ਰਮਾਤਮਾ ਕੋਲ ਜਾਣ ਤੋਂ ਰਹੀ। ਸਗੋਂ ਪ੍ਰਮਾਤਮਾ ਦੇ ਦਲਾਲਾਂ ਕੋਲ ਜਾਣੀ ਸ਼ੁਰੂ ਹੋ ਗਈ। ਸੋ ਕੋਈ ਵੀ ਹਵਨ ਦੀ ਸੁਗੰਧ ਜਾਂ ਦੁਰਗੰਧ ਜਾਂ ਧੂਫ ਬੱਤੀ ਜਾਂ ਉਚਾਰੇ ਗਏ ਮੰਤਰ ਨਾ ਤਾਂ ਪ੍ਰਮਾਤਮਾ ਨੂੰ ਮੋਟੇ ਕਰਦੇ ਹਨ ਤੇ ਨਾ ਹੀ ਕਹਿਣ ਵਾਲਾ ਮੋਟਾ ਹੁੰਦਾ ਹੈ। ਇਹ ਸਮੱਗਰੀ ਤੇ ਸਮੇਂ ਦੀ ਦੁਰਵਰਤੋਂ ਹੀ ਹੈ।

Back To Top