38. ਤੁਹਾਡਾ ਤੇ ਡਾਕਟਰ ਕਾਵੂਰ ਦਾ ਸਮਰੱਥਕ

– ਮੇਘ ਰਾਜ ਮਿੱਤਰ
ਢੰਡ
7.7.86.
ਮੈਂ ਇਕ ਸਿੱਖ ਪਰਿਵਾਰ ਵਿਚ ਜੰਮਿਆ ਹਾਂ। ਬਚਪਨ ਤੋਂ ਹੀ ਗਲਤ ਹਾਲਾਤ ਮਿਲਣ ਕਾਰਨ ਮੈਂ ਪੀਰਾਂ-ਫ਼ਕੀਰਾਂ ਦੀ ਗੈਬੀ ਸ਼ਕਤੀਆਂ ਅਤੇ ਭੂਤਾਂ-ਪ੍ਰੇਤਾਂ ਵਿਚ ਅੰਧ ਵਿਸ਼ਵਾਸ ਰੱਖਦਾ ਆਇਆ ਹਾਂ। ਮੈਂ ਡਾਕਟਰ ਕਾਵੂਰ ਸਾਹਿਬ ਦੀਆਂ ਕਿਤਾਬਾਂ `ਤੇ ਦੇਵ ਪੁਰਸ਼ ਹਾਰ ਗਏ’ ਅਤੇ ਦੇਵ, ਦੈਂਤ ਤੇ ਰੂਹਾਂ, ਪੜ੍ਹਨ ਉਪਰੰਤ ਇਕ ਪੱਕਾ ਤਰਕਸ਼ੀਲ ਬਣ ਚੁੱਕਾ ਹਾਂ। ਉਂਝ ਤਾਂ ਮੈਂ ਬਚਪਨ ਤੋਂ ਹੀ ਰੱਬ ਅਤੇ ਭੂਤਾਂ-ਪ੍ਰੇਤਾਂ ਦੀ ਹੋਂਦ ਤੇ ਸ਼ੱਕ ਕਰਿਆ ਕਰਦਾ ਸਾਂ ਪ੍ਰੰਤੂ ਫਿਰ ਵੀ ਮੈਨੂੰ ਇਨ੍ਹਾਂ ਕਾਲਪਨਿਕ ਵਿਚਾਰਾਂ `ਤੇ ਪੂਰਾ ਯਕੀਨ ਸੀ। ਭਗਤ ਸਿੰਘ ਦੀ ਕਿਤਾਬ ‘‘ਮੈਂ ਨਾਸਤਿਕ ਕਿਉਂ ਹਾਂ’’ ਪੜ੍ਹਕੇ ਮੇਰੇ ਤਰਕਸ਼ੀਲ ਵਿਚਾਰ ਹੋਰ ਮਜ਼ਬੂਤ ਹੋ ਗਏ ਹਨ। ਮੇਰਾ ਇਕ ਬੇਹੱਦ ਵਹਿਮੀ ਮਾਮਾ ਹੈ ਜਿਸਦੇ ਘਰੋਂ ਮੈਨੂੰ ਇਹ ਕਿਤਾਬਾਂ ਪ੍ਰਾਪਤ ਹੋਈਆਂ ਹਨ। ਉਸਨੇ ਮੈਨੂੰ ਫਜੂਲ ਕਿਤਾਬਾਂ ਪੜ੍ਹਨ ਤੋਂ ਰੋਕਿਆ ਪ੍ਰੰਤੂ ਮੈਂ ਇਨ੍ਹਾਂ ਕਿਤਾਬਾਂ ਦਾ ਡੂੰਘਾ ਅਧਿਐਨ ਕੀਤਾ। ਮੈਂ 11ਵੀਂ ਜਮਾਤ ਦਾ ਸਾਇੰਸ ਦੇ ਵਿਸ਼ੇ ਦਾ ਵਿਦਿਆਰਥੀ ਹਾਂ। ਮੈਂ ਸਾਇੰਸ ਬਾਰੇ ਚੋਖੀ ਜਾਣਕਾਰੀ ਰੱਖਦਾ ਹਾਂ। ਮੈਂ ਅੰਗਰੇਜ਼ੀ ਮਾਧਿਅਮ ਵਿਚ ਸਾਇੰਸ ਨੌਵੀਂ ਜਮਾਤ ਤੋਂ ਪੜ੍ਹ ਰਿਹਾ ਹਾਂ ਅਤੇ 10ਵੀਂ ਜਮਾਤ ਵੀ ਅੰਗਰੇਜ਼ੀ ਮਾਧਿਅਮ ਰਾਹੀਂ 80% ਅੰਕ ਪ੍ਰਾਪਤ ਕਰਕੇ ਪਾਸ ਕੀਤੀ ਹੈ। ਮੈਂ ਇਹ ਸਭ ਕੁਝ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂਕਿ ਤੁਸੀਂ ਯਕੀਨ ਕਰ ਸਕੋ ਕਿ ਮੈਂ ਇਕ ਵਿਕਸਿਤ ਦਿਮਾਗ ਦਾ ਵਿਦਿਆਰਥੀ ਹਾਂ। ਮੈਨੂੰ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਬਹੁਤ ਸਾਰੇ ਲੋਕਾਂ ਦੀ ਨਫ਼ਰਤ ਤੇ ਵਿਰੋਧਤਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਭਾਵੇਂ ਉਹ ਮੇਰੀਆਂ ਵਿਗਿਆਨਕ ਦਲੀਲਾਂ ਦੇ ਸਾਹਮਣੇ ਨਹੀਂ ਖਲੋ ਸਕਦੇ। ਫਿਰ ਵੀ ਉਹ ਮੈਨੂੰ ਹੰਕਾਰਿਆ ਗਰਦਾਨਦੇ ਹਨ। ਮੈਂ ਆਪਣੇ ਨਾਨਕੇ ਪਿੰਡ ਵਿਚੋਂ ਦੋ ਭੂਤ-ਪ੍ਰੇਤ ਕੱਢਣ ਵਾਲਿਆਂ ਨੂੰ ਲਲਕਾਰ ਚੁੱਕਾ ਹਾਂ। ਪਿੰਡ ਦੇ ਵਿਚ ਇਕ ਸਮਾਧੀ, ਜਿਸ ਨਾਲ ਅਣਗਿਣਤ ਅੰਧ-ਵਿਸ਼ਵਾਸ ਜੁੜੇ ਹੋਏ ਹਨ, ਇਸ ਨੂੰ ਬਾਬਾ ਸਿੱਧ ਕਿਹਾ ਜਾਂਦਾ ਹੈ। ਜਦ ਮੈਨੂੰ ਇਸ ਨੂੰ ਚੈਲਿੰਜ ਕਰਨ ਲਈ ਕਿਹਾ ਗਿਆ ਤਾਂ ਮੈਂ ਆਪਣੇ ਰਿਸ਼ਤੇਦਾਰਾਂ ਦੇ ਸਾਹਮਣੇ ਸਮਾਧ ਤੇ ਜੁੱਤੀ ਸਮੇਤ ਚੜ੍ਹਕੇ ਵਿਖਾਇਆ, ਬਾਬੇ ਨੂੰ ਕੁਝ ਅਸ਼ਲੀਲ ਗਾਲ੍ਹਾਂ ਕੱਢੀਆਂ ਅਤੇ ਸਮਾਧੀ `ਤੇ ਪਏ ਰੁਮਾਲੇ ਨੂੰ ਪਾੜ੍ਹ ਦਿੱਤਾ। ਇਹ ਸਮਾਧੀ ਵਾਲਾ ਬਾਬਾ ਲੋਕਾਂ ਲਈ ਰੱਬ ਤੋਂ ਵੀ ਉੱਪਰ ਹੈ। ਜਦ ਉਨ੍ਹਾਂ ਨੇ ਮੇਰੀ ਸਿਹਤ ਸੰਬੰਧੀ ਫ਼ਿਕਰ ਕੀਤਾ ਕਿਉਂਕਿ ਮੈਂ ਸਮਾਧੀ ਦਾ ਅਪਮਾਨ ਕੀਤਾ ਸੀ ਤਾਂ ਮੈਂ ਬਹੁਤ ਹੱਸਿਆ। ਮੈਂ ਇਕ ਮਹੀਨੇ ਤੋਂ ਸਹੀ ਸਲਾਮਤ ਫਿਰ ਰਿਹਾ ਹਾਂ। ਮੇਰੇ ਇਨ੍ਹਾਂ ਚੈਲਿੰਜਾਂ ਨੂੰ ਦੇਖ ਕੇ ਕੁਝ ਕੁ ਬੰਦੇ ਮੇਰੇ ਸਮਰਥਕ ਵੀ ਬਣੇ। ਜਿਨ੍ਹਾਂ ਵਿਚੋਂ ਮੇਰਾ ਭਰਾ ਤੇ ਮੇਰੀ ਬਰਾਬਰ ਦੀ ਉਮਰ ਦਾ ਗੁਰਪਾਲ ਸਿੰਘ ਪ੍ਰਮੁੱਖ ਹਨ।
ਮੇਰੀ ਤੁਹਾਨੂੰ ਸਨਿਮਰ ਬੇਨਤੀ ਹੈ ਕਿ ਤੁਸੀਂ ਮੇਰੇ ਹੇਠ ਲਿਖੇ ਸੁਆਲਾਂ ਦਾ ਵਾਪਸੀ ਡਾਕ ਜੁਆਬ ਦਿਉ। ਕੀ ਮੈਂ ਤੁਹਾਡੀ ਸੁਸਾਇਟੀ ਦਾ ਮੈਂਬਰ ਬਣ ਸਕਦਾ ਹਾਂ? ਜੇ ਬਣ ਸਕਦਾ ਹਾਂ ਤਾਂ ਕਿਵੇਂ? ਮੈਂ ਤੁਹਾਡੀ ਸੁਸਾਇਟੀ ਵੱਲੋਂ ਛਾਪੀਆਂ ਜਾ ਰਹੀਆਂ ਕਿਤਾਬਾਂ ਦਾ ਬੇਹੱਦ ਸਮਰਥਕ ਹਾਂ ਅਤੇ ਇਨ੍ਹਾਂ ਨੂੰ ਪੜ੍ਹਨ ਦੀ ਤੀਬਰ ਇੱਛਾ ਰੱਖਦਾ ਹਾਂ। ਕੀ ਤੁਸੀਂ ਮੈਨੂੰ ਕੁਝ ਅਜਿਹੀਆਂ ਕਿਤਾਬਾਂ ਦੀ ਸੂਚੀ ਦੇ ਸਕਦੇ ਹੋ ਜੋ ਤੁਹਾਡੀ ਸੂਝ ਅਨੁਸਾਰ ਮੇਰਾ ਹੌਂਸਲਾ ਵਧਾਉਣ ਲਈ ਕਾਰਗਰ ਸਾਬਤ ਹੋਣ। ਤੁਸੀਂ ਮੈਨੂੰ ਆਪਣੀ ਸੁਸਾਇਟੀ ਵੱਲੋਂ ਛਾਪੇ ਜਾਂਦੇ ਰਸਾਲੇ ਬਾਰੇ ਜਾਣਕਾਰੀ ਦਿਉ। ਪਿਆਰੇ ਮਿੱਤਰ ਸਾਹਿਬ ਮੈਂ ਡਾਕਟਰ ਬਣਨ ਲਈ ਵਿਦਿਆ ਪ੍ਰਾਪਤ ਕਰ ਰਿਹਾ ਹਾਂ ਅਤੇ ਯਕੀਨਨ ਬਣ ਜਾਵਾਂਗਾ। ਪ੍ਰੰਤੂ ਜੇਕਰ ਤੁਸੀਂ ਮੇਰੇ ਲਈ 35 ਪੈਸੇ ਅਤੇ ਆਪਣਾ ਕੁਝ ਸਮਾਂ ਖ਼ਰਚ ਕਰ ਦੇਵੋਗੇ ਤਾਂ ਮੇਰਾ ਹੌਂਸਲਾ ਚੌਗਣਾ ਹੋ ਜਾਵੇਗਾ ਅਤੇ ਮੈਂ ਆਪਣੇ ਆਪ ਨੂੰ ਅਤੇ ਹੋਰ ਬਹੁਤ ਸਾਰਿਆਂ ਨੂੰ ਭਰਮ ਮੁਕਤ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੋ ਜਾਵਾਂਗਾ।
ਤੁਹਾਡਾ ਤੇ ਡਾਕਟਰ ਕਾਵੂਰ ਦਾ ਪੱਕਾ ਸਮਰੱਥਕ
ਬਲਵਿੰਦਰ ਸਿੰਘ
ਪੰਜਾਬ ਦੇ ਪਿੰਡਾਂ ਵਿਚ ਬਹੁਤ ਸਾਰੀਆਂ ਥਾਵਾਂ `ਤੇ ਮੜ੍ਹੀਆਂ ਮਟੀਆਂ ਤੇ ਸਮਾਧਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਦੀ ਅੱਜ ਦੇ ਵਿਗਿਆਨਕ ਯੁੱਗ ਵਿਚ ਕੋਈ ਲੋੜ ਨਹੀਂ ਹੈ। ਸਗੋਂ ਇਹ ਫਾਲਤੂ ਥਾਂ ਰੋਕ ਕੇ, ਅਤੇ ਫਾਲਤੂ ਜਾਨਵਰਾਂ ਨੂੰ ਆਸਰਾ ਦੇ ਕੇ ਪੈਦਾਵਾਰ ਘਟਾਉਂਦੀਆਂ ਹਨ। ਲੋੜ ਹੈ ਅਜਿਹੀਆਂ ਮੜੀਆਂ, ਮਟੀਆਂ ਨੂੰ ਖ਼ਤਮ ਕਰਨ ਦੀ। ਇਸ ਸੰਬੰਧੀ ਜੇ ਲੋੜ ਹੋਵੇ ਸੁਸਾਇਟੀ ਦੇ ਮੈਂਬਰਾਂ ਨਾਲ ਸੰਪਰਕ ਕੀਤਾ ਜਾਵੇ। ਪੰਜਾਬ ਵਿਚ ਜੇ ਕਿਸੇ ਨੂੰ ਕਿਸੇ ਮੜੀ ਮਟੀ ਵਿਚ ਕਰਾਮਾਤੀ ਸ਼ਕਤੀ ਦਾ ਵਿਸ਼ਵਾਸ ਹੋਵੇ ਜਾਂ ਅਜਿਹੇ ਘਰ ਜਾਂ ਬੀੜ ਦਾ ਡਰ ਹੋਵੇ ਤਾਂ ਇਹ ਸੁਸਾਇਟੀ ਨੂੰ ਸੰਭਾਲ ਦਿੱਤਾ ਜਾਵੇ। ਸੁਸਾਇਟੀ ਆਪਣੇ ਮੈਂਬਰਾਂ ਰਾਹੀਂ ਅਜਿਹੀਆਂ ਭੂਮੀਆਂ ਨੂੰ ਉਪਜਾਊ ਕਰਕੇ ਕਿਸਾਨਾਂ ਨੂੰ ਸੰਭਾਲ ਦੇਵੇਗੀ।

Back To Top