# ਖੁਦ ਡਾਕਟਰ ਬਣਨਾ ਖਤਰਨਾਕ ਹੋ ਸਕਦਾ
*ਤੁਹਾਡੀ ਸਿਹਤ ਤੁਹਾਡੇ ਹੱਥ ਹੈ ਰੱਬ ਦੇ ਨਹੀਂ*
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਬਾਹਰਲੇ ਦੇਸ਼ਾਂ ਵਿੱਚ ਅੰਗਰੇਜ਼ੀ ਦਵਾਈਆਂ ਦੇਣ ਵਾਲਾ ਡਾਕਟਰ ਪੂਰਾ ਕੁਆਲੀਫਾਈਡ ਹੋਵੇ ਤਾਂ ਹੀ ਡਾਕਟਰੀ ਕਰ ਸਕਦਾ ਹੈ l ਜੇਕਰ ਡਾਕਟਰ ਦੀ ਯੋਗਤਾ ਪ੍ਰਤੀ ਤੁਹਾਨੂੰ ਕੋਈ ਸਵਾਲ ਹੋਵੇ ਤਾਂ ਤੁਸੀਂ ਡਾਕਟਰ ਨੂੰ ਪੁੱਛ ਵੀ ਸਕਦੇ ਹੋ l ਡਾਕਟਰ ਨੂੰ ਇਸ ਦਾ ਜਵਾਬ ਵੀ ਦੇਣਾ ਪਵੇਗਾ l ਤੁਹਾਡੀ ਬਿਮਾਰੀ ਬਾਰੇ ਡਾਕਟਰ ਤੁਹਾਨੂੰ ਜਾਣਕਾਰੀ ਵੀ ਦੇਵੇਗਾ l ਜੇਕਰ ਉਹ ਕੋਈ ਟੈਸਟ ਕਰਵਾਉਣ ਲਈ ਕਹੇਗਾ ਤਾਂ ਉਹ ਇਹ ਵੀ ਦੱਸੇਗਾ ਕਿ ਟੈਸਟ ਕਰਵਾਉਣਾ ਕਿਉਂ ਜ਼ਰੂਰੀ ਹੈ ? ਜੇਕਰ ਉਹ ਕੋਈ ਅਪ੍ਰੇਸ਼ਨ ਕਰਵਾਉਣ ਜਾਂ ਨਾਂ ਕਰਵਾਉਣ ਲਈ ਕਹੇ ਤਾਂ ਉਸ ਦਾ ਫਾਇਦਾ ਅਤੇ ਨੁਕਸਾਨ ਵੀ ਦੱਸੇਗਾ l
ਇਹ ਗੱਲ ਵੱਖਰੀ ਹੈ ਕਿ ਨਿਊਜ਼ੀਲੈਂਡ ਵਿੱਚ ਜੋ ਲੋਕ ਕੰਮ ਨਹੀਂ ਕਰਦੇ ਜਾਂ ਉਨ੍ਹਾਂ ਦੀ ਤਨਖਾਹ ਘੱਟ ਹੈ ਤਾਂ ਉਨ੍ਹਾਂ ਦਾ ਇਲਾਜ਼ ਮੁਫ਼ਤ ਹੋ ਜਾਂਦਾ ਹੈ ਜਾਂ ਬਹੁਤ ਥੋੜ੍ਹੇ ਪੈਸਿਆਂ ਵਿੱਚ ਹੋ ਜਾਂਦਾ ਹੈ l
ਹਾਲਾਂਕਿ ਉਪਰੋਕਤ ਦੱਸੇ ਅਨੁਸਾਰ ਮਰੀਜ਼ ਨੂੰ ਹੱਕ ਹੁੰਦਾ ਹੈ ਕਿ ਉਹ ਡਾਕਟਰ ਕੋਲੋਂ ਉਪਰੋਕਤ ਜਾਣਕਾਰੀ ਲੈ ਲਵੇ ਪਰ ਬਹੁਤੇ ਮਰੀਜ਼ ਏਨੀ ਜਾਣਕਾਰੀ ਲੈਣਾ ਜ਼ਰੂਰੀ ਨਹੀਂ ਸਮਝਦੇ l ਕੁੱਝ ਅਨਪੜ੍ਹਤਾ ਕਰਕੇ, ਕੁੱਝ ਘੱਟ ਪੜ੍ਹੇ ਲਿਖੇ ਕਰਕੇ ਅਤੇ ਕੁੱਝ ਪ੍ਰਵਾਹ ਨਾਂ ਕਰਦੇ ਹੋਣ ਕਰਕੇ ਮਰੀਜ਼ ਡਾਕਟਰ ਤੋਂ ਇਹ ਜਾਣਕਾਰੀ ਨਹੀਂ ਲੈਂਦੇ l
ਡਾਕਟਰ ਕੋਲ ਮਰੀਜ਼ ਨੂੰ ਅੰਦਾਜ਼ੇ ਮੁਤਾਬਕ ਦੇਖਣ ਲਈ 15 ਮਿੰਟ ਦੇ ਕਰੀਬ ਸਮਾਂ ਹੁੰਦਾ ਹੈ l ਉਹ ਇਸੇ ਕਰਕੇ ਹੁੰਦਾ ਹੈ ਕਿ ਮਰੀਜ਼ ਉਸ ਸਮੇਂ ਨੂੰ ਵਰਤੇ l
ਸੰਨ 1990 ਦੇ ਕਰੀਬ ਕੁੱਝ ਭਾਰਤੀ ਮੂਲ ਦੇ ਡਾਕਟਰ ਨਿਊਜ਼ੀਲੈਂਡ ਵਿੱਚ ਸਨ ਜੋ ਕਿ ਦੋ ਤਿੰਨ ਮਿੰਟ ਵਿੱਚ ਮਰੀਜ਼ ਭੁਗਤਾ ਦਿੰਦੇ ਸੀ l ਭਾਰਤੀਆਂ ਨੂੰ ਅੰਗਰੇਜ਼ੀ ਘੱਟ ਆਉਣ ਕਰਕੇ ਜਾਂਦੇ ਵੀ ਜਿਆਦਾ ਮਰੀਜ਼ ਉਥੇ ਹੀ ਸੀ l ਉਨ੍ਹਾਂ ਨਾਲ ਭਾਵੇਂ ਅਪੋਇੰਟਮੈਂਟ ਬਣਾ ਕੇ ਚਲੇ ਜਾਵੋ ਤੇ ਭਾਵੇਂ ਬਿਨਾਂ ਅਪੋਇੰਟਮੈਂਟ ਤੋਂ ਉਥੇ ਦੋ ਘੰਟੇ ਤੱਕ ਵੀ ਉਡੀਕ ਕਰਨੀ ਪੈਂਦੀ ਸੀ l ਖੈਰ ਕੁੱਝ ਸਮਾਂ ਪਾ ਕੇ ਉਥੇ ਵੀ ਸੁਧਾਰ ਆਇਆ l ਇਹ ਨਹੀਂ ਪਤਾ ਕਿ ਉਨ੍ਹਾਂ ਡਾਕਟਰਾਂ ਦੀ ਸ਼ਿਕਾਇਤ ਹੋਈ ਜਾਂ ਉਨ੍ਹਾਂ ਨੇ ਆਪ ਹੀ ਸੁਧਾਰ ਕੀਤਾ l
ਇਸ ਤਰਾਂ ਦਾ ਡਾਕਟਰ ਅੱਠ ਕੁ ਸਾਲ ਪਹਿਲਾਂ ਮੈਨੂੰ ਵੀ ਮਿਲਿਆ l ਜਦੋਂ ਉਸ ਨੇ ਦਵਾਈ ਲਿਖ ਦਿਤੀ l ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਬਿਮਾਰੀ ਬਾਰੇ ਦੱਸੋ l ਡਾਕਟਰ ਜੀ ਕਹਿੰਦੇ ਤੂੰ ਬਿਮਾਰੀ ਬਾਰੇ ਜਾਣ ਕੇ ਕੀ ਲੈਣਾ ? ਦਵਾਈ ਤੈਨੂੰ ਰੋਜ਼ ਖਾਣੀ ਪੈਣੀ ਠੀਕ ਹੋ ਜਾਵੇਂਗਾ l ਮੈਂ ਤਿੰਨ ਮਹੀਨੇ ਬਾਦ ਫਿਰ ਉਸ ਡਾਕਟਰ ਕੋਲ ਗਿਆ ਤਾਂ ਉਸ ਨੇ ਦਵਾਈ ਫਿਰ ਲਿਖ ਦਿਤੀ l ਮੈਂ ਉਸ ਨੂੰ ਪੁੱਛਿਆ ਕਿ ਡਾਕਟਰ ਸਾਹਿਬ ਦਵਾਈ ਛੱਡੀ ਨਹੀਂ ਜਾ ਸਕਦੀ ? ਮੈਨੂੰ ਕਹਿੰਦਾ ਤੂੰ ਦਵਾਈ ਕਿਉਂ ਛੱਡਣੀ ਚਾਹੁੰਦਾਂ ? ਮੈਂ ਸੋਚਿਆ ਕਿ ਦਵਾਈ ਕਿਹੜਾ ਟੌਨਿਕ ਹੈ ਕਿ ਜ਼ਰੂਰੀ ਖਾਣਾ ਹੈ l
ਉਸੇ ਦਿਨ ਮੈਂ ਹੋਰ ਪੰਜਾਬੀ ਡਾਕਟਰ ਲੱਭੀ ਤੇ ਸਾਰੇ ਪਰਿਵਾਰ ਦੀ ਫਾਈਲ ਉਥੇ ਟਰਾਂਸਫਰ ਕੀਤੀ l ਫਾਈਲ ਟਰਾਂਸਫਰ ਕਰਨ ਤੋਂ ਪਹਿਲਾਂ ਮੈਂ ਪੰਜਾਬੀ ਡਾਕਟਰ ਨੂੰ ਕਿਹਾ ਕਿ ਸਾਡੇ ਪਰਿਵਾਰ ਵਾਸਤੇ ਦਵਾਈ ਤੋਂ ਵੱਧ ਤੇਰੇ ਨਾਲ ਗੱਲਬਾਤ ਜ਼ਰੂਰੀ ਹੈ l ਉਹ ਸੁਣ ਕੇ ਬੜੀ ਖੁਸ਼ ਹੋਈ ਕਿ ਸਾਨੂੰ ਤਾਂ ਆਪ ਬੜੀ ਖੁਸ਼ੀ ਹੁੰਦੀ ਹੈ ਕਿ ਜੇ ਮਰੀਜ਼ ਸਾਡੇ ਕੋਲੋਂ ਬਿਮਾਰੀ ਬਾਰੇ ਪੁੱਛੇ ਪਰ ਬਹੁਤੇ ਭਾਰਤੀ ਮਰੀਜ਼ ਪੁੱਛਦੇ ਹੀ ਨਹੀਂ l ਉਸ ਦਿਨ ਤੋਂ ਲੈ ਕੇ ਹੁਣ ਤੱਕ ਅਸੀਂ ਉਸ ਡਾਕਟਰ ਤੋਂ ਬੜੇ ਖੁਸ਼ ਹਾਂ l
ਹੁਣ ਭਾਰਤ ਦੀ ਗੱਲ ਕਰਦੇ ਹਾਂ ਕਿ ਉਥੇ ਕਈ ਡਾਕਟਰ ਬਿਨਾਂ ਕੁਆਲੀਫਾਈਡ ਹੋਣ ਤੋਂ ਹੀ ਡਾਕਟਰੀ ਕਰੀ ਜਾਂਦੇ ਹਨ ਜੋ ਕਿ ਕਾਫੀ ਖਤਰਨਾਕ ਹੈ l ਦਵਾਈਆਂ ਦੀ ਦੁਕਾਨ (Chemist) ਵਾਲੇ ਵੀ ਡਾਕਟਰ ਦੇ ਲਿਖੇ ਤੋਂ ਬਿਨਾਂ ਹੀ ਦਵਾਈਆਂ ਦੇਈ ਜਾਂਦੇ ਹਨ l ਕਈ ਮਰੀਜ਼ ਵੀ ਉਨ੍ਹਾਂ ਤੋਂ ਆਪ ਦੱਸ ਕੇ ਦਵਾਈਆਂ ਲਈ ਜਾਂਦੇ ਹਨ l ਉਹ ਵੀ ਖਤਰਨਾਕ ਹੈ l
ਭਾਰਤ ਵਿੱਚ ਡਾਕਟਰੀ ਦੇ ਅਹੁਦੇ ਤੱਕ ਜਾਣ ਲਈ ਕਾਫੀ ਪੈਸਾ ਲੱਗ ਜਾਂਦਾ ਹੈ l ਇਸ ਕਰਕੇ ਜਿਆਦਾ ਡਾਕਟਰਾਂ ਵਿੱਚ ਇਹ ਲਾਲਚ ਹੁੰਦਾ ਹੈ ਕਿ ਲੱਗਿਆ ਪੈਸਾ ਛੇਤੀਂ ਪੂਰਾ ਹੋ ਜਾਵੇ ਤੇ ਉਸ ਤੋਂ ਬਾਦ ਹੋਰ ਵੀ ਬਣ ਜਾਵੇ l ਇਸ ਕਰਕੇ ਉਹ ਇਸ ਵਾਸਤੇ ਵੱਧ ਤੋਂ ਵੱਧ ਕਮਾਈ ਦੀ ਕੋਸ਼ਿਸ਼ ਕਰਦੇ ਹਨ l ਕਈ ਸਰਕਾਰੀ ਡਾਕਟਰ ਹੋਣ ਦੇ ਬਾਵਯੂਦ ਪ੍ਰਾਈਵੇਟ ਡਾਕਟਰੀ ਵੀ ਕਰਦੇ ਹਨ ਅਤੇ ਕਈਆਂ ਦੀਆਂ ਆਪਣੀਆਂ ਦਵਾਈ ਦੀਆਂ ਦੁਕਾਨਾਂ ਵੀ ਹਨ l ਇਸ ਤਰ੍ਹਾਂ ਉਹ ਆਪਣੀ ਦਵਾਈ ਦੀ ਦੁਕਾਨ ਚਲਾਉਣ ਲਈ ਵੱਧ ਤੋਂ ਵੱਧ ਦਵਾਈਆਂ ਲਿਖਣਗੇ ਤਾਂ ਕਿ ਡਾਕਟਰੀ ਦੇ ਨਾਲ ਨਾਲ ਦਵਾਈਆਂ ਵਿਚੋਂ ਵੀ ਪੈਸੇ ਬਣਨ l ਫਿਰ ਉਤੋਂ ਮਰੀਜ਼ਾਂ ਵਿੱਚ ਅਨਪੜ੍ਹਤਾ ਅਤੇ ਮਜ਼ਬੂਰੀ ਵੀ ਉਨ੍ਹਾਂ ਦੇ ਕੰਮ ਆਉਂਦੀ ਹੈ l
ਇਸ ਕਰਕੇ ਮਰੀਜ਼ ਵਾਸਤੇ ਇਮਾਨਦਾਰ ਡਾਕਟਰ ਦੀ ਚੋਣ ਕਰਨੀ ਭਾਰਤ ਵਿੱਚ ਕਾਫੀ ਮੁਸ਼ਕਲ ਹੋ ਜਾਂਦੀ ਹੈ l ਜੇਕਰ ਡਾਕਟਰ ਦੇ ਅਸਲੀ ਫਰਜ਼ ਵੱਲ ਦੇਖੀਏ ਤਾਂ ਡਾਕਟਰ ਦੀ ਕੋਸ਼ਿਸ਼ ਚਾਹੀਦੀ ਹੈ ਕਿ ਬਿਨਾਂ ਦਵਾਈ ਜਾਂ ਘੱਟ ਦਵਾਈ ਨਾਲ ਮਰੀਜ਼ ਨੂੰ ਅਰਾਮ ਆ ਜਾਵੇ ਪਰ ਇਸ ਤਰਾਂ ਹੁੰਦਾ ਨਹੀਂ l
ਇਸ ਦੇ ਬਾਵਯੂਦ ਭਾਰਤ ਵਿੱਚ ਵੀ ਕੁੱਝ ਡਾਕਟਰ ਹਨ ਜੋ ਲੋਕਾਂ ਦਾ ਦਰਦ ਸਮਝਦੇ ਹਨ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਰੱਖਦੇ ਹਨ l ਉਨ੍ਹਾਂ ਵਿਚੋਂ ਕਈ ਲੋਕ ਪੱਖੀ ਸੰਸਥਾਵਾਂ ਨਾਲ ਜੁੜੇ ਹੋਏ ਹਨ l
ਮਰੀਜ਼ਾਂ ਨੂੰ ਇਹੋ ਜਿਹੇ ਡਾਕਟਰ ਲੱਭਣੇ ਚਾਹੀਦੇ ਹਨ ਜੋ ਮਰੀਜ਼ਾਂ ਦੇ ਬਟੂਏ ਨਾਲੋਂ ਬਿਮਾਰੀ ਵੱਲ ਵੱਧ ਧਿਆਨ ਦੇਣ l ਇਸ ਤਰਾਂ ਦੇ ਡਾਕਟਰ ਲੱਭਣ ਲਈ ਤੁਹਾਨੂੰ ਸਮਾਂ ਲੱਗ ਸਕਦਾ ਹੈ ਪਰ ਇਸ ਨਾਲ ਤੁਹਾਡਾ ਪੈਸੇ ਪੱਖੋਂ ਵੀ ਬਚਾ ਹੋ ਜਾਵੇਗਾ ਤੇ ਕੁੱਝ ਜਿੰਦਗੀ ਦੇ ਸਾਲ ਵਧਣ ਦੀ ਵੀ ਆਸ ਹੈ l
ਤੀਹ ਸਾਲ ਦੀ ਉਮਰ ਤੋਂ ਬਾਦ ਡਾਕਟਰ ਦੀ ਸਲਾਹ ਨਾਲ ਭਾਰਤ ਵਿੱਚ ਬਿਮਾਰੀ ਲੱਗਣ ਤੋਂ ਪਹਿਲਾਂ ਵੀ ਆਪਣਾ ਖੂਨ ਹਰ ਛੇ ਮਹੀਨੇ ਬਾਦ ਟੈਸਟ ਕਰਵਾ ਲੈਣਾ ਚਾਹੀਦਾ ਹੈ l ਖੂਨ ਦੀ ਰਿਪੋਰਟ ਡਾਕਟਰ ਨਾਲ ਬੈਠ ਕੇ ਵਿਚਾਰਨੀ ( ਡਿਸਕਸ ਕਰਨੀ ) ਜ਼ਰੂਰੀ ਹੈ l ਉਦਾਹਰਣ ਦੇ ਤੌਰ ਤੇ ਜੇ ਸੋਡੀਅਮ ਟੈਸਟ ਕੀਤਾ ਗਿਆ ਤਾਂ ਠੀਕ ਆਉਣ ਤੇ ਡਾਕਟਰ ਕਹੇਗਾ ਕਿ ਸੋਡੀਅਮ ਠੀਕ ਹੈ ਅਤੇ ਤੁਸੀਂ ਖੁਸ਼ੀ ਖੁਸ਼ੀ ਘਰ ਆ ਜਾਵੋਗੇ l ਇਹ ਤੁਹਾਡੇ ਵਾਸਤੇ ਕਾਫੀ ਨਹੀਂ ਹੈ l ਡਾਕਟਰ ਨੂੰ ਪੁਛੋ ਕਿ ਮੇਰਾ ਸੋਡੀਅਮ ਕਿੰਨਾਂ ਆਇਆ ਹੈ ਅਤੇ ਇਸ ਦੇ ਲੈਵਲ ਦੀ ਸਿਫਾਰਿਸ਼ (recommendation) ਕੀ ਹੈ ? ਇਹ ਜਾਣ ਕੇ ਦੇਖੋ ਕਿ ਤੁਹਾਡੀ ਰੀਡਿੰਗ ਘੱਟ ਵਾਲੇ ਪਾਸੇ ਨੂੰ ਹੈ ਜਾਂ ਵੱਧ ਵਾਲੇ ਪਾਸੇ ਨੂੰ l ਦੋਨਾਂ ਹਾਲਾਤਾਂ ਵਿੱਚ ਡਾਕਟਰ ਨੂੰ ਪੁੱਛ ਕੇ ਜਾਓ ਕਿ ਸੋਡੀਅਮ ਘੱਟ ਜਾਂ ਵੱਧ ਕਰਨ ਲਈ ਕੀ ਕਰਨ ਦੀ ਲੋੜ ਹੈ ? ਇਹ ਵੀ ਪੁਛੋ ਕਿ ਕਿਹੜੀ ਕਸਰਤ ਇਸ ਵਾਸਤੇ ਠੀਕ ਹੈ ? ਡਾਕਟਰ ਦੇ ਦੱਸੇ ਅਨੁਸਾਰ ਪਰਹੇਜ਼ ਕਰਕੇ ਬਿਨਾਂ ਦਵਾਈ ਤੋਂ ਆਪਣੇ ਆਪ ਨੂੰ ਅਗਲੇ ਖੂਨ ਦੇ ਟੈਸਟ ਤੱਕ ਠੀਕ ਕਰੋ l ਫਿਰ ਤੁਹਾਡਾ ਕੁੱਝ ਨਹੀਂ ਵਿਗੜਦਾ ਪਰ ਜਦੋਂ ਅੰਗਰੇਜ਼ੀ ਦਵਾਈ ਖਾਣਾ ਸ਼ੁਰੂ ਕਰ ਦਿੰਦੇ ਹੋ ਤਾਂ ਇਸ ਦੇ ਸਰੀਰ ਤੇ ਸਾਈਡ ਇਫ਼ੇਕਟ (ਬੁਰੇ ਅਸਰ) ਸ਼ੁਰੂ ਹੋ ਜਾਂਦੇ ਹਨ l ਪਰਹੇਜ਼ ਨਾਂ ਕਰਨ ਦੀ ਵਜ੍ਹਾ ਕਰਕੇ ਡਾਕਟਰ ਨੂੰ ਦਵਾਈ ਦੀ ਮਿਕਦਾਰ ਵਧਾਉਣੀ ਪੈ ਸਕਦੀ ਹੈ ਜਾਂ ਪਰਹੇਜ਼ ਨਾਂ ਕਰਨ ਕਰਕੇ ਦੂਜੀ ਤੇ ਫਿਰ ਤੀਜੀ ਬਿਮਾਰੀ ਲੱਗਣ ਦੀ ਸੰਭਾਵਨਾ ਬਣ ਜਾਂਦੀ ਹੈ l ਇਸ ਤਰਾਂ ਕਈ ਵਾਰ ਪੰਜ ਬਿਮਾਰੀਆਂ ਤੱਕ ਇੱਕ ਦੂਜੀ ਨਾਲ ਜੁੜੀਆਂ ਹੋ ਸਕਦੀਆਂ ਹਨ l ਜਦੋਂ ਪੰਜ ਬਿਮਾਰੀਆਂ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਕਈ ਵਾਰੀ ਰੋਜ਼ਾਨਾ 20 ਤੋਂ ਵੱਧ ਗੋਲੀਆਂ ਖਾਣੀਆਂ ਪੈ ਸਕਦੀਆਂ ਹਨ l ਕਈ ਮਰੀਜ਼ ਉਸ ਵੇਲੇ ਡਾਕਟਰ ਨੂੰ ਪੁੱਛਦੇ ਹਨ ਕਿ ਡਾਕਟਰ ਸਾਹਿਬ ਦਵਾਈ ਘੱਟ ਕਰ ਦਿਓ l ਉਸ ਵੇਲੇ ਡਾਕਟਰ ਘੱਟ ਨਹੀਂ ਕਰ ਸਕਦਾ ਕਿਉਂਕਿ ਉਸ ਸਮੇਂ ਦਵਾਈ ਤੁਹਾਨੂੰ ਬਚਾਉਣ ਲਈ ਜ਼ਰੂਰੀ ਹੁੰਦੀ ਹੈ l ਫਿਰ ਤਾਂ ਉਸ ਕਹਾਵਤ ਨੂੰ ਯਾਦ ਕੀਤਾ ਜਾ ਸਕਦਾ ਹੈ ਕਿ ਪੁਲਾਂ ਥੱਲਿਓਂ ਲੰਘਿਆ ਪਾਣੀ ਵਾਪਿਸ ਨਹੀਂ ਆਉਂਦਾ l
ਜਿੰਦਗੀ ਇੱਕ ਵਾਰ ਮਿਲਦੀ ਹੈ ਇਸ ਨੂੰ ਜਿਉਣਾ ਸਿੱਖਣਾ ਚਾਹੀਦਾ ਹੈ l ਭਗਤੀ ਕਰਨ ਨਾਲ ਦੁਬਾਰਾ ਨਹੀਂ ਮਿਲਣੀ ਇਹ ਸਾਬਿਤ ਹੋ ਚੁੱਕਾ ਹੈ l
ਮੈਨੂੰ ਉਮੀਦ ਹੈ ਕਿ ਮੇਰੀ ਛੋਟੀ ਜਿਹੀ ਕੋਸ਼ਿਸ਼ ਸ਼ਾਇਦ ਕਿਸੇ ਦੇ ਸਾਹਾਂ ਦੀ ਡੋਰ ਬਣ ਜਾਵੇ l
ਨੋਟ :- ਇਹ ਗੱਲ ਭੁੱਲ ਜਾਓ ਕਿ ਜਿੰਨੇ ਰੱਬ ਨੇ ਸਾਹ ਲਿਖੇ ਹਨ ਓਨੇ ਹੀ ਭੋਗਣੇ ਹਨ l ਬਹੁਤੀਆਂ ਹਾਲਾਤਾਂ ਵਿੱਚ ਤੁਸੀਂ ਆਪਣੇ ਸਾਹ ਆਪ ਲਿਖਣੇ ਹੁੰਦੇ ਹਨ l ਆਪਣੇ ਮੂੰਹ ਵਿੱਚ ਪਾਇਆ ਹਰ ਖਾਣਾ ਜਾਂ ਦਵਾਈ ਵੀ ਤੁਹਾਡੇ ਸਾਹਾਂ ਦਾ ਫੈਸਲਾ ਕਰਦੇ ਹਨ ਕਿ ਕਿੰਨੇ ਸਾਹ ਲੈਣੇ ਹਨ ?